ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Saturday, April 10, 2010

ਸੁਰਿੰਦਰ ਸੋਹਲ-ਹਰਪਾਲ ਸਿੰਘ ਭਿੰਡਰ - ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ – ਲੇਖ - ਭਾਗ - ਦੂਜਾ

ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’!
ਲੇਖ – ਭਾਗ ਦੂਜਾ
ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
*******
ਜਦੋਂ ਬੰਦਾ ਸ਼ਾਇਰੀ ਆਰੰਭ ਕਰਦਾ ਹੈ ਤਾਂ ਉਸਦੇ ਜੀਵਨ ਦਾ ਪਹਿਲਾ ਪੜਾਅ ‘ਅਭਿਆਸੀ ਦੌਰ’ ਅਖਵਾਉਂਦਾ ਹੈ, ਜਦੋਂ ਉਹ ਤੁਕ-ਬੰਦੀ ਕਰਨ ਦਾ ਅਭਿਆਸ ਕਰਦਾ ਹੈ, ਹੌਲੀ ਹੌਲੀ ਤੁਕ-ਬੰਦੀ ਵਿਚ ਖ਼ਿਆਲ ਫੜ੍ਹਨ ਦਾ ਯਤਨ ਕਰਦਾ ਹੈ। ਹੌਲੀ ਹੌਲੀ ਉਹ ਅਭਿਆਸੀ ਦੌਰ ਦੀ ਅੱਗ ਵਿਚ ਪੱਕਦਾ ਜਾਂਦਾ ਹੈ। ਲੈਅ, ਤੋਲ ਉਸਦੇ ਖ਼ੂਨ ਵਿਚ ਰਚਦਾ ਜਾਂਦਾ ਹੈ। ਬੁਲੰਦ ਤਖ਼ਲੀਅਲ ਆਪਣੇ ਆਪ ਬਹਿਰ-ਵਜ਼ਨ ਵਿਚ ਢਲ਼ਣ ਲੱਗ ਪੈਂਦਾ ਹੈ। ਅਭਿਆਸੀ ਦੌਰ ਦੀ ਤੁਕ-ਬੰਦੀ ਭਾਵੇਂ ਉੱਚ-ਪਾਏ ਦੀ ਰਚਨਾ ਨਹੀਂ ਸਿਰਜ ਸਕਦੀ, ਪਰ ਉਹ ਨਿਰਾਰਥਕ ਨਹੀਂ ਹੁੰਦੀ। ਉਸ ਦਾ ਕੁਝ ਨਾ ਕੁਝ ਅਰਥ ਜ਼ਰੂਰ ਨਿਕਲਦਾ, ਫਰਕ ਸਿਰਫ਼ ਏਨਾ ਹੁੰਦਾ ਹੈ ਕਿ ਲੇਖਕ ਕੋਲ ਉਦੋਂ ਮੌਲਿਕਤਾ ਦੀ ਘਾਟ ਹੁੰਦੀ ਹੈ। ਅਭਿਆਸੀ ਦੌਰ ਦੀ ਭੱਠੀ ਵਿਚ ਪੱਕਣ ਤੋਂ ਬਾਅਦ ਸ਼ਾਇਰ (ਜੇ ਉਸਦੇ ਅੰਦਰ ਸੱਚਮੁੱਚ ਲਿਖਣ ਦੀ ਚਿਣਗ ਹੈ ਤਾਂ) ਸ਼ਾਇਰੀ ਵਿਚ ਨਵੇਂ ਆਯਾਮ ਪੈਦਾ ਕਰਦਾ ਹੈ।
-----
ਪੰਜਾਬੀ ਦੇ ‘ਸੂਫ਼ੀ’ ਪ੍ਰਭਾਵ ਵਾਲੇ ਗਾਇਕ (+ਗੀਤਕਾਰ) ਸਤਿੰਦਰ ਸਰਤਾਜ ਨੇ ‘ਯਾਮਾ’ ਵਾਲਾ ਗੀਤ ਉਦੋਂ ਗਾਇਆ ਹੈ, ਜਦੋਂ ਉਹ ਚਰਚਿਤ ਹੋ ਚੁੱਕਾ ਹੈ। (ਯੂਨੀਵਰਸਿਟੀ ਦੀ ਪੜ੍ਹਾਈ ਖ਼ਤਮ ਕਰ ਚੁੱਕਾ ਹੈ। ਯੂਨੀਵਰਸਿਟੀ ਵਿਚ ਪੜ੍ਹਾਉਣ ਲੱਗ ਪਿਆ ਹੈ। ਉਸਦੇ ਆਪਣੇ ਬਿਆਨ ਮੁਤਾਬਕ ਇਹ ਗੀਤ ਉਸਨੇ ਪਿਛਲੇ ਸਾਲ ਲਿਖਿਆ ਸੀ। ਜਦੋਂ ਇਹ ਗੀਤ ਲਿਖਿਆ ਗਿਆ, ਉਸਨੂੰ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਨੂੰ ਪੰਜ ਸਾਲ ਹੋ ਚੁੱਕੇ ਸਨ।) ਪਰ ਇਹ ਗੀਤ ਨਿਰਾਰਥਕ ਹੀ ਨਹੀਂ, ਅਭਿਆਸੀ ਦੌਰ ਤੋਂ ਵੀ ਪਹਿਲੀ ਸਟੇਜ (ਜੇ ਕੋਈ ਹੁੰਦੀ ਹੈ ਤਾਂ) ਦਾ ਹੈ। ਕਿੱਥੇ ਖੜ੍ਹਾ ਹੈ ਸਾਡਾ ਮਿਆਰ, ਪੰਜਾਬੀਓ ਜ਼ਰਾ ਸੋਚੋ!
------
ਅਸਲ ਵਿਚ ਅੱਜ ਕੱਲ੍ਹ ਸਾਰਾ ਕੁਝ ਹੀ ਵਿਉਪਾਰਕ ਹੋ ਰਿਹਾ ਹੈ। ਮੰਡੀ ਐਨ ਸਾਡੀਆਂ ਬਰੂਹਾਂ ’ਤੇ ਲਿਆ ਕੇ ਸਜਾਈ ਜਾਂਦੀ ਹੈ। ਮਸ਼ਹੂਰੀਆਂ ਦੀ ਚਕਾਚੌਂਧ ਅੱਖਾਂ ਚੁੰਧਿਆਉਂਦੀ ਹੈ। ਖਪਤਕਾਰ ਦੀ ਸਵੈ-ਨਿਰਣੈ ਕਰਨ ਦੀ ਸਮੱਰਥਾ ਖੁੱਸਦੀ ਹੈ। ਫਾਸਟ ਫੂਡ ਦੇ ਇਸ ਜ਼ਮਾਨੇ ਵਿਚ ਜੋ ਕੁਝ ਪਰੋਸਿਆ ਜਾਂਦਾ ਹੈ, ਖਾ ਲਿਆ ਜਾਂਦਾ ਹੈ। ਇਸ ਮਾਇਕ ਵਰਤਾਰੇ ਵਿਚ ਗ਼ਰੀਬ ਕਿਤੇ ਫਿੱਟ ਨਹੀਂ ਹੁੰਦਾ। ਪੈਸੇ ਦੇ ਜ਼ੋਰ ਨਾਲ ਉਸਨੂੰ ਪਿੱਛੇ ਧੱਕ ਦਿੱਤਾ ਜਾਂਦਾ ਹੈ। ਵੈਸੇ ਸੰਜੀਦਾ ਤੇ ਸੁਰੀਲੇ ਗਾਉਣ ਵਾਲਿਆਂ ਦੀ ਅੱਜ ਵੀ ਕੋਈ ਕਮੀ ਨਹੀਂ। ਲੋੜ ਹੈ ਸਿਰਫ਼ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ। ਸੰਜੀਦਾ ਗਾਇਕੀ ਦੇ ਸਭਿਆਚਾਰ ਨੂੰ ਪਰਮੋਟ ਕਰਨ ਦੀ। ਇਸ ਵਾਸਤੇ ਸਾਨੂੰ ਆਪਣੇ ਸਵਾਦ ਬਦਲਣੇ ਪੈਣਗੇ। ਦੂਜਾ, ਹਲਕਾ ਗਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਤੋਂ ਤੌਬਾ ਕਰਨੀ ਪਵੇਗੀ। ਤੀਜਾ, ਸੰਗੀਤ ਦੇ ਵੱਡੇ ਉਸਤਾਦਾਂ ਨੂੰ ਉਸਾਰੂ ਆਲੋਚਨਾ ਕਰਨ ਲਈ ਅੱਗੇ ਆਉਣਾ ਪਵੇਗਾ। ਸੰਗੀਤ ਆਲੋਚਨਾ ਦਾ ਖੇਤਰ ਬਿਲਕੁਲ ਖ਼ਾਲੀ ਪਿਆ ਹੈ। ਪੰਜਾਬ ਵਿਚ ਖੁੰਬਾਂ ਵਾਂਗ ਉੱਗੇ ਗਾਇਕਾਂ ਦਾ ਇਕ ਕਾਰਨ ਇਹ ਵੀ ਹੈ ਕਿ ਉੱਥੇ ਪੁਛਣ ਵਾਲਾ ਹੀ ਕੋਈ ਨਹੀਂ। ਪਾਕਿਸਤਾਨੀ ਪੰਜਾਬ ਵਿਚ ਵੀ ਬੇਸੁਰੇ ਹਨ, ਪਰ ਉਹਨਾਂ ਦੀ ਗਿਣਤੀ ਘੱਟ ਹੈ। ਪਾਕਿਸਤਾਨੀਆਂ ਨੇ ਇਕ ਤਾਂ ਸੰਜੀਦਾ ਗੀਤ-ਸੰਗੀਤ ਸੁਣਨ ਦਾ ਸ਼ੌਕ ਨਹੀਂ ਤਿਆਗਿਆ। ਦੂਸਰਾ, ਉਸਤਾਦ ਅਜਿਹੇ ਲੋਕਾਂ ਦੀ ਆਲੋਚਨਾ ਹੀ ਏਨੀ ਤਿੱਖੀ ਕਰ ਦਿੰਦੇ ਹਨ ਕਿ ਉਹ ਮੈਦਾਨ ਵਿਚ ਟਿਕ ਨਹੀਂ ਸਕਦੇ। ਉਹ ਬੰਦੇ ਨੂੰ ਟਿੱਚਰਾਂ ਕਰ ਕਰ ਕੇ ਹੀ ਮਾਰ ਦਿੰਦੇ ਹਨ। (ਉਸਦੇ ਮੁਕਾਬਲੇ ਅਸੀਂ ਹਲਕਾ ਫੁਲਕਾ ਗਾਉਣ ਵਾਲੇ ਬੇਗੁਰੇ ਤੇ ਬੇਸੁਰੇ ਗਾਇਕਾਂ ਨਾਲ ਫੋਟੋਆਂ ਖਿਚਵਾਉਣ ਵਿਚ ਮਾਣ ਮਹਿਸੂਸ ਕਰਦੇ ਹਾਂ) ਪਾਕਿਸਤਾਨ ਵਿਚ ਉਸਤਾਦੀ-ਸ਼ਾਗਿਰਦੀ ਦੀ ਮਹਾਨ ਪਰੰਪਰਾ ਅਜੇ ਵੀ ਕਾਇਮ ਹੈ।
-----
ਸਾਡੇ ਕਈ ਗਾਇਕਾਂ ਨੂੰ ਪੁੱਛੋ ਕਿ ਤੁਸੀਂ ਕਿਸ ਉਸਤਾਦ ਤੋਂ ਕਿੰਨਾ ਚਿਰ ਸਿੱਖਿਆ? ਉਹ ਬੜੇ ਮਾਣ ਨਾਲ ਕਹਿੰਦੇ ਹਨ,‘ਜੀ ਬਸ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।’ ਕਈ ਕੈਸਿਟਾਂ ਪਹਿਲਾਂ ਕਢਾਉਂਦੇ ਹਨ, ਉਸਤਾਦ ਬਾਦ ਵਿਚ ਧਾਰਦੇ ਹਨ। ਸਤਿੰਦਰ ਸਰਤਾਜ ਨੇ ਵੀ ‘ਯੂ ਟਿਊਬ ਦੀ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਸਨੇ ਯੂਨੀਵਰਸਿਟੀ ਤੱਕ ਦੀ ਸੰਗੀਤ ਵਿਦਿਆ ਤਾਂ ਹਾਸਿਲ ਕੀਤੀ ਹੈ, ਪਰ ਬਾਕਾਇਦਾ ਕਿਸੇ ਨੂੰ ਉਸਤਾਦ ਨਹੀਂ ਧਾਰਿਆ। (ਕਲਾ ਵਿਚ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜਿਹੜੀਆਂ ਸੀਨਾ-ਬ-ਸੀਨਾ ਉਸਤਾਦਾਂ ਕੋਲੋਂ ਮਿਲਦੀਆਂ ਹਨ ਕਿਤਾਬਾਂ, ਯੂਨੀਵਰਸਿਟੀਆਂ, ਕਾਲਜਾਂ ਵਿਚੋਂ ਨਹੀਂ, ਖ਼ਾਸ ਤੌਰ ’ਤੇ ਸੰਗੀਤ ਦੇ ਖੇਤਰ ਵਿਚ) ਜੇ ਇਕੱਲੀਆਂ ਡਿਗਰੀਆਂ ਵਾਲਿਆਂ ਨੂੰ ਹੀ ਵੱਡੇ ਗਾਇਕ ਮੰਨ ਲਿਆ ਜਾਵੇ ਤਾਂ ਸੰਗੀਤ ਦੇ ਉਹਨਾਂ ਵੱਡੇ ਵੱਡੇ ਮਹਾਂਪੁਰਸ਼ਾਂ ਦੀ ਤੌਹੀਨ ਹੋਵੇਗੀ, ਜਿੰਨਾਂ ਸਾਰੀ ਉਮਰ ਸੰਗੀਤ ਨੂੰ ਅਰਪਣ ਕਰ ਦਿੱਤੀ ਸੀ, ਪਰ ਕੋਈ ਵੀ ਅਕਾਦਮਿਕ ਡਿਗਰੀ ਹਾਸਿਲ ਨਹੀਂ ਸੀ ਕੀਤੀ। ਨਾਵਾਂ ਦੀ ਲਿਸਟ ਬਹੁਤ ਲੰਮੀ ਹੈ।

