
ਭਾਗ ਪਹਿਲਾ
ਲੇਖ
ਪ੍ਰੋਫੈਸਰ ਮੋਹਨ ਸਿੰਘ ਦੀ ਪੁਸਤਕ ‘ਕੱਚ-ਸੱਚ’ ਦੀ ਇਕ ਕਵਿਤਾ: “ਦੋ ਧੜਿਆਂ ਵਿਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ”; ਵਿਚਲੀ ਖ਼ਲਕਤ(ਲੋਕਾਈ) ਦੇ ਜਦੋਂ ਇਹ ‘ਦੋ ਧੜੇ’ ਬਣੇ ਸਨ, ਉਦੋਂ ਸਾਹਿਤ ਅਤੇ ਕਲਾ ਵੀ ਦੋ ਧੜਿਆਂ ‘ਚ ਵੰਡੀ ਗਈ ਸੀ।
ਮੋਹਨ ਸਿੰਘ ਦੀ ਕਾਵਿ ਦ੍ਰਿਸ਼ਟੀ ਨੇ ਇਸਨੂੰ 20ਵੀਂ ਸਦੀ ‘ਚ ਵੇਖਿਆ। ਗੁਰੂ ਨਾਨਕ ਦੇਵ ਨੇ 15ਵੀਂ ਸਦੀ ‘ਚ ਮਹਿਸੂਸਿਆ। ਮਾਰਕਸ ਨੇ 19ਵੀਂ ਸਦੀ ‘ਚ ਘੋਖਿਆ। ਪਰ ਇਹ ਵਰਤਾਰਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਆਦਿ ਮਾਨਵ ‘ਚ ਕਬੀਲੇ ਵਿਕਸਤ ਹੋਣ ਮਗਰੋਂ ਨਿੱਜੀ ਸੰਪਤੀ ਨੂੰ ਜੋੜਨ ਦਾ ਰੁਝਾਨ ਜਨਮਿਆ। ਮਨੁੱਖ ਨਿੱਜੀ ਸਤਰ ਤੇ ਪਹਿਲਾਂ ਅਮੀਰ, ਫਿਰ ਉਮਰਾ (ਅਮੀਰਾਂ ਚੋਂ ਅਮੀਰ), ਅਤੇ ਉਮਰਾਓ (ਉਮਰਿਆਂ ਚੋਂ ਸਿਰਮੋਰ)ਬਣਿਆ। ਨਿੱਜੀ ਸੰਪਤੀ ਨੂੰ ਜਮਾਂ ਕਰਨ ਦੀ ਇਹ ਲਾਲਸਾ ਹੀ ਨਿੱਜ ਤੋਂ ਕਬੀਲੇ, ਦੂਸਰੇ ਕਬੀਲੇ ਅਤੇ ਫਿਰ ਧਰਤੀ ਦੇ ਹੋਰ ਖੰਡਾ ਤੇ ਕਬਜ਼ੇ ਦੀ ਭਾਵਨਾ ‘ਚ ਬਦਲੀ। ਪੂੰਜੀਵਾਦ ਦਾ ਵਿਰਾਟ ਰੂਪ ਬਸਤੀਵਾਦ ਅਤੇ ਸਾਮਰਾਜਵਾਦ ਬਣ ਕੇ ਸਾਹਮਣੇ ਆਇਆ। ਜੀਵਨ ਲਈ ਲੋੜੀਂਦੇ ਸਾਧਨਾਂ ਅਤੇ ਸੋਮਿਆਂ ਦੇ ਨਿੱਜੀ ਕਬਜ਼ੇ ਹੇਠ ਆ ਜਾਣ ਨਾਲ ਜਨ-ਸਧਾਰਨ ਜੀਵਨ ਨਿਰਬਾਹ ਲਈ ਇਹਨਾਂ ਨਿੱਜੀ ਮਲਕੀਅਤਾਂ ਦੇ ਮੁਥਾਜ ਹੁੰਦੇ ਚਲੇ ਗਏ।
------
ਧਰਤੀ ਮਨੁੱਖ ਦੀ ਨਾ ਰਹੀ। ਗ਼ੁਲਾਮਾਂ ਅਤੇ ਮਾਲਕਾਂ ਦੀ ਬਣ ਗਈ। ਗੁਰੂ ਨਾਨਕ ਨੇ ਇਸਨੂੰ ‘ਲਾਲੋ’ ਅਤੇ ‘ਭਾਗੋ’ ਦੇ ਰੂਪ ‘ਚ ਦ੍ਰਿਸ਼ਟਾਮਾਨ ਕੀਤਾ। ਲਾਲੋ ਜਿਸ ਕੋਲ ਦੋ ਵੇਲੇ ਦੀ ਰੋਟੀ ਪ੍ਰਾਪਤ ਕਰਨ ਲਈ ਅਪਣੀ ਮਿਹਨਤ ਮੁਸ਼ੱਕਤ ਤੋਂ ਸਿਵਾ ਕੁਝ ਹੋਰ ਵੇਚਣ ਲਈ ਨਹੀਂ। ਭਾਗੋ ਜੋ ਲਾਲੋਆਂ ਦੀ ਮਜ਼ਦੂਰੀ ਅਤੇ ਉਸਦੀ ਉਪਜ ਦਾ ਮਾਲਕ ਵੀ ਹੈ ਅਤੇ ਅਜਿਹੇ ਮਨੁੱਖਾਂ ਨੂੰ ਖ਼ਰੀਦ ਵੇਚ ਵੀ ਸਕਦਾ ਸੀ। ਲੋਕਾਂ ਉੱਤੇ ਜੋਕਾਂ ਦੇ ਕਬਜ਼ੇ ਵਾਲਾ ਸਮਾਜ ਮਨੁੱਖੀ ਹੋਣੀ ਨਹੀਂ। ਮਨੁੱਖੀ ਸੱਚ ਨਹੀਂ। ਗੁਰੂ ਨਾਨਕ ਨੇ ਐਸੇ ਸਮਾਜ ਵਾਲੇ ਯੁੱਗ ਨੂੰ ‘ਕਲਯੁੱਗ’ ਆਖਿਆ ਸੀ ਜਿਸ ‘ਚ ਲਾਲਸਾ/ਤ੍ਰਿਸ਼ਨਾ ਦੇ ਅਗਨ-ਰੱਥ ਨੂੰ ਕੂੜ ਚਲਾ ਰਿਹਾ ਹੈ।
-----
ਗੁਰੂ ਨਾਨਕ ਯੁੱਗ ਕਵੀ ਸਨ। ਜਿਹਨਾਂ ਦੀ ਕਲਮ ਧਰਤੀ ਦੇ ਧੁਰ ਨੂੰ ਸ਼ਬਦਾਂ ‘ਚ ਰੂਪਮਾਨ ਕਰਦੀ ਸੀ। ਲੋਕਾਂ ਦਾ ਲਹੂ ਰੋਂਦੀ ਸੀ। ਜੋਕਾਂ ਨੂੰ ਵੰਗਾਰਦੀ ਸੀ। ਭਾਗੋ ਦੇ ਨਿਉਂਦੇ ਨੂੰ ਠੁਕਰਾ ਕੇ ਲਾਲੋ ਦੇ ਘਰ ਰੋਟੀ ਖਾਣ ਤੋਂ ਪਹਿਲਾਂ ਉਹਨਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਸੀ। ਰਬਾਬ ਵੱਜੀ ਸੀ। ਉੱਚੀ ਸੁਰ ‘ਚ। ਰਬਾਬ ਦੀਆਂ ਸੁਰਾ ‘ਚ ਉਸ ਸ਼ਾਮ ਇਕ ਅਕਹਿ ਅਤੇ ਅਸਹਿ ਪੀੜਾ ਸੀ। ਲਾਲੋ ਦੇ ਦਿਨ ਭਰ ਦੀ ਮੁਸ਼ੱਕਤ ਨਾਲ ਪੱਛੇ ਜਿਸਮ ਚੋਂ ਸਿੰਮਦੇ ਲਹੂ ਪਸੀਨੇ ਰਲੀ ਵਾਸ਼ਨਾ ਭਰੀ ਹਵਾ ਉਸ ਵਿਹੜੇ ‘ਚ ਓਦਣ ਸੰਗਤ ਰੂਪ ‘ਚ ਇਕੱਤਰ ਸੀ। ਜਿਸ “ਖੂੰਨ ਕੇ ਸੋਹਿਲੇ” ਗੁਰੂ ਨਾਨਕ ਅਤੇ ਮਰਦਾਨੇ ਨੇ ਰਲ ਕੇ ਉਸ ਸ਼ਾਮ ਗਾਏ ਸਨ ਉਹ ‘ਖ਼ੂਨ’ ਕਿਰਤੀਆਂ ਦਾ ਸੀ। ਲੋਕਾਂ ਦਾ ਸੀ।
-----
ਪੰਜਾਬੀ ਵਿਰਾਸਤ ‘ਚ ਇਸ ਸ਼ਾਮ ਪਹਿਲੀ ਵੇਰ ਸਾਹਿਤ ਅਤੇ ਕਲਾ ਨੂੰ ‘ਝੁੱਗੀ’ ਅਤੇ ‘ਮਹਿਲ’ ਦੋਹਾਂ ਵਲੋਂ ਸੱਦਾ ਸੀ। ਇਹ ਸਾਹਿਤ ਅਤੇ ਕਲਾ ਨੇ ਨਿਸਚਿਤ ਕਰਨਾ ਸੀ ਕਿ ਉਸਨੇ ਕਿਸ ਵੱਲ ਜਾਣਾ ਹੈ। ਇਹਨਾਂ ਪਲਾਂ ‘ਚ ਕੀਤੇ ਫੈਸਲੇ, ਨੇ ਯੁੱਗਾਂ ਨੂੰ ਪ੍ਰਭਾਵਿਤ ਕਰਨਾ ਸੀ। ‘ਕਵੀ’ ਅਤੇ ‘ਕਲਾਕਾਰ’ ਨੇ ਉਸ ਸ਼ਾਮ ਅਪਣੇ ‘ਧੁਰ’ ਨੂੰ ਸੁਣਿਆ ਸੀ। ਜਿਸ ਚੋਂ ਧਰਤੀ ਦੀ ਰੂਹ ਬੋਲਦੀ ਸੀ। ਧਰਤੀ ਦਾ ਦਰਦ ਹੂਕਦਾ ਸੀ। ਧੁਰ ਜੋ ਧਰਤੀ ਦਾ ਜਾਇਆ ਸੀ। ਪੰਜਾਬੀ ਕਵਿਤਾ ਅਤੇ ਕਲਾ ਨੇ ‘ਲਾਲੋ’ ਦਾ ਦਰ ਜਾ ਖੜਕਾਇਆ ਸੀ।
-----
