ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, August 20, 2010

ਸਾਧੂ ਬਿਨਿੰਗ - ਅਸੀਂ ਪੰਜਾਬੀ ਬੋਲੀ ਬਾਰੇ ਕੀ ਕਰ ਸਕਦੇ ਹਾਂ? - ਲੇਖ

ਅਸੀਂ ਪੰਜਾਬੀ ਬੋਲੀ ਬਾਰੇ ਕੀ ਕਰ ਸਕਦੇ ਹਾਂ?

ਲੇਖ

ਪੰਜਾਬੀ ਬੋਲੀ ਦੇ ਮਸਲੇ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਕੰਮ ਕਰਦਿਆਂ ਕੁਝ ਬੜੇ ਦਿਲਚਸਪ ਤਜਰਬੇ ਹੋਏ ਹਨ। ਇੱਕ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ: ਕਈ ਸੁਹਿਰਦ ਪੰਜਾਬੀ ਬੜੀ ਇਮਾਨਦਾਰੀ ਨਾਲ ਇਹ ਮਹਿਸੂਸ ਕਰਦੇ ਹਨ ਕਿ ਆਪਣੇ ਕੰਮਾਂ ਕਾਰਾਂ ਵਿਚ ਮਸਰੂਫ਼ ਭਲਾ ਉਹ ਪੰਜਾਬੀ ਬੋਲੀ ਲਈ ਕੀ ਕਰ ਸਕਦੇ ਹਨ। ਉਨ੍ਹਾਂ ਮੁਤਾਬਿਕ ਪੰਜਾਬੀ ਬੋਲੀ ਲਈ ਉਹੀ ਲੋਕ ਕੁਝ ਕਰ ਸਕਦੇ ਹਨ ਜਿਨ੍ਹਾਂ ਕੋਲ ਏਦਾਂ ਦੇ ਕੰਮਾਂ ਲਈ ਵਿਹਲਾ ਵਕ਼ਤ ਹੋਵੇ।

-----

ਕੀ ਉਨ੍ਹਾਂ ਦੀ ਇਹ ਗੱਲ ਸਹੀ ਹੈ? ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਵੇ ਪਰ ਇਸ ਸਵਾਲ ਬਾਰੇ ਸੰਜੀਦਗੀ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰਨ ਨਾਲ ਸਾਡੇ ਸਾਹਮਣੇ ਕਈ ਕੁਝ ਨਵਾਂ ਉਘੜ ਸਕਦਾ ਹੈ। ਇਸ ਮਸਲੇ ਨੂੰ ਅਸੀਂ ਦੋ ਵੱਖਰੇ ਕੋਨਾਂ ਤੋਂ ਵਿਚਾਰ ਸਕਦੇ ਹਾਂ: ਇਕ ਤਾਂ ਬੋਲੀ ਦੇ ਪੱਖੋਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ ਤੇ ਵਿਕਾਸ ਲਈ ਕੀ ਕਰਨ ਦੀ ਲੋੜ ਹੈ ਜਾਂ ਕਹਿ ਲਵੋ ਕਿ ਪੰਜਾਬੀ ਬੋਲੀ ਨਾਲ ਸਬੰਧਤ ਮਸਲਿਆਂ ਦੀ ਸਹੀ ਸਹੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਅਤੇ ਦੂਜਾ ਆਮ ਪੰਜਾਬੀ ਦੇ ਪੱਖੋਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਲਈ ਉਹ ਕੀ ਕਰ ਸਕਦਾ/ਸਕਦੀ ਹੈ।

-----

ਜਿੱਥੋਂ ਤੱਕ ਪੰਜਾਬੀ ਬੋਲੀ ਦੀ ਸਾਂਭ ਤੇ ਵਿਕਾਸ ਦੀ ਗੱਲ ਹੈ ਅਸਲ ਵਿਚ ਅਜੇ ਸਭ ਕੁਝ ਹੀ ਕਰਨ ਵਾਲਾ ਹੈ। ਪੰਜਾਬੀ ਬੋਲੀ ਨੂੰ ਦੂਜੀਆਂ ਬੋਲੀਆਂ ਦੇ ਨਾਲ ਨਾਲ ਕਨੇਡਾ ਦੀ ਇਕ ਬੋਲੀ ਬਣਾਉਣ ਦੇ ਵੱਡੇ ਤੇ ਔਖੇ ਆਸ਼ੇ ਤੋਂ ਲੈ ਕੇ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੱਕ ਹਜ਼ਾਰਾਂ ਮਸਲੇ ਹਨ ਜਿਨ੍ਹਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਉਦੋਂ ਹੀ ਹੋ ਸਕੇਗਾ ਜਦੋਂ ਪੰਜਾਬੀ ਬੋਲੀ ਦਾ ਮਸਲਾ ਕੁਝ ਲੋਕਾਂ ਵਾਸਤੇ ਸਰਵੋਤਮ ਮਸਲਾ ਬਣੇਗਾ। ਉਂਜ ਤਾਂ ਤਕਰੀਬਨ ਹਰ ਪੰਜਾਬੀ ਆਪਣੀ ਬੋਲੀ ਵਾਸਤੇ ਆਪਣੇ ਅੰਦਰ ਪਿਆਰ ਤੇ ਸਤਿਕਾਰ ਰੱਖਦਾ ਹੈ ਪਰ ਇਸ ਵੇਲੇ ਲੋੜ ਕੁਝ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਪਾਸੇ ਵੱਲ ਸੰਜੀਦਗੀ ਨਾਲ ਆਪਣਾ ਸਮਾਂ, ਸੂਝ ਤੇ ਸ਼ਕਤੀ ਲਾਉਣ।

-----

ਅਸੀਂ ਆਪਣੇ ਨਿੱਤ ਦਿਨ ਦੇ ਕੰਮਾਂ ਕਾਰਾਂ ਦੌਰਾਨ ਵੀ ਆਪਣੀ ਬੋਲੀ ਵਾਸਤੇ ਕਈ ਕੁਝ ਕਰ ਸਕਦੇ ਹਾਂ। ਇਹ ਵਿਚਾਰ ਪੇਸ਼ ਕਰਨ ਦਾ ਮਕਸਦ ਇਨ੍ਹਾਂ ਬਾਰੇ ਬਹਿਸ ਛੇੜਨ ਦਾ ਵੀ ਹੈ ਇਸ ਲਈ ਕਿਸੇ ਵੀ ਪਾਠਕ ਵਲੋਂ ਕੋਈ ਵੀ ਵਿਚਾਰ ਸੁਣ ਕੇ ਲੇਖਕ ਨੂੰ ਖ਼ੁਸ਼ੀ ਹੋਵੇਗੀ ਅਤੇ ਸ਼ਾਇਦ ਇਸ ਗੱਲ ਦਾ ਅਹਿਸਾਸ ਵੀ ਕਿ ਕੋਈ ਉਸ ਦੀ ਗੱਲ ਸੁਣ ਰਿਹਾ ਹੈ।

-----

ਜੇ ਤੁਸੀਂ ਸਿਆਸਤਦਾਨ ਹੋ ਤਾਂ ---

ਪੰਜਾਬੀ ਪਿਛੋਕੜ ਦੇ ਸਿਆਸਤਦਾਨ ਦੇ ਤੌਰ ਤੇ ਤੁਹਾਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਬੋਲੀ ਪਿਛਲੇ 111 ਵਰ੍ਹਿਆਂ ਤੋਂ (ਪੰਜਾਬੀ ਪਹਿਲਾਂ ਏਥੇ 1897 ਵਿਚ ਪਹੁੰਚੇ) ਕਨੇਡਾ ਵਿਚ ਵਰਤੀ ਜਾ ਰਹੀ ਹੈ ਅਤੇ ਇਸ ਦੀ ਵਰਤੋਂ ਲੋਕਾਂ ਨੇ ਸਿਰਫ਼ ਆਪਸ ਵਿਚ ਗੱਲਬਾਤ ਕਰਨ ਲਈ ਹੀ ਨਹੀਂ ਕੀਤੀ ਸਗੋਂ ਕੰਮਾਂ ਕਾਰਾਂ ਵਿਚ ਵੀ ਕੀਤੀ ਹੈ ਅਤੇ ਕਰ ਰਹੇ ਹਨ। ਇਸ ਤਰ੍ਹਾਂ ਇਸ ਮੁਲਕ ਦੇ ਵਿਕਾਸ ਵਿਚ ਵੀ ਇਸ ਬੋਲੀ ਨੇ ਹਿੱਸਾ ਪਾਇਆ ਹੈ ਅਤੇ ਪਾ ਰਹੀ ਹੈ। ਅਜੇ ਤੱਕ ਇਸ ਮੁਲਕ ਨੇ ਇਸ ਬੋਲੀ ਨੂੰ ਕਿਸੇ ਕਿਸਮ ਦੀ ਕੋਈ ਮਾਨਤਾ (ਬੀ ਸੀ ਨੂੰ ਛੱਡ ਕੇ) ਨਹੀਂ ਦਿੱਤੀ ਅਤੇ ਨਾ ਹੀ ਇਸ ਦੀ ਸਿਹਤ ਲਈ ਕੋਈ ਦਮੜਾ ਖ਼ਰਚਿਆ ਹੈ। ਕਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਉੱਪਰ ਇਸ ਮੁਲਕ ਵਲੋਂ ਬੇਸ਼ੁਮਾਰ ਪੈਸਾ ਖ਼ਰਚਿਆ ਜਾਂਦਾ ਹੈ। ਅਸੀਂ ਉਨ੍ਹਾਂ ਦੀ ਬਰਾਬਰੀ ਕਰਨ ਦੀ ਗੱਲ ਤਾਂ ਨਹੀਂ ਕਰ ਰਹੇ ਪਰ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਜੇ ਇਕ ਅੱਧ ਪੈਨੀ ਪੰਜਾਬੀ ਬੋਲੀ ਦੇ ਵਿਕਾਸ ਲਈ ਵਰਤਣ ਦੀ ਮੰਗ ਕੀਤੀ ਜਾਵੇ ਤਾਂ ਉਹ ਕੋਈ ਏਨੀ ਗ਼ਲਤ ਵੀ ਨਹੀਂ ਹੋਵੇਗੀ। ਤੁਹਾਨੂੰ ਕਨੇਡਾ ਵਿਚ ਪੰਜਾਬੀ ਬੋਲੀ ਦੀਆਂ ਲੋੜਾਂ ਨੂੰ ਧਿਆਨ ਨਾਲ ਸਮਝਣਾ ਤੇ ਜਿੱਥੇ ਵੀ ਮੌਕਾ ਮਿਲੇ ਇਸ ਨੂੰ ਸਰਕਾਰੀ ਅਦਾਰਿਆਂ ਵਿਚ ਦੂਜੀਆਂ ਬੋਲੀਆਂ ਦੇ ਬਰਾਬਰ ਦਾ ਦਰਜਾ ਦੁਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

------

ਜੇ ਤੁਸੀਂ ਵੋਟਰ ਹੋ ਤਾਂ ---

ਜਦੋਂ ਸਿਆਸੀ ਲੋਕ, ਖ਼ਾਸ ਕਰ ਪੰਜਾਬੀ ਪਿਛੋਕੜ ਦੇ ਸਿਆਸੀ ਲੋਕ, ਤੁਹਾਡੇ ਕੋਲ ਮਦਦ ਲਈ ਆਉਣ ਤਾਂ ਹੋਰ ਮਸਲਿਆਂ ਦੇ ਨਾਲ ਨਾਲ ਉਨ੍ਹਾਂ ਨਾਲ ਪੰਜਾਬੀ ਬੋਲੀ ਦਾ ਮਸਲਾ ਵੀ ਵਿਚਾਰੋ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵੋ ਕਿ ਉਨ੍ਹਾਂ ਨੂੰ ਤੁਹਾਡੀ ਬੋਲੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸੋ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੀ ਵਿੱਦਿਆ ਦਿਵਾਉਣ ਦਾ ਹੱਕਖ ਤੁਹਾਡੇ ਜਮਾਂਦਰੂ ਹੱਕਾਂ ਵਿਚ ਸ਼ਾਮਿਲ ਹੈ ਇਸ ਕਰਕੇ ਬੱਚਿਆਂ ਦੀ ਸਕੂਲੀ ਪੜ੍ਹਾਈ ਵਿਚ ਉਨ੍ਹਾਂ ਦੀ ਬੋਲੀ ਵੀ ਸ਼ਾਮਿਲ ਹੋਣੀ ਚਾਹੀਦੀ ਹੈ. ਇਸ ਨੂੰ ਸਕੂਲਾਂ ਵਿਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਪੜ੍ਹਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਵੋਟ ਪਾਉਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਕਿਹੜੇ ਉਮੀਦਵਾਰ ਨੇ ਪੰਜਾਬੀ ਲਈ ਕੀ ਕਰਨ ਦਾ ਵਾਇਦਾ ਕੀਤਾ ਸੀ।

-----

ਜੇ ਤੁਸੀਂ ਸਕੂਲੇ ਪੜ੍ਹਦੇ ਬੱਚਿਆਂ ਦੇ ਮਾਪੇ ਹੋ ਤਾਂ ---

ਇਸ ਗੱਲ ਤੋਂ ਜਾਣੂ ਹੋਵੋ ਕਿ ਤੁਹਾਡੇ ਬੱਚਿਆਂ ਵਾਸਤੇ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਪੜ੍ਹਨੀ ਹਰ ਪੱਖੋਂ ਫਾਇਦੇਮੰਦ ਹੈ। ਨਾਲ ਹੀ ਇਸ ਗੱਲ ਤੋਂ ਵੀ ਜਾਣੂ ਹੋਵੋ ਕਿ ਕਨੇਡਾ ਇਕ ਬਹੁ-ਸਭਿਆਚਾਰਕ ਤੇ ਦੁਨੀਆਂ ਭਰ ਵਿਚੋਂ ਇਕ ਵਧੀਆ ਮੁਲਕ ਹੈ ਇੱਥੇ ਤੁਹਾਨੂੰ ਆਪਣੇ ਸਭਿਆਚਾਰ ਨੂੰ ਕਾਇਮ ਰੱਖਣ ਦਾ ਕਾਨੂੰਨੀ ਤੌਰ ਤੇ ਹੱਕ਼ ਹੈ। ਬੋਲੀ ਕਿਸੇ ਵੀ ਸਭਿਆਚਾਰ ਦਾ ਸਭ ਤੋਂ ਅਹਿਮ ਅੰਗ ਹੁੰਦੀ ਹੈ। ਇਸ ਦੀ ਸਕੂਲਾਂ ਵਿਚ ਮੰਗ ਕਰਨ ਨਾਲ ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਕਿਸਮ ਦੇ ਫਾਇਦੇ ਹੋ ਸਕਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਪਤਾ ਲਵੋ ਕਿ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਹਨ ਕੀ ਉੱਥੇ ਹੋਰ ਪੰਜਾਬੀ ਬੱਚੇ ਵੀ ਪੜ੍ਹਦੇ ਹਨ। ਜੇ ਪੜ੍ਹਦੇ ਹੋਣ ਤਾਂ ਉਨ੍ਹਾਂ ਨਾਲ ਮਿਲ ਕੇ ਉਸ ਸਕੂਲ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਸੰਭਾਵਨਾ ਨੂੰ ਵਿਚਾਰੋ। ਇਹ ਤੁਹਾਡਾ ਹੱਕ ਹੈ. ਬੀ ਸੀ ਵਿਚ ਤਾਂ ਪੰਜਾਬੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਏ ਜਾਣ ਦਾ ਹੱਕ ਸਾਫ ਤੌਰ ਤੇ ਮਿਲਿਆ ਹੋਇਆ ਹੈ। ਹੁਣ ਅਲਬਰਟਾ ਵਿਚ ਵੀ ਇਸ ਕਿਸਮ ਦੀ ਆਸ ਬੱਝ ਰਹੀ ਹੈ, ਪਰ ਇਨ੍ਹਾਂ ਤੋਂ ਬਿਨਾਂ ਵੀ ਕੇਂਦਰ ਦੀ ਸਰਕਾਰ ਦਾ ਇਕ ਬੜਾ ਪੁਰਾਣਾ ਕਾਨੂੰਨ ਹੈ ਜਿਸ ਰਾਹੀਂ ਕਿਸੇ ਸਕੂਲ ਵਿਚ ਪੜ੍ਹਦੇ ਵੀਹ ਤੋਂ ਵੱਧ ਬੱਚੇ ਹੈਰੀਟੇਜ ਭਾਸ਼ਾ ਪੜ੍ਹਨ ਦੀ ਮੰਗ ਕਰ ਸਕਦੇ ਹਨ।

