

ਤਾਜ਼ਾ ਪ੍ਰਤੀਕਰਮ
ਲੇਖ
ਭਾਗ ਪਹਿਲਾ
( ਕਿਰਪਾ ਕਰਕੇ ਇਸ ਲੇਖ ਪੜ੍ਹਨ ਤੋਂ ਪਹਿਲਾ ਡਾ: ਹਨੀ ਸ਼ੇਰਗਿੱਲ ਹੁਰਾਂ ਦਾ ਖ਼ਤ ਵੀ ਜ਼ਰੂਰ ਪੜ੍ਹੋ, ਜਿਸਦੇ ਪ੍ਰਤੀਕਰਮ ‘ਚ ਸੋਹਲ ਸਾਹਿਬ ਅਤੇ ਭਿੰਡਰ ਸਾਹਿਬ ਨੇ ਇਹ ਨਵਾਂ ਲੇਖ ਘੱਲਿਆ ਹੈ। ਡਾ: ਸ਼ੇਰਗਿੱਲ ਦਾ ਖ਼ਤ ਵੀ ਪੋਸਟ ਕੀਤਾ ਗਿਆ ਹੈ। )
*****
ਪਿਛਲੇ ਦਿਨੀਂ ਲਿਖੇ ਸਾਡੇ ਲੇਖ ‘ਸਤਿੰਦਰ ਸਰਤਾਜ ਦੀਆਂ ਬੇਤੁਕੀਆਂ’, ਦੀ ਡਾ. ਹਨੀ ਸ਼ੇਰਗਿੱਲ ਨੇ ਇਕ ਵੱਡਾ ਖ਼ਤ ਲਿਖ ਕੇ ਅਲੋਚਨਾ ਕੀਤੀ ਹੈ। ਉਨ੍ਹਾਂ ਆਪਣੀ ਲਿਖਤ ਵਿਚ ਏਨੇ ਟਪਲੇ ਖਾਧੇ ਹਨ ਕਿ ਉਹ ਸਰਤਾਜ ਨੂੰ ਵੀ ਪਿੱਛੇ ਛੱਡ ਗਏ ਹਨ -‘ਬੜੇ ਮੀਆਂ ਤੋ ਬੜੇ ਮੀਆਂ ਛੋਟੇ ਮੀਆਂ ਸੁਭਹਾਨ ਅੱਲਾ’। ਡਾ. ਸਾਹਿਬ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਹ ਲੇਖ ਕਿਉਂ ਲਿਖਣਾ ਪਿਆ ਕਿਉਂਕਿ ਇਸ ਦਾ ਸੰਬੰਧ ਡਾ. ਸਾਹਿਬ ਦੇ ਸਵਾਲਾਂ ਨਾਲ ਵੀ ਹੈ ਅਤੇ ਵਿਸ਼ੇ ਨਾਲ ਵੀ। ਅਸਲ ਵਿਚ ਅਸੀਂ ਪੰਜਾਬੀ ਗਾਇਕੀ ਬਾਰੇ ਕੋਈ ਸੰਜੀਦਾ ਬਹਿਸ ਛੇੜਨਾ ਚਾਹੁੰਦੇ ਸਾਂ ਪਰ ਸਾਡੇ ਕਈ ਆਲੋਚਕਾਂ ਨੂੰ ਲੱਗਿਆ ਕਿ ਅਸੀਂ ਸਰਤਾਜ ਦੀ ਗਾਇਕੀ ਦੀ ਵਿਰੋਧਤਾ ਕਰਕੇ ਲੱਚਰ ਗਾਇਕੀ ਦੇ ਹੱਕ ਵਿਚ ਭੁਗਤ ਰਹੇ ਹਾਂ। ਕੁਝ ਨੂੰ ਇਸ ਪਿੱਛੇ ਸਾਡੇ ਨਿੱਜੀ ਤੇ ਸੰਕੀਰਣ ਹਿੱਤ ਭਾਸੇ, ਕੁਝ ਨੂੰ ਇਹ ਕਿਸੇ ਖ਼ਾਸ ਮਕਸਦ ਤਹਿਤ ਸਿਰਫ਼ ਕਿੜਾਂ ਕੱਢਣ ਤੱਕ ਸੀਮਤ ਹੀ ਲੱਗਿਆ। ਇਹ ਸਭ ਕੁਝ ਬਹੁਤ ਕੁਦਰਤੀ ਸੀ, ਕਿਉਂਕਿ ਅੱਜ ਤੱਕ ਕਦੇ ਕਿਸੇ ਨੇ ਇਸ ਵਰਤਾਰੇ ਦੀ ਇਸ ਤਰ੍ਹਾਂ ਆਲੋਚਨਾ ਹੀ ਨਹੀਂ ਸੀ ਕੀਤੀ। ਅਸੀਂ ਅਖ਼ਬਾਰਾਂ ਜਾਂ ਮੈਗਜ਼ੀਨਾਂ ਵਿਚ ਪੰਜਾਬੀ ਗਾਇਕਾਂ ਦੀ ਉਸਤਤ ਦੇ ਸੋਹਲੇ, ਉਨ੍ਹਾਂ ਦੀ ਬੱਲੇ ਬੱਲੇ ਜਾਂ ਵਾਹ ਵਾਹ ਹੀ ਸੁਣਦੇ ਆਏ ਸਾਂ ਕਿ ਫਲਾਣੇ ਗਾਇਕ ਨੇ ਮੇਲਾ ਲੁੱਟ ਲਿਆ, ਲੋਕ ਝੂੰਮਣ ਲਾ ਦਿੱਤੇ ਜਾਂ ਫਲਾਣੇ ਨੇ ਨਵਾਂ ਇਤਿਹਾਸ ਰਚਿਆ। ਉਪਰੋਂ ਇਨਾਮਾਂ-ਸਨਮਾਨਾਂ ਤੇ ਮਸ਼ਹੂਰੀਆਂ ਦੀ ਏਨੀ ਘੜਮਸ ਕਿ ਯੋਗਤਾ, ਮਿਆਰ ਅਤੇ ਅਸਲੀਅਤ ਕਿਤੇ ਖੰਭ ਲਾ ਕੇ ਉਡ ਗਏ ਹਨ। ਸਰਤਾਜ ਦੇ ਹਵਾਲੇ ਰਾਹੀਂ ਅਸੀਂ ਇਸ ਸਾਰੇ ਵਰਤਾਰੇ ਨੂੰ ਸਮਝਣ ਅਤੇ ਪਰਖਣ ਲਈ ਇਕ ਦ੍ਰਿਸ਼ਟੀਕੋਣ ਦਿੱਤਾ ਸੀ। ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਸੂਫ਼ੀ ਤੇ ਸੰਜੀਦਾ ਗਾਇਕ ਦਾ ਇਹ ਹਾਲ ਹੈ ਤਾਂ ਬਾਕੀ ਕਿੱਥੇ ਖੜ੍ਹਦੇ ਹਨ? ਸਾਡਾ ਸਵਾਲ ਸੀ, ਪੰਜਾਬੀ ਗਾਇਕੀ ਨੂੰ ਸੰਜੀਦਗੀ ਨਾਲ ਲੈਣ ਦਾ ਸਮਾਂ ਕਦੋਂ ਆਵੇਗਾ? ਕਾਸ਼! ਸਾਡੇ ਆਲੋਚਕਾਂ ਇਹ ਗੱਲ ਸਮਝ ਲਈ ਹੁੰਦੀ।
