
ਭਾਗ ਦੂਜਾ
ਲੇਖ
ਲੜੀ ਜੋੜਨ ਲਈ ਪਹਿਲਾ ਭਾਗ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।
ਸਟੇਟ, ਅਜਿਹੇ ਅਦਾਰਿਆਂ ਅਤੇ ਉਸਦੇ ਪੂਜਕਾਂ ਨੂੰ ਮਾਨ-ਸਨਮਾਨ ਦੇ ਕੇ ਸੰਤੁਸ਼ਟ ਰੱਖਦੀ ਹੈ। ਕਵੀ/ਕਲਾਕਾਰ ਸਟੇਟ ਵਲੋਂ ਵੰਡੇ ਜਾਂਦੇ ਇਨਾਮਾਂ ਨੂੰ ਪ੍ਰਾਪਤ ਕਰਨ ਲਈ ਤਰਲੋਮੱਛੀ ਰਹਿੰਦੇ ਹਨ। ਨਾ ਮਿਲਣ ਤੇ ਦੁਖੀ ਹੁੰਦੇ ਹਨ। ਜਿਸਨੂੰ ਮਿਲਿਆ ਹੋਵੇ ਉਸ ਨਾਲ ਈਰਖਾ ਕਰਦੇ ਹਨ। ਰਸਾਲੇ/ਅਖ਼ਬਾਰਾਂ/ਇੰਟਰਨੈੱਟ ਨੂੰ ਅਪਣੀ ਇਸ ਬਹਿਸ ਲਈ ਵਰਤਦੇ ਹਨ ਕਿ ਫਲਾਨੇ ਨੂੰ ਮਿਲਿਆ ਇਨਾਮ ‘ਜੋੜ-ਤੋੜ’ ਨਾਲ ਮਿਲਿਆ ਹੈ ਜਾਂ ਨਹੀਂ। ਪਰ:
1) ‘ਸਟੇਟ’ ਵਲੋਂ ਦਿੱਤੇ ਜਾਣ ਵਾਲੇ ਇਹ ਇਨਾਮ ਕਿਸ ਮਕਸਦ ਨਾਲ ਦਿੱਤੇ ਜਾਂਦੇ ਹਨ?
2) ਸਟੇਟ ਨੂੰ ਕਿਹੋ ਜਿਹਾ ਸਾਹਿਤ/ਕਲਾ ਪਰਵਾਨ ਹੈ? ਮਾਫ਼ਿਕ ਹੈ?
3) ਕੀ ਸਟੇਟ ਵਲੋਂ ਸਨਮਾਨਿਤ ਸਾਹਿਤ/ਕਲਾ ਲੋਕਾਂ ਦੇ ਕਲਿਆਣ ‘ਚ ਕੋਈ ਹਿੱਸਾ ਪਾਉਂਦੇ ਹਨ?
‘ਇਨਾਮ-ਯਾਫਤੀਏ’ ਜਾਂ ‘ਤਰਲੋ-ਮੱਛੀਏ’, ਕਵੀਆਂ/ਕਲਾਕਾਰਾਂ ਲਈ ਅਜਿਹੇ ਪ੍ਰਸ਼ਨ ਬੇਮਾਯਨਾ ਰਹਿੰਦੇ ਹਨ। ਉਹਨਾਂ ਦੇ ਅਚੇਤ/ਸੁਚੇਤ ਚੋਂ ਇਹਨਾ ਦੀ ‘ਮਨਫ਼ੀ’, ਅਸਲ ‘ਚ ਉਹਨਾਂ ਦੀ ‘ਜੋਕ-ਪੱਖੀ’ ਪਛਾਣ ਨੂੰ ਉਜਾਗਰ ਕਰਦੀ ਹੈ।
-----
ਉਪਰੋਕਤ ਚਰਚਾ ਦੇ ਸੰਦਰਭ ‘ਚ ਸਾਹਿਤ ਅਤੇ ਕਲਾ ਪ੍ਰਤੱਖ ਰੂਪ ‘ਚ ਦੋ ਟੋਟਿਆਂ ‘ਚ ਵੰਡੇ ਵੇਖੇ ਜਾ ਸਕਦੇ ਹਨ। ਨੁਕਸ ਵਾਲੇ ਲੋਕਤੰਤਰ ਦੇ ਹੱਕ ‘ਚ ਭੁਗਤਣ ਵਾਲੇ ਆਪੋ-ਅਪਣੀ ਸਿਰਜਨਾ ਰਾਹੀਂ ਲੋਕਾਂ ਨੂੰ ‘ਸਟੇਟ’ ਦੇ ਦਮਨ ਨੂੰ ਭਾਣੇ ਰੂਪ ਮੰਨਣ ਲਈ ਤਿਆਰ ਕਰਦੇ ਹਨ। ਉਹ ਅਪਣੀਆਂ ਲਿਖਤਾਂ ਜਾਂ ਕਲਾ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਉਂਦੇ ਹਨ ਕਿ, “ਅਪਣਾ ਲੋਕਤੰਤਰ ਉੱਤਮ ਹੈ। ਅਸਲੀ ਲੋਕ-ਹਿਤੂ ਹੈ। ਜੇਕਰ ਕੋਈ ਨੁਕਸ ਹੈ ਤਾਂ ਉਹ ਤੁਹਾਡੇ (ਲੋਕਾਂ) ਵਲੋਂ ਇਸਨੂੰ ਅਪਣਾਉਣ ‘ਚ ਹੀ ਹੈ।” ਅਜਿਹੀ ਕਵਿਤਾ ਅਤੇ ਕਲਾ, ਸੁਚੇਤ ਜਾਂ ਅਚੇਤ ਰੂਪਾਂ ‘ਚ ਲੋਕ-ਹਿੱਤਾਂ ਵਿਰੁੱਧ ਭੁਗਤਦੀ ਹੈ।
-----
‘ਲੋਕਾਂ-ਹਿੱਤਾਂ’ ਲਈ ਜੂਝਣ ਵਾਲੇ, ਲੋਕਤੰਤਰ ਵਲੋਂ ਖੋਹੇ ਅਤੇ ਕੋਹੇ ਜਾਂਦੇ ਲੋਕ-ਹੱਕਾਂ ਬਾਰੇ ਬੋਲਦੇ ਹਨ। ਲਿਖਦੇ ਹਨ। ਤਸੀਹੇ ਝੇਲਦੇ ਹਨ। ਮਹਾਂ-ਨਿੰਦਾ ਦੇ ਪਾਤਰ ਬਣਦੇ ਹਨ। ਜਾਨਾਂ ਤਕ ਵਾਰਦੇ ਹਨ। ਇਹ ਉਹ ਸੂਰੇ ਕਵੀ/ਕਲਾਕਾਰ ਹਨ ਜਿਹਨਾਂ ਦੀਆਂ ਕਿਰਤਾਂ ‘ਚ ਲੋਕਾਂ ਦੀ ਗ਼ੈਰਤ, ਪਤ, ਅਤੇ ਦਰਦ ਨੂੰ ਜ਼ੁਬਾਨ ਮਿਲਦੀ ਹੈ। ਬਾਕੌਲ ਸ਼ਹੀਦ ਭਗਤ ਸਿੰਘ, “ਹਵਾ ‘ਚ ਰਹਿੰਦੀਆਂ ਹਨ ਇਹਨਾਂ ਦੇ ਖ਼ਿਆਲਾਂ ਦੀਆਂ ਬਿਜਲਈ-ਤਰੰਗਾਂ।” ਆਉਣ ਵਾਲੀਆਂ ਸਵੇਰਾਂ, ਦੁਪਹਿਰਾਂ, ਸ਼ਾਮਾਂ ਅਤੇ ਰਾਤਾਂ ‘ਚ ਇਹਨਾਂ ਦੀ ਲੋਅ ਇੱਕ ‘ਕਾਫ਼ਲੇ’ ਵਾਂਗ ਰਵਾਂ ਰਹਿੰਦੀ ਹੈ। ਇਹਨਾਂ ਨੂੰ ਸਰਕਾਰੀ ਰਿਕਾਰਡਾਂ ਦੀ ਥਾਂ ਸਮਾਂ ਚੇਤੇ ਰੱਖਦਾ ਹੈ।
-----
ਇਹਨਾਂ ਸਭ ਜੱਗ-ਜ਼ਾਹਿਰ ਤੱਥਾਂ ਦੀ ਰੌਸ਼ਨੀ ‘ਚ ਇਹ ਪ੍ਰਸ਼ਨ, ਕਿ ਫਿਰ: ਅਸਲੀ ਸਾਹਿਤ ਅਤੇ ਕਲਾ ਕਿਹੜੀ ਹੈ?; ਦਾ ਉੱਤਰ ਸਿਰਫ਼ ਤੇ ਸਿਰਫ਼ ਇੱਕੋ ਹੈ ਕਿ, ‘ਉਹ ਜੋ ਲੋਕਾਂ ਵੱਲ ਭੁਗਤਦੀ ਹੈ। ਕਲਾ, ‘ਕਲਾ ਲਈ’ ਹੋਵੇ ਭਾਵੇਂ ‘ਲੋਕਾਂ ਲਈ’ ਉਦੋਂ ਤੀਕ ਮਹਿਜ਼ ਵਿਖਾਵਾ ਅਤੇ ਢੌ਼ਗ ਹੈ ਜਦ ਤੀਕ ਇਹ ‘ਲੋਕ-ਕਲਿਆਣਕਾਰੀ’ ਨਹੀਂ। ਲੋਕ-ਕਲਿਆਣਕਾਰੀ-ਕਲਾ ਜੋ ਲੋਕਾਂ ਨੂੰ ਉਹਨਾਂ ਦੇ ਖੋਹੇ ਜਾ ਰਹੇ ਹੱਕਾਂ ਤੋਂ ਜਾਗਰੂਕ ਕਰਦੀ ਹੈ। ਉਹਨਾਂ ਦੀ ਪ੍ਰਾਪਤੀ ਲਈ ਲਾਮਬੱਧ ਕਰਦੀ ਹੈ। ਇਸਦੇ ਉਲਟ ਪੂੰਜੀਵਾਦੀ ਵਰਤਾਰੇ ਦਾ ਸ਼ਿਕਾਰ ਹੋ ਕੇ ਅਪਣੇ ਮੂਲ ਨਾਲੋਂ ਟੁੱਟੀ ਹੋਈ ਕਲਾ ਜਾਂ ਕਵਿਤਾ ਇਨਾਂ ‘ਪਾਪੂਲਰ-ਸ਼ਿਅਰਾਂ’ ਵਾਂਗ ਅਚੇਤ/ਸੁਚੇਤ ਲੋਕ-ਦਮਨ ਏਜੰਡਿਆਂ ਦੇ ਹੱਕ ‘ਚ ਭੁਗਤਣ ਲਗਦੀ ਹੈ:
ਕੁਛ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ / ਚੁਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ / ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ॥
ਇਸ ਅਦਾਲਤ ‘ਚ ਬੰਦੇ ਬਿਰਖ਼ ਹੋ ਗਏ / ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ / ਇਹ ਕਦ ਤਕ ਇਉਂ ਏਥੇ ਖੜੇ ਰਹਿਣਗੇ॥
ਕਿਸੇ ਸਮੇਂ ‘ਚ ਅਜਿਹੇ ਸ਼ਿਅਰਾਂ ਦੀ ‘ਪਾਪੂਲੈਰਿਟੀ’ ਇਸ ਗੱਲ ਦਾ ਸਬੂਤ ਹੈ ਕਿ ਸਾਹਿਤ ਅਤੇ ਕਲਾ ਨੂੰ ਸਟੇਟ ਨੇ ਕਿਸ ਹੱਦ ਤੀਕ ਅਪਣੇ ‘ਹੱਥ-ਠੋਕੇ’ ਬਣਾ ਰੱਖਿਆ ਹੈ। ਕਵੀ ਅਤੇ ਕਲਾਕਾਰ ਇਸ ਗੱਲ ਦੀ ਚਿੰਤਾ ਹੰਢਾਉਣ ਲਗਦੇ ਹਨ ਕਿ ‘ਹਨੇਰਾ ਉਹਨਾਂ ਨੂੰ ਜ਼ਰੇਗਾ ਕਿ ਨਹੀਂ’। ‘ਅਪਣੇ ਗੀਤ’ ਨੂੰ ਵੀ ਉਹ ਮਹਿਜ਼ ‘ਯਾਰਾਂ ਦੇ ਮਿਹਣੇ’ ਡਰੋਂ ਹੀ ਗਾਉਣ ਜੋਗੇ ਰਹਿ ਜਾਂਦੇ ਹਨ।
-----