-----

ਜੇ ਤੁਸੀਂ ਵਪਾਰ (ਬਿਜ਼ਨੈੱਸ) ਕਰਦੇ ਹੋ ਤਾਂ ---

ਜਿੱਥੇ ਵੀ ਸੰਭਵ ਹੋ ਸਕੇ ਆਪਣੇ ਵਪਾਰਾਂ ਦੇ ਨਾਂਅ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਵੀ ਲਿਖੋ। ਬੋਲੀ ਦਾ ਦਿਸਣਾ ਬਹੁਤ ਮਹੱਤਪੂਰਨ ਹੁੰਦਾ ਹੈ, ਖ਼ਾਸ ਤੌਰ ਤੇ ਬੱਚਿਆਂ ਵਾਸਤੇ। ਜੇ ਉਹ ਪੰਜਾਬੀ ਅੱਖਰਾਂ ਵਿਚ ਲਿਖੇ ਬੋਰਡ ਦੇਖਣਗੇ ਤਾਂ ਉਨ੍ਹਾਂ ਲਈ ਇਹ ਅੱਖਰ ਓਪਰੇ ਨਹੀਂ ਰਹਿਣਗੇ, ਉਨ੍ਹਾਂ ਨੂੰ ਆਪਣੇ ਆਪਣੇ ਲੱਗਣਗੇ। ਇਸ ਮੁਲਕ ਵਿਚ ਇਹ ਕਰਨਾ ਕੋਈ ਗ਼ੈਰ ਕਾਨੂੰਨੀ ਗੱਲ ਨਹੀਂ ਹੈ। ਜ਼ਰਾ ਦੂਜੇ ਭਾਈਚਾਰਿਆਂ ਵੱਲ ਨਿਗ੍ਹਾ ਮਾਰੋ। ਕਿਸੇ ਚਾਈਨਾ ਟਾਊਨ ਵਿਚ ਜਾ ਕੇ ਦੇਖੋ ਤੁਹਾਨੂੰ ਇਹ ਗੱਲ ਪ੍ਰਤੱਖ ਦਿਸੇਗੀ। ਦੂਜੀ ਗੱਲ ਜੋ ਵਪਾਰੀ ਵੀਰ ਕਰ ਸਕਦੇ ਹਨ ਅਤੇ ਕਰਦੇ ਵੀ ਹਨ, ਉਹ ਹੈ ਉਨ੍ਹਾਂ ਅਦਾਰਿਆਂ ਨੂੰ ਆਪਣੇ ਇਸ਼ਤਿਹਾਰ ਜਾਂ ਹੋਰ ਮਾਲੀ ਇਮਦਾਦ ਦੇਣੀ ਜੋ ਪੰਜਾਬੀ ਬੋਲੀ ਦਾ ਮਿਆਰੀ ਵਿਕਾਸ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹੋਣ।

-----

ਜੇ ਤੁਸੀਂ ਖ਼ਰੀਦਦਾਰ (ਸ਼ੌਪਰ) ਹੋ ਤਾਂ ---

ਆਪਣੀਆਂ ਉਨ੍ਹਾਂ ਦੁਕਾਨਾਂ ਨੂੰ ਤਰਜੀਹ ਦੇਵੋ ਜਿਨ੍ਹਾਂ ਨੇ ਅੰਗਰੇਜ਼ੀ ਦੇ ਨਾਲ ਨਾਲ ਆਪਣੇ ਨਾਂਅ ਪੰਜਾਬੀ ਵਿਚ ਵੀ ਲਿਖੇ ਹੋਏ ਹੋਣ। ਉਨ੍ਹਾਂ ਵਪਾਰੀਆਂ ਨਾਲ ਕਾਰੋਬਾਰ ਕਰਨ ਨੂੰ ਪਹਿਲ ਦੇਵੋ ਜੋ ਵਧੀਆ ਪੰਜਾਬੀ ਅਦਾਰਿਆਂ ਨੂੰ ਆਪਣੇ ਇਸ਼ਤਿਹਾਰ ਦਿੰਦੇ ਹਨ। ਇਸ ਨਾਲ ਤੁਸੀਂ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਰਹੇ ਹੋਵੋਗੇ ਅਤੇ ਨਾਲ ਹੀ ਆਪਣੀ ਬੋਲੀ ਲਈ ਵੀ ਕੁਝ ਕਰ ਰਹੇ ਹੋਵੋਗੇ।

-----

ਜੇ ਤੁਸੀਂ ਹਵਾਈ ਸਫ਼ਰ ਕਰਦੇ ਹੋ ਤਾਂ ---

ਪੰਜਾਬੀ ਇਸ ਵੇਲੇ ਦੁਨੀਆਂ ਦੇ 125 ਮੁਲਕਾਂ ਵਿਚ ਵਸਦੇ ਹਨ। ਖ਼ਾਸ ਕਰ ਇੰਗਲੈਂਡ, ਕਨੇਡਾ ਤੇ ਅਮਰੀਕਾ ਦੇ ਪੰਜਾਬੀ ਹਰ ਵਰ੍ਹੇ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਨੂੰ ਜਾਂ ਇਨ੍ਹਾਂ ਮੁਲਕਾਂ ਵਿਚ ਇਕ ਦੂਜੇ ਨੂੰ ਮਿਲਣ ਲਈ ਹਵਾਈ ਸਫ਼ਰ ਕਰਦੇ ਹਨ। ਅਸੀਂ ਬੇਸ਼ੁਮਾਰ ਪੈਸਾ ਇਨ੍ਹਾਂ ਏਅਰ ਲਾਈਨਾਂ ਨੂੰ ਦਿੰਦੇ ਹਾਂ। ਜੇ ਅਸੀਂ ਇਨ੍ਹਾਂ ਤੋਂ ( ਜਿੱਥੇ ਵੀ ਇਗ ਗੱਲ ਜਾਇਜ਼ ਲੱਗੇ) ਮੰਗ ਕਰੀਏ ਕਿ ਉਹ ਉਨ੍ਹਾਂ ਫਲਾਈਟਾਂ ਵਿਚ ਪੰਜਾਬੀ ਭੋਜਨ, ਪੰਜਾਬੀ ਸੰਗੀਤ ਤੇ ਪੰਜਾਬੀ ਫਿਲਮਾਂ (ਹੁਣ ਦੋ ਚਾਰ ਤਾਂ ਦੇਖਣ ਯੋਗ ਕਹੀਆਂ ਜਾ ਸਕਦੀਆਂ ਹਨ) ਦਿਖਾਉਣ ਤਾਂ ਜ਼ਰਾ ਅੰਦਾਜ਼ਾ ਲਾ ਕੇ ਦੇਖੋ ਕਿ ਇਸ ਨਾਲ ਸਾਡੇ ਇਨ੍ਹਾਂ ਵਪਾਰਾਂ ਨੂੰ ਕਿੰਨਾਂ ਵੱਡਾ ਹੁਲਾਰਾ ਮਿਲੇਗਾ। ਜੇ ਅਸੀਂ ਹੌਂਸਲੇ ਨਾਲ ਮੰਗ ਕਰੀਏ ਤਾਂ ਸੰਗੀਤ ਤਾਂ ਉਹ ਇਕ ਪੱਲ ਵਿਚ ਸ਼ੁਰੂ ਕਰ ਸਕਦੇ ਹਨ। ਹਰ ਫਲਾਈਟ ਵਿਚ ਸੰਗੀਤ ਦੇ ਕਈ ਚੈਨਲ ਹੁੰਦੇ ਹਨ ਇਕ ਉਹ ਪੰਜਾਬੀ ਦਾ ਵੀ ਚਾਲੂ ਕਰ ਸਕਦੇ ਹਨ। ਸ਼ਾਇਦ ਕੁਝ ਇਕ ਨੇ ਇਹ ਕੀਤਾ ਵੀ ਹੋਵੇ. ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਬੜੀ ਅਸਾਨੀ ਨਾਲ ਮੰਨਵਾਈ ਜਾ ਸਕਦੀ ਹੈ। ਲੋੜ ਸਿਰਫ ਕੁਝ ਵੱਡੇ ਅਦਾਰਿਆਂ ਵਲੋਂ ਅਤੇ ਸਾਡੇ ਕੁਝ ਲੀਡਰਾਂ ਵਲੋਂ ਇਸ ਵੱਲ ਧਿਆਨ ਦੇਣ ਦੀ ਹੈ, ਪਰ ਇਹ ਗੱਲ ਤਾਂ ਹੀ ਹੋ ਸਕਦੀ ਹੈ ਜਦੋਂ ਤੁਸੀਂ, ਹਵਾਈ ਸਫ਼ਰ ਕਰਨ ਵਾਲੇ ਪੰਜਾਬੀ ਇਸ ਦੀ ਮੰਗ ਕਰੋ।

-----

ਜੇ ਤੁਹਾਨੂੰ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਤੇ ਗ਼ੁੱਸਾ ਆ ਰਿਹਾ ਹੈ ਤਾਂ ---

ਜਦੋਂ ਵੀ ਪੰਜਾਬੀ ਦੀ ਗੱਲ ਕਰੋ (ਖ਼ਾਸ ਕਰ ਰੇਡੀਓ ਤੇ ਗੱਲਬਾਤ ਸਮੇਂ) ਤਾਂ ਬਹੁਤ ਸਾਰੇ ਲੋਕ ਅੱਗੋਂ ਇਹ ਜਵਾਬ ਦਿੰਦੇ ਹਨ ਕਿ ਭਾਈ ਸਾਹਿਬ ਤੁਸੀਂ ਏਥੇ ਪੰਜਾਬੀ ਦਾ ਰੌਲ਼ਾ ਪਾ ਰਹੇ ਹੋ ਉਥੇ ਪੰਜਾਬ ਵਿਚ ਤਾਂ ਕੋਈ ਪੰਜਾਬੀ ਬੋਲਦਾ ਹੀ ਨਹੀਂ। ਉਨ੍ਹਾਂ ਲੋਕਾਂ ਦੀ ਇਹ ਗੱਲ ਸਹੀ ਹੈ ਕਿ ਪੰਜਾਬ ਵਿਚ (ਥੋੜ੍ਹੇ ਬਹੁਤੇ ਫ਼ਰਕ ਨਾਲ ਦੋਵਾਂ ਹੀ ਪੰਜਾਬਾਂ ਵਿਚ) ਪੰਜਾਬੀ ਦੀ ਹਾਲਤ ਕੋਈ ਏਨੀ ਵਧੀਆ ਨਹੀਂ, ਪਰ ਸਵਾਲ ਇਹ ਹੈ ਕਿ ਇਸ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਵੀ ਉਨ੍ਹਾਂ ਵਾਂਗ ਹੀ ਪੰਜਾਬੀ ਨੂੰ ਭੁੱਲ ਜਾਣਾ ਚਾਹੀਦਾ ਹੈ ਜਾਂ ਇਸ ਬਾਰੇ ਕੁਝ ਸੋਚਣਾ ਵਿਚਾਰਨਾ, ਕੁਝ ਕਰਨਾ ਚਾਹੀਦਾ ਹੈ? ਜਾਪਦਾ ਹੈ ਕੁਝ ਲੋਕ ਪੰਜਾਬੀ ਦੀ ਪੰਜਾਬ ਵਿਚ ਹਾਲਤ ਨੂੰ ਚੇਤੇ ਕਰਕੇ ਖ਼ੁਦ ਸੁਰਖ਼ਰੂ ਮਹਿਸੂਸ ਕਰਦੇ ਹਨ ਕਿ ਜਦ ਉਹ ਨਹੀਂ ਕੁਝ ਕਰਦੇ ਸਾਨੂੰ ਕੀ ਲੋੜ ਹੈ। ਪੰਜਾਬੀ ਉਨ੍ਹਾਂ ਦੀ ਵੀ ਮਾਂ ਹੈ, ਜੇ ਇਹ ਉੱਥੇ ਭੁੱਖੀ ਤਿਹਾਈ ਮਰਦੀ ਹੈ ਤਾਂ ਇੱਥੇ ਵੀ ਮਰੀ ਜਾਵੇ ਸਾਨੂੰ ਕੀ. ਪਰ ਕੁਝ ਲੋਕ ਇਸ ਤੋਂ ਕੁਝ ਵੱਖਰਾ ਵੀ ਮਹਿਸੂਸ ਕਰਦੇ ਹਨ। ਉਹ ਸੋਚਦੇ ਹਨ ਕਿ ਅਸੀਂ ਇਕ ਵਧੀਆ ਮੁਲਕ ਵਿਚ ਰਹਿ ਰਹੇ ਹਾਂ, ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ। ਏਥੇ ਸਾਡੇ ਧਰਮ, ਸਾਡੇ ਸਭਿਆਚਾਰ ਦੀ ਕਦਰ ਹੈ। ਏਥੇ ਸਾਡੇ ਲਈ ਆਪਣੇ ਜੀਵਨ ਨੂੰ ਪੂਰਾ ਸੂਰਾ ਬਣਾਉਣ ਦੀ ਕਾਫੀ ਹੱਦ ਤੱਕ ਖੁੱਲ੍ਹ ਹੈ ਫੇਰ ਕਿਉਂ ਨਾ ਆਪਣੀ ਮਾਂ ਬੋਲੀ ਨੂੰ ਵੀ ਆਪਣੇ ਨਾਲ ਰੱਖੀਏ। ਜੇ ਅਸੀਂ ਆਪਣੀ ਮਾਂ ਦਾ ਖ਼ਿਆਲ ਕਰਾਂਗੇ ਤਾਂ ਵੱਡੇ ਭਾਈਚਾਰੇ ਵਿਚ ਵੀ ਸਾਡੀ ਭੱਲ ਬਣੇਗੀ, ਇਕ ਵੱਖਰੀ ਪਹਿਚਾਣ ਬਣੇਗੀ. ਨਾਲ ਹੀ ਸ਼ਾਇਦ ਪੰਜਾਬਾਂ ਵਿਚ ਵਸਦੇ ਵਲੈਤੀ ਤੋਤਿਆਂ ਨੂੰ ਵੀ ਕੁਝ ਸ਼ਰਮ ਆਵੇ।