------
ਦੂਸਰਾ ਵੱਡਾ ਮੁੱਦਾ ਇਹ ਸੀ ਕਿ ਸਰਤਾਜ ਜੋ ਕੁਝ ਗਾ ਰਿਹਾ ਹੈ ਕੀ ਉਹ ਸੂਫ਼ੀ ਤੇ ਸੰਜੀਦਾ ਹੈ? ਕੀ ਇਸ ਨੂੰ ਸੁਰ ਤੇ ਸ਼ਾਇਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ? ਅਸੀਂ ਕਿਹਾ, ਕਿ ਨਹੀਂ ਇਹ ਸੂਫ਼ੀ ਤੇ ਸੰਜੀਦਾ ਗਾਇਕੀ ਨਹੀਂ ਸਗੋਂ ਇਸਦੇ ਨਾਂ ’ਤੇ ਧੱਬਾ ਹੈ। ਅਸੀਂ ਵੀ ਖ਼ੁਸ਼ਾਮਦੀ ਲੇਖਕਾਂ ਵਾਂਗੂੰ ਸਰਤਾਜ ਦੇ ਹੱਕ ਵਿਚ ਲਿਖ ਕੇ ‘ਵਾਹ ਵਾਹ’ ਖੱਟ ਸਕਦੇ ਸੀ, ਪਰ ਸੁਚੇਤ ਹੋ ਕੇ ਉਸਦੇ ਲੱਖਾਂ ਪ੍ਰਸ਼ੰਸਕਾਂ ਦੀ ਵਿਰੋਧਤਾ ਏਸੇ ਕਰਕੇ ਸਹੇੜੀ ਕਿ ਜੇ ਇਸ ਨੂੰ ਅੱਜ ਨਾ ਰੋਕਿਆ ਗਿਆ ਤਾਂ ਕਲਚਰਲ ਪ੍ਰੋਗਰਾਮਾਂ ਵਾਂਗੂੰ ਇਹ ਪਾਕੀਜ਼ ਥਾਵਾਂ ਵੀ ਨਾਪਾਕ ਹੋ ਜਾਣਗੀਆਂ। ਪੰਜਾਬੀ ਗਾਇਕੀ ਦੇ ਨਾਂ ’ਤੇ ਖ਼ਾਸਕਰ ਪਿਛਲੇ 2-3 ਦਹਾਕਿਆਂ ਤੋਂ ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਧਾਰਾ ਅਤੇ ਪੰਜਾਬੀ ਬੋਲੀ ਨਾਲ ਇੱਕ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਅਤੇ ਉਪਰੋਂ (ਇਹ ਕਹਿ ਕੇ ਕਿ ਫਲਾਣੇ ਬੜੇ ਮਾਣ ਨਾਲ ਪੇਸ਼ ਕਰਦੇ ਹਨ) ਦਾਅਵਾ ਇਹ ਕੀਤਾ ਜਾਂਦਾ ਹੈ ਕਿ ਅਸੀਂ ‘ਪੰਜਾਬੀ ਸੱਭਿਆਚਾਰ’ ਜਾਂ ‘ਪੰਜਾਬੀ ਬੋਲੀ’ ਦੀ ਸੇਵਾ ਕਰ ਰਹੇ ਹਾਂ। ਇਹ ਸੇਵਾ ਬਿਲਕੁਲ ਉਵੇਂ ਦੀ ਹੈ ਜਿਵੇਂ ਦੀ ਅਕਾਲੀ ਦਲ (ਬਾਦਲ) ‘ਪੰਥ ਦੀ ਸੇਵਾ’ ਦੇ ਨਾਂ ’ਤੇ ਕਰਦਾ ਹੈ। ਇਸ ਸਾਰੇ ਵਰਤਾਰੇ ਨੂੰ ਇੱਕ ‘ਸੰਗੀਤਕ ਮਾਫ਼ੀਏ’ ਦੀ ਨਿਆਈਂ ਚਲਾਇਆ ਜਾਂਦਾ ਹੈ। ਇਹ ਵਰਤਾਰਾ ਕਿਵੇਂ ਸ਼ੁਰੂ ਹੋਇਆ, ਕਿੰਨ੍ਹਾਂ ‘ਮਹਾਨ ਸ਼ਖ਼ਸੀਅਤਾਂ’ ਨੇ ਇਸ ਵਿੱਚ ਹਿੱਸਾ ਪਾਇਆ ਅਤੇ ਇਸਨੇ ਕਿੰਨਾਂ ਨੁਕਸਾਨ ਕੀਤਾ,ਇਹ ਸਭ ਕੁਝ ਕਦੇ ਫੇਰ । ਹਾਲ ਦੀ ਘੜੀ ਸਿਰਫ਼ ਏਨਾ ਸਮਝਣਾ ਜ਼ਰੂਰੀ ਹੈ ਕਿ ਪੰਜਾਬੀ ਗਾਇਕੀ ਦੇ ਢਾਹੂ ਦੌਰ ਦਾ ਜੇ ਅੰਤ ਆਇਆ ਹੀ ਹੈ ਤਾਂ ਉਸ ਦਾ ਕੋਈ ਸਹੀ ਬਦਲ ਪੇਸ਼ ਹੋਣਾ ਚਾਹੀਦਾ ਹੈ। ਸਤਿੰਦਰ ਸਰਤਾਜ ਇਸਦਾ ਸਹੀ ਬਦਲ ਨਹੀਂ ਹੈ ਕਿਉਂਕਿ ਉਹ ਪੰਜਾਬੀ ਗਾਇਕੀ ਵਿਚ ਆਪਣੀ ਥਾਂ ਬਣਾਉਣ ਲਈ ਤਰਲੋਮੱਛੀ ਹੋ ਰਹੀ ਭੀੜ ਦਾ ਇੱਕ ਹਿੱਸਾ ਹੀ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ।
-----