ਡਿਗਰੀਆਂ ਗਿਣਾਉਣ ਦੀ ਜ਼ਰੂਰਤ ਨਹੀਂ ਹੁੰਦੀ। ਕਿਸੇ ਨੇ ਪੁੱਛਿਆ ਸੀ,‘ਨਾਈਆ ਕਿੰਨੇ ਕਿੰਨੇ ਲੰਮੇ ਵਾਲ਼?’ ਨਾਈ ਕਹਿੰਦਾ,‘ਅੱਗੇ (ਝੋਲੀ ਵਿਚ) ਆ ਹੀ ਜਾਣੇ ਆ।’
ਰਸੂਲ ਹਮਜ਼ਾਤੋਵ ਲਿਖਦਾ ਹੈ-
ਇਕ ਵਾਰੀ ਮੁਰੀਦ ਆਪਣੀਆਂ ਤਲਵਾਰਾਂ ਦੇ ਫਾਲਾਂ ਦੀ ਪਾਨ ਬਾਰੇ ਇਕ ਦੂਜੇ ਅੱਗੇ ਸ਼ੇਖੀਆਂ ਮਾਰ ਰਹੇ ਸਨ।.... ਮੁਰੀਦਾਂ ਵਿਚ ਵੱਡੇ ਸ਼ਮੀਲ ਦਾ ਨਾਇਬ ਹਾਜੀ ਮੁਰਾਦ ਵੀ ਸੀ। ਉਹ ਬੋਲਿਆ-‘ਦਰਖ਼ਤ ਦੀ ਠੰਢੀ ਛਾਂ ਹੇਠ ਬੈਠੇ ਤੁਸੀਂ ਕੀ ਬਹਿਸਾਂ ਕਰ ਰਹੇ ਹੋ? ਭਲ਼ਕੇ ਪਹੁ ਫੁੱਟਦੀ ਨੂੰ ਹੋਣ ਵਾਲੀ ਲੜਾਈ ਵਿਚ ਤੁਹਾਡੀਆਂ ਤਲਵਾਰਾਂ ਆਪਣੇ ਬਾਰੇ ਆਪ ਦੱਸਣਗੀਆਂ।’
-----
ਸੰਗੀਤ ਤਾਂ ਇਬਾਦਤ ਹੈ, ਸਾਧਨਾ ਹੈ, ਤਪੱਸਿਆ ਹੈ। ਕਿਸੇ ਨੇ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਪੁਛਿਆ ਸੀ,‘ਤੁਸੀਂ ਰਿਆਜ਼ ਦਾ ਏਨਾ ਵਕਤ ਕਿਵੇਂ ਕੱਢ ਲੈਂਦੇ ਹੋ?’

ਉਹ ਕਹਿਣ ਲੱਗੇ,‘ਜਿਵੇਂ ਸਾਹ ਲੈਣ ਲਈ।’
-----
ਸਤਿੰਦਰ ਸਰਤਾਜ ਸਿਰ ’ਤੇ ਪੱਗ ਬੰਨ੍ਹਦਾ ਹੈ। ਵਾਲ਼ ਵਾਰਿਸ ਸ਼ਾਹ ਵਾਂਗੂੰ ਪਿਛਾਂਹ ਨੂੰ ਪੱਗ ਦੇ ਥੱਲਿਓਂ ਦੀ ਕੱਢ ਕੇ ਰੱਖਦਾ ਹੈ। (ਇੰਟਰਨੈੱਟ ’ਤੇ ਉਸਨੂੰ ‘ਅੱਜ ਦਾ ਵਾਰਿਸ ਸ਼ਾਹ’ ਲਿਖਿਆ ਵੀ ਮਿਲਦਾ ਹੈ)। ਉਸਦੀ ਇਹ ਸੂਰਤ ਦੇਖ ਕੇ ‘ਮੇਰਾ ਦਾਗ਼ਿਸਤਾਨ’ ਦੀਆਂ ਪ੍ਰਸਿੱਧ ਲਾਈਨਾਂ ਯਾਦ ਆ ਜਾਂਦੀਆਂ ਹਨ-ਉਸਨੇ ਟਾਲਸਟਾਏ ਦੇ ਟੋਪ ਵਰਗਾ ਟੋਪ ਤਾਂ ਲੈ ਲਿਆ ਹੈ, ਉਹ ਉਸੇ ਤਰ੍ਹਾਂ ਦਾ ਸਿਰ ਕਿੱਥੋਂ ਖ਼ਰੀਦ ਸਕਦਾ ਹੈ?
ਕਹਾਵਤ ਹੈ - ਉਸਨੂੰ ਚੰਗਾ ਨਾਂ ਤਾਂ ਦੇ ਦਿੱਤਾ ਗਿਆ ਹੈ। ਉਹ ਆਦਮੀ ਕਿਸ ਤਰ੍ਹਾਂ ਦਾ ਬਣੇਗਾ? (ਅਸੀਂ ਵੀ ਸਰਤਾਜ ਨੂੰ ‘ਸੂਫ਼ੀ’ ਕਹਿਣਾ ਸ਼ੁਰੂ ਕਰ ਦਿੱਤਾ ਹੈ। ਬੈਠ ਕੇ ਗਾਉਣ ਨਾਲ ਕੋਈ ਸੂਫ਼ੀ ਜਾਂ ਵਧੀਆ ਗਾਇਕ ਨਹੀਂ ਬਣ ਜਾਂਦਾ, ਇਹ ਵੀ ਦੇਖਣਾ ਬਣਦਾ ਹੈ ਕਿ ਬੈਠ ਕੇ ਉਹ ਗਾ ਕੀ ਰਿਹਾ ਹੈ? )
-----
ਉਂਝ ਇਸ ਵਿਚ ਕੋਈ ਸ਼ੱਕ ਨਹੀਂ, ਸਤਿੰਦਰ ਸਰਤਾਜ ਅੱਜ ਬਹੁਤ ਚਰਚਿਤ ਗਾਇਕ ਹੈ। ਉਸਦੀ ਗਾਇਕੀ ਅਤੇ ਸ਼ਾਇਰੀ ਦਾ ਚਮਕਾਰਾ ਇਕ ਵਾਰ ਤਾਂ ਸਰੋਤੇ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕਰ ਜਾਂਦਾ ਹੈ। ਪਰ ਇਹ ਚਮਕਾਰਾ ਖ਼ਾਲਿਸ ਸੋਨੇ ਦੀ ਚਮਕ ਦਾ ਨਹੀਂ, ਮੁਲੰਮੇ ਦਾ ਹੈ। ਸਾਡਾ ਮਕਸਦ ਸੋਨੇ ਦੀ ਚਮਕ ਅਤੇ ਮੁਲੰਮੇ ਦੀ ਚਮਕ ਵਿਚ ਅੰਤਰ ਕਰਨਾ ਹੀ ਹੈ। ਉਸਦੀ ਗਾਇਕੀ ਇਕ ਵਾਰ ਤਾਂ ਸਰੋਤੇ ਨੂੰ ਸੰਮੋਹਿਤ ਕਰਨ ਦੀ ਤਾਕਤ ਰੱਖਦੀ ਹੈ, ਪਰ ਜਦੋਂ ਸਰੋਤਾ ਰਤਾ ਕੁ ਸੁਚੇਤ ਹੋ ਕੇ ਉਸ ਸੰਮੋਹਨ ’ਚੋਂ ਬਾਹਰ ਆਉਂਦਾ ਹੈ ਤਾਂ ਉਸ ਅੱਗੇ ਸਤਿੰਦਰ ਸਰਤਾਜ ਦੀ ਗਾਇਕੀ ਤੇ ਸ਼ਾਇਰੀ ਦਾ ਖੋਖਲਾਪਨ ਝੱਟ ਜ਼ਾਹਰ ਹੋ ਜਾਂਦਾ ਹੈ। ਜੇਕਰ ਸਰੋਤੇ ਉਸਦੇ ਬਾਕੀ ਗੀਤਾਂ ਨੂੰ ਵੀ ਜ਼ਰਾ ਧਿਆਨ ਨਾਲ ਦੇਖਣ ਤਾਂ ਇਕ ਸਤਰ ਦਾ ਦੂਸਰੀ ਸਤਰ ਨਾਲ ਕੋਈ ਸੰਬੰਧ ਬਣਦਾ ਨਜ਼ਰ ਨਹੀਂ ਆਉਂਦਾ। ਖ਼ੂਬਸੂਰਤ ਫੁੱਲ ਤਾਂ ਕੋਈ ਵੀ ਚੁਣ ਸਕਦਾ ਹੈ, ਉਹਨਾਂ ਨੂੰ ਸਲੀਕੇ ਨਾਲ ਪਰੋਕੇ ਜਾਂ ਸਲੀਕੇ ਨਾਲ ਬੰਨ੍ਹ ਕੇ ਹਾਰ ਜਾਂ ਗੁਲਦਸਤਾ ਕੋਈ ਕੋਈ ਹੀ ਬਣਾ ਸਕਦਾ ਹੈ। ਸਰਤਾਜ ਨੇ ਸਤਰਾਂ ਤਾਂ ਇਕੱਠੀਆਂ ਕਰ ਲਈਆਂ ਹਨ, ਪਰ ਉਹਨਾਂ ਨੂੰ ਥਾਂ ਸਿਰ ਪਿਰੋਣ ਦਾ ਕਲਾਮਈ ਤਰੀਕਾ ਉਸ ਕੋਲ ਲਗਪਗ ਨਾਂਹ ਦੇ ਬਰਾਬਰ ਹੈ।
-----
ਸਤਿੰਦਰ ਸਰਤਾਜ ਚਰਚਿਤ ਤਾਂ ਹੈ, ਪਰ ਚਰਚਿਤ ਹੋਣ ਅਤੇ ਮਿਆਰੀ ਹੋਣ ਵਿਚ ਬਹੁਤ ਫ਼ਰਕ ਹੁੰਦਾ ਹੈ। ਚਰਚਿਤ ਤਾਂ ਕਿਸੇ ਜ਼ਮਾਨੇ ਵਿਚ ਚਮਕੀਲਾ ਵੀ ਬਹੁਤ ਰਿਹਾ ਸੀ। ਇਹ ਗੱਲ ਸਾਨੂੰ ਪੰਜਾਬੀਆਂ ਨੂੰ ਹਰ ਖੇਤਰ ਵਿਚ ਸਮਝਣ ਦੀ ਲੋੜ ਹੈ ਜੇ ਉਹਨਾਂ ਨੇ ਆਪਣਾ ਕੁਝ ਬਣਾਉਣਾ ਹੈ ਤਾਂ। ਹਰ ਇਕ ਚੀਜ਼ ਦਾ ਅੰਤ ਹੁੰਦਾ ਹੈ। ਹੁਣ ਸ਼ੋਰ-ਸ਼ਰਾਬੇ ਤੇ ਨੱਚਣ-ਭੁੜਕਣ ਵਾਲੇ ਗਾਇਕਾਂ ਦਾ ਸਮਾਂ ਲੱਦਦਾ ਨਜ਼ਰ ਆਉਂਦਾ ਹੈ। ਸ਼ੋਅ ਖ਼ਾਲੀ ਜਾਣ ਲੱਗ ਪਏ ਹਨ। ਗਾਇਕ ਅਤੇ ਪਰਮੋਟਰਾਂ ਦੀ ਆਰਥਿਕਤਾ ਵੀ ਡਾਵਾਂਡੋਲ ਹੋਵੇਗੀ। ਇਸ ਲਈ ਉਹਨਾਂ ਨੂੰ ਇਸ ਮੰਡੀ ਵਿਚ ਕੋਈ ਨਵਾਂ ਬਦਲ ਚਾਹੀਦਾ ਹੈ, ਪਰ ਉਹ ਬਦਲ ਸਤਿੰਦਰ ਸਰਤਾਜ ਹਰਗਿਜ਼ ਨਹੀਂ।
----
ਇਹ ਲੇਖ ਲਿਖਣ ਦਾ ਸਾਡਾ ਮਕਸਦ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਨਿੱਜੀ ਤੌਰ ’ਤੇ ਨਿਸ਼ਾਨਾ ਬਣਾਉਣਾ ਨਹੀਂ ਹੈ। ਅਸੀਂ ਚੌਲਾਂ ਦੀ ਦੇਗ਼ ਵਿਚੋਂ ਇਕ ਦਾਣਾ ਹੀ ਚੁਗਿਆ ਹੈ। ਇਸ ਦਾ ਉਦੇਸ਼ ਸਿਰਫ਼ ਪੰਜਾਬੀ ਗਾਇਕੀ ਬਾਰੇ ਸੰਜੀਦਾ ਬਹਿਸ ਛੇੜਨ ਦਾ ਹੈ। ਜੇ ਕੋਈ ਵਿਅਕਤੀ ਬਿਨਾ ਕਿਸੇ ਨਿੱਜੀ ਲਾਭ-ਹਾਨ ਦੇ ਇਸ ਬਹਿਸ ਨੂੰ ਸੰਜੀਦਗੀ ਨਾਲ ਅੱਗੇ ਤੋਰੇਗਾ ਤਾਂ ਪੰਜਾਬੀ ਗਾਇਕੀ ਦਾ ਭਵਿੱਖ ਜ਼ਰੂਰ ਸੁਨਹਿਰੀ ਹੋਵੇਗਾ।
*****
ਪੋਸਟ ਸਕ੍ਰਪਿਟ
-----
*ਅਮਰੀਕ ਸਿੰਘ ਨੇ ਪੁਛਿਆ,‘ਯਾਰ, ਇਹ ਸਤਿੰਦਰ ਸਰਤਾਜ ਪਗੜੀ ’ਤੇ ਘੁੰਗਰੂ ਬੰਨ੍ਹਦੈ?