-----

ਜੇ ਤੁਹਾਡੇ ਕੋਲ ਥੋੜ੍ਹੇ ਜਿਹੇ ਡਾਲਰ ਹੋਣ ਤਾਂ ---

ਅਸੀਂ ਪੰਜਾਬੀ ਜਿੱਥੇ ਡਟ ਕੇ ਕਮਾਉਂਦੇ ਹਾਂ ਉੱਥੇ ਡਟ ਕੇ ਖ਼ਰਚ ਵੀ ਕਰਦੇ ਹਾਂ ਅਤੇ ਕਿਸੇ ਵੀ ਗ਼ਰੀਬ ਦੀ, ਮਜਬੂਰ ਦੀ ਮਦਦ ਕਰਨ ਵੇਲੇ ਅਸੀਂ ਇਕ ਪੱਲ ਲਈ ਵੀ ਪਿੱਛੇ ਨਹੀਂ ਰਹਿੰਦੇ। ਜੇ ਅਸੀਂ ਇਹ ਸੋਚ ਲਈਏ ਕਿ ਪੰਜਾਬੀ ਬੋਲੀ ਨੂੰ ਇਸ ਵੇਲੇ ਕੁਝ ਮਦਦ ਦੀ ਲੋੜ ਹੈ ਤਾਂ ਸੱਚ ਮੁੱਚ ਉਸ ਦੀ ਸਿਹਤ ਵਿਚ ਫਰਕ ਪਾ ਸਕਦੇ ਹਾਂ। ਪੰਜਾਬ ਵਿਚ ਇਸ ਵੇਲੇ ਵੱਡੀ ਗਿਣਤੀ ਵਿਚ ਕਿਤਾਬਾਂ ਤੇ ਮੈਗਜ਼ੀਨ ਛਪਦੇ ਹਨ। ਆਓ ਏਥੇ ਸਿਰਫ਼ ਪੰਜਾਬੀ ਮੈਗਜ਼ੀਨਾਂ ਦੀ ਗੱਲ ਕਰੀਏ। ਪਿਛਲੇ ਹਫਤੇ ਮੈਂ ਯੂ ਬੀ ਸੀ ਵਿਚ ਆਪਣੀ ਇਕ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਰਸਾਲਿਆਂ ਬਾਰੇ ਪੁੱਛਿਆ। ਸਿਰਫ਼ ਇਕ ਵਿਦਿਆਰਥਣ ਜੋ ਪੰਜਾਬ ਤੋਂ ਸਿਆਣੀ ਹੋ ਕੇ ਆਈ ਹੈ ਉਸ ਨੇ ਪ੍ਰੀਤ ਲੜੀ ਤੇ ਨਾਗਮਣੀ ਦੇ ਨਾਂਅ ਸੁਣੇ ਸਨ। ਬਾਕੀ ਕਿਸੇ ਵਿਦਿਆਰਥੀ ਨੇ ਕਦੇ ਕਿਸੇ ਪੰਜਾਬੀ ਰਸਾਲੇ ਦਾ ਨਾਂਅ ਨਹੀਂ ਸੀ ਸੁਣਿਆ। ਜਿਹੜੇ ਮੈਗਜ਼ੀਨ ਮੇਰੇ ਕੋਲ ਸਨ ਉਹ ਮੈਂ ਉਨ੍ਹਾਂ ਨੂੰ ਦੇਖਣ ਲਈ ਦਿੱਤੇ ਅਤੇ ਉਨ੍ਹਾਂ ਦੀ ਸੂਚੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪੰਜਾਬੀ ਦੇ ਸਤਾਈ ਮੈਗਜ਼ੀਨਾਂ ਦੀ ਸੂਚੀ ਬਣਾਈ (ਇਨ੍ਹਾਂ ਵਿਚੋਂ ਕੁਝ ਸ਼ਾਇਦ ਬੰਦ ਵੀ ਹੋ ਚੁੱਕੇ ਹਨ ਅਤੇ ਬਹੁਤ ਇਹੋ ਜਿਹੇ ਵੀ ਹੋਣਗੇ ਜੋ ਮੇਰੇ ਕੋਲ ਨਹੀਂ)। ਉਨ੍ਹਾਂ ਵਿਚੋਂ ਬਹੁਤ ਸਾਰੇ ਮੈਗਜ਼ੀਨ ਇਹੋ ਜਿਹੇ ਹਨ ਜੋ ਕਈ ਦਹਾਕਿਆਂ ਤੋਂ ਨਿਕਲ ਰਹੇ ਹਨ ਅਤੇ ਉਨ੍ਹਾਂ ਨੂੰ ਛਾਪਣ ਵਾਲੇ ਕੁਝ ਸਿਰੜੀ ਪੰਜਾਬੀ ਹਨ ਜੋ ਪੰਜਾਬੀ ਬੋਲੀ ਵਲ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਕੰਮ ਕਰ ਰਹੇ ਹਨ। ਜੇ ਅਸੀਂ ਬਾਹਰ ਵਸਦੇ ਪੰਜਾਬੀ ਹਰ ਵਰ੍ਹੇ ਸਿਰਫ਼ ਕੁਝ ਹੀ ਡਾਲਰ ਖ਼ਰਚ ਕਰਕੇ ਇਨ੍ਹਾਂ ਮੈਗਜ਼ੀਨਾਂ ਨੂੰ ਚੰਦੇ ਭੇਜ ਸਕੀਏ ਤਾਂ ਪੰਜਾਬੀ ਦਾ ਵਿਕਾਸ ਛਾਲਾਂ ਮਾਰਦਾ ਅੱਗੇ ਵਧਣ ਲੱਗੇ। ਜੇ ਸਾਡੇ ਰੇਡੀਓ ਹੋਸਟ ਕਦੇ ਕਦੇ ਇਨ੍ਹਾਂ ਮੈਗਜ਼ੀਨਾਂ ਬਾਰੇ ਹੀ ਚਰਚਾ ਕਰ ਕਰਵਾ ਦਿਆ ਕਰਨ ਤਾਂ ਘੱਟੋ ਘੱਟ ਪੰਜਾਬੀਆਂ ਦੇ ਕੰਨਾਂ ਵਿਚ ਇਹ ਨਾਂਅ ਤਾਂ ਪੈਣ।

-----

ਜੇ ਤੁਸੀਂ ਪੰਜਾਬੀ ਦੇ ਲੇਖਕ ਹੋ ਤਾਂ ---

ਕਦੇ ਕਦੇ ਪੰਜਾਬੀ ਬੋਲੀ ਦੇ ਮਸਲੇ ਉੱਤੇ ਵੀ ਕੁਝ ਲਿਖਿਆ ਕਰੋ.

-----

ਜੇ ਤੁਸੀਂ ਪਾਠਕ ਹੋ ਤਾਂ ---

ਪੰਜਾਬੀ ਬੋਲੀ ਦੇ ਮਸਲੇ ਦੇ ਪੱਖੋਂ ਵੀ ਕੁਝ ਪੜ੍ਹਿਆ ਕਰੋ ਤੇ ਫੇਰ ਆਪਣਾ ਪ੍ਰਤੀਕਰਮ ਦਿਆ ਕਰੋ.

-----

ਜੇ ਤੁਸੀਂ ਰੇਡੀਓ ਹੋਸਟ ਹੋ ਤਾਂ ---

ਪੰਜਾਬੀ ਬੋਲੀ ਵੱਲ ਬਣਦੀ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਇਕ ਪੱਲ ਲਈ ਵੀ ਅੱਖੋਂ ਉਹਲੇ ਨਾ ਕਰਿਆ ਕਰੋ। ਏਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਰੇਡੀਓ ਨੇ ਕਨੇਡਾ ਵਿਚ ਪੰਜਾਬੀ ਜ਼ਬਾਨ ਦੇ ਵਿਕਾਸ ਵਿਚ ਸਭ ਤੋਂ ਵੱਧ ਅਤੇ ਨਿੱਗਰ ਹਿੱਸਾ ਪਾਇਆ ਹੈ ਅਤੇ ਪਾ ਰਿਹਾ ਹੈ. ਹੁਣ ਬਹੁਤੇ ਹੋਸਟ ਵਧੀਆ ਪੰਜਾਬੀ ਬੋਲਣ ਵਾਲੇ ਹਨ ਅਤੇ ਉਹ ਪੰਜਾਬੀ ਦੇ ਵੱਖਰੇ ਵੱਖਰੇ ਪੱਖਾਂ ਨੂੰ ਸੁਹਿਰਦਤਾ ਨਾਲ ਸੁਧਾਰਨ ਦੀ ਕੋਸ਼ਿਸ਼ ਵਿਚ ਹਨ। ਪੰਜਾਬੀ ਜ਼ਬਾਨ ਲਈ ਇਹ ਬਹੁਤ ਹੀ ਵਧੀਆ ਗੱਲ ਹੈ।

-----

ਜੇ ਤੁਸੀਂ ਰੇਡੀਓ ਸੁਣਨ ਵਾਲੇ ਹੋ ਤਾਂ---

ਜਦੋਂ ਵੀ ਤੁਹਾਨੂੰ ਬੋਲੀ ਦੇ ਪੱਖੋਂ ਕੁਝ ਗ਼ਲਤ ਸੁਣੇ ਉਸ ਦਾ ਉਸੇ ਵੇਲੇ ਸੰਜੀਦਗੀ ਤੇ ਹਲੀਮੀ ਨਾਲ ਪ੍ਰਤੀਕਰਮ ਕਰੋ।

-----

ਜੇ ਤੁਸੀਂ ਗੁਰਦਵਾਰੇ ਦੇ ਪ੍ਰਬੰਧਕਾਂ ਵਿਚੋਂ ਹੋ ਤਾਂ ---

ਧਿਆਨ ਰੱਖੋ ਕਿ ਗੋਲਕ ਵਿਚੋਂ ਕੁਝ ਦਮੜੇ ਮਾਂ ਬੋਲੀ ਦੀਆਂ ਲੋੜਾਂ ਲਈ ਵੀ ਖ਼ਰਚੇ ਜਾਣ। ਪੰਜਾਬੀ ਬੋਲੀ ਨੂੰ ਸਾਂਭਣ ਵਾਲੇ ਅਦਾਰਿਆਂ ਵਿਚ ਪਹਿਲ ਗੁਰੂ ਘਰਾਂ ਦੀ ਹੀ ਹੈ। ਸਾਡੇ ਬਹੁਤੇ ਧਾਰਮਿਕ ਅਦਾਰੇ ਆਪਣਾ ਇਹ ਫ਼ਰਜ਼ ਚੰਗੀ ਤਰ੍ਹਾਂ ਪਛਾਣਦੇ ਹਨ। ਉਨ੍ਹਾਂ ਦੀ ਸਿਫ਼ਤ ਕਰਨੀ ਬਣਦੀ ਹੈ।

-----

ਜੇ ਤੁਸੀਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਨ ਵਾਲੇ ਹੋ ਤਾਂ ---

ਚੇਤੇ ਰੱਖੋ ਕਿ ਤੁਹਾਡੇ ਬੱਚੇ ਇਹ ਆਨੰਦ ਤਾਂ ਹੀ ਪ੍ਰਾਪਤ ਕਰ ਸਕਣਗੇ ਜੇ ਉਹ ਪੰਜਾਬੀ ਜਾਣਦੇ ਹੋਣਗੇ। ਗੁਰਬਾਣੀ ਪੜ੍ਹ ਤਾਂ ਉਹ ਅੰਗਰੇਜ਼ੀ ਵਿਚ ਵੀ ਲੈਣਗੇ ਪਰ ਗੁਰਬਾਣੀ ਵਿਚਲੇ ਰਾਗ ਅੰਗਰੇਜ਼ੀ ਵਿਚ ਮਾਣੇ ਨਹੀਂ ਜਾਣੇ।

-----

ਇਹ ਸੁਝਾਅ ਦਿੰਦਿਆਂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਸ਼ਾਇਦ ਤੰਗ ਵੀ ਕਰ ਰਿਹਾ ਹੋਵਾਂ ਕਿ ਇਹ ਕੌਣ ਹੁੰਦਾ ਹੈ ਸਾਨੂੰ ਮੱਤਾਂ ਦੇਣ ਵਾਲਾ? ਤੁਹਾਡੀ ਗੱਲ ਬਿਲਕੁਲ ਸਹੀ ਹੈ. ਇਹ ਗੱਲਾਂ ਤੁਸੀਂ ਵੀ ਸਾਰੇ ਜਾਣਦੇ ਤੇ ਮੇਰੇ ਨਾਲੋਂ ਵੱਧ ਜਾਣਦੇ ਹੋ। ਇਸ ਕਰਕੇ ਗੱਲ ਖ਼ਤਮ ਕਰਦਾ ਹਾਂ।

ਕੁਝ ਪਲ ਮੇਰੇ ਵਿਚਾਰਾਂ ਨੂੰ ਪੜ੍ਹਨ/ਸੁਣਨ ਲਈ ਸਭ ਦਾ ਧੰਨਵਾਦ ।


Thursday, July 22, 2010

ਗੁਰਮੇਲ ਬਦੇਸ਼ਾ - ਮੇਲੇ-ਗੇਲੇ ਵਿੱਚ ਪ੍ਰਦੇਸਾਂ ਦੇ - ਲੇਖ

ਜਦੋਂ ਨਸੀਬੋ ਲਾਲ ਦੇ ਸਿੱਧੇ-ਸਾਦੇ ਸਵਾਲ ਨੇ ਐਮ. ਪੀ. ਨੀਨਾ ਗਰੇਵਾਲ ਨੂੰ ਕੀਤਾ ਲਾ-ਜਵਾਬ !