ਸੂਝਵਾਨ ਪੰਜਾਬੀਓ, ਅਸੀਂ ਗਾਇਕੀ ਦੀਆਂ ਕੁਝ ਪਵਿੱਤਰ ਥਾਵਾਂ ਨੂੰ ਬਚਾ ਕੇ ਰੱਖਣ ਦੀ ਇੱਕ ਸੱਦ ਲਾਈ ਸੀ, ਜਿਸ ਦਾ ਤੁਸੀਂ ਸਾਡੀ ਆਸ ਨਾਲੋਂ ਕਿਤੇ ਵੱਧ ਹੁੰਗਾਰਾ ਭਰਿਆ ਹੈ। ਜਿਥੇ ਇਸ ਨਾਲ ਅਸਾਨੂੰ ਅਥਾਹ ਬਲ ਮਿਲਿਆ ਉਥੇ ਵਿਰੋਧੀਆਂ ਦੀਆਂ ਗਾਲ਼ਾਂ ਨਾਲ ਕਿਤੇ ਵੱਧ ਸੰਤੁਸ਼ਟੀ ਮਿਲੀ (ਕਿ ਗੱਲ ਸਹੀ ਟਿਕਾਣੇ ’ਤੇ ਵੱਜੀ ਹੈ)। ਜੇ ਇਸ ਕੁਰੀਤੀ ਜਾਂ ਗ਼ਲਤ ਰਵਾਇਤ ਵਿਰੁਧ ਆਵਾਜ਼ ਨਾ ਉਠਾਉਂਦੇ ਤਾਂ ਆਉਂਦੇ ਦਸ ਕੁ ਸਾਲਾਂ ਵਿਚ ਇਹੋ ਜਿਹੀ (ਯਾਮੇ, ਪਜਾਮੇ ਤੇ ਆਲੂ ਵੇਚਣ ਵਾਲੀ) ਸੂਫ਼ੀ ਤੇ ਸੰਜੀਦਾ ਗਾਇਕੀ ਸਥਾਪਤ ਹੋ ਜਾਣੀ ਸੀ ਅਤੇ ਸਾਡੀ ਆਉਣ ਵਾਲੀ ਨਸਲ ਨੇ ਸਮਝਣਾ ਸੀ ਕਿ ਇਹੋ ਸੂਫ਼ੀ ਤੇ ਸੰਜੀਦਾ ਗਾਇਕੀ ਹੁੰਦੀ ਹੈ। ਜੇ ਇਸਨੂੰ ਨਾ ਰੋਕਦੇ ਤਾਂ ਇਹ ਦਾਗ਼ ਸਾਡੀ ਪੰਜਾਬੀਅਤ ’ਤੇ ਵੀ ਆਉਣਾ ਸੀ। ਪਰ ਸ਼ਾਬਾਸ਼ੇ ਪੰਜਾਬੀਅਤ ਦੇ ਉਨ੍ਹਾਂ ਸੱਚੇ ਮੁਦੱਈਆਂ ਦੇ ਜਿਨ੍ਹਾਂ ਨੇ ਆਪਣੇ ਵਪਾਰਕ ਹਿੱਤ, ਸਾਂਝਾਂ (ਮੂੰਹ-ਮੁਲਾਹਜੇ) ਤੇ ਸੁਰੱਖਿਆ ਦਾਅ ’ਤੇ ਲਾ ਕੇ ਆਪਣੀਆਂ ਅਖ਼ਬਾਰਾਂ, ਵੈਬਸਾਈਟਾਂ ਜਾਂ ਬਲੌਗਾਂ ਉਤੇ ਇਸ ਸੱਚ ਦੀ ‘ਜਿੱਤ ਦਾ ਨਿਸ਼ਾਨ’ ਝੰਡੇ ਵਾਂਗੂੰ ਉਚਾ ਕਰਕੇ ਗੱਡਿਆ ਅਤੇ ਇਸ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ।
-----
ਅਸੀਂ ਸਪੱਸ਼ਟ ਲਿਖਿਆ ਸੀ ਕਿ ਅਸੀਂ ਚੌਲਾਂ ਦੀ ਦੇਗ਼ ਵਿਚੋਂ ਇਕ ਦਾਣਾ ਹੀ ਚੁਗਿਆ ਹੈ। ਇਸ ਦਾ ਉਦੇਸ਼ ਸਿਰਫ਼ ਪੰਜਾਬੀ ਗਾਇਕੀ ਬਾਰੇ ਸੰਜੀਦਾ ਬਹਿਸ ਛੇੜਨਾ ਹੈ, ਪਰ ਸਾਡੇ ਅਲੋਚਕਾਂ ਨੇ ਸੰਜੀਦਾ ਬਹਿਸ ਤਾਂ ਕੀ ਛੇੜਨੀ ਸੀ, ਉਲਟਾ ਆਲੋਚਨਾ ਦੀ ਭਾਸ਼ਾ ਤੇ ਸਲੀਕਾ ਵੀ ਭੁੱਲ ਗਏ ਅਤੇ ਬਿਨਾ ਕਿਸੇ ਠੋਸ ਦਲੀਲ ਤੋਂ ਸਾਡੇ ’ਤੇ ਨਿੱਜੀ ਤੇ ਸੰਕੀਰਣ ਹਿੱਤ ਪਾਲਣ, ਕਿੜਾਂ ਕੱਢਣ, ਲੱਤਾਂ ਖਿੱਚਣ ਤੇ ਗ਼ੈਰ-ਸੰਜੀਦਗੀ ਜਿਹੇ ਦੋਸ਼ ਲਾ ਦਿੱਤੇ। ਮਜ਼ੇਦਾਰ ਗੱਲ ਇਹ ਹੈ ਕਿ ਸਾਡੇ ਇਨ੍ਹਾਂ ਆਲੋਚਕਾਂ ਨੂੰ ਇਹ ਵੀ ਨਹੀਂ ਪਤਾ ਕਿ ਬਹਿਸ ਕਿਸ ਪ੍ਰਸੰਗ ਵਿਚ ਹੋ ਰਹੀ ਹੈ ਅਤੇ ਬਹਿਸ ਦੇ ਮੁੱਦੇ ਕੀ ਹਨ? ਕੋਈ ਪਰਖ ਪੜਚੋਲ ਕਰਕੇ ਇਹਨਾਂ ਤੋਂ ਕਿਸੇ ਗੱਲ ਨੂੰ ਅੱਗੇ ਤੋਰਨ ਦੀ ਮੰਗ ਕਰਨਾ ਤਾਂ ਬਹੁਤ ਦੂਰ ਦੀ ਗੱਲ।
-----