ਇਸ ਦੇ ਉਲਟ ਜੋ ਕਵੀ ਅਤੇ ਕਲਾਕਾਰ ਲੋਕਾਂ ਦੇ ਹੱਕ ‘ਚ ਭੁਗਤ ਰਹੇ ਹੁੰਦੇ ਹਨ, ਉਹਨਾਂ ਦੇ ਬੋਲਾਂ ਨਾਲ ਤਾਂ ਹਰ ਧੁੰਦ ਮਿਟਦੀ ਹੈ। ਜੱਗ ਚਾਨਣ ਹੁੰਦਾ ਹੈ। ਹਨੇਰਿਆਂ ਦਾ ਨਾਮੋ-ਨਿਸ਼ਾਨ ਮਿਟਦਾ ਹੈ। ਉਹਨਾਂ ਨੂੰ ‘ਹਨੇਰੇ ਵਲੋਂ ਜ਼ਰੇ ਜਾਣ ਜਾਂ ਨਾ ਜ਼ਰੇ ਜਾਣ’ ਦਾ ਝੋਰਾ ਨਹੀਂ ਹੁੰਦਾ। ਉਹਨਾਂ ਦੇ ਬੋਲ, ਕਵਿਤਾਵਾਂ, ਗੀਤ, ਸਾਹਿਤ, ਕਲਾ ਤਾਂ ਜਿੱਧਰ ਜਾਂਦੇ ਹਨ ‘ਚਾਨਣ ਦਾ ਛੱਟਾ’ ਦਿੰਦੇ ਜਾਂਦੇ ਹਨ।
-----
ਉਹ ਸਟੇਟ ਦੀ ਬੇਇਨਸਾਫ਼ੀ ਦੇ ਸ਼ਿਕਾਰ ‘ਬੰਦੇ’(ਲੋਕ) ਨੂੰ ਕਦੇ ਇਹ ਸਲਾਹ ਨਹੀਂ ਦਿੰਦੇ ਕਿ ਅਦਾਲਤ ਵਲੋਂ ਹੋਈ ਬੇਇਨਸਾਫ਼ੀ ਤੋਂ ਬਾਅਦ ਹੁਣ ਚੁਪ-ਚਾਪ ਅਪਣੇ ‘ਉੱਜੜ ਚੁੱਕੇ ਘਰੀਂ’ ਜਾਵੋ। ਰੁਦਨ ਕਰੋ। ਏਥੇ ਖੜ੍ਹਨ ਦੀ ਕੋਈ ਤੁਕ ਨਹੀਂ। ਸਗੋਂ ਲੋਕ ਪੱਖੀ ਸਾਹਿਤ ਅਤੇ ਕਲਾ ਤਾਂ ਉਹਨਾਂ ਨੂੰ ‘ਖੜ੍ਹਨ’ ਦੀ ਸਲਾਹ ਦਿੰਦੇ ਹਨ। ਡਟਣ ਲਈ ਵੰਗਾਰਦੇ ਹਨ। ਉਦੋਂ ਤੀਕ ਜਦ ਤਕ ਉਹ ਅਜਿਹੀਆਂ ‘ਅਦਾਲਤਾਂ’ ਨੂੰ ਖ਼ਤਮ ਨਹੀਂ ਕਰ ਦਿੰਦੇ। ਜੋ ਲੋਕ ਹੱਕਾਂ ਦੀਆਂ ਦੁਸ਼ਮਣ ਹਨ। ਵਸਦੇ ਘਰਾਂ ਦੇ ਉਜਾੜੇ ਦਾ ਕਾਰਨ ਹਨ।
-----
ਪਰ, ਸਟੇਟ ਦੇ ਫਾਇਦੇ ਵਾਲੇ ਲੋਕਤੰਤਰ ‘ਚ ਅਜਿਹੇ ਬੋਲ, ਬੁਲਾਰੇ, ਕਵੀ ਅਤੇ ਕਲਾਕਾਰ ਹੀ ‘ਪਾਪੂਲਰ’ ਹੁੰਦੇ ਹਨ। ਪਰਵਾਨ ਚੜ੍ਹਦੇ ਹਨ। ਤਮਗ਼ਾ-ਯਾਫ਼ਤਾ ਬਣਦੇ ਹਨ। ਜੋ ਲੋਕਾਂ ਨੂੰ ਚੁੱਪ-ਚਾਪ ਅਪਣੇ ਉਜੜੇ ਘਰਾਂ ‘ਚ ਬਹਿ ਕੇ ਭਾਣਾ ਮੰਨਣ। ਰੁਦਨ ਕਰਨ। ਤਿਲ ਤਿਲ ਮਰਨ ਲਈ ਤਿਆਰ ਕਰਦੇ ਹਨ। ਸਟੇਟ ਉਹਨਾਂ ਨੂੰ ਅਪਣੇ ਕੁਰਪਟ-ਨਿਆਂ-ਪ੍ਰਬੰਧਾਂ ਦੀ ਰਾਖੀ ਲਈ ਢਾਲ ਵਜੋਂ ਵਰਤਦੀ ਹੈ। ਅਪਣੇ ਅਸਲ ਤੋਂ ਟੁੱਟੇ ਹੋਏ ਅਜਿਹੇ ਸਾਹਿਤਕਾਰਾਂ/ਕਲਾਕਾਰਾਂ ਬਾਰੇ ਇਨਕਲਾਬੀ ਚੇਤਨਾ ਵਾਲਾ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਕਹਿੰਦਾ ਹੈ:
“ਪੱਛਮੀ ਪੂੰਜੀਵਾਦੀ ਸਮਾਜਿਕ ਪ੍ਰਬੰਧ ਵਿੱਚ ਭਾਰੂ ਸ਼੍ਰੇਣੀਆਂ ਨੇ ਸਫਲਤਾ ਨਾਲ ਕਲਾਕਾਰ ਨੂੰ ਅਪਣੇ ਕਿਰਦਾਰ ਤੋਂ ਵਾਂਝਿਆਂ ਕਰ ਦਿੱਤਾ ਹੈ। ਉਹ ਉਚੇਰੇ ਵਿਚਾਰਾਂ ਦੀ ਸਿਰਜਣਾ ਦੇ ਥਾਂ ਤੇ ਸ਼ਬਦ ਅਤੇ ਆਵਾਜ਼ਾਂ ਆਦਿ ਨੂੰ ਖਿਚਪਾਊ ਬਨਾਉਣ ਦੇ ਯਤਨਾਂ ਅਤੇ ਕਸਰਤਾਂ ਵਿੱਚ ਹੀ ਅਪਣੀ ਸਿਰਜਣਾਤਮਿਕ ਤ੍ਰਿਪਤੀ ਭਾਲਣ ਲੱਗਾ ਹੈ।ਪਰ ਅਗਾਂਹਵਧੂ ਸਮਾਜਿਕ ਪ੍ਰਬੰਧਾਂ ਵਿੱਚ ਸਿਰਜਣਾਤਮਿਕ ਕਲਾਕਾਰ ਦਾ ਇਹ ਕਿਰਦਾਰ ਨਹੀਂ ਹੋ ਸਕਦਾ। ਇਹ ਸਮਾਜ ਪ੍ਰਬੰਧ ਆਸ ਕਰਦੇ ਹਨ ਕਿ ਕਲਾਕਾਰ ਨਵੀਆਂ ਅਤੇ ਪੁਰਾਣੀਆਂ ਬੇਇਨਸਾਫ਼ੀਆਂ, ਨਵੇਂ ਅਤੇ ਪੁਰਾਣੇ ਜ਼ੁਲਮਾਂ ਅਤੇ ਲੁੱਟਾਂ ਦੇ ਸਾਰੇ ਰੁਝਾਨਾਂ ਵਿਰੁੱਧ ਘੋਲ ਵਿੱਚ ਸਹਾਇਤਾ ਕਰਨ ਜੋ ਜੀਵਨ ਮਾਨਣ ਅਤੇ ਸੁਤੰਤਰਤਾ ਦੇ ਵਿਰੁੱਧ ਜਾਦੇ ਹਨ। ਉਹ ਇਹ ਵੀ ਆਸ ਕਰਦੇ ਹਨ ਕਿ ਕਲਾਕਾਰ ਉਸ ਸੁਹਣੇਰੇ ਭਵਿੱਖ ਦੀ ਕਲਪਨਾ ਉੱਤੇ ਵਿਸ਼ਵਾਸ ਰੱਖਣ ਵਿਚ ਸਹਾਇਤਾ ਕਰੇ ਜਿਹੜਾ ਭਵਿੱਖ ਛੇਤੀਂ ਹੀ ਉਸਰਨ ਵਾਲਾ ਹੈ।”
ਅਪਣੇ ਅਸਲ ਕਿਰਦਾਰ ਤੋਂ ਵਾਂਝਾ ਸਾਹਿਤ ਅਤੇ ਕਲਾ ‘ਤਮਗਿਆਂ-ਲੱਦੇ’ ਹੋ ਸਕਦੇ ਹਨ, ਪਰ ‘ਲੋਕ-ਕਲਿਆਣਕਾਰੀ’ ਖਾਸੇ ਤੋਂ ਵਿਹੂਣੇ ਹੋਣ ਕਰਕੇ ‘ਨਿਪੁੰਸਕ’ ਹਨ। ਸਾਹਿਤ ਜਾਂ ਕਲਾ ਚੋਂ ਖਾਰਜ ਕਰਨਯੋਗ ਹਨ।
-----