ਇਸ ਸ਼ਾਮ ਨੇ ਜਿੱਥੇ ਸੱਚ ਅਤੇ ਕੂੜ ਨੂੰ ਪ੍ਰਤੱਖ ਕੀਤਾ ਸੀ, ਓਥੇ ਇਸਨੇ ਸਾਹਿਤ ਅਤੇ ਕਲਾ ਦੀ ਪ੍ਰਤੀਬੱਧਤਾ ਨੂੰ ਵੀ ਸਥਾਪਤ ਕੀਤਾ। ਇਸ ਨੇ ਪੰਜਾਬੀ ਵਿਰਸੇ ‘ਚ ਕਵੀਆਂ ਅਤੇ ਕਲਾਕਾਰਾਂ ਲਈ ਉਸ ‘ਸੱਚ’ ਨੂੰ ਥਾਪਿਆ ਜਿਸ ਚੋਂ ਉਹ ਅਪਣੇ ਧੁਰ ਦਾ ਚਿਹਰਾ ਵੇਖ ਸਕਦੇ ਸਨ। ਜਾਣ ਸਕਦੇ ਸਨ ਕਿ ਉਹ ਲਾਲੋਆਂ ਵੱਲ ਹਨ ਜਾਂ ਭਾਗੋਆਂ ਵੱਲ? ਉਹਨਾਂ ਦੀ ਕਲਮ ਅਤੇ ਕਲਾ ਲੋਕਾਂ ਲਈ ਹੈ ਜਾਂ ਜੋਕਾਂ ਲਈ? ਉਸ ਸ਼ਾਮ ਭਾਗੋ ਦੇ ਸ਼ਾਮਿਆਨਿਆਂ ਥੱਲੇ ਵੀ ਗੀਤ ਗਾਏ ਜਾ ਰਹੇ ਸਨ, ਸਾਜ਼ ਵੱਜ ਰਹੇ ਸਨ। ਨਿਰਸੰਦੇਹ ਉਹ ਗੀਤ, ਗਵੱਈਏ, ਕਲਾਕਾਰ, ਅਤੇ ਸਾਜ਼ਿੰਦੇ ‘ਜੋਕਾਂ’ ਦੇ ਖ਼ੁਸ਼ਾਮਦੀਏ ਸਨ।
-----
ਅੱਜ ਇਸ ਘਟਨਾ ਨੂੰ ਘੱਟੋ ਘੱਟ 500 ਸਾਲ ਬੀਤ ਚੁੱਕੇ ਹਨ। ਇਹਨਾਂ ਸਦੀਆਂ ‘ਚ ਲਾਲੋ ਅਤੇ ਭਾਗੋ ਦੀ ਪ੍ਰਤੱਖ ਦਿਸਦੀ ਵੰਡ ਦੇ ਰੂਪ ਬੇਸ਼ੱਕ ਬਦਲੇ ਹਨ ਪਰ ਇਸਦਾ ਅਸਲ ਅਤੇ ਖਾਸਾ ਹੋਰ ਵੀ ਭਿਆਨਕ ਅਤੇ ਵਹਿਸ਼ੀ ਹੋਇਆ ਹੈ। ਲਾਲੋ ਕੋਲ ਗੁਰੂ ਨਾਨਕ ਵੇਲੇ ਵੀ ਰੋਟੀ ਕਮਾਉਣ ਲਈ ਅਪਣਾ ਖ਼ੂਨ-ਪਸੀਨਾ ਹੀ ਸੀ ਤੇ ਅੱਜ ਵੀ। ਭਾਗੋ ਕੋਲ ਉਸਨੂੰ ਲੁੱਟਣ ਦੇ ਸਾਧਨ ਅਤੇ ਵਸੀਲੇ ਬੇਸ਼ੱਕ ਇਕ ਤੋਂ ਅਨੇਕ ਹੋ ਚੁੱਕੇ ਹਨ।
-----
ਰਾਜਾਸ਼ਾਹੀ, ਰਜਵਾੜਾਸ਼ਾਹੀ ਤੋਂ ਹੁੰਦੀ ਹੋਈ ਸਟੇਟ ਤਕ ਪੁੱਜੀ ਹੈ। ਵੀਹਵੀਂ ਸਦੀ ਦੇ ਪਿਛਲੇ 25 ਵਰ੍ਹਿਆਂ ‘ਚ ਸਟੇਟ ਤੇ ਨਿੱਜੀ ਕਾਰਪੋਰੇਸ਼ਨਾਂ ਪੂਰੀ ਤਰਾਂ ਹਾਵੀ ਹੋ ਚੁੱਕੀਆਂ ਹਨ। ਸਟੇਟ ਵਲੋਂ, ਲੋਕ-ਹਿੱਤ ‘ਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ‘ਕਾਰਪੋਰੇਸ਼ਨਾਂ ਦੇ ਹਿੱਤਾਂ’ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕਾਰਪੋਰੇਸ਼ਨਾਂ ਦੀਆਂ ਹੱਥ-ਠੋਕੀਆਂ ਬਣ ਚੁੱਕੀਆਂ ਸਟੇਟਾਂ, ਲੋਕ-ਦਮਨ ਦਾ ਚੱਕਰ ‘ਲੋਕਤੰਤਰ’ ਦੀ ਆੜ ‘ਚ ਚਲਾਉਂਦੀਆਂ ਹਨ। ਇਹ ਉਹ ‘ਲੋਕਤੰਤਰ’ ਹਨ ਜਿਹਨਾਂ ‘ਚ ‘ਪੂੰਜੀਪਤੀਆਂ’ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ। ਪੂਰੀ ਦੁਨੀਆਂ ‘ਚ ‘ਗਲੋਬਲ ਮੰਡੀ’ ਦਾ ਦੈਂਤ ਆਦਮ-ਬੋ…ਆਦਮ-ਬੋ ਕਰਦਾ ਫਿਰਦਾ ਹੈ। ਇਹ ‘ਸਟੇਟ’ ਦਾ ਉਹੀ ਵਿਗਾੜ ਹੈ ਜਿਸਨੂੰ 18ਵੀ ਸਦੀ ‘ਚ ਹੋਇਆ ਸਮਾਜ-ਸ਼ਾਸਤਰੀ ‘ਰੂਸੋ’ ਅਪਣੀ ਪ੍ਰਸਿੱਧ ਕਿਤਾਬ ‘ਦਾ ਸੋਸ਼ਲ ਕੰਟਰੈਕਟ’ ‘ਚ ਇਵੇਂ ਬਿਆਨ ਕਰਦਾ ਹੈ:
“ਬੁਰੇ ਲੋਕਤੰਤਰ ਵਿੱਚ ਬਰਾਬਰਤਾ ਮਹਿਜ਼ ਵਿਖਾਵਾ ਅਤੇ ਭਰਮ-ਜਾਲ ਹੁੰਦਾ ਹੈ। ਅਜਿਹਾ ਲੋਕਤੰਤਰ ਸਿਰਫ਼ ਉਹ ਸਾਧਨ / ਸੰਦ ਹੈ ਜੋ ਗਰੀਬਾਂ ਨੂੰ ਗੁਰਬਤ ਵਿੱਚ ਜੀਣ ਅਤੇ ਅਮੀਰਾਂ ਦੀ ਲਗਾਤਾਰ ਚੜ੍ਹਤ ਨੂੰ ਯਕੀਨੀ ਬਣਾਉਂਦਾ ਹੈ। ਕਾਨੂੰਨ ਹਮੇਸ਼ਾ ਉਹਨਾਂ ਦੇ ਹਿੱਤ ਪਾਲਦੇ ਹਨ ਜਿਹਨਾਂ ਕੋਲ ‘ਜਮਾਂ ਪੂੰਜੀ’ ਅਤੇ ਸਾਧਨਾਂ ਦੀ ਮਾਲਕੀ ਹੈ, ਅਤੇ ਉਹਨਾਂ ਲਈ ਹੋਰ ਵੀ ਘਾਤਕ ਹਨ ਜਿਹਨਾਂ ਕੋਲ ‘ਕੁਝ ਵੀ ਨਹੀਂ’ ਸਿਵਾ ਅਪਣੀ ਮਜ਼ਦੂਰੀ ਦੇ। ਲੋਕਤੰਤਰ ਪ੍ਰਣਾਲੀ ਤਦ ਹੀ ਕਾਰਗਰ ਅਤੇ ਕਲਿਆਣਕਾਰੀ ਹੋ ਸਕਦੀ ਹੈ ਜੇਕਰ ਇਸ ਦੇ ਹਰ ਨਾਗਰਿਕ ਪਾਸ ਲੋੜੀਂਦੀ ਨਿੱਜੀ ਮਾਲਕੀ ਹੋਵੇ ਅਤੇ ਕਿਸੇ ਕੋਲ ਵੀ ਲੋੜ ਤੋਂ ਵੱਧ ਨਾ ਹੋਵੇ।”
-----
ਅੱਜ ਦੁਨੀਆਂ ਭਰ ਵਿੱਚ ਅਜਿਹੇ ਭਰਮ-ਰੂਪੀ ਲੋਕਤੰਤਰ ਦੀ ਤੂਤੀ ਬੋਲਦੀ ਹੈ। ਰਾਸ਼ਟਰੀ ਪੱਧਰਾਂ ਤੇ ਇਹ ਲੋਕਤੰਤਰ ਅਪਣੀ ਸਰਪ੍ਰਸਤੀ ਹੇਠ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਅਤੇ ਸਾਹਿਤਕ ਪ੍ਰਣਾਲੀਆਂ ਚਲਾਉਂਦੇ ਹਨ। ਜੋ ਇਹਨਾਂ ਦਾ ‘ਲੋਕ-ਦਮਨ’ ਏਜੰਡਾ ਲਾਗੂ ਕਰਦੀਆਂ ਹਨ। ਸਰਮਾਏਦਾਰੀ ਗਲਬੇ ਵਾਲੇ ਰਾਜ ਪ੍ਰਬੰਧਾਂ ਤਹਿਤ ਸਮਾਜ ਦੀਆਂ ਇਹ ਅਹਿਮ ਸੰਸਥਾਵਾਂ ਬੜੇ ਯੋਜਨਾਬੱਧ ਤਰੀਕੇ ਨਾਲ ਮਨੁੱਖ ਨੂੰ ਅਪਣੇ ਮੂਲ ਨਾਲੋਂ ਤੋੜ ਕੇ ਗ਼ੈਰ-ਕੁਦਰਤੀ ਵਰਤਾਰੇ ਦੇ ਜੰਜਾਲ ‘ਚ ਜਕੜਦੀਆਂ ਹਨ। ਕਾਰਲ ਮਾਰਕਸ ਅਪਣੀ ਪ੍ਰਸਿੱਧ ਪੁਸਤਕ ‘ਕੈਪੀਟਲ’ ਵਿੱਚ ਪੂੰਜੀਵਾਦੀਆਂ ਦੇ ਇਹਨਾਂ ਮਨਸੂਬਿਆਂ ਦਾ ਭੇਤ ਖੋਲ੍ਹਦਾ ਹੈ:
“ਪੂੰਜੀਵਾਦੀ ਪ੍ਰਬੰਧ ਮਨੁੱਖ ਨੂੰ ਅਪਣੀ ਮਿਹਨਤ ਦੀ ਪੈਦਾਵਾਰ ਅਤੇ ਪੈਦਾਵਾਰ ਦੇ ਸਾਧਨਾਂ (ਸੰਦ, ਮਸ਼ੀਨਾਂ, ਫੈਕਟਰੀਆਂ ਆਦਿ) ਨਾਲੋਂ ਤੋੜਦਾ ਹੈ। ਐਸੇ ਮਾਹੌਲ ‘ਚ ਅਪਣੀ ਹੋਂਦ ਲਈ ਜੂਝਦਾ ਮਨੁੱਖ, ਅਪਣੇ ਕੁਦਰਤੀ ਸੁਭਾਅ ਨਾਲੋਂ ਟੁੱਟ ਜਾਂਦਾ ਹੈ। ਕਿਉਂਕਿ, ਕੁਦਰਤੀ ਸਾਧਨਾਂ ਤੋਂ ਅਪਣੀ ਮਿਹਨਤ ਨਾਲ ਪੈਦਾ ਕੀਤੀ ‘ਜੀਣ ਲਈ ਲੋੜੀਂਦੀ’ ਵਸਤੂ ਤੇ ਮਨੁੱਖ ਦਾ ਕੁਦਰਤੀ ਹੱਕ ਹੁੰਦਾ ਹੈ। ਅਪਣੀ ਕਿਰਤ ਤੇ ਅਜਿਹਾ ਆਜ਼ਾਦਾਨਾ ਹੱਕ ਹੀ ਮਨੁੱਖੀ ਨਸਲ ਦਾ ਬੁਨਿਆਦੀ ਖਾਸਾ ਹੈ। ਇਸ ਜਮਾਂਦਰੂ ਹੱਕ ਦੀ ਚੇਤਨਾ ਹੀ ਉਸਨੂੰ ਪਸ਼ੂ ਵਰਗ ਤੋਂ ਭਿੰਨ ਕਰਦੀ ਹੈ। ਮਨੁੱਖ ਦੀ ਮਿਹਨਤ, ਉਸਦੀ ਉਪਜ, ਅਤੇ ਉਪਜ ਦੇ ਸਾਧਨਾਂ ਨੂੰ ਮਨੁੱਖ ਨਾਲੋਂ ਤੋੜ ਕੇ ਪੂੰਜੀਵਾਦ, ਅਸਲ ‘ਚ ਮਨੁੱਖ ਨੂੰ ਮਹਿਜ਼ ਉਪਜ ਦੇ ਇੱਕ ਸੰਦ, ਪੁਰਜ਼ੇ ਜਾਂ ਮਸ਼ੀਨ ‘ਚ ਬਦਲ ਦਿੰਦਾ ਹੈ।”
-----
ਅਪਣੇ ਅਸਲ ਤੋਂ ਟੁੱਟ ਕੇ ਜੀਣ ਦਾ ਆਦੀ ਹੋਇਆ ਮਨੁੱਖ ਅਪਣੇ ਅੰਦਰੂਨੀ ਖ਼ਲਾਅ ਨੂੰ ਗ਼ੈਬੀ ਸ਼ਕਤੀਆਂ, ਸੁਪਨ ਮੰਡਲਾਂ ਅਤੇ ਨਸ਼ਿਆਂ ਰਾਹੀਂ ਭਰਨ ਦਾ ਆਹਰ ਕਰਨ ਲੱਗਦਾ ਹੈ। ਏਥੇ ਪੁੱਜ ਕੇ ‘ਧਰਮ’ ਸਟੇਟ ਦੇ ਬੜਾ ਕੰਮ ਆਉਂਦਾ ਹੈ। ਕਿਉਂਕਿ ਇਸ ਦਿਸਦੇ ਪਦਾਰਥਿਕ ਸੰਸਾਰ ਦੀ ਹੋਂਦ ਨੂੰ ਝੂਠਲਾ ਕੇ ਰੂਹਾਨੀ/ਗ਼ੈਬੀ ਸੰਸਾਰ ਨੂੰ ਮਨੁੱਖੀ ਚੇਤਿਆਂ ‘ਚ ਉਕਰਨਾ ਹੀ ਹਰ ਧਰਮ ਦਾ ਮੂਲ ਸਿਧਾਂਤ ਹੈ। ਜੇਕਰ ਇਹ ਦਿਸਦਾ/ਹਕੀਕੀ ਸੰਸਾਰ ਝੂਠ ਹੈ, ਛਲਾਵਾ ਹੈ, ਧੂੰਏ ਦੇ ਮਹਿਲ ਸਮਾਨ ਹੈ, ਚਹੁੰ ਕੁ ਦਿਨਾਂ ਦਾ ਬਸੇਰਾ ਹੈ, ਤਾਂ ਮਨੁੱਖ ਇਸ ਦੇ ਹਾਲਾਤ ਨੂੰ ਬਦਲਣ ਲਈ ਕਿਸੇ ਇਨਕਲਾਬੀ ਰਾਹ ਪੈਣ ਦੀ ਬਜਾਏ ਉਸ ਸੰਸਾਰ ਬਾਰੇ ਹੀ ਸੋਚੇਗਾ ਜੋ ਸੱਚਾ ਹੈ ਅਤੇ ਮਨੁੱਖ ਦਾ ਅਸਲੀ ਘਰ ਹੈ। ਏਥੇ ਦੇ ‘ਚਾਰ ਕੁ ਦਿਨ’ ਧਰਮ ਦੇ ਅੰਨੇ-ਪੈਰੋਕਾਰਾਂ ਲਈ ‘ਭਾਣਾ ਮੰਨ’ ਕੇ ਸੁਖਾਲੇ ਲੰਘ ਸਕਦੇ ਹਨ। ਪੂੰਜੀਵਾਦ ਵਲੋਂ ਬੰਦ ਬੰਦ ਕੱਟਿਆ ਜਾ ਰਿਹਾ ਸਾਧਾਰਨ ਕਿਰਤੀ ਮਨੁੱਖ ਅਪਣੇ ਹਰ ਦੁੱਖ ਦਾ ਦਾਰੂ ਧਰਮ ‘ਚ ਦੇਖਣ ਲੱਗਦਾ ਹੈ। ਤਦ ਹੀ ਜੇਕਰ ਵੀਹਵੀਂ ਸਦੀ ਦੇ ਪਿਛਲੇ 25ਕੁ ਵਰਿਆਂ ਨੂੰ ਗਹੁ ਨਾਲ ਵਾਚੀਏ ਤਾਂ ਧਰਮ ਅਸਥਾਨਾਂ, ਸਾਧਾਂ-ਸੰਤਾਂ ਅਤੇ ਡੇਰਿਆਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆਵੇਗੀ। ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲਿਆਂ ਦੀ ਵਸੋਂ ਵਾਲੇ ਇਲਾਕਿਆਂ ‘ਚ ਗੁਰਦੁਆਰੇ, ਮੰਦਰ, ਮਸਜਿਦ, ਗਿਰਜੇ ਅਤੇ ਬਾਬਿਆਂ ਦੇ ਡੇਰੇ ਵਧੇਰੇ ਮਿਲਣਗੇ।
-----
ਧਰਮ ਵਾਂਗ ਹੀ ਸਟੇਟ ਵਲੋਂ ਸਾਹਿਤ ਅਤੇ ਕਲਾ ਨੂੰ ਵੀ ਵਰਤਿਆ ਜਾਂਦਾ ਹੈ। ਧਾਰਮਿਕ ਸਟੇਜੀਆਂ ਵਾਂਗ, ਸਾਹਿਤਕ ਸਟੇਜੀਏ ਵੀ ਲੋਕਾਂ ਨੂੰ ਘੜੀ ਦੋ ਘੜੀ ਉਹਨਾਂ ਦੀਆ ਹੀ ਵਲੂੰਧਰੀਆਂ ਭਾਵਨਾਵਾਂ ਨੂੰ ਅਕਸਪਲਾਇਟ ਕਰਕੇ ਜਜ਼ਬਾਤੀ ਕਰਦੇ ਹਨ। ਰੁਆਉਂਦੇ ਹਨ। ਹਸਾਉਂਦੇ ਹਨ। ਲ਼ੁੱਟੇ-ਪੁੱਟਿਆਂ ਨੂੰ ਸਾਹਿਤ ਅਤੇ ਕਲਾ ਦੇ ਨਾਮ ਤੇ ਲੁੱਟਦੇ ਹਨ। ਅਜਿਹੇ ਨਿੱਜੀ ਪੱਧਰ ਦੇ ਦਰਦ, ਦੁੱਖ, ਸਵੈ-ਤਰਸ, ਰੁਦਨ ਜਾਂ ਜ਼ਿਹਨੀ ਅੱਯਾਸ਼ੀ ਨੂੰ ਪੱਠੇ ਪਾਉਣੀਆਂ ਲਿਖਤਾਂ/ਕਿਰਤਾਂ ਅਤੇ ਕਲਾ-ਵਸਤੂਆਂ ਦੀ ਪ੍ਰਮੋਸ਼ਨ ਕਰਦੇ ਸਾਹਿਤ/ਕਲਾ ਨੂੰ ਹੀ ਸਰਕਾਰੀ ਅਦਾਰਿਆਂ ਵਲੋਂ ਸਨਮਾਨਿਆ ਜਾਂਦਾ ਹੈ। ਇਹਨਾਂ ਸਰਾਕਾਰੀ ਸਾਹਿਤਕ ਅਦਾਰਿਆਂ ਦੇ ਪ੍ਰਬੰਧਕ ਅਸਲ ‘ਚ ਉਸ ‘ਮਿੰਨੀ ਸਾਹਿਤਕ ਸਟੇਟ’ ਦੇ ਕਰਤੇ ਧਰਤੇ ਹਨ, ਜੋ ਅਗਾਂਹ ‘ਸਟੇਟ’ ਦੀ ਕਠਪੁਤਲੀ ਹੈ। ਇਵੇਂ ਇਸ ‘ਮਿੰਨੀ ਸਾਹਿਤਕ ਸਟੇਟ’ ਦਾ ਏਜੰਡਾ ਅਸਿੱਧੇ ਰੂਪ ‘ਚ ਪੂੰਜੀਵਾਦ ਦਾ ਹੀ ਏਜੰਡਾ ਹੋ ਨਿੱਬੜਦਾ ਹੈ। ਗਹੁ ਨਾਲ ਵੇਖਿਆਂ ਇਹ ਸਥਿਤੀ ਇਵੇਂ ਹੈ ਕਿ:
........