ਡਾ. ਹਨੀ ਸ਼ੇਰਗਿੱਲ ਨੇ ਸਾਡੇ ਮੁੱਦਿਆਂ ਨੂੰ ਬਹੁਤ ਹੀ ਹਲਕੇ ਅਤੇ ਘਟੀਆ ਅੰਦਾਜ਼ ਵਿਚ ਕੱਟਣ ਦਾ ਅਸਫ਼ਲ ਯਤਨ ਕੀਤਾ ਹੈ।ਲੋਹੇ ਦੀ ਦੀਵਾਰ ਨੂੰ ਚਾਂਦੀ ਦੀ ਹਥੌੜੀ ਨਾਲ ਡੇਗਣ ਦੀ ਕੋਸ਼ਿਸ਼ ਕੀਤੀ ਹੈ। ਡਾ. ਸਾਹਿਬ ਇਕ ਬੰਨੇ ਤਾਂ ਇਹ ਕਹਿ ਰਹੇ ਹਨ ਕਿ ਸਾਡੀ ਆਲੋਚਨਾ ਪਾਇਦਾਰ ਨਹੀਂ, ਸਿਰਫ਼ ਕਿੜਾਂ ਕੱਢਣ ਲਈ ਹੈ ਪਰ ਦੂਜੇ ਪਾਸੇ ਸਾਡੇ ਵੱਡੇ ਮੁੱਦਿਆਂ ਨਾਲ ਸਹਿਮਤ ਹੋਣ ਤੋਂ ਬਿਨਾ ਉਨ੍ਹਾਂ ਕੋਲ ਕੋਈ ਹੋਰ ਚਾਰਾ ਵੀ ਨਹੀਂ। ਇਸ ਤੋਂ ਵੱਧ ਪਾਇਦਾਰੀ ਦਾ ਹੋਰ ਕੀ ਸਬੂਤ ਚਾਹੀਦਾ ਹੈ ਕਿ ਡਾ. ਹਨੀ ਸ਼ੇਰਗਿਲ ਵਰਗੇ ਸਾਡੀ ਲਿਖਤ ਦੇ ਕੱਟੜ ਵਿਰੋਧੀ ਵੀ ਸਾਡੀ ਆਲੋਚਨਾ ਦਾ ਲੋਹਾ ਮੰਨ ਰਹੇ ਹਨ। ਉਨ੍ਹਾਂ ਕੋਲ ਨਾ ਤਾਂ ਕਹਿਣ ਲਈ ਕੋਈ ਮੁੱਦਾ ਹੈ ਅਤੇ ਨਾ ਹੀ ਸਾਡੀਆਂ ਗੱਲਾਂ ਦੀ ਕੋਈ ਕਾਟ। ਉਹ ਏਨਾ ਛਟਪਟਾ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਰਾਹ ਲੱਭਦਾ ਨਜ਼ਰ ਨਹੀਂ ਆਉਂਦਾ ਅਤੇ ਏਸੇ ਕਸ਼ਮਕਸ਼ ਵਿਚ ਉਹ 10 ਵੱਡੇ ਟਪਲੇ ਖਾ ਜਾਂਦੇ ਹਨ (ਛੋਟਿਆਂ ਦੀ ਤੇ ਕੋਈ ਗਿਣਤੀ ਹੀ ਨਹੀਂ)।ਜਿਸ ਲੇਖਕ ਨੂੰ ਬਹਿਸ ਦੇ ਮੁੱਦਿਆਂ ਦਾ ਹੀ ਨਹੀਂ ਪਤਾ ਅਤੇ ਜੋ ਏਨੇ ਟਪਲੇ ਖਾ ਰਿਹਾ ਹੈ ਉਸ ਨਾਲ ਸੰਵਾਦ ਰਚਾਇਆ ਵੀ ਜਾਵੇ ਕਿ ਨਾ, ਇਹੀ ਸੋਚਦਿਆਂ ਅਸੀਂ ਕਈ ਦਿਨ ਲੰਘਾ ਦਿੱਤੇ। ਫਿਰ ਅਸੀਂ ਵਿਚਾਰਿਆ ਕਿ ਉਨ੍ਹਾਂ ਵੱਲੋਂ ਉਠਾਏ ਗਏ ਕੁਝ ਨੁਕਤੇ ਭੰਬਲਭੂਸਾ ਪੈਦਾ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸ਼ਪੱਸ਼ਟ ਕਰਨਾ ਬਹੁਤ ਜਰੂਰੀ ਹੈ ਅਤੇ ਨਾਲੇ ਇਸੇ ਬਹਾਨੇ ਕੁਝ ਹੋਰ ਗੱਲਾਂ ਵੀ ਹੋਣਗੀਆਂ। ਜਿਵੇਂ ਕਹਿੰਦੇ ਨੇ:
ਚਾਂਦ ਕੇ ਸਾਥ ਕਈ ਦਰਦ ਪੁਰਾਨੇ ਨਿਕਲੇ।
ਕਿਤਨੇ ਗ਼ਮ ਥੇ ਜੋ ਤੇਰੇ ਗ਼ਮ ਕੇ ਬਹਾਨੇ ਨਿਕਲੇ।
ਜੋ ਕੁਝ ਅਸੀਂ ਹੁਣ ਕਹਿਣ ਜਾ ਰਹੇ ਹਾਂ ਉਸ ਦਾ ਸਿਹਰਾ ਡਾ. ਹਨੀ ਸ਼ੇਰਗਿੱਲ ਵਰਗੇ ਸਰਤਾਜ ਦੇ ਸਮਰਥਕਾਂ ਦੇ ਸਿਰ ਹੀ ਜਾਂਦਾ ਹੈ, ਨਹੀਂ ਤੇ ਅਸੀਂ ਆਪਣੀ ਗੱਲ ਖ਼ਤਮ ਕਰ ਦਿੱਤੀ ਸੀ। ਅਸੀਂ ਆਪਣੀ ਗੱਲ ਸਾਹਿਤਕ ਅਤੇ ਸੰਕੇਤਕ ਭਾਸ਼ਾ ਵਿਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਉਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਪਈ। ਸੋ ਇਸ ਵਾਰ ਅਸੀਂ ਆਪਣਾ ਲਹਿਜ਼ਾ ਬਦਲ ਰਹੇ ਹਾਂ ਸ਼ਾਇਦ ਗੱਲ ਉਨ੍ਹਾਂ ਦੇ ਪੱਲੇ ਪੈ ਜਾਵੇ ਅਤੇ ਉਹ ਸਾਡੇ ਪ੍ਰਤੀ ਕਹੇ ਆਪਣੇ ਸ਼ਬਦ ਬਦਲ ਲੈਣ। ਜਿਵੇਂ ਮਨਮੋਹਨ ਆਲਮ ਕਹਿੰਦਾ ਹੈ:
ਬਦਲ ਲੇਤੇ ਅਗਰ ਹਮ ਲੋਗ ਅੰਦਾਜ਼ੇ-ਬਿਆਂ ਅਪਨਾ,