ਮੇਲੇ-ਗੇਲੇ ਵਿੱਚ ਪ੍ਰਦੇਸਾਂ ਦੇ

ਲੇਖ

ਸਾਦਗੀ ਅਤੇ ਸੁਰ-ਤਾਲ ਦੇ ਸੁਮੇਲ ਦਾ ਨਾਂ ਹੈ - ਨਸੀਬੋ ਲਾਲ ! ਪਿਛਲੇ ਦਿਨੀਂ ਬੈੱਲ ਪ੍ਰੋਫਾਰਮਿੰਗ ਸੈਂਟਰ ਸਰੀ ਵਿਖੇ ਬਾਜਵਾ ਸਾਹਿਬ ਵਲੋਂ ਅਯੋਜਿਤ ਪ੍ਰੋਗ੍ਰਾਮ ਵਿੱਚ ਦੋ ਉੱਭਰ ਰਹੇ ਕਲਾਕਾਰਾਂ ਤੋਂ ਬਾਅਦ ਸਾਉਣ ਦੇ ਛਰਾਟੇ ਵਰਗੀ ਗਾਇਕਾ ਨਸੀਬੋ ਲਾਲ ਨੇ ਉਪਰੋਥਲੀ ਗੀਤਾਂ ਦੀ ਝੜੀ ਲਗਾ ਦਿੱਤੀ ਪ੍ਰੋਗ੍ਰਾਮ ਦੇ ਅੱਧ ਕੁ ਜਾ ਕੇ ਜਦੋਂ ਨਸੀਬੋ ਲਾਲ ਨੂੰ ਗਰੇਵਾਲ ਜੋੜੀ ਸਟੇਜ 'ਤੇ ਸਨਮਾਨਿਤ ਕਰਨ ਲਈ ਪੁੱਜੀ ਤਾਂ ਨਸੀਬੋ ਲਾਲ ਨੇ ਪੁਰਸਕਾਰ ਫੜਦੇ ਸਾਰ ਹੀ ਪੋਲੇ ਜਿਹੇ ਮੂੰਹ 'ਚੋਂ ਠਾਹ ਸੋਟਾ ਮਾਰ ਘੱਤਿਆ

ਉਸਨੇ ਨੀਨਾ ਗਰੇਵਾਲ ਨੂੰ ਪੁੱਛਿਆ , " ਆਪ ਤੇ ਜੋੜੀਆਂ ਬਣਾਈ ਫਿਰਦੇ ਓ ! ਪਹਿਲੇ ਇਹ ਦੱਸੋ ਕਿ ਮੇਰੇ ਪੰਜ ਮਹੀਨੇ ਦੇ ਬੱਚੇ ਨੂੰ ਵੀਜ਼ਾ ਕਿਉਂ ਨਹੀਂ ਦਿੱਤਾ ?.... ਮੈਂ 'ਤੇ ਆਪਣੇ ਲਾਲ ਨੂੰ ਆਪਣਾ ਦੁੱਧ ਪਿਲਾਉਣਾ ਸੀ !......ਨਾਲੇ ਅਸਾਂ ਕਿਹੜਾ ਏਥੇ ਪੱਕਿਆਂ ਰਹਿਣਾ ਸੀ …..!?!" ਤੇ ਇਹ ਕਹਿੰਦੀ - ਕਹਿੰਦੀ ਨਸੀਬੋ ਲਾਲ ਨੇ ਆਪਣੇ ਨੈਣ ਹੰਝੂਆਂ ਨਾਲ ਭਰ ਲਏ

-----

ਇਹ ਦੇਖ ਸੁਣ ਕੇ ਨੀਨਾ ਜੀ ਵੀ ਠਠੰਬਰ ਗਏ 'ਤੇ ਮਾਇਕ ਆਪਣੇ ਹੱਥ 'ਚ ਲੈ ਕੇ ਕਹਿਣ ਲੱਗੇ , "ਮੈਨੂੰ ਵੀ ਬੜਾ ਅਫ਼ਸੋਸ ਹੈ , ਕਿ ਤੁਹਾਡੇ ਲੜਕੇ ਨੂੰ ਵੀਜ਼ਾ ਨਹੀਂ ਮਿਲਿਆ ।" ਬੱਸ ਹੋਰ ਕੁਝ ਨਹੀਂ

ਇਸ ਦੀ ਸਫ਼ਾਈ ਵਿੱਚ ਸਾਬਕਾ ਐਮ . ਪੀ . ਗੁਰਮੰਤ ਗਰੇਵਾਲ ਨੇ ਬੇਸ਼ੱਕ ਮਿੱਠਾ ਪੋਚਾ ਮਾਰਨ ਦੀ ਕੋਸ਼ਿਸ਼ ਤਾਂ ਕੀਤੀ , ਪਰ ਉਹ ਨਾ ਨਸੀਬੋ ਲਾਲ ਨੂੰ ਅਤੇ ਨਾ ਹੀ ਸੈਂਕੜੇ ਦਰਸ਼ਕਾਂ ਨੂੰ ਤੱਸਲੀ ਬਖ਼ਸ਼ ਜੁਆਬ ਦੇ ਸਕਿਆ ਬੱਸ , ਏਨਾ ਹੀ ਕਹਿ ਕ ਖਹਿੜਾ ਛੁਡਾ ਲਿਆ , ਕਿ ਜਦੋਂ ਤੁਹਾਡਾ ਲੜਕਾ ਗਾਉਣ ਲੱਗ ਪਿਆ ਤਾਂ ਉਸਨੂੰ ਵੀਜ਼ਾ ਜ਼ਰੂਰ ਮਿਲ ਜਾਵੇਗਾ ਲੌਲੀ ਪੌਪ ਮੂੰਹ ਕਰਾਰਾ ਕਰ ਗਿਆ

-----

ਕੈਨੇਡਾ ਦੀ ਧਰਤੀ 'ਤੇ ਲਗਦੈ ਕਦੇ ਕਦੇ ਦੇਸੀ ਸਿਆਸਤ ਵੀ ਰੰਗ ਦਿਖਾ ਹੀ ਜਾਂਦੀ ਏ ! ਵੈਸੇ ਅਜਿਹੀਆਂ ਕਦਰਾਂ- ਕੀਮਤਾਂ ਤਾਂ ਅਸੀਂ ਪੱਲੇ ਬੰਨ੍ਹ ਕੇ ਨਾਲ ਹੀ ਲੈ ਕੇ ਆਏ ਹਾਂ ਜਦੋਂ ਲੋੜ ਪੈਂਦੀ ਐ ਤਾਂ ਸਾਡੇ ਲੀਡਰ ਓਸੇ ਵੇਲੇ ਹੀ ਪੋਟਲੀ ਖੋਲ੍ਹ ਲੈਂਦੇ ਨੇ

ਖ਼ੈਰ!! ਹੰਝੂ ਪੂੰਝਦੀ - ਪੂੰਝਦੀ ਨਸੀਬੋ ਨੇ ਆਪਣੇ ਦਿਲ ਦੇ ਅਰਮਾਨ ਇੰਝ ਪ੍ਰਗਟਾਏ…" ਨਸੀਬ ਸਾਡੇ ਲਿਖੇ --ਰੱਬ ਨੇ ਕੱਚੀ ਪੈਨਸਲ ਨਾਲ !.... ਨਸੀਬ ਸਾਡੇ ਲਿਖੇ ਰੱਬ ਨੇ ..!!"

ਨੀ ਨਸੀਬੋ ਭੋਲੀਏ ! ਤੈਨੂੰ ਕੌਣ ਸਮਝਾਏ ਕਿ ਓਹ ਰੱਬ ਤਾਂ ਬੜੀ ਦੂਰ ਹੈ , ਇਥੇ ਨਸੀਬ ਤਾਂ ਡਾਢੇ ਸਿਆਸਤਦਾਨਾਂ ਨੇ ਪੱਕੀ ਪੈਨਸਲ ਨਾਲ ਆਪ ਰੱਬ ਬਣ ਕੇ ਸਾਡੇ ਮੱਥੇ 'ਤੇ ਖੁਣਵਾ ਦਿੱਤੇ ਨੇ !! ਕਠੋਰ ਹਿਰਦਿਆਂ ਮੂਹਰੇ ਤਰਲੇ ਪਾਇਆਂ ਕੁਸ਼ ਨਹੀਂ ਬਣਦਾ

'ਤੂੰ ਇੱਕ-ਅੱਧੇ ਨੂੰ ਰੋਵੇਂ ਊਤਿਆ ਫਿਰਦਾ ਆਵਾ ਨੀ …!' ਸਾਡੇ ਲੀਡਰਾਂ ਨੂੰ ਸਾਡੇ ਹੱਕਾਂ ਦੀ ਰਾਖੀ ਦਾ ਨਹੀਂ , ਇਨ੍ਹਾਂ ਨੂੰ ਤਾਂ ਸ਼ਾਵਰ ਪਾਰਟੀਆਂ ਤੋਂ ਲੈ ਕੇ ਸ਼ਮਸ਼ਾਨ ਘਾਟਾਂ ਤੱਕ ਹਾਜਰੀਆ ਲਗਵਾ ਕੇ ਵੋਟਾਂ ਪੱਕੀਆਂ ਕਰਨ ਦਾ ਫ਼ਿਕਰ ਜ਼ਿਆਦਾ ਹੈ !

-----

ਕੋਈ ਪੁੱਛਣ ਵਾਲਾ ਹੋਵੇ - ਓਏ ਭਲੇ ਮਾਣਸੋ ! ਤੁਸੀਂ ਜਿੰਨਾ ਵਕਤ ਇੰਨਾਂ ਸਮਾਗਮਾਂ ਵਿੱਚ ਜ਼ਾਇਆ ਕਰ ਰਹੇ ਹੋ, ਕਿਤੇ ਸਰਕਾਰੀ ਕੰਮਾਂ ਕਾਰਾਂ ਵਿੱਚ ਲਗਾਓ ਤਾਂ ਦੇਸ ਦੀਆਂ ਨੁਹਾਰਾਂ ਬਦਲ ਸਕਦੀਆਂ ਨੇ ਨਾਲੇ ਤੁਸੀਂ ਕੀਹਨੂੰ ਕੀਹਨੂੰ ਖ਼ੁਸ਼ ਕਰ ਲਵੋਂਗੇ ? ਇਸ ਤਰਾਂ ਤਾਂ ਮੈਂ ਵੀ ਰੋਸ ਪ੍ਰਗਟ ਕਰ ਸਕਦਾ ਹਾਂ ਕਿ ਓਦਣ ਮੇਰਾ ਢਿੱਡ ਦੁਖਦਾ ਸੀ - ਦੋ ਘੰਟੇ ਸਰੀ ਵਾਲੇ ਹਸਪਤਾਲ ਵਿੱਚ ਮੈਂ ਬੈਂਚ ਉਪਰ ਪਿਆ ਰਿਹਾ, ਸੁੱਖ ਧਾਲੀਵਾਲ ਮੇਰਾ ਪਤਾ ਲੈਣ ਹੀ ਨਹੀਂ ਆਇਆ..!'

-----

ਦੂਜੀ ਗੱਲ ਇਹ ਕਿ ਜੋ ਵੱਡੇ ਜਾਂ ਛੋਟੇ ਸ਼ੋਅ ਟਿਕਟਾਂ ਵਾਲੇ ਹੁੰਦੇ ਨੇ, ਪੱਤਰਕਾਰਾਂ ਜਾਂ ਹੋਰ ਮੀਡੀਆ ਐਂਡ ਕੰਪਨੀ ਵਾਲਿਆਂ ਲਈ ਮੁਫ਼ਤ ਵਿੱਚ ਇਹਨਾਂ ਦਾ ਸੁਆਦ ਨਹੀਂ ਚਖਾਉਣਾ ਚਾਹੀਦਾ ਹੁਣ ਤਾਂ ਜਣਾ ਖਣਾ ਹੀ ਗਲ਼ 'ਚ ਕੈਮਰਾ ਪਾ ਕੇ ਮੂਹਰਲੀ ਸੀਟ 'ਤੇ , ਕਦੇ ਸਟੇਜ ਦੇ ਆਲੇ ਦੁਆਲੇ ਘੁੰਮ ਰਿਹਾ ਹੁੰਦੈ !

-----

ਪੱਤਰਕਾਰਾਂ ਦਾ ਕੰਮ ਤਾਂ ਹੁੰਦਾ ਹੈ ਕਿ ਕਿਸੇ ਖੂੰਜੇ ਚ' ਖੜ੍ਹ ਕੇ ਰਿਪੋਰਟ ਤਿਆਰ ਕਰਨਾ ਪਰ ਇਹ ਤਾਂ ਮੂਹਰਲੀਆਂ ਸੀਟਾਂ ਮੱਲੀ ਬੈਠੇ ਹੁੰਦੇ ਨੇ ਫਿਰ ਓਦਣ ਸਟੇਜ ਉਪਰ ਕੋਈ ਜੋ ਕੁਝ ਮਰਜ਼ੀ ਬੋਲੀ ਜਾਵੇ ਅਗਲੇ ਦਿਨ ਉਸ ਬਾਰੇ ਇਹੇ ਰੌਲਾ ਪਾਈ ਜਾਂਦੇ ਹੁੰਦੇ ਨੇ, "ਬਈ ਰਾਤ ਵਾਲਾ ਸ਼ੋਅ ਬਹੁਤ ਕਾਮਯਾਬੀ ਨਾਲ ਨੇਪਰੇ ਚੜਿਆ ਸਾਰਾ ਹਾਲ ਫੁੱਲ ਸੀ ।"

ਸਾਰਾ ਹਾਲ ਤਾਂ ਆਪੇ ਹੀ ਫੁੱਲ ਹੋਣਾ ਸੀ , ਤੁਹਾਡੇ ਵਰਗੇ ਮੁਫ਼ਤਖ਼ੋਰ ਪੱਤਰਕਾਰ ਅਤੇ ਲੀਡਰ -ਸ਼ੀਡਰ ਤਾਂ ਹੇਲੀਆਂ ਦਿੰਦੇ ਫਿਰਦੇ ਸਨ !

----

ਮੈਂ ਤਾਂ ਕਹਿੰਦਾ ਹਾਂ ਕਿ ਜੇਕਰ ਟਿਕਟ ਪੰਜਾਹ ਡਾਲਰ ਦੀ ਹੋਵੇ ਤਾਂ ਪੱਤਰਕਾਰਾਂ ਲਈ ਉਹ ਟਿਕਟ ਸੌ ਡਾਲਰ ਦੀ ਹੋਣੀ ਚਾਹੀਦੀ ਹੈਅਤੇ ਇੱਕ ਲੀਡਰ ਨੂੰ ਘੱਟੋ-ਘੱਟ ਪੰਜ ਸੌ ਡਾਲਰ ਵਿੱਚ ਮਿਲਣੀ ਚਾਹੀਦੀ ਹੈ ਫਿਰ ਵੇਖਾਂਗੇ ਇੰਨ੍ਹਾਂ ਨੂੰ ਕਿੰਨਾ ਕੁ ਸਭਿਆਚਾਰ ਨਾਲ ਪਿਆਰ ਹੈ ?

------

ਪਿਛਲੇ ਦਿਨੀਂ ਪਾਪੂਲਰ ਪੂਜਾ ਦਾ ਸ਼ੋਅ ਹੋਇਆ ਸੀ , ਉਥੇ ਜੋ ਕੁਝ ਹੋਇਆ , ਕਿਸੇ ਹੱਕ ਸੱਚ ਦੀ ਅਵਾਜ਼ ਵਾਲੇ ਨੇ ਦੂਜੇ ਦਿਨ ਉਸ ਬਾਰੇ ਕੋਈ ਨੋਟਿਸ ਨਹੀਂ ਲਿਆ ਹਾਲਾਂ ਕਿ ਉਸ ਸਟੇਸ਼ਨ ਦਾ ਸਾਰਾ ਕੋੜਮਾ ਕਬੀਲਾ ਮੁੱਛਾਂ ਨੂੰ ਤਾਅ ਦੇ ਕੇ ਮੂਹਰੇ ਬੈਠਾ ਸੀ ਪਰ ਬੋਲਦੇ ਵੀ ਕਿਵੇਂ ? ਪ੍ਰਮੋਟਰਾਂ ਨੇ ਮੂੰਹੋਂ ਮੰਗਵੇਂ ਡਾਲਰ ਜੁ ਦਿੱਤੇ ਸੀ

ਉਸ ਸ਼ੋਅ ਵਿੱਚ ਕੋਈ ਗਾਇਕ ਆ ਕੇ ਡੰਡ ਬੈਠਕਾਂ ਮਾਰ ਰਿਹਾ ਸੀ , ਕੋਈ ਪੂਜਾ ਦੇ ਦੁਆਲੇ ਇਸ ਤਰ੍ਹਾਂ ਘੁੰਮ ਰਿਹਾ ਸੀ ,'ਜਿਵੇ: ਵਾੜੇ ਚ'………! ਅੱਗੇ ਤੁਹਾਨੂੰ ਪਤਾ ਹੀ ਹੈ !! ਇੱਕ ਜ਼ੈਲਦਾਰ ਨੇ ਤਾਂ ਅਖੀਰ ਵਿੱਚ ਗੱਲ ਸਿਰੇ ਹੀ ਲਾ ਦਿੱਤੀ , ਜੋ ਮੈਨੂੰ ਸੱਭ ਤੋਂ ਵੱਧ ਚੁਭੀ , ਉਹ ਇਹ ਸੀ , ਕਿ ਪਹਿਲਾਂ ੳਸਨੇ ਗਾਉਣ ਵਾਲੀ ਦੇ ਦੁਆਲੇ ਖ਼ੂਬ ਗੇੜੇ ਦਿੱਤੇ ਫਿਰ ਗੇੜਿਆਂ ਦਾ ਨਤੀਜਾ ਉਸ ਨੇ ਆਪਣੇ ਬੋਲਾਂ ਰਾਹੀਂ ਇੰਝ ਕੱਢਿਆ.."ਸੱਤ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ ! ਪੰਗੇ ਲੈਂਦੀ ਫਿਰਦੀ ਕੁੜੀ ਕੁਆਰੀ ਐ !!"