ਇੱਕ ਗੋਲਬਲ ਪੱਧਰੀ ਜੇਲ੍ਹ ਹੈ। ਜਿਸ ਵਿੱਚ ਦੁਨੀਆਂ ਦੇ ਉਹ ਸਾਰੇ ਲੋਕ ਕੈਦ ਹਨ ਜਿਹਨਾਂ ਦੀ ਸਰਵਾਈਵਲ ਅਪਣੀ ਮਿਹਨਤ ਅਤੇ ਕਿਰਤ ਵੇਚਣ ‘ਚ ਹੈ। ਇਸ ਵਿਸ਼ਾਲ ਜੇਲ੍ਹ ਦੇ ਜੇਲ੍ਹਰ ਅਤੇ ਦਰੋਗੇ ਉਹ ਪੂੰਜੀਪਤੀਏ ਹਨ ਜੋ ਇਹਨਾਂ ਕੈਦੀਆਂ ਦੀ ਕਿਰਤ ਦੀ ਉਪਜ ਨੂੰ ਵੇਚਦੇ ਵੱਟਦੇ ਹਨ। ਮੁਨਾਫ਼ਾ ਕਮਾਉਂਦੇ ਹਨ। ਕੈਦੀਆਂ ਨੂੰ ਜੀਂਦੇ ਰਹਿਣ ਲਈ ਲੋੜੀਂਦੇ ਘੱਟੋ-ਘੱਟ ਵਸੀਲੇ ਮੁਹੱਈਆ ਰੱਖੇ ਜਾਂਦੇ ਹਨ। ਕੈਦੀਆਂ ਵਿੱਚ ਇਹ ਭਰਮ ਜਾਲ ਕਾਇਮ ਰੱਖਿਆ ਜਾਂਦਾ ਹੈ ਕਿ ਇਹ ਜੇਲ੍ਹ ਨਹੀਂ ਉਹਨਾਂ ਦਾ ਘਰ ਹੈ। ਉਹਨਾਂ ਦੀ ਹੋਣੀ ਹੈ। ਕੈਦੀਆਂ ਦਾ ਮਨ ਪਰਚਾਇਆ ਜਾਂਦਾ ਹੈ। ਸਾਹਿਤ ਦੇ ਨਾਮ ਤੇ ਕਥਾ-ਕਹਾਣੀਆਂ, ਕਵਿਤਾਵਾਂ ਅਤੇ ਕਲਾ ਦੇ ਨਾਮ ਤੇ ਨਾਟਕ, ਫਿਲਮਾਂ ਅਤੇ ਗਾਉਣ-ਵਜਾਉਣ ਨੂੰ ਉਤਾਸ਼ਾਹਿਤ ਕੀਤਾ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਇਹ ਸਭ ਜੇਲ੍ਹ ਦੀ ਚਾਰ ਦੀਵਾਰੀ ਅੰਦਰ ਹੀ ਵਾਪਰ ਰਿਹਾ ਹੈ। ਜੇਲ੍ਹ ਅੰਦਰਲੇ ਸਾਹਿਤਕਾਰ/ਕਲਾਕਾਰ ਅਤੇ ਉਹਨਾਂ ਦੇ ਸਰਗਣੇ ਅਸਲ ‘ਚ ਅਪਣੀ ਪ੍ਰਤਿਭਾ ਰਾਹੀਂ ਕੈਦੀਆਂ ਲਈ ਉਹ ਨਸ਼ਾ ਪੈਦਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਅਪਣੀਆਂ ਕੜੀਆਂ ਅਤੇ ਬੇੜੀਆਂ ਭੁੱਲੀਆਂ ਰਹਿੰਦੀਆਂ ਹਨ। ਇਵਜ਼ਾਨੇ ਵਜੋਂ ਜੇਲ੍ਹ ਅੰਦਰਲੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਤਰਾਂ ਤਰਾਂ ਦੇ ਇਨਾਮਾਂ ਨਾਲ ਨਿਵਾਜ਼ਿਆ ਜਾਂਦਾ ਹੈ। ਇਸ ਤਰਾਂ ਉਹ ਸਭ ਕੁਝ ਉਵੇਂ ਦਾ ਉਵੇਂ ਅਤੇ ਠੀਕ ਠਾਕ ਰਹਿੰਦਾ ਹੈ ਜਿਸ ਨਾਲ ਪੂੰਜੀਵਾਦ ਮੁਨਾਫ਼ਾ-ਦਰ–ਮੁਨਾਫ਼ਾ ਕਮਾਉਣ ਵੱਲ ਬੇਰੋਕ ਵਧਦਾ ਰਹਿੰਦਾ ਹੈ। ਇਹ ਸਾਹਿਤ ਅਤੇ ਕਲਾ ਦੇ ਵਿਰਾਟ ਪੱਧਰ ਤੇ ਜੋਕਾਂ ਦੇ ਹੱਕ ‘ਚ ਭੁਗਤਣ ਦਾ ਵਰਤਾਰਾ ਹੈ।