ਤੋ ਮੁਮਕਿਨ ਥਾ ਕਿ ਵੋ ਅਪਨਾ ਕਹਾ ਤਬਦੀਲ ਕਰ ਲੇਤੇ।
ਜੇ ਗੱਲ ਅਮੀਨ ਮਲਿਕ ਦੇ ਲਹਿਜ਼ੇ ਵਿਚ ਕਰਨੀ ਜਾਂ ਸਮਝਾਉਣੀ ਹੋਵੇ ਤਾਂ ਗੱਲ ਸਿਰਫ਼ ਏਨੀ ਸੀ ਕਿ ਸ਼ਾਇਰੀ ਦਾ ਝਾਟਾ ਪੁੱਟਿਆ ਜਾ ਰਿਹਾ ਸੀ, ਸੁਰਾਂ ਦਾ ਚੀਰ ਹਰਨ ਹੋ ਰਿਹਾ ਸੀ, ਸੂਫੀਅਤਾ ਦੇ ਸਿਰ ਵਿਚ ਖੇਹ ਪਾਈ ਜਾ ਰਹੀ ਸੀ, ਕੋਈ ਦਰਵੇਸ਼ਾਂ ਦੇ ਵਿਹੜੇ ਧੱਕੇ ਨਾਲ ਵੜ ਕੇ ਖਰਮਸਤੀਆਂ ਜਿਹੀਆਂ ਕਰ ਰਿਹਾ ਸੀ ਅਤੇ ਅਸੀਂ ਉਸਨੂੰ ਬਾਹਰ ਦਾ ਰਸਤਾ ਵਿਖਾਇਆ ਹੈ।
-----
ਦੂਸਰੀ ਗੱਲ ਇਹ ਕਿ ਜੇ ਕੋਈ ਸਹਿੰਦਾ-ਸਹਿੰਦਾ, ਜਚਦਾ-ਮਿਚਦਾ, ਨਪਦਾ-ਤੁਲਦਾ, ਬਣਦਾ-ਸਰਦਾ ਖ਼ਿਤਾਬ ਸਤਿੰਦਰ ਸਰਤਾਜ ਨੂੰ ਦੇ ਦਿੰਦੇ ਤਾਂ ਸਹਿਆ ਜਾ ਸਕਦਾ ਸੀ। ਤਿੰਨ ਤੀਏ ਤੇਰਾਂ ਹੁੰਦੇ ਤਾਂ ਵੀ ਕੋਈ ਗੱਲ ਨਹੀਂ ਸੀ ਪਰ ਏਥੇ ਤਾਂ ਸੱਤੀਂ ਵੀਹੀਂ ਸੌ ਹੋਣ ਜਾ ਰਿਹਾ ਸੀ। ਕਾਂ ਨੂੰ ਕੋਇਲ ਕਹੀ ਜਾਂਦੇ ਤਾਂ ਹੋਊ-ਪਰ੍ਹੇ ਕੀਤਾ ਜਾ ਸਕਦਾ ਸੀ, ਪਰ ਇਹ ਤਾਂ ਕਾਂ ਦੇ ਮੱਥੇ ’ਤੇ ਸੁਰਖ਼ਾਬ ਦਾ ਖੰਭ ਲਾਉਣ ’ਤੇ ਤੁਲੇ ਹੋਏ ਸਨ। ਉਪਰੋਂ ਮੀਡੀਏ ਦੇ ਕੁਝ ਖਾਸ ਹਿੱਸਿਆ ਨੇ ਐਸੀ ਅੰਨ੍ਹੀ ਪਾਈ ਕਿ ਸਾਡੇ ਵਰਗੇ ਅੰਨ੍ਹਿਆਂ ਨੂੰ ਵੀ ਦਿਸਣ ਲਾ ਦਿੱਤਾ। ਸੁਰ, ਸ਼ਾਇਰੀ ਤੇ ਸੂਫ਼ੀਅਤ ਦਾ ਜਿਹੜਾ ਜਨਾਜ਼ਾ ਇਹ ਮੀਡੀਆ ਨਿੱਤ ਕੱਢਦਾ ਸੀ, ਉਸ ਨੂੰ ਵੇਖ ਸੁਣ ਕੇ ਜਿਹੜੀਆਂ ਹੂਕਾਂ ਕਿਸੇ ਸੁਹਿਰਦ ਮਨੁੱਖ ਦੇ ਅੰਦਰੋਂ ਉਠਦੀਆਂ ਹਨ, ਉਹੋ ਹੀ ਬਾਹਰ ਆਈਆਂ ਹਨ। ਉਂਜ ਸਾਡਾ ਸਰਤਾਜ ਜਾਂ ਉਸ ਨਾਲ ਸੰਬੰਧਤ ਕਿਸੇ ਵੀ ਵਿਅਕਤੀ ਵਿਸ਼ੇਸ਼ ਨਾਲ ਕੋਈ ਨਿਜੀ ਵੈਰ-ਵਿਰੋਧ ਜਾਂ ਰੰਜਿਸ਼ ਨਹੀਂ।
ਦੁਸ਼ਮਨ ਨਹੀਂ ਹੈਂ ਸਿਰਫ਼ ਅਸੂਲੋਂ ਕੀ ਬਾਤ ਹੈ,
ਗ਼ਰ ਇਖ਼ਤਿਲਾਫ਼ ਉਨਸੇ ਕੁਛ ਕਰ ਰਹੇ ਹੈਂ ਹਮ।
ਖ਼ਿਤਾਬ ਦੇਣ ਵਾਲਿਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਇਨ੍ਹਾਂ ਕੱਲ੍ਹ ਦੇ ਉਠੇ ਅਸਲੋਂ ਨਵੇਂ ਗਾਇਕ ਨੂੰ, ਜਿਸਨੇ ਆਪਣੀ ਗਾਇਕੀ ਦਾ ਪਹਿਲਾ ਕਦਮ ਵੀ ਸਹੀ ਟਿਕਾਣੇ ’ਤੇ ਨਹੀਂ ਰੱਖਿਆ, ਸੰਜੀਦਾ ਗਾਇਕ ਅਤੇ ਅੱਜ ਦਾ ਵਾਰਿਸ ਸ਼ਾਹ ਬਣਾ ਕੇ ਵੱਡੇ ਵੱਡੇ ਫ਼ਨਕਾਰਾਂ ਅਤੇ ਆਲਮ-ਫ਼ਾਜ਼ਲ ਬਜ਼ੁਰਗਾਂ ਦੀ ਐਨੀ ਹੱਤਕ ਕਿਉਂ ਕੀਤੀ ਹੈ? ਅਸਲੀ ਸੂਫ਼ੀ ਤੇ ਸੰਜੀਦਾ ਗਾਉਣ ਵਾਲੇ ਨਜ਼ਰਅੰਦਾਜ਼ ਕਿਉਂ ਹੋਏ। ਜੋ ਇਸ ਖ਼ਿਤਾਬ ਅਤੇ ਮਾਣ ਦੇ ਅਸਲੀ ਵਾਰਿਸ ਸਨ, ਉਹ ਖੂੰਜੇ ਕਿਉਂ ਲਾਏ? ਹੱਕੀ ਦਾ ਹੱਕ ਕਿਉਂ ਮਾਰਿਆ ਗਿਆ?