ਮੈਂ ਕਿਹਾ,‘ਪਤਾ ਨਹੀਂ ਪਰ ਲਗਦੈ ਘੁੰਗਰੂ?’

ਅਮਰੀਕ ਨੇ ਕਿਹਾ,‘ਮੈਨੂੰ ਇਸ ਗੱਲ ਨਾਲ ਤਾਂ ਕੁਝ ਨਹੀਂ ਕਿ ਉਹ ਗਿੱਟੇ ’ਤੇ ਬੰਨ੍ਹਣ ਵਾਲੀ ਚੀਜ਼ ਪਗੜੀ ’ਤੇ ਬੰਨ੍ਹਦੈ, ਮੈਨੂੰ ਤਾਂ ਡਰ ਇਸ ਗੱਲ ਦੈ ਕਿਤੇ ਪੱਗ ਥੱਲੇ ਬੰਨ੍ਹਣ ਵਾਲੀ ਫਿਫਟੀ ਗਿੱਟੇ ਨਾਲ ਨਾ ਬੰਨ੍ਹ ਲਵੇ।’

ਮੈਂ ਕਿਹਾ,‘ਯਾਰ ਘੁੰਗਰੂ ਨਹੀਂ ਇਹ ਤਾਂ ਜੁਗਨੀ ਲੱਗਦੀ ਐ?’