ਵਾਹ ਕਿਆ ਬਾਤ ਹੈ ! ਕਿਥੇ ਬਾਬਾ ਨਾਨਕ ! ਕਿਥੇ ਕੁੜੀ ਕੁਆਰੀ ……..!?! ਸ਼ਾਇਦ ਇਸ ਨੂੰ ਹੀ ਸੱਭਿਆਚਾਰ ਦੀ ਸੇਵਾ ਕਹਿੰਦੇ ਨੇ ? ਸ਼ਾਇਦ ਮੀਡੀਆ ਵਾਲੇ ਵੀ ਇਸ ਤਰ੍ਹਾਂ ਦੇ ਸ਼ੋਅ ਨੂੰ ਕਾਮਯਾਬ ਸ਼ੋਅ ਮੰਨ ਰਹੇ ਸਨ..!?! ਸ਼ਾਇਦ ਇਸੇ ਕਰਕੇ ਹੀ ਦੂਜੇ ਦਿਨ ਪ੍ਰਮੋਟਰਾਂ ਨੂੰ ਵਧਾਈਆ ਭੇਜ ਰਹੇ ਸਨ

-----

ਇੱਕ ਏਥੇ ਹੋਰ ਹੀ ਨਵਾ ਰਿਵਾਜ਼ ਚੱਲ ਪਿਐ , ਤੀਆਂ ਦਾ ਮੇਲਾ, ਮੇਲਾ ਮੁਟਿਆਰਾਂ ਦਾਂ , ਮੇਲਾ ਬੀਬੀਆਂ ਦਾ , ਸਾਵਣ ਮੇਲਾ ਤੇ ਹੋਰ ਪਤਾ ਨਹੀਂ ਕੀ ਕੁਝ ? ਐਸੇ ਮੇਲੇ ਲਾਉਣੇ ਵਧੀਆ ਗੱਲ ਹੈ , ਪਰ ਜੇਕਰ ਇਹ ਮੇਲੇ ਸਿਰਫ: ਔਰਤਾਂ ਵਾਸਤੇ ਹੀ ਹੁੰਦੇ ਨੇ , ਤਾਂ ਖ਼ਾਸ ਖ਼ਾਸ ਆਦਮੀ ਏਥੇ ਕੀ ਕਰਨ ਆਉਂਦੇ ਨੇ ?

------

ਆਹ ! ਪਿੱਛੇ ਜਿਹੇ ਸਿਰਫ਼ ਔਰਤਾਂ ਵਾਸਤੇ ਐਸਾ ਹੀ ਮੇਲਾ ਹੋ ਕੇ ਹੱਟਿਆ ਹੈ ਪੱਗ ਠੋਕ ਕੇ ਬੰਨ੍ਹਣ ਵਾਲਾ ਗਾਇਕ ਵਾਰ ਵਾਰ ਸਟੇਜ ਤੋਂ ਉਤਰ ਕੇ ਬੀਬੀਆਂ ਵਿੱਚ ਜਾ ਵੜਦਾ ਸੀ , ਪਤੰਦਰ ਰੰਨਾਂ ਵਿੱਚ ਧੰਨਾ ਬਣਿਆ ਫਿਰਦਾ ਸੀ ਗੱਲ ਕੀ ..ਇਸੇ ਕਰਕੇ ਸ਼ੋਅ ਬੰਦ ਕਰਨਾ ਪਿਆ ਸੀ ਇਹ ਉਹ ਹੀ ਗਾਇਕ ਸੀ, ਜੋ ਕੁੜੀ ਨੂੰ ਕਦੇ ਚੌਕਲੈੱਟ , ਕਦੇ ਕੋਕ ਦੀ ਬੋਤਲ ਵਰਗਾ ਲੱਕ , ਦੱਸਕੇ ਔਰਤ ਨੂੰ ਫਾਸਟ ਫੂਡ ਵਾਲੀ ਫਰੈਂਚਾਈਜ਼ ਵਜੋਂ ਪੇਸ਼ ਕਰਦਾ ਹੈ ਫ਼ੁਕਰਪੁਣੇ ਦੀ ਹੱਦ ਦੇਖੋ ! ਸਟੇਜ 'ਤੇ ਐਸੇ ਕਲਾਕਾਰ ਕਦੇ ਡੌਲੇ ਦਿਖਾਉਂਦੇ ਨੇ , ਕਦੇ ਆਉਂਦੇ ਸਾਰ ਹੀ ਡੰਡ ਬੈਠਕਾਂ ਮਾਰਨ ਲੱਗ ਪੈਂਦੇ ਨੇ ! ਪੁੱਛਣ ਵਾਲਾ ਹੋਵੇ, ਇੱਥੇ ਤੁਸੀਂ ਗਾਉਣ ਆਏ ਓ , ਜਾਂ ਫਿਰ ਕੁੜੀਆਂ ਨੂੰ ਜਿਸਮ ਦਿਖਾਉਣ ? ਵੈਸੇ , ਇਹੋ ਜਿਹਿਆਂ ਨੂੰ ਕਬੱਡੀ ਦਾ ਖ਼ਾਲੀ ਗਰਾਉਂਡ ਦੇਖ ਕੇ ਕੱਚੀਆਂ ਤਰੇਲੀਆਂ ਆਈ ਜਾਂਦੀਆਂ ਹੁੰਦੀਆਂ ਨੇ

ਪਰ ਜਿਹੜੇ ਮੀਡੀਏ ਵਾਲੇ ਪੁਰਸ਼ ਪੱਤਰਕਾਰ ਉੱਥੇ ਦਨਦਣਾਉਂਦੇ ਫਿਰਦੇ ਸਨ , ਉਨ੍ਹਾਂ ਨੇ ਕੋਈ ਖ਼ਬਰ ਨਸ਼ਰ ਨਹੀਂ ਕੀਤੀ

------

ਇਸੇ ਤਰ੍ਹਾਂ ਕੁਝ ਸਾਲ ਪਹਿਲਾਂ .'ਦੇ ਦੇ ਗੇੜਾ…!' ਵਾਲੇ ਗਾਇਕ ਦਾ ਬੀਬੀਆਂ ਨੇ ਬੁਰਾ ਹਾਲ ਕਰ ਦਿੱਤਾ ਸੀ ਉਸ ਨੂੰ ਵੀ ਬੜਾ ਚਾਅ ਸੀ ਮੁਟਿਆਰਾਂ ਦੇ ਝੁੰਡ ਵਿੱਚ ਗੇੜੇ ਦੇਣ ਦਾ ! ਸੁਣਿਐ , ਓਹਦੇ ਕਿਸੇ ਨੇ ਐਸੀ ਕਸੂਤੇ ਥਾਂ 'ਤੇ ਲੱਤ ਮਾਰੀ ..ਉਸਤੋਂ ਬਾਅਦ ਜਨਾਬ ਨੂੰ ਹਸਪਤਾਲ ਦੇ ਗੇੜੇ ਲਾਉਣੇ ਪਏ ਸੀ ….. ਪਰ ਕਿਸੇ ਨੇ ਭਾਫ਼ ਬਾਹਰ ਨਹੀਂ ਨਿਕਲਣ ਦਿੱਤੀ ਸੀ ਇਹ ਨੇ ਮੇਲੇ ਮੁਟਿਆਰਾਂ ਦੇ !!

-----

ਜੇਕਰ ਮੇਲਾ ਸਿਰਫ਼ ਔਰਤਾਂ ਲਈ ਹੈ , ਤਾਂ ਔਰਤਾਂ ਦੀ ਹੀ ਸ਼ਮੂਲੀਅਤ ਹੋਣੀ ਚਾਹੀਦੀ ਹੈ ਉਹ ਤਾਂ ਵੱਖਰੀ ਗੱਲ ਹੈ ਕਿ ਕੋਈ ਪ੍ਰਬੰਧਕ ਆਦਮੀ ਹੋ ਸਕਦਾ ਹੈ , ਸਾਊਂਡ ਐਂਡ ਲਾਈਟ ਵਾਲਾ , ਇੱਕ ਅੱਧਾ ਕੈਮਰੇ ਵਾਲਾ ਆਦਿ ਹੋ ਸਕਦਾ ਹੈ ! ਜਿੱਥੇ ਨਹੀਂ ਸਰ ਸਕਦਾ ਆਦਮੀ ਮਦਦ ਕਰ ਸਕਦੇ ਨੇ , ਪਰ ਮੰਨੋਰਜਨ ਕੇਵਲ ਔਰਤਾਂ ਲਈ , ਔਰਤਾਂ ਵਲੋਂ ਹੀ ਹੋਣਾ ਚਾਹੀਦਾ ਹੈ

-----

ਵੈਸੇ ਔਰਤ ਹੁਣ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਰਹੀ ਭਾਵੇਂ ਪੱਤਰਕਾਰੀ ਦਾ ਖੇਤਰ ਹੋਵੇ , ਚਾਹੇ ਸਪੇਸ ਖੇਤਰ ਉਹ ਹੁਣ ਕਿਸੇ ਸਮਾਗਮ ਦੀ ਆਪ ਰਿਪੋਰਟਿੰਗ ਕਰ ਸਕਦੀ ਹੈ , ਸਾਰਾ ਪ੍ਰਬੰਧ ਆਪ ਕਰ ਸਕਦੀ ਹੈ। ਉਹ ਹੁਣ ਸੱਚੀਂ ਅੰਬਰ ਨੂੰ ਟਾਕੀ ਵੀ ਲਾ ਸਕਦੀ ਹੈ

-----

ਜੋ ਆਮ ਸ਼ੋਅ ਹੁੰਦੇ ਨੇ , ਉਨ੍ਹਾਂ 'ਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹੁੰਦੀਆਂ ਨੇ ਪਰ ਫਿਰ ਵੀ ਪਤਾ ਨਹੀ ਕਿਉਂ ? ਔਰਤ ਅਜੇ ਵੀ ਆਪਣੇ ਆਪ ਨੂੰ ਆਦਮੀ ਤੋਂ ਅਸੁਰੱਖਿਅਤ ਕਿਉਂ ਸਮਝਦੀ ਹੈ !?! ਕਦੇ ਕਦੇ ਮੈਂ ਸੋਚਦਾ ਹਾਂ ਕਿ ਐਸੇ ਕੇਵਲ ਔਰਤਾਂ ਲਈ ਵੱਖਰੇ ਸ਼ੋਅ ਕਰਨੇ ਔਰਤ ਦੀ ਅਜ਼ਾਦੀ ਦੀ ਗੱਲ ਨਹੀਂ , ਸਗੋਂ ਇਸ ਪਿੱਛੇ ਚੋਖਾ ਧੰਨ ਕਮਾਉਣਾ ਵੀ ਕਿਸੇ ਸ਼ਾਤਰ ਦਿਮਾਗ਼ ਦਾ ਕੰਮ ਹੋ ਸਕਦਾ ਹੈ ਚਲੋ , ਜੋ ਵੀ ਹੋਵੇ ! ਚੰਗਾ ਹੋਵੇ ! ਪਰ ਬੁਨਿਆਦੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਨਾ ਦਿੱਤੀ ਜਾਵੇ !! ਸ਼ਾਲਾ ! ਗਿੱਧੇ - ਭੰਗੜੇ ਪੈਂਦੇ ਰਹਿਣ !!

Tuesday, July 6, 2010

ਹਰਪਾਲ ਸਿੰਘ ਭਿੰਡਰ-ਸੁਰਿੰਦਰ ਸੋਹਲ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ ਅਤੇ ਸਾਡੇ ਆਲੋਚਕ - ਤਾਜ਼ਾ ਪ੍ਰਤੀਕਰਮ

ਸਤਿੰਦਰ ਸਰਤਾਜ ਦੀਆਂ ਬੇਤੁਕੀਆਂਅਤੇ ਸਾਡੇ ਆਲੋਚਕ

ਤਾਜ਼ਾ ਪ੍ਰਤੀਕਰਮ

ਲੇਖ

ਭਾਗ ਪਹਿਲਾ

( ਕਿਰਪਾ ਕਰਕੇ ਇਸ ਲੇਖ ਪੜ੍ਹਨ ਤੋਂ ਪਹਿਲਾ ਡਾ: ਹਨੀ ਸ਼ੇਰਗਿੱਲ ਹੁਰਾਂ ਦਾ ਖ਼ਤ ਵੀ ਜ਼ਰੂਰ ਪੜ੍ਹੋ, ਜਿਸਦੇ ਪ੍ਰਤੀਕਰਮ ਚ ਸੋਹਲ ਸਾਹਿਬ ਅਤੇ ਭਿੰਡਰ ਸਾਹਿਬ ਨੇ ਇਹ ਨਵਾਂ ਲੇਖ ਘੱਲਿਆ ਹੈ। ਡਾ: ਸ਼ੇਰਗਿੱਲ ਦਾ ਖ਼ਤ ਵੀ ਪੋਸਟ ਕੀਤਾ ਗਿਆ ਹੈ। )