-----
‘ਰੱਬ ਵਰਗੇ ਸਰੋਤਿਆਂ’ ਨੂੰ ਅਸੀਂ ਤਾਂ ਮਦਾਰੀ ਦਾ ਉਹ ਅਸਲੀ ਝੋਲਾ ਵੀ ਵਿਖਾਇਆ ਸੀ, ਜਿਸ ਵਿਚੋਂ ਇਹ ਝੁਰਲੂ ਨਿਕਲਿਆ, ਪਰ ਉਨ੍ਹਾਂ ਨੂੰ ਸ਼ਾਇਦ ਸਮਝ ਨਾ ਪਈ। ਉਹ ਉਸਦੀ ਡੁਗਡੁਗੀ ਤੇ ਏਨਾ ਮਸਤ ਹੋਏ ਕਿ ਉਨ੍ਹਾਂ ਤੇ ‘ਅਜਬ ਆਲਮ ਤਾਰੀ’ ਹੋ ਗਿਆ ਅਤੇ ਉਹ ਸੂਫ਼ੀ ਤੇ ਸੰਜੀਦਾ ਗਾਇਕੀ ਦੀ ਲਾਸ਼ ਸਾਹਮਣੇ ਕੀਰਨੇ ਪਾਉਣ ਦੀ ਬਜਾਏ ‘ਸਟੈਂਡਿੰਗ ਓਵੇਸ਼ਨ’ ਦੇ ਕੇ (ਖੜ੍ਹੇ ਹੋ ਕੇ ਤਾੜੀਆਂ ਮਾਰ ਕੇ) ਘਰੇ ਆ ਗਏ ਅਤੇ ਓਧਰ ਉਨ੍ਹਾਂ (ਪ੍ਰੋਮੋਟਰਾਂ) ਨੇ ਇਹ ਲਾਸ਼ ਮੋਢਿਆਂ ’ਤੇ ਚੱਕੀ ਤੇ ਜ਼ਨਾਜਾ ਕੱਢਣ ਲਈ ਅਗਲੇ ਸ਼ਹਿਰ ਤੁਰ ਪਏ। ਸਰੋਤਾ ਜੀ, ਇਹੋ ਕਹਿ ਕੇ ਤੁਹਾਨੂੰ ਸੱਦਿਆ ਸੀ ਨਾ ਕਿ ਆਓ ਤੁਹਾਨੂੰ ਸੂਫ਼ੀ ਤੇ ਸੰਜੀਦਾ ਗਾਇਕੀ ਸੁਣਾਈਏ। ਹੁਣ ਗਾਇਕ ਹੁਰੀਂ ਕਹਿ ਰਹੇ ਨੇ ਕਿ ਮੈਂ ਤੇ ਸੂਫ਼ੀ ਨਹੀਂ ਹਾਂ। ਫਿਰ ਤੁਹਾਡੇ ਨਾਲ ਦੁਪਹਿਰੇ ਦੀਵਾ ਬਾਲ ਕੇ ਡਾਕਾ ਕਿਸਨੇ ਮਾਰਿਆ? ਏਥੇ ਅਸੀਂ ਉਨ੍ਹਾਂ ਭੋਲੇ-ਭਾਲੇ ਸਰੋਤਿਆਂ ਅਤੇ ਕੁਝ ਕੁ ਸੁਹਿਰਦ ਪ੍ਰੋਮੋਟਰਾਂ ਨਾਲ ਦਿਲੀ ਹਮਦਰਦੀ ਪ੍ਰਗਟਾਉਂਦੇ ਹਾਂ ਜਿਹੜੇ ਅਚੇਤ ਹੀ ਇਸ ਸੰਗੀਤਕ ਛਲਾਵੇ ਵਿਚ ਆ ਗਏ।
------
ਡਾ. ਹਨੀ ਜੀ, ਅਮਰਜੀਤ ਖੇਲਾ ਦੁਆਰਾ ਆਸਟਰੇਲੀਆ ਵਿਚ ਕੀਤੀ ਗਈ ਇਕ ਇੰਟਰਵਿਊ ਦਾ ਹਵਾਲਾ ਦਿੰਦਿਆਂ ਕਹਿੰਦੇ ਹਨ ਕਿ ਗਾਇਕ ਖ਼ੁਦ ਇਕਬਾਲ ਕਰਦਾ ਹੈ ਕਿ ਉਹ ਸੂਫ਼ੀ ਨਹੀਂ ਹੈ। ਤਾਂ ਫਿਰ ਡਾ. ਸਾਹਿਬ ਉਹ ਲੋਕ ਕੌਣ ਹਨ ਜੋ ਸਰਤਾਜ ਨੂੰ ਸੂਫ਼ੀ ਪ੍ਰੋਮੋਟ ਕਰ ਰਹੇ ਹਨ? ਸੁਚੇਤ ਜਾਂ ਅਚੇਤ ਤੁਸੀਂ ਉਨ੍ਹਾਂ ਲੋਕਾਂ ਨੂੰ ਨੰਗਿਆ ਕੀਤਾ ਹੈ, ਜੋ ਲੋਕਾਂ ਨਾਲ ਫ਼ਰੇਬ ਕਰ ਰਹੇ ਹਨ। ਅਸੀਂ ਤੁਹਾਡੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੀ ਕਹੀ ਗੱਲ ਨੂੰ ਇਕ ਕਦਮ ਅੱਗੇ ਤੋਰਿਆ ਹੈ।
-----