ਸਟੇਟੀ ਏਜੰਡੇ ਦੇ ਹੱਕ ‘ਚ ਭੁਗਤਣ ਵਾਲੇ ਕਵੀ/ਕਲਾਕਾਰ ਅਕਸਰ ਸਾਹਿਤਕ ਚੁੰਝ-ਚਰਚਾਵਾਂ ‘ਚ ਇਹ ਦਲੀਲ/ਤਰਕ ਪੇਸ਼ ਕਰਦੇ ਹਨ ਕਿ, ਸਾਹਿਤ ਜਾਂ ਕਲਾ ਦਾ ਰੋਲ ਕਲਿਆਣ ਦਾ ਨਹੀਂ ਸਿਰਫ਼ ‘ਹੋ ਰਹੇ’ ਨੂੰ ਬਿਆਨ ਕਰਨ ਦਾ ਹੈ। ਜਾਂ ਉਸ ਵੱਲ ਇਸ਼ਾਰਾ ਮਾਤਰ ਕਰਨ ਦਾ। ਉਹ ਅਕਸਰ ਦਲੀਲ ਦਿੰਦੇ ਹਨ ਕਿ:
* ਲੇਖਕ/ਕਲਾਕਾਰ ਨੇ ਅਪਣੀ ਰਚਨਾ ਰਾਹੀਂ ‘ਗੰਦਗੀ’ ਦੇ ਟੋਭੇ ‘ਚ ਸਿਰਫ਼ ਵੱਟਾ ਮਾਰਨਾ ਹੁੰਦਾ ਹੈ, ਅਤੇ ਲੰਘ ਜਾਣਾ ਹੁੰਦਾ ਹੈ।
ਉਹਨਾਂ ਦੀ ਇਸ ਦਲੀਲ ਦੇ ਮੱਦੇ-ਨਜ਼ਰ, ਇਹਨਾਂ ‘ਵੱਟੇ ਮਾਰਨ ਵਾਲਿਆਂ’ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ:
* ਕੀ ਇਹ ਗੰਦਗੀ ਖਲਾਅ ਚੋਂ ਪੈਦਾ ਹੋਈ ਹੈ?
ਨਹੀਂ, ਤਾਂ ਜੇ ਇਹ ‘ਗੰਦਗੀ’ ਉਸੇ ਲੋਕਤੰਤਰ ਦੀ ਉਪਜ ਹੈ ਜਿਸਦੇ ‘ਸਨਮਾਨਯੋਗ ਸ਼ਹਿਰੀ’ ਉਹ ਖ਼ੁਦ ਵੀ ਹਨ, ਤਾਂ ਇਸ ‘ਗੰਦ’ ਦੇ ਜਮਾਂ ਹੋਣ ‘ਚ ਯਕੀਨਨ ਉਹਨਾਂ ਦਾ ਵੀ ਹਿੱਸਾ ਹੈ। ਇਸਨੂੰ ਸਾਫ਼ ਵੀ ਉਹਨਾਂ ਦਾ ਹੀ ਕਰਨਾ ਬਣਦਾ ਹੈ। ‘ਵੱਟਾ’ ਮਾਰ ਕੇ ਲੰਘਣ ਵਾਲੇ ਇਹ ‘ਸੁਰਖ਼ੁਰੂ-ਭਗੌੜੇ’ ਨਿਰਸੰਦੇਹ ਜੋਕਾਂ ਵਾਲੇ ਪਾਸੇ ਭੁਗਤਦੇ ਹਨ। ਸਮਾਜ ‘ਚ ਫੈਲਿਆ ਰਾਜਨੀਤਕ, ਧਾਰਮਿਕ, ਆਰਥਿਕ ਅਤੇ ਕਲਾਤਮਿਕ ਪ੍ਰਦੂਸ਼ਨ (ਗੰਦਗੀ) ਵਲੋਂ ਉਹਨਾਂ ਦਾ ਇਹੀ ਬੇਗਾਨਗੀ ਭਰਿਆ ਰਵੱਈਆ ਹੀ ਸਾਹਿਤ ਅਤੇ ਕਲਾ ਨੂੰ ਆਮ ਲੋਕਾਂ ਦੀ ਬਜਾਏ ਇਕ ਖ਼ਾਸ/ਈਲੀਟ ਵਰਗ ਨਾਲ ਜੋੜ ਕੇ ਰੱਖ ਦਿੰਦਾ ਹੈ। ਜਦ ਕਿ ਸਾਹਿਤ ਅਤੇ ਕਲਾ ਦੇ ਮਾਧਿਅਮ ਦਾ ‘ਅਸਲ ਧੁਰਾ’ ਤਾਂ ਪ੍ਰਦੂਸ਼ਨੀ-ਧੁੰਦ ਨੂੰ ‘ਜਾਗਰੂਕ ਲੋਅ’ ਰਾਹੀਂ ਖ਼ਤਮ ਕਰਕੇ ਲੋਕ-ਕਲਿਆਣ ਦਾ ਹੁੰਦਾ ਹੈ। ਪ੍ਰਸਿੱਧ ਸੂਫ਼ੀ ਚਿੰਤਕ ਖ਼ਲੀਲ ਜਿਬਰਾਨ ਕਹਿੰਦਾ ਹੈ ਕਿ:
“ਕਿਸੇ ਸਮੇਂ ‘ਚ ਜੇਕਰ ਮਨੁੱਖ ਠੋਕਰ ਖਾ ਰਹੇ ਹਨ ਤਾਂ ਨਿਰਸੰਦੇਹ ਉਸ ਸਮੇਂ ਦੇ ਰਾਹਬਰਾਂ ਨੇ ਰਸਤਿਆਂ ਦੇ ਪੱਥਰਾਂ ਨੂੰ ਨਹੀਂ ਹਟਾਇਆ।”
-----
ਗੁਰੂ ਨਾਨਕ ਦੇਵ ਨੇ ਵੀ ਜਦੋਂ ਹਰ ਸਮੇਂ ਦੇ ਹੱਥ ‘ਚ ਉਸਦਾ ਸੂਝ ਰੂਪੀ ਦੀਵਾ ਹੋਣ ਦੀ ਗੱਲ ਕੀਤੀ ਹੈ ਤਾਂ ਸੰਕੇਤ ਸਮੇਂ ਦੀ ‘ਲੋਕ-ਪੱਖੀ ਸੂਝ’ਵੱਲ ਹੀ ਹੈ। ਅਪਣੇ ਮੂਲ ਆਸ਼ੇ ਅਨੁਸਾਰ ਸਾਹਿਤ ਅਤੇ ਕਲਾ ਨਿਰਸੰਦੇਹ ਸਮੇਂ ਦੀ ਇਹੀ ਸੂਝ ਹੁੰਦੀ ਹੈ। ਪਰ, ਸਾਹਿਤ ਅਤੇ ਕਲਾ ਦਾ ਅਜਿਹਾ ਲੋਕ-ਪੱਖੀ ਸੂਝ ਵਾਲਾ ਰੋਲ ਸਟੇਟ ਦੇ ਲੋਕ-ਦਮਨ ਏਜੰਡੇ ਲਈ ਖ਼ਤਰਾ ਹੈ। ਤਦ ਹੀ ਸਾਹਿਤ ਅਤੇ ਕਲਾ ਨੂੰ ‘ਲੋਕ-ਕਲਿਆਣ’ ਨਾਲੋਂ ਤੋੜਨ ਵਾਲੇ ਕਵੀ/ਕਲਾਕਾਰ, ਲੋਕ ਹਿਤੂ ਨਹੀਂ। ਪਾਪੂਲਰ ਹੋ ਸਕਦੇ ਹਨ। ਹਰਮਨ ਪਿਆਰੇ ਨਹੀਂ। ਲੋਕ ਨਾਇਕ ਹਰਗਿਜ਼ ਨਹੀਂ।
-----
ਅੱਜ ਵਿਸ਼ਵ ਪੱਧਰ ਤੇ ਮਨੁੱਖੀ ਕਦਰਾਂ ਕੀਮਤਾਂ, ਲੋਕ ਹੱਕਾਂ, ਲੋਕ ਸਭਿਆਚਾਰਾਂ ਦਾ ਘਾਣ ਕਰਨ ਵਾਲੀਆਂ ਤਾਕਤਾਂ ਬੇਸ਼ੱਕ ‘ਸੁਪਰ ਪਾਵਰ’ ਵਜੋਂ ਵਿਚਰਦੀਆਂ ਨਜ਼ਰ ਆ ਰਹੀਆਂ ਹਨ। ਸਟੇਟਾਂ ਵਲੋਂ ‘ਕਾਰਪੋਰੇਸ਼ਨਾਂ’ ਦੇ ਗਲੋਬਲ ਮੰਡੀ ਹਿੱਤਾਂ ਨੂੰ ਪ੍ਰਫੁੱਲਤ ਕਰਨੇ ਪ੍ਰਬੰਧਾਂ ਨੂੰ ‘ਲੋਕਤੰਤਰ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ‘ਪ੍ਰਵਾਨਿਤ’ ਸਾਹਿਤ ਅਤੇ ਕਲਾ ਉਸ ਨੂੰ ਥਾਪਿਆ ਜਾ ਰਿਹਾ ਹੈ ਜੋ ਸਟੇਟ ਨੂੰ ਪਰਵਾਨ ਹੈ। ਇਹ ਸ਼ਿਅਰ ਇਸ ਸਾਰੇ ਵਰਤਾਰੇ ਨੂੰ ਬਾਖ਼ੂਬੀ ਬਿਆਨ ਕਰਦਾ ਹੈ:
ਕੱਲ ਜਦੋਂ ਪਰਤੇਗਾ ਕੀ ਅਹੁੜੇਗਾ ਕ਼ਾਤਿਲ ਨੂੰ ਜਵਾਬ?