*****

ਪਿਛਲੇ ਦਿਨੀਂ ਲਿਖੇ ਸਾਡੇ ਲੇਖ ਸਤਿੰਦਰ ਸਰਤਾਜ ਦੀਆਂ ਬੇਤੁਕੀਆਂ’, ਦੀ ਡਾ. ਹਨੀ ਸ਼ੇਰਗਿੱਲ ਨੇ ਇਕ ਵੱਡਾ ਖ਼ਤ ਲਿਖ ਕੇ ਅਲੋਚਨਾ ਕੀਤੀ ਹੈਉਨ੍ਹਾਂ ਆਪਣੀ ਲਿਖਤ ਵਿਚ ਏਨੇ ਟਪਲੇ ਖਾਧੇ ਹਨ ਕਿ ਉਹ ਸਰਤਾਜ ਨੂੰ ਵੀ ਪਿੱਛੇ ਛੱਡ ਗਏ ਹਨ -ਬੜੇ ਮੀਆਂ ਤੋ ਬੜੇ ਮੀਆਂ ਛੋਟੇ ਮੀਆਂ ਸੁਭਹਾਨ ਅੱਲਾਡਾ. ਸਾਹਿਬ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਹ ਲੇਖ ਕਿਉਂ ਲਿਖਣਾ ਪਿਆ ਕਿਉਂਕਿ ਇਸ ਦਾ ਸੰਬੰਧ ਡਾ. ਸਾਹਿਬ ਦੇ ਸਵਾਲਾਂ ਨਾਲ ਵੀ ਹੈ ਅਤੇ ਵਿਸ਼ੇ ਨਾਲ ਵੀਅਸਲ ਵਿਚ ਅਸੀਂ ਪੰਜਾਬੀ ਗਾਇਕੀ ਬਾਰੇ ਕੋਈ ਸੰਜੀਦਾ ਬਹਿਸ ਛੇੜਨਾ ਚਾਹੁੰਦੇ ਸਾਂ ਪਰ ਸਾਡੇ ਕਈ ਆਲੋਚਕਾਂ ਨੂੰ ਲੱਗਿਆ ਕਿ ਅਸੀਂ ਸਰਤਾਜ ਦੀ ਗਾਇਕੀ ਦੀ ਵਿਰੋਧਤਾ ਕਰਕੇ ਲੱਚਰ ਗਾਇਕੀ ਦੇ ਹੱਕ ਵਿਚ ਭੁਗਤ ਰਹੇ ਹਾਂਕੁਝ ਨੂੰ ਇਸ ਪਿੱਛੇ ਸਾਡੇ ਨਿੱਜੀ ਤੇ ਸੰਕੀਰਣ ਹਿੱਤ ਭਾਸੇ, ਕੁਝ ਨੂੰ ਇਹ ਕਿਸੇ ਖ਼ਾਸ ਮਕਸਦ ਤਹਿਤ ਸਿਰਫ਼ ਕਿੜਾਂ ਕੱਢਣ ਤੱਕ ਸੀਮਤ ਹੀ ਲੱਗਿਆਇਹ ਸਭ ਕੁਝ ਬਹੁਤ ਕੁਦਰਤੀ ਸੀ, ਕਿਉਂਕਿ ਅੱਜ ਤੱਕ ਕਦੇ ਕਿਸੇ ਨੇ ਇਸ ਵਰਤਾਰੇ ਦੀ ਇਸ ਤਰ੍ਹਾਂ ਆਲੋਚਨਾ ਹੀ ਨਹੀਂ ਸੀ ਕੀਤੀਅਸੀਂ ਅਖ਼ਬਾਰਾਂ ਜਾਂ ਮੈਗਜ਼ੀਨਾਂ ਵਿਚ ਪੰਜਾਬੀ ਗਾਇਕਾਂ ਦੀ ਉਸਤਤ ਦੇ ਸੋਹਲੇ, ਉਨ੍ਹਾਂ ਦੀ ਬੱਲੇ ਬੱਲੇ ਜਾਂ ਵਾਹ ਵਾਹ ਹੀ ਸੁਣਦੇ ਆਏ ਸਾਂ ਕਿ ਫਲਾਣੇ ਗਾਇਕ ਨੇ ਮੇਲਾ ਲੁੱਟ ਲਿਆ, ਲੋਕ ਝੂੰਮਣ ਲਾ ਦਿੱਤੇ ਜਾਂ ਫਲਾਣੇ ਨੇ ਨਵਾਂ ਇਤਿਹਾਸ ਰਚਿਆਉਪਰੋਂ ਇਨਾਮਾਂ-ਸਨਮਾਨਾਂ ਤੇ ਮਸ਼ਹੂਰੀਆਂ ਦੀ ਏਨੀ ਘੜਮਸ ਕਿ ਯੋਗਤਾ, ਮਿਆਰ ਅਤੇ ਅਸਲੀਅਤ ਕਿਤੇ ਖੰਭ ਲਾ ਕੇ ਉਡ ਗਏ ਹਨਸਰਤਾਜ ਦੇ ਹਵਾਲੇ ਰਾਹੀਂ ਅਸੀਂ ਇਸ ਸਾਰੇ ਵਰਤਾਰੇ ਨੂੰ ਸਮਝਣ ਅਤੇ ਪਰਖਣ ਲਈ ਇਕ ਦ੍ਰਿਸ਼ਟੀਕੋਣ ਦਿੱਤਾ ਸੀਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਸੂਫ਼ੀ ਤੇ ਸੰਜੀਦਾ ਗਾਇਕ ਦਾ ਇਹ ਹਾਲ ਹੈ ਤਾਂ ਬਾਕੀ ਕਿੱਥੇ ਖੜ੍ਹਦੇ ਹਨ? ਸਾਡਾ ਸਵਾਲ ਸੀ, ਪੰਜਾਬੀ ਗਾਇਕੀ ਨੂੰ ਸੰਜੀਦਗੀ ਨਾਲ ਲੈਣ ਦਾ ਸਮਾਂ ਕਦੋਂ ਆਵੇਗਾ? ਕਾਸ਼! ਸਾਡੇ ਆਲੋਚਕਾਂ ਇਹ ਗੱਲ ਸਮਝ ਲਈ ਹੁੰਦੀ

------

ਦੂਸਰਾ ਵੱਡਾ ਮੁੱਦਾ ਇਹ ਸੀ ਕਿ ਸਰਤਾਜ ਜੋ ਕੁਝ ਗਾ ਰਿਹਾ ਹੈ ਕੀ ਉਹ ਸੂਫ਼ੀ ਤੇ ਸੰਜੀਦਾ ਹੈ? ਕੀ ਇਸ ਨੂੰ ਸੁਰ ਤੇ ਸ਼ਾਇਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ? ਅਸੀਂ ਕਿਹਾ, ਕਿ ਨਹੀਂ ਇਹ ਸੂਫ਼ੀ ਤੇ ਸੰਜੀਦਾ ਗਾਇਕੀ ਨਹੀਂ ਸਗੋਂ ਇਸਦੇ ਨਾਂ ਤੇ ਧੱਬਾ ਹੈਅਸੀਂ ਵੀ ਖ਼ੁਸ਼ਾਮਦੀ ਲੇਖਕਾਂ ਵਾਂਗੂੰ ਸਰਤਾਜ ਦੇ ਹੱਕ ਵਿਚ ਲਿਖ ਕੇ ਵਾਹ ਵਾਹਖੱਟ ਸਕਦੇ ਸੀ, ਪਰ ਸੁਚੇਤ ਹੋ ਕੇ ਉਸਦੇ ਲੱਖਾਂ ਪ੍ਰਸ਼ੰਸਕਾਂ ਦੀ ਵਿਰੋਧਤਾ ਏਸੇ ਕਰਕੇ ਸਹੇੜੀ ਕਿ ਜੇ ਇਸ ਨੂੰ ਅੱਜ ਨਾ ਰੋਕਿਆ ਗਿਆ ਤਾਂ ਕਲਚਰਲ ਪ੍ਰੋਗਰਾਮਾਂ ਵਾਂਗੂੰ ਇਹ ਪਾਕੀਜ਼ ਥਾਵਾਂ ਵੀ ਨਾਪਾਕ ਹੋ ਜਾਣਗੀਆਂਪੰਜਾਬੀ ਗਾਇਕੀ ਦੇ ਨਾਂ ਤੇ ਖ਼ਾਸਕਰ ਪਿਛਲੇ 2-3 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਧਾਰਾ ਅਤੇ ਪੰਜਾਬੀ ਬੋਲੀ ਨਾਲ ਇੱਕ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਉਪਰੋਂ (ਇਹ ਕਹਿ ਕੇ ਕਿ ਫਲਾਣੇ ਬੜੇ ਮਾਣ ਨਾਲ ਪੇਸ਼ ਕਰਦੇ ਹਨ) ਦਾਅਵਾ ਇਹ ਕੀਤਾ ਜਾਂਦਾ ਹੈ ਕਿ ਅਸੀਂ ਪੰਜਾਬੀ ਸੱਭਿਆਚਾਰਜਾਂ ਪੰਜਾਬੀ ਬੋਲੀਦੀ ਸੇਵਾ ਕਰ ਰਹੇ ਹਾਂਇਹ ਸੇਵਾ ਬਿਲਕੁਲ ਉਵੇਂ ਦੀ ਹੈ ਜਿਵੇਂ ਦੀ ਅਕਾਲੀ ਦਲ (ਬਾਦਲ) ਪੰਥ ਦੀ ਸੇਵਾਦੇ ਨਾਂ ਤੇ ਕਰਦਾ ਹੈਇਸ ਸਾਰੇ ਵਰਤਾਰੇ ਨੂੰ ਇੱਕ ਸੰਗੀਤਕ ਮਾਫ਼ੀਏਦੀ ਨਿਆਈਂ ਚਲਾਇਆ ਜਾਂਦਾ ਹੈਇਹ ਵਰਤਾਰਾ ਕਿਵੇਂ ਸ਼ੁਰੂ ਹੋਇਆ, ਕਿੰਨ੍ਹਾਂ ਮਹਾਨ ਸ਼ਖ਼ਸੀਅਤਾਂਨੇ ਇਸ ਵਿੱਚ ਹਿੱਸਾ ਪਾਇਆ ਅਤੇ ਇਸਨੇ ਕਿੰਨਾਂ ਨੁਕਸਾਨ ਕੀਤਾ,ਇਹ ਸਭ ਕੁਝ ਕਦੇ ਫੇਰ ਹਾਲ ਦੀ ਘੜੀ ਸਿਰਫ਼ ਏਨਾ ਸਮਝਣਾ ਜ਼ਰੂਰੀ ਹੈ ਕਿ ਪੰਜਾਬੀ ਗਾਇਕੀ ਦੇ ਢਾਹੂ ਦੌਰ ਦਾ ਜੇ ਅੰਤ ਆਇਆ ਹੀ ਹੈ ਤਾਂ ਉਸ ਦਾ ਕੋਈ ਸਹੀ ਬਦਲ ਪੇਸ਼ ਹੋਣਾ ਚਾਹੀਦਾ ਹੈਸਤਿੰਦਰ ਸਰਤਾਜ ਇਸਦਾ ਸਹੀ ਬਦਲ ਨਹੀਂ ਹੈ ਕਿਉਂਕਿ ਉਹ ਪੰਜਾਬੀ ਗਾਇਕੀ ਵਿਚ ਆਪਣੀ ਥਾਂ ਬਣਾਉਣ ਲਈ ਤਰਲੋਮੱਛੀ ਹੋ ਰਹੀ ਭੀੜ ਦਾ ਇੱਕ ਹਿੱਸਾ ਹੀ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ

-----

ਸੂਝਵਾਨ ਪੰਜਾਬੀਓ, ਅਸੀਂ ਗਾਇਕੀ ਦੀਆਂ ਕੁਝ ਪਵਿੱਤਰ ਥਾਵਾਂ ਨੂੰ ਬਚਾ ਕੇ ਰੱਖਣ ਦੀ ਇੱਕ ਸੱਦ ਲਾਈ ਸੀ, ਜਿਸ ਦਾ ਤੁਸੀਂ ਸਾਡੀ ਆਸ ਨਾਲੋਂ ਕਿਤੇ ਵੱਧ ਹੁੰਗਾਰਾ ਭਰਿਆ ਹੈਜਿਥੇ ਇਸ ਨਾਲ ਅਸਾਨੂੰ ਅਥਾਹ ਬਲ ਮਿਲਿਆ ਉਥੇ ਵਿਰੋਧੀਆਂ ਦੀਆਂ ਗਾਲ਼ਾਂ ਨਾਲ ਕਿਤੇ ਵੱਧ ਸੰਤੁਸ਼ਟੀ ਮਿਲੀ (ਕਿ ਗੱਲ ਸਹੀ ਟਿਕਾਣੇ ਤੇ ਵੱਜੀ ਹੈ)ਜੇ ਇਸ ਕੁਰੀਤੀ ਜਾਂ ਗ਼ਲਤ ਰਵਾਇਤ ਵਿਰੁਧ ਆਵਾਜ਼ ਨਾ ਉਠਾਉਂਦੇ ਤਾਂ ਆਉਂਦੇ ਦਸ ਕੁ ਸਾਲਾਂ ਵਿਚ ਇਹੋ ਜਿਹੀ (ਯਾਮੇ, ਪਜਾਮੇ ਤੇ ਆਲੂ ਵੇਚਣ ਵਾਲੀ) ਸੂਫ਼ੀ ਤੇ ਸੰਜੀਦਾ ਗਾਇਕੀ ਸਥਾਪਤ ਹੋ ਜਾਣੀ ਸੀ ਅਤੇ ਸਾਡੀ ਆਉਣ ਵਾਲੀ ਨਸਲ ਨੇ ਸਮਝਣਾ ਸੀ ਕਿ ਇਹੋ ਸੂਫ਼ੀ ਤੇ ਸੰਜੀਦਾ ਗਾਇਕੀ ਹੁੰਦੀ ਹੈਜੇ ਇਸਨੂੰ ਨਾ ਰੋਕਦੇ ਤਾਂ ਇਹ ਦਾਗ਼ ਸਾਡੀ ਪੰਜਾਬੀਅਤ ਤੇ ਵੀ ਆਉਣਾ ਸੀਪਰ ਸ਼ਾਬਾਸ਼ੇ ਪੰਜਾਬੀਅਤ ਦੇ ਉਨ੍ਹਾਂ ਸੱਚੇ ਮੁਦੱਈਆਂ ਦੇ ਜਿਨ੍ਹਾਂ ਨੇ ਆਪਣੇ ਵਪਾਰਕ ਹਿੱਤ, ਸਾਂਝਾਂ (ਮੂੰਹ-ਮੁਲਾਹਜੇ) ਤੇ ਸੁਰੱਖਿਆ ਦਾਅ ਤੇ ਲਾ ਕੇ ਆਪਣੀਆਂ ਅਖ਼ਬਾਰਾਂ, ਵੈਬਸਾਈਟਾਂ ਜਾਂ ਬਲੌਗਾਂ ਉਤੇ ਇਸ ਸੱਚ ਦੀ ਜਿੱਤ ਦਾ ਨਿਸ਼ਾਨਝੰਡੇ ਵਾਂਗੂੰ ਉਚਾ ਕਰਕੇ ਗੱਡਿਆ ਅਤੇ ਇਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ

-----

ਅਸੀਂ ਸਪੱਸ਼ਟ ਲਿਖਿਆ ਸੀ ਕਿ ਅਸੀਂ ਚੌਲਾਂ ਦੀ ਦੇਗ਼ ਵਿਚੋਂ ਇਕ ਦਾਣਾ ਹੀ ਚੁਗਿਆ ਹੈਇਸ ਦਾ ਉਦੇਸ਼ ਸਿਰਫ਼ ਪੰਜਾਬੀ ਗਾਇਕੀ ਬਾਰੇ ਸੰਜੀਦਾ ਬਹਿਸ ਛੇੜਨਾ ਹੈ, ਪਰ ਸਾਡੇ ਅਲੋਚਕਾਂ ਨੇ ਸੰਜੀਦਾ ਬਹਿਸ ਤਾਂ ਕੀ ਛੇੜਨੀ ਸੀ, ਉਲਟਾ ਆਲੋਚਨਾ ਦੀ ਭਾਸ਼ਾ ਤੇ ਸਲੀਕਾ ਵੀ ਭੁੱਲ ਗਏ ਅਤੇ ਬਿਨਾ ਕਿਸੇ ਠੋਸ ਦਲੀਲ ਤੋਂ ਸਾਡੇ ਤੇ ਨਿੱਜੀ ਤੇ ਸੰਕੀਰਣ ਹਿੱਤ ਪਾਲਣ, ਕਿੜਾਂ ਕੱਢਣ, ਲੱਤਾਂ ਖਿੱਚਣ ਤੇ ਗ਼ੈਰ-ਸੰਜੀਦਗੀ ਜਿਹੇ ਦੋਸ਼ ਲਾ ਦਿੱਤੇਮਜ਼ੇਦਾਰ ਗੱਲ ਇਹ ਹੈ ਕਿ ਸਾਡੇ ਇਨ੍ਹਾਂ ਆਲੋਚਕਾਂ ਨੂੰ ਇਹ ਵੀ ਨਹੀਂ ਪਤਾ ਕਿ ਬਹਿਸ ਕਿਸ ਪ੍ਰਸੰਗ ਵਿਚ ਹੋ ਰਹੀ ਹੈ ਅਤੇ ਬਹਿਸ ਦੇ ਮੁੱਦੇ ਕੀ ਹਨ? ਕੋਈ ਪਰਖ ਪੜਚੋਲ ਕਰਕੇ ਇਹਨਾਂ ਤੋਂ ਕਿਸੇ ਗੱਲ ਨੂੰ ਅੱਗੇ ਤੋਰਨ ਦੀ ਮੰਗ ਕਰਨਾ ਤਾਂ ਬਹੁਤ ਦੂਰ ਦੀ ਗੱਲ