ਅਮਰੀਕ ਬੋਲਿਆ,‘ਫਿਰ ਕੀ ਐ, ਜੁਗਨੀ ਵੀ ਗਲ਼ ’ਚ ਪਾਈਦੀ ਐ। ਆਪਾਂ ਫਿਫਟੀ ਗਿੱਟੇ ਨਾਲੋਂ ਖੋਲ੍ਹ ਕੇ ਗਲ਼ ’ਚ ਪਾ ਦਿੰਨੇ ਆਂ।’

-----
*ਸਰਤਾਜ ਦਾ ਉਪਰੋਕਤ ਗੀਤ ਸੁਣ ਕੇ ਸੁਰਤ ਪਿਛਾਂਹ ਵੱਲ ਪਰਤ ਗਈ। ਜਦੋਂ ਪ੍ਰਯੋਗਸ਼ੀਲ ਦੇ ਨਾਂ ’ਤੇ ਪੰਜਾਬੀ ਵਿਚ ਬੇਹੂਦਾ ਕਵਿਤਾ ਲਿਖ ਹੋਣ ਲੱਗ ਪਈ ਤਾਂ ਕੁਝ ਕਵਿਤਾਵਾਂ ਦ੍ਰਿਸ਼ਟੀਗੋਚਰ ਹੋਈਆਂ। ਇਹ ਪਤਾ ਨਹੀਂ ਕਿਸ ਨੇ, ਕਦੋਂ ਲਿਖੀਆਂ ਸਨ। ਉਸਤਾਦ ਸ਼ਾਇਰ ਉਲਫ਼ਤ ਬਾਜਵਾ ਮਖੌਲ ਵਜੋਂ ਸਾਨੂੰ ਇਹ ਕਵਿਤਾਵਾਂ ਸੁਣਾਉਂਦੇ ਹੋਏ ਆਖਦੇ ਸਨ ਕਿ ਪ੍ਰਯੋਗਵਾਦੀ ਕਵਿਤਾ ਦਾ ਕੀ ਐ, ਇਕ ਸਤਰ ਏਥੋਂ ਫੜ੍ਹ ਲਓ, ਇਕ ਓਥੋਂ।-

ਨੈਣ ਤੇਰੇ ਇੰਝ ਗੋਰੀਏ
ਜਿਉਂ ਬੂਰੀ ਮੱਝ ਦੇ ਸਿੰਗ
ਹਵਾ ਆਈ ਝੜ ਜਾਣਗੇ
ਪਵੇਂਗੀ ਕਿਹੜੇ ਰਾਹ।
-----
ਜਾਂ
ਨਦੀ ਕਿਨਾਰੇ ਝੋਟਾ ਚਰਦਾ
ਮੈਂ ਸਮਝਿਆ ਚੱਕੀਰਾਹਾ
ਧੌਣੋਂ ਫੜ੍ਹ ਕੇ ਦੇਖਣ ਲੱਗੇ
ਪਰਸੋਂ ਨੂੰ ਸੰਗਰਾਂਦ
-----
ਜਾਂ
ਊਠ ’ਤੇ ਚੜ੍ਹਦੀ ਦਾ
ਚੈਨ ’ਚ ਫਸ ਗਿਆ ਪੌਂਚਾ
------
* ਹਰਪਾਲ ਸਿੰਘ ਭਿੰਡਰ ਕਹਿੰਦਾ ਹੈ,‘ਬੰਦਾ ਪਿੱਤਲ ਨੂੰ ਪਿੱਤਲ ਕਹਿ ਕੇ ਵੇਚੀ ਜਾਵੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਤਾਂ ਸੋਨਾ ਕਹਿ ਕੇ ਪਿੱਤਲ ਵੇਚ ਰਿਹਾ ਹੈ। ਲੋਕਾਂ ਨੂੰ ਪ੍ਰਭਾਵ ਸੂਫ਼ੀਵਾਦ ਦਾ ਦੇ ਰਿਹਾ ਹੈ ਤੇ ਸੁਣਾ ਬੇਸਿਰ-ਪੈਰ ਗੀਤ ਰਿਹਾ ਹੈ। ਹੋਕਾ ਕਸਤੂਰੀ ਦਾ ਤੇ ਵੇਚ ਹਿੰਗ ਰਿਹਾ ਹੈ। ਇਸ ਲਈ ਇਹ ਮਿਸ ਪੂਜਾ ਅਤੇ ਬਠਿੰਡਾ-ਨੁਮਾ ਗਾਇਕੀ ਨਾਲੋਂ ਵੀ ਵੱਧ ਖ਼ਤਰਨਾਕ ਰੁਝਾਨ ਹੈ। ਸੂਫ਼ੀ ਤੇ ਸੰਜੀਦਾ ਗਾਇਕੀ ਦੇ ਨਾਂ ’ਤੇ ਧੱਬਾ ਹੈ। ਸੂਫ਼ੀ ਸੰਤਾਂ ਤੇ ਫ਼ਕੀਰਾਂ ਦੀ ਤੌਹੀਨ ਹੈ। ਜੇ ਵਾਕਿਆ ਹੀ ਕਿਸੇ ਨੂੰ ਸੂਫ਼ੀ ਸੰਗੀਤ ਸੁਣਨ ਦਾ ਸ਼ੌਕ ਚੜ੍ਹੇ ਤਾਂ ਉਹ ਹਾਮਦ ਅਲੀ ਬੇਲਾ, ਮੁਹੰਮਦ ਇਕਬਾਲ ਬਾਹੂ, ਆਬਿਦਾ ਪਰਵੀਨ ਜਾਂ ਸਾਈਂ ਜ਼ਹੂਰ ਵਰਗੇ ਗਾਇਕਾਂ ਨੂੰ ਸੁਣੇ। ਵਾਲ਼ ਖਿਲਾਰ ਕੇ ਤੇ ਸਿਰ ਮਾਰ ਕੇ ਕੋਈ ਸੂਫ਼ੀ ਨਹੀਂ ਬਣਦਾ। ਸੂਫ਼ੀਅਤਾ ਦਾ ਘਰ ਬਹੁਤ ਦੂਰ ਹੈ।
-----
*ਕੈਲੇਫੋਰਨੀਆ ਵਿਚ ਵਸਦਾ ਅੰਬੇਦਕਰਵਾਦੀ ਸੋਚ ਰੱਖਣ ਵਾਲਾ ਨੌਜਵਾਨ ਸੋਢੀ ਸੁਲਤਾਨ ਸਿੰਘ ਆਖਦਾ ਹੈ,‘ਸਰਤਾਜ ਪੰਜਾਬੀ ਗਾਇਕੀ ਦਾ ਸ਼ੇਖ਼ਚਿਲੀ ਹੈ।’
-----
*ਕਾਰਟਰੇਟ ਵਸਦਾ ਹਰਜੀਤ ਸਿੰਘ ਕਹਿੰਦਾ ਹੈ,‘ਮੈਨੂੰ ਮੇਰੇ ਪੇਂਡੂ ਨੇ ਸਰਤਾਜ ਦੀ ਕੈਸਿਟ ਖ਼ਰੀਦਣ ਲਈ ਕਿਹਾ। ਮੈਂ ਦਸ ਡਾਲਰ ਖਰਚ ਕੇ ਸੁਣੀ ਤੇ ਆਪਣੇ ਪੇਂਡੂ ਨੂੰ ਫੋਨ ਕੀਤਾ,‘ਤੂੰ ਯਾਰ ਮੇਰੇ ਦਸ ਡਾਲਰ ਖੂਹ ਵਿਚ ਸੁਟਵਾ ਦਿੱਤੇ।’
-----
*ਲੰਬਾ ਸਮਾਂ ਹਰਵਲਭ ਸੰਗੀਤ ਸੰਮੇਲਨ ਦਾ ਆਨੰਦ ਮਾਣਨ ਵਾਲੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਹਰਭਜਨ ਸਿੰਘ ਬੈਂਸ ਦਾ ਕਥਨ ਹੈ-‘ਇਸ ਮੁੰਡੇ ਨੂੰ ਨਾ ਗਾਇਕੀ ਦੀ ਸਮਝ ਹੈ ਨਾ ਸ਼ਾਇਰੀ ਦੀ।’
-----
*ਪੰਜਾਬੀ ਸ਼ਾਇਰ ਉਂਕਾਰਪ੍ਰੀਤ ਨੇ ‘ਸਾਈਂ’ ਵਾਲਾ ਗੀਤ ਸੁਣ ਕੇ ਕਿਹਾ-‘ਇਸ ਗੀਤ ਵਿਚ ਇਹਨਾਂ ਸਤਰਾਂ ਦੀ ਕਮੀ ਹੈ-