ਪਰ ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ ਕਿਉਂਕਿ ਇਹ ਸਿਰਫ਼ ਤੁਹਾਡੇ ਆਪਣੇ ਵਿਚਾਰ ਹਨ। ਅਸੀਂ ਇਸ ਗ਼ੁਸਤਾਖੀ ਲਈ ਸਰਤਾਜ ਨੂੰ ਬਰੀ ਨਹੀਂ ਕਰਦੇ ਕਿਉਂਕਿ ਉਹ ਖ਼ੁਦ ਸੂਫ਼ੀ ਪ੍ਰਭਾਵ ਦੇਣ ਲਈ (ਭੇਖ ਅਤੇ ਪ੍ਰਵਚਨਾਂ ਦੁਆਰਾ) ਪੂਰਾ ਅਡੰਬਰ ਰਚਦਾ ਹੈ। ਇਸ ਗੱਲ ਨੂੰ ਪਾਖੰਡੀ ਸੰਤਾਂ ਦੇ ਸੰਦਰਭ ਵਿਚ ਰੱਖ ਕੇ ਸੌਖਿਆਂ ਸਮਝਿਆ ਜਾ ਸਕਦਾ ਹੈ, ਜੋ ਕਹਿੰਦੇ ਹਨ ਕਿ ਜੀ ਅਸੀਂ ਤਾਂ ਆਪਣੇ ਆਪ ਨੂੰ ਸੰਤ ਨਹੀਂ ਕਹਿੰਦੇ, ਸੰਗਤ ਹੀ ਕਹੀ ਜਾਂਦੀ ਹੈ, ਪਰ ਆਪ ਉਹ ਚੋਹਲ-ਮੋਹਲ ਵੀ ਉਹੀ ਕਰਦੇ ਹਨ, ਜੋ ਸੰਤ ਬਣਨ ਜਾਂ ਅਖਵਾਉਣ ਲਈ ਜ਼ਰੂਰੀ ਭਾਸਦੇ ਹਨ। ਭਲਾ ਕਿਉਂ ਨਹੀਂ ਸਰਤਾਜ ਆਪਣੇ ਪ੍ਰੋਮੋਟਰਾਂ ਨੂੰ ਰੋਕਦਾ, ਜੋ ਉਸਨੂੰ ਮੀਡੀਏ ਵਿਚ ਸੂਫ਼ੀ ਤੇ ਸੰਜੀਦਾ ਗਾਇਕ ਦੇ ਤੌਰ ’ਤੇ ਪੇਸ਼ ਕਰ ਰਹੇ ਹਨ। ਕਿਉਂ ਨਹੀਂ ਉਹ ਆਪਣੇ ਕੰਟਰੈਕਟ ਵਿਚ ਇਹ ਮਦ ਪਵਾਉਂਦਾ ਕਿ ਉਸਨੂੰ ਸੂਫ਼ੀ ਤੇ ਸੰਜੀਦਾ ਗਾਇਕ ਦੇ ਤੌਰ ’ਤੇ ਨਾ ਪ੍ਰਚਾਰਿਆ ਜਾਵੇ? ਜੇ ਫਿਰ ਵੀ ਕੋਈ ਏਦਾਂ ਕਰਨੋ ਨਾ ਹਟੇ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕਰੇ। ਪਰ ਨਹੀਂ, ਉਹ ਇਸ ਤਰ੍ਹਾਂ ਕਿਉਂ ਕਰੇਗਾ? ਉਹ ਤਾਂ ਇਸ ਵਰਤਾਰੇ ਵਿਚ ਪੂਰਾ ਸ਼ਰੀਕ ਹੈ ਅਤੇ ਉਹ ਇਸ ਦੀ ਖੱਟੀ ਖਾ ਰਿਹਾ ਹੈ, ਜੋ ਵਾਕਿਆ ਹੀ ਖੱਟੀ ਵੀ ਹੋ ਗਈ ਹੈ। ਡੇਢ ਦੋ ਸਾਲ ਪਹਿਲਾਂ ਯੂ ਟਿਊਬ ’ਤੇ ਪਈ ਇਸ ਇੰਟਰਵਿਊ ਨੂੰ ਕਿੰਨੇ ਲੋਕ ਦੇਖ ਚੁੱਕੇ ਹਨ? ਜਦੋਂ ਏਧਰ ਮੀਡੀਆ ਨਿੱਤ ਧਮੱਚੜ ਪਾਈ ਫਿਰਦਾ ਹੈ। ਪਰ ਡਾ. ਹਨੀ ਜੀ ਦੀ ਤਾਂ ਸ਼ਾਇਦ ਏਨੇ ਨਾਲ ਵੀ ਤਸੱਲੀ ਨਾ ਹੋਵੇ, ਇਸ ਲਈ ਅਸੀਂ ਉਨ੍ਹਾਂ ਲਈ ਇਕ ਪੁਖ਼ਤਾ ਸਬੂਤ ਪੇਸ਼ ਕਰਦੇ ਹਾਂ ਜਿਸ ਵਿਚ ਸਰਤਾਜ ਖ਼ੁਦ ਆਪਣੇ ਆਪ ਨੂੰ ਸੂਫ਼ੀ ਗਾਇਕ ਦੇ ਤੌਰ ’ਤੇ ਪੇਸ਼ ਕਰ ਰਿਹਾ ਹੈ।
-----
ਸਤਿੰਦਰ ਸਰਤਾਜ ਹਾਲ ਹੀ ਵਿਚ (ਅਪਰੈਲ 2010) ਅਮਰੀਕਾ ਫੇਰੀ ਦੌਰਾਨ ਬੇ-ਏਰੀਏ ਤੋਂ ਬ੍ਰਾਡਕਾਸਟ ਹੁੰਦੇ ਰੇਡੀਓ 1170 ਏ ਐਮ ਉਤੇ ਸਿਮਰਨ ਨਾਲ ਰੂ-ਬ-ਰੂ ਪ੍ਰੋਗਰਾਮ ਵਿਚ ਪੇਸ਼ ਹੋਇਆ। ਉਸ ਗੱਲਬਾਤ ਦੇ ਕੁਝ ਅੰਸ਼ ਪੇਸ਼ ਹਨ:
“ਸਿਮਰਨ- ..ਸੂਫ਼ੀ ਗਾਇਕੀ ਵੱਲ ਤੁਸੀਂ ਜਿਹੜਾ ਪਹਿਲਾ ਆਪਣਾ ਇਹ ਕਦਮ ਪੁੱਟਿਆ, ਇਹ ਬਹੁਤ ਹੀ ਯੂਨੀਕ ਹੈ ਔਰ ਬਹੁਤ ਹਟ ਕੇ ਹੈ। ਮੈਂ ਜਾਣਨਾ ਚਾਹਾਂਗੀ ਕਿ ਤੁਸੀਂ ਇਹ ਗਾਇਕੀ ਕਿਉਂ ਚੁਣੀ?