-----

ਡਾ. ਹਨੀ ਸ਼ੇਰਗਿੱਲ ਨੇ ਸਾਡੇ ਮੁੱਦਿਆਂ ਨੂੰ ਬਹੁਤ ਹੀ ਹਲਕੇ ਅਤੇ ਘਟੀਆ ਅੰਦਾਜ਼ ਵਿਚ ਕੱਟਣ ਦਾ ਅਸਫ਼ਲ ਯਤਨ ਕੀਤਾ ਹੈਲੋਹੇ ਦੀ ਦੀਵਾਰ ਨੂੰ ਚਾਂਦੀ ਦੀ ਹਥੌੜੀ ਨਾਲ ਡੇਗਣ ਦੀ ਕੋਸ਼ਿਸ਼ ਕੀਤੀ ਹੈਡਾ. ਸਾਹਿਬ ਇਕ ਬੰਨੇ ਤਾਂ ਇਹ ਕਹਿ ਰਹੇ ਹਨ ਕਿ ਸਾਡੀ ਆਲੋਚਨਾ ਪਾਇਦਾਰ ਨਹੀਂ, ਸਿਰਫ਼ ਕਿੜਾਂ ਕੱਢਣ ਲਈ ਹੈ ਪਰ ਦੂਜੇ ਪਾਸੇ ਸਾਡੇ ਵੱਡੇ ਮੁੱਦਿਆਂ ਨਾਲ ਸਹਿਮਤ ਹੋਣ ਤੋਂ ਬਿਨਾ ਉਨ੍ਹਾਂ ਕੋਲ ਕੋਈ ਹੋਰ ਚਾਰਾ ਵੀ ਨਹੀਂਇਸ ਤੋਂ ਵੱਧ ਪਾਇਦਾਰੀ ਦਾ ਹੋਰ ਕੀ ਸਬੂਤ ਚਾਹੀਦਾ ਹੈ ਕਿ ਡਾ. ਹਨੀ ਸ਼ੇਰਗਿਲ ਵਰਗੇ ਸਾਡੀ ਲਿਖਤ ਦੇ ਕੱਟੜ ਵਿਰੋਧੀ ਵੀ ਸਾਡੀ ਆਲੋਚਨਾ ਦਾ ਲੋਹਾ ਮੰਨ ਰਹੇ ਹਨਉਨ੍ਹਾਂ ਕੋਲ ਨਾ ਤਾਂ ਕਹਿਣ ਲਈ ਕੋਈ ਮੁੱਦਾ ਹੈ ਅਤੇ ਨਾ ਹੀ ਸਾਡੀਆਂ ਗੱਲਾਂ ਦੀ ਕੋਈ ਕਾਟਉਹ ਏਨਾ ਛਟਪਟਾ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਰਾਹ ਲੱਭਦਾ ਨਜ਼ਰ ਨਹੀਂ ਆਉਂਦਾ ਅਤੇ ਏਸੇ ਕਸ਼ਮਕਸ਼ ਵਿਚ ਉਹ 10 ਵੱਡੇ ਟਪਲੇ ਖਾ ਜਾਂਦੇ ਹਨ (ਛੋਟਿਆਂ ਦੀ ਤੇ ਕੋਈ ਗਿਣਤੀ ਹੀ ਨਹੀਂ)ਜਿਸ ਲੇਖਕ ਨੂੰ ਬਹਿਸ ਦੇ ਮੁੱਦਿਆਂ ਦਾ ਹੀ ਨਹੀਂ ਪਤਾ ਅਤੇ ਜੋ ਏਨੇ ਟਪਲੇ ਖਾ ਰਿਹਾ ਹੈ ਉਸ ਨਾਲ ਸੰਵਾਦ ਰਚਾਇਆ ਵੀ ਜਾਵੇ ਕਿ ਨਾ, ਇਹੀ ਸੋਚਦਿਆਂ ਅਸੀਂ ਕਈ ਦਿਨ ਲੰਘਾ ਦਿੱਤੇਫਿਰ ਅਸੀਂ ਵਿਚਾਰਿਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਕੁਝ ਨੁਕਤੇ ਭੰਬਲਭੂਸਾ ਪੈਦਾ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸ਼ਪੱਸ਼ਟ ਕਰਨਾ ਬਹੁਤ ਜਰੂਰੀ ਹੈ ਅਤੇ ਨਾਲੇ ਇਸੇ ਬਹਾਨੇ ਕੁਝ ਹੋਰ ਗੱਲਾਂ ਵੀ ਹੋਣਗੀਆਂਜਿਵੇਂ ਕਹਿੰਦੇ ਨੇ:

ਚਾਂਦ ਕੇ ਸਾਥ ਕਈ ਦਰਦ ਪੁਰਾਨੇ ਨਿਕਲੇ

ਕਿਤਨੇ ਗ਼ਮ ਥੇ ਜੋ ਤੇਰੇ ਗ਼ਮ ਕੇ ਬਹਾਨੇ ਨਿਕਲੇ

ਜੋ ਕੁਝ ਅਸੀਂ ਹੁਣ ਕਹਿਣ ਜਾ ਰਹੇ ਹਾਂ ਉਸ ਦਾ ਸਿਹਰਾ ਡਾ. ਹਨੀ ਸ਼ੇਰਗਿੱਲ ਵਰਗੇ ਸਰਤਾਜ ਦੇ ਸਮਰਥਕਾਂ ਦੇ ਸਿਰ ਹੀ ਜਾਂਦਾ ਹੈ, ਨਹੀਂ ਤੇ ਅਸੀਂ ਆਪਣੀ ਗੱਲ ਖ਼ਤਮ ਕਰ ਦਿੱਤੀ ਸੀਅਸੀਂ ਆਪਣੀ ਗੱਲ ਸਾਹਿਤਕ ਅਤੇ ਸੰਕੇਤਕ ਭਾਸ਼ਾ ਵਿਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਉਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਪਈਸੋ ਇਸ ਵਾਰ ਅਸੀਂ ਆਪਣਾ ਲਹਿਜ਼ਾ ਬਦਲ ਰਹੇ ਹਾਂ ਸ਼ਾਇਦ ਗੱਲ ਉਨ੍ਹਾਂ ਦੇ ਪੱਲੇ ਪੈ ਜਾਵੇ ਅਤੇ ਉਹ ਸਾਡੇ ਪ੍ਰਤੀ ਕਹੇ ਆਪਣੇ ਸ਼ਬਦ ਬਦਲ ਲੈਣਜਿਵੇਂ ਮਨਮੋਹਨ ਆਲਮ ਕਹਿੰਦਾ ਹੈ:

ਬਦਲ ਲੇਤੇ ਅਗਰ ਹਮ ਲੋਗ ਅੰਦਾਜ਼ੇ-ਬਿਆਂ ਅਪਨਾ,

ਤੋ ਮੁਮਕਿਨ ਥਾ ਕਿ ਵੋ ਅਪਨਾ ਕਹਾ ਤਬਦੀਲ ਕਰ ਲੇਤੇ

ਜੇ ਗੱਲ ਅਮੀਨ ਮਲਿਕ ਦੇ ਲਹਿਜ਼ੇ ਵਿਚ ਕਰਨੀ ਜਾਂ ਸਮਝਾਉਣੀ ਹੋਵੇ ਤਾਂ ਗੱਲ ਸਿਰਫ਼ ਏਨੀ ਸੀ ਕਿ ਸ਼ਾਇਰੀ ਦਾ ਝਾਟਾ ਪੁੱਟਿਆ ਜਾ ਰਿਹਾ ਸੀ, ਸੁਰਾਂ ਦਾ ਚੀਰ ਹਰਨ ਹੋ ਰਿਹਾ ਸੀ, ਸੂਫੀਅਤਾ ਦੇ ਸਿਰ ਵਿਚ ਖੇਹ ਪਾਈ ਜਾ ਰਹੀ ਸੀ, ਕੋਈ ਦਰਵੇਸ਼ਾਂ ਦੇ ਵਿਹੜੇ ਧੱਕੇ ਨਾਲ ਵੜ ਕੇ ਖਰਮਸਤੀਆਂ ਜਿਹੀਆਂ ਕਰ ਰਿਹਾ ਸੀ ਅਤੇ ਅਸੀਂ ਉਸਨੂੰ ਬਾਹਰ ਦਾ ਰਸਤਾ ਵਿਖਾਇਆ ਹੈ

-----

ਦੂਸਰੀ ਗੱਲ ਇਹ ਕਿ ਜੇ ਕੋਈ ਸਹਿੰਦਾ-ਸਹਿੰਦਾ, ਜਚਦਾ-ਮਿਚਦਾ, ਨਪਦਾ-ਤੁਲਦਾ, ਬਣਦਾ-ਸਰਦਾ ਖ਼ਿਤਾਬ ਸਤਿੰਦਰ ਸਰਤਾਜ ਨੂੰ ਦੇ ਦਿੰਦੇ ਤਾਂ ਸਹਿਆ ਜਾ ਸਕਦਾ ਸੀਤਿੰਨ ਤੀਏ ਤੇਰਾਂ ਹੁੰਦੇ ਤਾਂ ਵੀ ਕੋਈ ਗੱਲ ਨਹੀਂ ਸੀ ਪਰ ਏਥੇ ਤਾਂ ਸੱਤੀਂ ਵੀਹੀਂ ਸੌ ਹੋਣ ਜਾ ਰਿਹਾ ਸੀਕਾਂ ਨੂੰ ਕੋਇਲ ਕਹੀ ਜਾਂਦੇ ਤਾਂ ਹੋਊ-ਪਰ੍ਹੇ ਕੀਤਾ ਜਾ ਸਕਦਾ ਸੀ, ਪਰ ਇਹ ਤਾਂ ਕਾਂ ਦੇ ਮੱਥੇ ਤੇ ਸੁਰਖ਼ਾਬ ਦਾ ਖੰਭ ਲਾਉਣ ਤੇ ਤੁਲੇ ਹੋਏ ਸਨਉਪਰੋਂ ਮੀਡੀਏ ਦੇ ਕੁਝ ਖਾਸ ਹਿੱਸਿਆ ਨੇ ਐਸੀ ਅੰਨ੍ਹੀ ਪਾਈ ਕਿ ਸਾਡੇ ਵਰਗੇ ਅੰਨ੍ਹਿਆਂ ਨੂੰ ਵੀ ਦਿਸਣ ਲਾ ਦਿੱਤਾਸੁਰ, ਸ਼ਾਇਰੀ ਤੇ ਸੂਫ਼ੀਅਤ ਦਾ ਜਿਹੜਾ ਜਨਾਜ਼ਾ ਇਹ ਮੀਡੀਆ ਨਿੱਤ ਕੱਢਦਾ ਸੀ, ਉਸ ਨੂੰ ਵੇਖ ਸੁਣ ਕੇ ਜਿਹੜੀਆਂ ਹੂਕਾਂ ਕਿਸੇ ਸੁਹਿਰਦ ਮਨੁੱਖ ਦੇ ਅੰਦਰੋਂ ਉਠਦੀਆਂ ਹਨ, ਉਹੋ ਹੀ ਬਾਹਰ ਆਈਆਂ ਹਨਉਂਜ ਸਾਡਾ ਸਰਤਾਜ ਜਾਂ ਉਸ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਕੋਈ ਨਿਜੀ ਵੈਰ-ਵਿਰੋਧ ਜਾਂ ਰੰਜਿਸ਼ ਨਹੀਂ

ਦੁਸ਼ਮਨ ਨਹੀਂ ਹੈਂ ਸਿਰਫ਼ ਅਸੂਲੋਂ ਕੀ ਬਾਤ ਹੈ,

ਗ਼ਰ ਇਖ਼ਤਿਲਾਫ਼ ਉਨਸੇ ਕੁਛ ਕਰ ਰਹੇ ਹੈਂ ਹਮ

ਖ਼ਿਤਾਬ ਦੇਣ ਵਾਲਿਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਨ੍ਹਾਂ ਕੱਲ੍ਹ ਦੇ ਉਠੇ ਅਸਲੋਂ ਨਵੇਂ ਗਾਇਕ ਨੂੰ, ਜਿਸਨੇ ਆਪਣੀ ਗਾਇਕੀ ਦਾ ਪਹਿਲਾ ਕਦਮ ਵੀ ਸਹੀ ਟਿਕਾਣੇ ਤੇ ਨਹੀਂ ਰੱਖਿਆ, ਸੰਜੀਦਾ ਗਾਇਕ ਅਤੇ ਅੱਜ ਦਾ ਵਾਰਿਸ ਸ਼ਾਹ ਬਣਾ ਕੇ ਵੱਡੇ ਵੱਡੇ ਫ਼ਨਕਾਰਾਂ ਅਤੇ ਆਲਮ-ਫ਼ਾਜ਼ਲ ਬਜ਼ੁਰਗਾਂ ਦੀ ਐਨੀ ਹੱਤਕ ਕਿਉਂ ਕੀਤੀ ਹੈ? ਅਸਲੀ ਸੂਫ਼ੀ ਤੇ ਸੰਜੀਦਾ ਗਾਉਣ ਵਾਲੇ ਨਜ਼ਰਅੰਦਾਜ਼ ਕਿਉਂ ਹੋਏਜੋ ਇਸ ਖ਼ਿਤਾਬ ਅਤੇ ਮਾਣ ਦੇ ਅਸਲੀ ਵਾਰਿਸ ਸਨ, ਉਹ ਖੂੰਜੇ ਕਿਉਂ ਲਾਏ? ਹੱਕੀ ਦਾ ਹੱਕ ਕਿਉਂ ਮਾਰਿਆ ਗਿਆ?