ਉਏ ਸਾਈਂ, ਮੈਨੂੰ ਗਾਉਣਾ ਵੀ ਸਿਖਾਈਂ,
ਉਏ ਸਾਈਂ, ਮੈਨੂੰ ਲਿਖਣਾ ਸਿਖਾਈਂ,
ਉਏ ਸਾਈਂ, ਮੈਨੂੰ ਚੋਰੀ ਤੋਂ ਬਚਾਈਂ....।

(ਜ਼ਿਕਰਯੋਗ ਹੈ ਕਿ ਮਿਊਜ਼ਿਕ ਟਾਈਮਜ਼ ਆਨ ਲਾਈਨ ਡਾਟ ਕਾਮ, ਅੰਕ ਅਪ੍ਰੈਲ 2010 (ਪੰਨਾ 7) ਦੇ ਮੁਤਾਬਿਕ ਸਰਤਾਜ ਨੇ ਉਸਤਾਦ ਦਾਮਨ, ਗੁਰਚਰਨ ਰਾਮਪੁਰੀ, ਤਰਲੋਕ ਜੱਜ ਆਦਿ ਸ਼ਾਇਰਾਂ ਦੀ ਸ਼ਾਇਰੀ, ਕਥਿਤ ਤੌਰ ‘ਤੇ ਸਿੱਧੀ ਨਕਲ ਕਰਕੇ ਜਾਂ ਭੰਨ-ਤੋੜ ਕਰਕੇ, ਇਸ ਤਰੀਕੇ ਨਾਲ ਗਾਈ ਹੈ, ਜਿਵੇਂ ਉਹ ਸਰਤਾਜ ਦੀ ਆਪਣੀ ਸ਼ਾਇਰੀ ਹੋਵੇ। ਤਰਲੋਕ ਜੱਜ ਨੇ ਤਾਂ (ਅਜੀਤ ਜਲੰਧਰ 09 ਅਪ੍ਰੈਲ-2010 ਵਿੱਚ ) ਸਰਤਾਜ ‘ਤੇ ਉਸਦੀ ਸ਼ਾਇਰੀ ਬਿਨਾਂ ਇਜਾਜ਼ਤ ਅਤੇ ਬਿਨਾਂ ਕਰੈਡਿਟ ਦਿੱਤੇ, ‘ਮਹਿਫ਼ਲੇ-ਸਰਤਾਜ’ ਵਿੱਚ ਗਾਉਣ ਦਾ ਦੋਸ਼ ਲਾਉਦਿਆਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਹੈ।)
-----
* ਤਿਰਛੀ ਨਜ਼ਰ ਦਾ ਲੇਖਕ ਜਸਵੰਤ ਸ਼ਾਦ ਕਹਿੰਦਾ ਹੈ,‘ਅਜੇ ਤਾਂ ਰੋਮੀਓ (ਜੈਜ਼ੀ ਬੀ) ਦੇ ਸੂਲਾਂ ਵਰਗੇ ਤਿੱਖੇ ਵਾਲ ਵੀ ਠਾਂਹ ਨਹੀਂ ਹੋਏ ਕਿ ਇਹ ਇਕ ਨਵਾਂ ਕੋਝਾ ਫੈਸ਼ਨ ਪੰਜਾਬ ਵਿਚ ਚਲਾਵੇਗਾ। ਆਖਰ ਇਹ ਪੱਗ ਥੱਲਿਓਂ ਦੀ ਵਾਲ਼ ਖਿਲਾਰ ਕੇ ਸਿੱਧ ਕੀ ਕਰਨਾ ਚਾਹੁੰਦਾ ਹੈ? ’ ਉਸਨੇ ਦੱਸਿਆ ਕਿ ਇਕ ਦਿਨ ਸਰਤਾਜ ਨੂੰ ਦੇਖ ਕੇ ਉਸਦੇ ਚਾਰ ਕੁ ਸਾਲ ਦੇ ਬੇਟੇ ਨੇ ਉਸਨੂੰ ਸਵਾਲ ਕੀਤਾ-‘ਪਾਪਾ ਏਨੂੰ ‘ਜੂੜੀ’ ਨਹੀਂ ਕਰਨੀ ਆਉਂਦੀ?’