ਅੱਜ ਤਾਂ ਹੂਲਾ ਉੱਡ ਗਿਆ ਸਾਰੇ ਕਿ ਸੂਰਜ ਮਰ ਗਿਆ॥
-----
ਸਾਹਿਤ/ਕਲਾ ਅਤੇ ਲੋਕਤੰਤਰ ਦੇ ਅਸਲ ਆਸ਼ਿਆਂ ਦੇ ਰੂ-ਬ-ਰੂ ਇਹ ਉਹ ‘ਕੂੜ ਪਾਸਾਰਾ’ ਹੈ ਜਿਸ ਦਾ ਖਾਤਮਾ ਕਰਨ ਲਈ ਸਾਹਿਤ ਅਤੇ ਕਲਾ ਨੂੰ ਅਪਣੇ ‘ਕਲਿਆਣਕਾਰੀ’ ਮੂਲ ਨਾਲ ਜੁੜਨਾ ਹੋਵੇਗਾ। ਅਪਣੀਆਂ ਲਿਖਤਾਂ ਅਤੇ ਕਲਾ-ਕ੍ਰਿਤਾਂ ਰਾਹੀਂ ਲੋਕਾਂ ਨੂੰ ਹਰ ਉਸ ਕੈਦ ਤੋਂ ਮੁਕਤ ਕਰਾਉਣ ਲਈ ਜੂਝਣਾ ਹੋਵੇਗਾ, ਜੋ ਉਨਾਂ ਤੋਂ ਆਜ਼ਾਦ ਜੀਣ ਦਾ ਹੱਕ ਖੋਂਹਦੀ ਹੈ। ਲੋਕ-ਪੱਖੀ ਸਾਹਿਤ, ਸਭਿਆਚਾਰ ਅਤੇ ਕਲਾਵਾਂ ਨੂੰ ਸਮਰਪਿਤ ਸੰਸਥਾਵਾਂ, ਇਸ ‘ਕੂੜ ਪਾਸਾਰੇ’ ਵਾਲੀ ਧੁੰਦ ‘ਚ ਰੌਸ਼ਨੀ ਦੀਆਂ ਉਹ ਕਿਰਨਾਂ ਹਨ ਜੋ ਸਾਹਿਤ, ਕਲਾ ਅਤੇ ਲੋਕ-ਚੇਤਨਾ ਰਾਹੀਂ ਉਦੈ ਹੋਣ ਵਾਲੇ ਸੂਰਜ ‘ਚ ਆਸਥਾ ਬਣਾਈ ਰੱਖਦੀਆਂ ਹਨ। ਇਹ ਘੱਟ-ਗਿਣਤੀ ‘ਚ ਹੋ ਸਕਦੀਆਂ ਹਨ। ਆਰਥਿਕ ਵਸੀਲਿਆਂ ਪੱਖੋਂ ਤੰਗ ਹੋ ਸਕਦੀਆਂ ਹਨ। ਮੁਕਾਬਲੇ ਦੀਆਂ ਸਰਮਾਏਦਾਰ ‘ਜੋਕ ਪੱਖੀ’ਸੰਸਥਾਵਾਂ ਸਾਹਵੇਂ ਵਿਚਾਰੀਆਂ/ਨਿਹੱਥੀਆਂ ਵੀ ਜਾਪਦੀਆਂ ਹੋਣਗੀਆਂ। ਪਰ ਇਹਨਾਂ ਦੇ ‘ਲੋਕ ਸੱਚ’ ਅਤੇ ਹੱਕ ਨੂੰ ਸਮਰਪਿਤ ‘ਰੌਸ਼ਨ ਹੌਸਲੇ’ ਸਾਹਵੇਂ ਕੂੜ ਹਨੇਰੇ ਨਾ ਟਿਕੇ ਹਨ, ਨਾ ਟਿਕ ਸਕਣਗੇ। ਇਹ ਉਹ ਰੌਸ਼ਨ-ਗਾਥਾ ਹੈ ਜੋ ਸੀਨਾ-ਬ-ਸੀਨਾ, ਪੁਸ਼ਤ-ਦਰ-ਪੁਸ਼ਤ, ਲੋਕ ਸਭਿਆਤਾਵਾਂ ‘ਚ ਵਿਰਸਾ ਬਣ ਪ੍ਰਵਾਹਿਤ ਰਹਿੰਦਾ ਹੈ।
No comments:
Post a Comment