-----

ਰੱਬ ਵਰਗੇ ਸਰੋਤਿਆਂਨੂੰ ਅਸੀਂ ਤਾਂ ਮਦਾਰੀ ਦਾ ਉਹ ਅਸਲੀ ਝੋਲਾ ਵੀ ਵਿਖਾਇਆ ਸੀ, ਜਿਸ ਵਿਚੋਂ ਇਹ ਝੁਰਲੂ ਨਿਕਲਿਆ, ਪਰ ਉਨ੍ਹਾਂ ਨੂੰ ਸ਼ਾਇਦ ਸਮਝ ਨਾ ਪਈਉਹ ਉਸਦੀ ਡੁਗਡੁਗੀ ਤੇ ਏਨਾ ਮਸਤ ਹੋਏ ਕਿ ਉਨ੍ਹਾਂ ਤੇ ਅਜਬ ਆਲਮ ਤਾਰੀਹੋ ਗਿਆ ਅਤੇ ਉਹ ਸੂਫ਼ੀ ਤੇ ਸੰਜੀਦਾ ਗਾਇਕੀ ਦੀ ਲਾਸ਼ ਸਾਹਮਣੇ ਕੀਰਨੇ ਪਾਉਣ ਦੀ ਬਜਾਏ ਸਟੈਂਡਿੰਗ ਓਵੇਸ਼ਨਦੇ ਕੇ (ਖੜ੍ਹੇ ਹੋ ਕੇ ਤਾੜੀਆਂ ਮਾਰ ਕੇ) ਘਰੇ ਆ ਗਏ ਅਤੇ ਓਧਰ ਉਨ੍ਹਾਂ (ਪ੍ਰੋਮੋਟਰਾਂ) ਨੇ ਇਹ ਲਾਸ਼ ਮੋਢਿਆਂ ਤੇ ਚੱਕੀ ਤੇ ਜ਼ਨਾਜਾ ਕੱਢਣ ਲਈ ਅਗਲੇ ਸ਼ਹਿਰ ਤੁਰ ਪਏਸਰੋਤਾ ਜੀ, ਇਹੋ ਕਹਿ ਕੇ ਤੁਹਾਨੂੰ ਸੱਦਿਆ ਸੀ ਨਾ ਕਿ ਆਓ ਤੁਹਾਨੂੰ ਸੂਫ਼ੀ ਤੇ ਸੰਜੀਦਾ ਗਾਇਕੀ ਸੁਣਾਈਏਹੁਣ ਗਾਇਕ ਹੁਰੀਂ ਕਹਿ ਰਹੇ ਨੇ ਕਿ ਮੈਂ ਤੇ ਸੂਫ਼ੀ ਨਹੀਂ ਹਾਂਫਿਰ ਤੁਹਾਡੇ ਨਾਲ ਦੁਪਹਿਰੇ ਦੀਵਾ ਬਾਲ ਕੇ ਡਾਕਾ ਕਿਸਨੇ ਮਾਰਿਆ? ਏਥੇ ਅਸੀਂ ਉਨ੍ਹਾਂ ਭੋਲੇ-ਭਾਲੇ ਸਰੋਤਿਆਂ ਅਤੇ ਕੁਝ ਕੁ ਸੁਹਿਰਦ ਪ੍ਰੋਮੋਟਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਉਂਦੇ ਹਾਂ ਜਿਹੜੇ ਅਚੇਤ ਹੀ ਇਸ ਸੰਗੀਤਕ ਛਲਾਵੇ ਵਿਚ ਆ ਗਏ

------

ਡਾ. ਹਨੀ ਜੀ, ਅਮਰਜੀਤ ਖੇਲਾ ਦੁਆਰਾ ਆਸਟਰੇਲੀਆ ਵਿਚ ਕੀਤੀ ਗਈ ਇਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ ਕਿ ਗਾਇਕ ਖ਼ੁਦ ਇਕਬਾਲ ਕਰਦਾ ਹੈ ਕਿ ਉਹ ਸੂਫ਼ੀ ਨਹੀਂ ਹੈਤਾਂ ਫਿਰ ਡਾ. ਸਾਹਿਬ ਉਹ ਲੋਕ ਕੌਣ ਹਨ ਜੋ ਸਰਤਾਜ ਨੂੰ ਸੂਫ਼ੀ ਪ੍ਰੋਮੋਟ ਕਰ ਰਹੇ ਹਨ? ਸੁਚੇਤ ਜਾਂ ਅਚੇਤ ਤੁਸੀਂ ਉਨ੍ਹਾਂ ਲੋਕਾਂ ਨੂੰ ਨੰਗਿਆ ਕੀਤਾ ਹੈ, ਜੋ ਲੋਕਾਂ ਨਾਲ ਫ਼ਰੇਬ ਕਰ ਰਹੇ ਹਨਅਸੀਂ ਤੁਹਾਡੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਕਹੀ ਗੱਲ ਨੂੰ ਇਕ ਕਦਮ ਅੱਗੇ ਤੋਰਿਆ ਹੈ

-----

ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਿਉਂਕਿ ਇਹ ਸਿਰਫ਼ ਤੁਹਾਡੇ ਆਪਣੇ ਵਿਚਾਰ ਹਨਅਸੀਂ ਇਸ ਗ਼ੁਸਤਾਖੀ ਲਈ ਸਰਤਾਜ ਨੂੰ ਬਰੀ ਨਹੀਂ ਕਰਦੇ ਕਿਉਂਕਿ ਉਹ ਖ਼ੁਦ ਸੂਫ਼ੀ ਪ੍ਰਭਾਵ ਦੇਣ ਲਈ (ਭੇਖ ਅਤੇ ਪ੍ਰਵਚਨਾਂ ਦੁਆਰਾ) ਪੂਰਾ ਅਡੰਬਰ ਰਚਦਾ ਹੈਇਸ ਗੱਲ ਨੂੰ ਪਾਖੰਡੀ ਸੰਤਾਂ ਦੇ ਸੰਦਰਭ ਵਿਚ ਰੱਖ ਕੇ ਸੌਖਿਆਂ ਸਮਝਿਆ ਜਾ ਸਕਦਾ ਹੈ, ਜੋ ਕਹਿੰਦੇ ਹਨ ਕਿ ਜੀ ਅਸੀਂ ਤਾਂ ਆਪਣੇ ਆਪ ਨੂੰ ਸੰਤ ਨਹੀਂ ਕਹਿੰਦੇ, ਸੰਗਤ ਹੀ ਕਹੀ ਜਾਂਦੀ ਹੈ, ਪਰ ਆਪ ਉਹ ਚੋਹਲ-ਮੋਹਲ ਵੀ ਉਹੀ ਕਰਦੇ ਹਨ, ਜੋ ਸੰਤ ਬਣਨ ਜਾਂ ਅਖਵਾਉਣ ਲਈ ਜ਼ਰੂਰੀ ਭਾਸਦੇ ਹਨਭਲਾ ਕਿਉਂ ਨਹੀਂ ਸਰਤਾਜ ਆਪਣੇ ਪ੍ਰੋਮੋਟਰਾਂ ਨੂੰ ਰੋਕਦਾ, ਜੋ ਉਸਨੂੰ ਮੀਡੀਏ ਵਿਚ ਸੂਫ਼ੀ ਤੇ ਸੰਜੀਦਾ ਗਾਇਕ ਦੇ ਤੌਰ ਤੇ ਪੇਸ਼ ਕਰ ਰਹੇ ਹਨਕਿਉਂ ਨਹੀਂ ਉਹ ਆਪਣੇ ਕੰਟਰੈਕਟ ਵਿਚ ਇਹ ਮਦ ਪਵਾਉਂਦਾ ਕਿ ਉਸਨੂੰ ਸੂਫ਼ੀ ਤੇ ਸੰਜੀਦਾ ਗਾਇਕ ਦੇ ਤੌਰ ਤੇ ਨਾ ਪ੍ਰਚਾਰਿਆ ਜਾਵੇ? ਜੇ ਫਿਰ ਵੀ ਕੋਈ ਏਦਾਂ ਕਰਨੋ ਨਾ ਹਟੇ ਤਾਂ ਉਸ ਤੇ ਕਾਨੂੰਨੀ ਕਾਰਵਾਈ ਕਰੇਪਰ ਨਹੀਂ, ਉਹ ਇਸ ਤਰ੍ਹਾਂ ਕਿਉਂ ਕਰੇਗਾ? ਉਹ ਤਾਂ ਇਸ ਵਰਤਾਰੇ ਵਿਚ ਪੂਰਾ ਸ਼ਰੀਕ ਹੈ ਅਤੇ ਉਹ ਇਸ ਦੀ ਖੱਟੀ ਖਾ ਰਿਹਾ ਹੈ, ਜੋ ਵਾਕਿਆ ਹੀ ਖੱਟੀ ਵੀ ਹੋ ਗਈ ਹੈਡੇਢ ਦੋ ਸਾਲ ਪਹਿਲਾਂ ਯੂ ਟਿਊਬ ਤੇ ਪਈ ਇਸ ਇੰਟਰਵਿਊ ਨੂੰ ਕਿੰਨੇ ਲੋਕ ਦੇਖ ਚੁੱਕੇ ਹਨ? ਜਦੋਂ ਏਧਰ ਮੀਡੀਆ ਨਿੱਤ ਧਮੱਚੜ ਪਾਈ ਫਿਰਦਾ ਹੈਪਰ ਡਾ. ਹਨੀ ਜੀ ਦੀ ਤਾਂ ਸ਼ਾਇਦ ਏਨੇ ਨਾਲ ਵੀ ਤਸੱਲੀ ਨਾ ਹੋਵੇ, ਇਸ ਲਈ ਅਸੀਂ ਉਨ੍ਹਾਂ ਲਈ ਇਕ ਪੁਖ਼ਤਾ ਸਬੂਤ ਪੇਸ਼ ਕਰਦੇ ਹਾਂ ਜਿਸ ਵਿਚ ਸਰਤਾਜ ਖ਼ੁਦ ਆਪਣੇ ਆਪ ਨੂੰ ਸੂਫ਼ੀ ਗਾਇਕ ਦੇ ਤੌਰ ਤੇ ਪੇਸ਼ ਕਰ ਰਿਹਾ ਹੈ

-----

ਸਤਿੰਦਰ ਸਰਤਾਜ ਹਾਲ ਹੀ ਵਿਚ (ਅਪਰੈਲ 2010) ਅਮਰੀਕਾ ਫੇਰੀ ਦੌਰਾਨ ਬੇ-ਏਰੀਏ ਤੋਂ ਬ੍ਰਾਡਕਾਸਟ ਹੁੰਦੇ ਰੇਡੀਓ 1170 ਏ ਐਮ ਉਤੇ ਸਿਮਰਨ ਨਾਲ ਰੂ-ਬ-ਰੂ ਪ੍ਰੋਗਰਾਮ ਵਿਚ ਪੇਸ਼ ਹੋਇਆਉਸ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:

ਸਿਮਰਨ- ..ਸੂਫ਼ੀ ਗਾਇਕੀ ਵੱਲ ਤੁਸੀਂ ਜਿਹੜਾ ਪਹਿਲਾ ਆਪਣਾ ਇਹ ਕਦਮ ਪੁੱਟਿਆ, ਇਹ ਬਹੁਤ ਹੀ ਯੂਨੀਕ ਹੈ ਔਰ ਬਹੁਤ ਹਟ ਕੇ ਹੈਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਇਹ ਗਾਇਕੀ ਕਿਉਂ ਚੁਣੀ?

ਸਰਤਾਜ-ਦਰਅਸਲ ਜੀ ਮੇਰੀ ਜਿਹੜੀ ਐਜੂਕੇਸ਼ਨ ਐ, ਜਿਵੇਂ ਪੋਸਟ ਗ੍ਰੈਜੂਏਸ਼ਨ ਮੇਰੀ ਮਿਊਜ਼ਿਕ ਚ ਐ ਤੇ ਜਿਹੜੀ ਐਮ ਫਿਲ ਐ ਉਹ ਮੇਰੀ ਪੰਜਾਬ ਦੀ ਸੂਫ਼ੀ ਗਾਇਨ ਪਰੰਪਰਾ ਤੇ ਰਿਸਰਚ ਸੀ ਸੋ ਉਸ ਤੋਂ ਬਾਦ ਮੇਰੀ ਜਿਹੜੀ ਡਾਕਟਰੇਟ ਜਾਂ ਪੀ ਐਚ ਡੀ ਆ ਉਹ ਸੂਫ਼ੀ ਮਿਊਜ਼ਕ ਐਂਡ ਪੋਇਟਰੀ ਤੇ ਹੈਸੋ ਇਸ ਕਰਕੇ ਐਜੂਕੇਸ਼ਨ ਦੌਰਾਨ ਜਦੋਂ ਬਹੁਤ ਸਾਰੇ ਸੂਫ਼ੀਆਨਾ ਸ਼ਾਇਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਸੂਫ਼ੀ ਮੌਸੀਕੀਕਾਰਾਂ ਨੂੰ ਸੁਣਨ ਦਾ, ਉਨ੍ਹਾਂ ਦੇ ਰਾਗਾਂ ਨੂੰ ਜਾਂ ਉਨ੍ਹਾਂ ਦੇ ਸਾਜ਼ਾਂ ਨੂੰ ਸਮਝਣ ਦਾ ਮੌਕਾ ਮਿਲਿਆਸੋ ਇਸ ਕਰਕੇ ਜਿਹੜੀ ਮੇਰੀ ਵਾਕਫ਼ੀਅਤ ਏਨਾ ਚੀਜ਼ਾਂ ਨਾਲ ਹੋਈ ਤੇ ਮੇਰਾ ਰੁਝਾਨ ਇਸ ਪਾਸੇ ਵਧਿਆ...

ਇਸ ਸਾਰੀ ਇੰਟਰਵਿਊ ਦੌਰਾਨ ਉਹ ਕਿਤੇ ਵੀ ਸੂਫੀਹੋਣ ਦਾ ਖੰਡਨ ਨਹੀਂ ਕਰਦਾ, ਸਗੋਂ ਇਹ ਕਹਿ ਕੇ ਕਿ ਮੇਰਾ ਰੁਝਾਨ ਇਸ ਪਾਸੇ ਵਧਿਆ’, ਉਹ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਉਹ ਸੂਫ਼ੀ ਗਾਇਕ ਹੈਹੋਸਟ ਅਤੇ ਪ੍ਰੋਮੋਟਰ ਵੀ ਉਸਨੂੰ ਸੂਫ਼ੀ ਗਾਇਕ ਤੇ ਅੱਜ ਦਾ ਵਾਰਿਸ ਸ਼ਾਹਵਜੋਂ ਪੇਸ਼ ਕਰਦੇ ਹਨਇਹ ਰਿਕਾਰਡਿੰਗ ਅਰਬਨ ਦੇਸੀ ਰੇਡੀਓ ਡਾਟ ਕਾਮ ਤੇ ਪਈ ਹੈਪਰ ਪਤਾ ਨਹੀਂ ਕਿਸ ਕਾਰਨ, ਇਸ ਦੇ ਕੁਝ ਹਿੱਸੇ ਕੱਟ ਦਿੱਤੇ ਗਏ ਹਨ, ਜਿਸ ਵਿਚ ਗਾਇਕ ਨੂੰ ਕੁਝ ਤਿੱਖੇ ਸਵਾਲ ਪੁੱਛੇ ਗਏ ਸਨ ਅਤੇ ਗਾਇਕ ਉਨ੍ਹਾਂ ਦੇ ਸਿੱਧੇ ਜਵਾਬ ਦੇਣ ਦੀ ਬਜਾਏ, ਜਿਵੇਂ ਅਸੀਂ ਆਪਣੇ ਲੇਖ ਵਿਚ ਲਿਖਿਆ ਸੀ, ਆਪਣੇ ਨਵੇਂ ਹੀ ਬਣਾਏ ਹੋਏ ਤਰੀਕੇ ਨਾਲ ਸ਼ੇਅਰੋ-ਸ਼ਾਇਰੀ ਵਿਚ ਰੋਲ ਕੇ ਸੁੱਟ ਦਿੰਦਾ ਹੈਜੇ ਕਿਸੇ ਕਾਰਨ ਇਹ ਰਿਕਾਰਡਿੰਗ ਹਟਾ ਦਿੱਤੀ ਜਾਵੇ ਤਾਂ ਸਾਡੇ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈਡਾ. ਹਨੀ ਸ਼ੇਰਗਿਲ ਇਸ ਗੱਲ ਨਾਲ ਤਾਂ ਸਹਿਜੇ ਹੀ ਸਹਿਮਤ ਹੋ ਜਾਣਗੇ ਕਿ ਨਵਾਂ ਬਿਆਨ ਜਾਂ ਨਵੀਂ ਲਿਖਤ ਪੁਰਾਣੀ ਨਾਲੋਂ ਜ਼ਿਆਦਾ ਪ੍ਰਮਾਣਿਤ ਮੰਨੀ ਜਾਂਦੀ ਹੈ ਫਿਰ ਗਾਇਕ ਦੀਆਂ ਸਾਰੀਆਂ ਮੁਲਾਕਾਤਾਂ ਦਾ ਅਧਿਐਨ ਕਰਨ ਦੀ ਕਿਸ ਨੂੰ ਜ਼ਰੂਰਤ ਹੈ?

*****

ਲੜੀ ਜੋੜਨ ਲਈ ਹੇਠਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।