ਸਰਤਾਜ-ਦਰਅਸਲ ਜੀ ਮੇਰੀ ਜਿਹੜੀ ਐਜੂਕੇਸ਼ਨ ਐ, ਜਿਵੇਂ ਪੋਸਟ ਗ੍ਰੈਜੂਏਸ਼ਨ ਮੇਰੀ ਮਿਊਜ਼ਿਕ ‘ਚ ਐ ਤੇ ਜਿਹੜੀ ਐਮ ਫਿਲ ਐ ਉਹ ਮੇਰੀ ਪੰਜਾਬ ਦੀ ਸੂਫ਼ੀ ਗਾਇਨ ਪਰੰਪਰਾ ਤੇ ਰਿਸਰਚ ਸੀ ਸੋ ਉਸ ਤੋਂ ਬਾਦ ਮੇਰੀ ਜਿਹੜੀ ਡਾਕਟਰੇਟ ਜਾਂ ਪੀ ਐਚ ਡੀ ਆ ਉਹ ਸੂਫ਼ੀ ਮਿਊਜ਼ਕ ਐਂਡ ਪੋਇਟਰੀ ’ਤੇ ਹੈ। ਸੋ ਇਸ ਕਰਕੇ ਐਜੂਕੇਸ਼ਨ ਦੌਰਾਨ ਜਦੋਂ ਬਹੁਤ ਸਾਰੇ ਸੂਫ਼ੀਆਨਾ ਸ਼ਾਇਰਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ, ਸੂਫ਼ੀ ਮੌਸੀਕੀਕਾਰਾਂ ਨੂੰ ਸੁਣਨ ਦਾ, ਉਨ੍ਹਾਂ ਦੇ ਰਾਗਾਂ ਨੂੰ ਜਾਂ ਉਨ੍ਹਾਂ ਦੇ ਸਾਜ਼ਾਂ ਨੂੰ ਸਮਝਣ ਦਾ ਮੌਕਾ ਮਿਲਿਆ। ਸੋ ਇਸ ਕਰਕੇ ਜਿਹੜੀ ਮੇਰੀ ਵਾਕਫ਼ੀਅਤ ਏਨਾ ਚੀਜ਼ਾਂ ਨਾਲ ਹੋਈ ਤੇ ਮੇਰਾ ਰੁਝਾਨ ਇਸ ਪਾਸੇ ਵਧਿਆ...।”
ਇਸ ਸਾਰੀ ਇੰਟਰਵਿਊ ਦੌਰਾਨ ਉਹ ਕਿਤੇ ਵੀ ‘ਸੂਫੀ’ ਹੋਣ ਦਾ ਖੰਡਨ ਨਹੀਂ ਕਰਦਾ, ਸਗੋਂ ਇਹ ਕਹਿ ਕੇ ਕਿ ‘ਮੇਰਾ ਰੁਝਾਨ ਇਸ ਪਾਸੇ ਵਧਿਆ’, ਉਹ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਕਿ ਉਹ ਸੂਫ਼ੀ ਗਾਇਕ ਹੈ। ਹੋਸਟ ਅਤੇ ਪ੍ਰੋਮੋਟਰ ਵੀ ਉਸਨੂੰ ਸੂਫ਼ੀ ਗਾਇਕ ਤੇ ‘ਅੱਜ ਦਾ ਵਾਰਿਸ ਸ਼ਾਹ’ ਵਜੋਂ ਪੇਸ਼ ਕਰਦੇ ਹਨ। ਇਹ ਰਿਕਾਰਡਿੰਗ ਅਰਬਨ ਦੇਸੀ ਰੇਡੀਓ ਡਾਟ ਕਾਮ ’ਤੇ ਪਈ ਹੈ। ਪਰ ਪਤਾ ਨਹੀਂ ਕਿਸ ਕਾਰਨ, ਇਸ ਦੇ ਕੁਝ ਹਿੱਸੇ ਕੱਟ ਦਿੱਤੇ ਗਏ ਹਨ, ਜਿਸ ਵਿਚ ਗਾਇਕ ਨੂੰ ਕੁਝ ਤਿੱਖੇ ਸਵਾਲ ਪੁੱਛੇ ਗਏ ਸਨ ਅਤੇ ਗਾਇਕ ਉਨ੍ਹਾਂ ਦੇ ਸਿੱਧੇ ਜਵਾਬ ਦੇਣ ਦੀ ਬਜਾਏ, ਜਿਵੇਂ ਅਸੀਂ ਆਪਣੇ ਲੇਖ ਵਿਚ ਲਿਖਿਆ ਸੀ, ਆਪਣੇ ਨਵੇਂ ਹੀ ਬਣਾਏ ਹੋਏ ਤਰੀਕੇ ਨਾਲ ਸ਼ੇਅਰੋ-ਸ਼ਾਇਰੀ ਵਿਚ ਰੋਲ ਕੇ ਸੁੱਟ ਦਿੰਦਾ ਹੈ। ਜੇ ਕਿਸੇ ਕਾਰਨ ਇਹ ਰਿਕਾਰਡਿੰਗ ਹਟਾ ਦਿੱਤੀ ਜਾਵੇ ਤਾਂ ਸਾਡੇ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਹਨੀ ਸ਼ੇਰਗਿਲ ਇਸ ਗੱਲ ਨਾਲ ਤਾਂ ਸਹਿਜੇ ਹੀ ਸਹਿਮਤ ਹੋ ਜਾਣਗੇ ਕਿ ਨਵਾਂ ਬਿਆਨ ਜਾਂ ਨਵੀਂ ਲਿਖਤ ਪੁਰਾਣੀ ਨਾਲੋਂ ਜ਼ਿਆਦਾ ਪ੍ਰਮਾਣਿਤ ਮੰਨੀ ਜਾਂਦੀ ਹੈ ਫਿਰ ਗਾਇਕ ਦੀਆਂ ਸਾਰੀਆਂ ਮੁਲਾਕਾਤਾਂ ਦਾ ਅਧਿਐਨ ਕਰਨ ਦੀ ਕਿਸ ਨੂੰ ਜ਼ਰੂਰਤ ਹੈ?
*****
ਲੜੀ ਜੋੜਨ ਲਈ ਹੇਠਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।
No comments:
Post a Comment