ਤਦ ਹੀ ਜੇਕਰ ਪਿਛਲੇ 25 ਵਰ੍ਹਿਆਂ ਦੌਰਾਨ ਸੱਥ-ਪੱਧਰੀ ਇਨਾਮਾਂ ਤੋਂ ਲੈ ਕੇ ਨੋਬਲ ਪੁਰਸਕਾਰਾਂ ਤੱਕ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਹ ਤੱਥ ਸਪੱਸ਼ਟ ਰੂਪ ‘ਚ ਸਾਹਮਣੇ ਆਉਂਦਾ ਹੈ ਕਿ, “ਸਾਹਿਤ ਅਤੇ ਕਲਾ ਨੂੰ ਮਿਲਣ ਵਾਲੇ ਬਹੁਗਿਣਤੀ ‘ਵੱਕਾਰੀ’ ਸਨਮਾਨ ਸਟੇਟ ਦੇ ਖ਼ੁਸ਼ਾਮਦੀਏ ਸਾਹਿਤ/ਕਲਾਕਾਰਾਂ ਨੂੰ ਹੀ ਵੰਡੇ ਜਾ ਰਹੇ ਹਨ।”
-----
ਇਹ ਵੀ ਮਹਿਜ਼ ਇਤਫਾਕ ਨਹੀਂ ਕਿ ਅੱਜ ਲੱਗਭੱਗ ਹਰ ਨਗਰ-ਮਹਾਂਨਗਰ ‘ਚ ‘ਸਾਹਿਤਕ’ ਬੈਨਰਾਂ ਵਾਲੀਆਂ ਉਹ ਸੰਸਥਾਵਾਂ ਧੜਾਧੜ ਪੈਦਾ ਹੋ ਰਹੀਆਂ ਹਨ, ਜੋ ਸਰਮਾਏਦਾਰਾਂ ਵਲੋਂ ਚਲਾਈਆਂ ਜਾਂਦੀਆਂ ਹਨ। ਇਹ ਸੰਸਥਾਵਾਂ ਸਟੇਟ ਦੇ ਉਸੇ ਏਜੰਡੇ ਦਾ ਹਿੱਸਾ ਹਨ ਜਿਹੜਾ ਏਜੰਡਾ ਮਨੁੱਖ ਨੂੰ ਹਰ ਹੀਲੇ ਉਸ ਭਰਮ ਜਾਲ ‘ਚ ਰੱਖਣਾ ਚਾਹੁੰਦਾ ਹੈ ਜੋ ਭਰਮ ਜਾਲ ਪੂੰਜੀਵਾਦ ਲਈ ਲਾਹੇਵੰਦ ਹੈ। ਕੇਹੀ ਵਿਡੰਬਨਾ ਹੈ ਕਿ ‘ਸਾਹਿਤਕ’ ਬੈਨਰਾਂ ਵਾਲੀਆਂ ਅਜਿਹੀਆਂ ਸੰਸਥਾਵਾਂ ਦੇ ਸਰਪ੍ਰਸਤ ਚਿੱਟੇ ਦਿਨ ਲੋਕਾਂ ਨੂੰ ਵਹਿਮਾਂ, ਭਰਮਾਂ ‘ਚ ਪਾਉਣ ਦਾ ਕਾਰੋਬਾਰ ਵੀ ਕਰਦੇ ਹਨ, ਅਤੇ ਸਾਹਿਤ-ਕਲਾ ਦੇ ਠੇਕੇਦਾਰ ਬਣ ਕੇ ਵੀ ਵਿਚਰਦੇ ਹਨ। ਅਜਿਹੇ ਅਨਸਰਾਂ ਦੇ ਪ੍ਰਚਾਰਕ ਹਨ ਜਿਹੜੇ ਗ਼ਰੀਬ, ਮਜ਼ਦੂਰ, ਜਨ-ਸਾਧਾਰਨ/ ਲੋਕਾਂ ਦਾ ਖ਼ੂਨ ਚੂਸਦੇ ਹਨ ਅਤੇ ਦੂਜੇ ਪਾਸੇ ਕਵੀ/ਕਲਾਕਾਰ ਕਹਾਉਂਦੇ ਲੋਕਾਂ ਲਈ ਮਹਿਫ਼ਿਲਾਂ ਵੀ ਸਜਾਉਂਦੇ ਹਨ। ਅਜਿਹੇ ਸਰਪ੍ਰਸਤਾਂ ਦੇ ਖ਼ੁਸ਼ਾਮਦੀਏ ਕਵੀ/ਕਲਾਕਾਰ ਨਿਰਸੰਦੇਹ ਕਵੀ ਜਾਂ ਕਲਾਕਾਰ ਤਾਂ ਹਨ ਪਰ ‘ਜੋਕਾਂ’ ਦੇ ਧੜੇ ਦੇ। ਲਹੂ-ਮਿੱਝ ਦਾ ਤੜਕਾ ਲੱਗੇ ਪਕਵਾਨਾਂ ਦੇ ਰਸੀਏ ‘ਲਾਲੋ’ ਕਿਰਤੀਆਂ ਦੇ ਯਾਰ ਨਹੀਂ ਹੋ ਸਕਦੇ।
------
ਲੜੀ ਜੋੜਨ ਲਈ ਦੂਜਾ ਭਾਗ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।