......ਬੱਚੇ ਦਾ ਮਾਸੂਮ ਸਵਾਲ ਸੁਣਕੇ ਏਧਰ ਅਸੀਂ ਸੁਰ ਤੇ ਸ਼ਾਇਰੀ ਦੀ ‘ਖੁੱਲ੍ਹੀ ਜੂੜੀ’ ਬਾਰੇ ਸੋਚ ਰਹੇ ਸਾਂ...!!!

(ਵਿਸ਼ੇਸ਼ ਧੰਨਵਾਦ ਹਰਪਾਲ ਸਿੰਘ ਭਿੰਡਰ ਦਾ ਜਿਸਨੇ ਇਸ ਲੇਖ ਦਾ ਅੱਧਾ ਹਿੱਸਾ ਲਿਖਣ ਵਿਚ ਯੋਗਦਾਨ ਪਾਇਆ)
*****
ਸਮਾਪਤ


3 comments:

Tarlok Judge said...

ਇਕਬਾਲ ਮਾਹਲ ਦੀ ਵਾਹਵਾ ਤਰੀਫ ਹੋ ਰਹੀ ਹੈ ਪਰ ਮੇਰੇ ਖਿਆਲ ਇਹ ਮਾਹਲ ਸਾਹਿਬ ਉਹੋ ਹੀ ਨੇ ਜਿਹਨਾਂ ਨੇ ਪੰਜਾਬੀ ਵਿਚ ਸਭ ਤੋ ਪਹਿਲਾਂ ਤੇ ਸਭ ਤੋਂ ਵਧ ਗੰਦੇ ਗੀਤਾਂ ਦੀ ਸੀ ਡੀ ਰਲੀਜ਼ ਕੀਤੀ ਸੀ ਜਿਸਦੀ ਇਕ ਲਾਇਨ ਵੀ ਉਚਾਰਨ ਕਰਨ ਤੇ ਸ਼ਰਮ ਆਓਂਦੀ ਹੈ | ਪ੍ਰਮੋਟਰ ਇਕ ਸਿਆਣਾ ਕਾਂ ਹੁੰਦਾ ਹੈ ਕੋਇਲ ਦੇ ਆਂਡਿਆਂ ਤੇ ਬੈਠਾ ਕਾਂ ਜੋ ਬਿਨਾ ਪੜ੍ਹੇ ਹੀ ਕਿਸੇ ਤੇ ਇਲ੍ਜ਼ਾਮ ਤਰਾਸ਼ੀ ਕਰ ਦੇਵੇ ਤੇ ਹਮੇਸ਼ਾ ਆਪਣਾ ਉੱਲੂ ਹੀ ਸਿਧਾ ਕਰਨਾ ਜਿਸਦਾ ਮੁਖ ਮੰਤਵ ਹੋਵੇ |

Tarlok Judge said...

ਤੁਹਾਡਾ ਲੇਖ ਜਾਣਕਾਰੀ ਭਰਪੂਰ ਤੇ ਖੋਜ ਭਰਪੂਰ ਹੈ | ਵਧਾਈ ਕਬੂਲ ਕਰੋ | ਸਾਹਿਤ ਚੋਰੀ ਕੋਈ ਅੱਜ ਦੀ ਸਮੱਸਿਆ ਨਹੀਂ ਪੁਰਾਨੀ ਹੈ | ਪਰ ਜੇ ਲੇਖਕ ਸੁਚੇਤ ਹੋਣ ਤੇ ਆਪਣੇ ਰਚਨਾ ਦੇ ਹੱਕ ਤੇ ਪਹਿਰਾ ਦੇਣਾ ਜਾਣਦੇ ਹੋਣ ਤਾਂ ਕਲ੍ਹ ਨੂ ਕਿਸੇ ਦੀ ਅਜਿਹੀ ਹਰਕਤ ਕਰਨ ਦੀ ਜੁਰ੍ਹਅਤ ਨਹੀਂ ਪਵੇਗੀ | ਲੇਖਕ ਦੇ ਹੱਕ ਉਸਦੀ ਮੌਤ ਦੇ ੬੦ ਸਾਲ ਬਾਦ ਵੀ ਕਾਇਮ ਰਹਿੰਦੇ ਹਨ |

Tarlok Judge said...

ਇਕਬਾਲ ਮਾਹਲ ਨੇ ਜਨਮੇਜਾ ਸਿੰਘ ਸੇਖੋਂ ਹੁਰਾਂ ਰਾਹੀਂ ਇਕ ਚਿਠੀ ਮੈਂ ਭੇਜੀ ਸੀ ਜਿਸ ਵਿਚ ਮੇਰੇ ਬਾਰੇ ਬਿਨਾ ਕੁਝ ਪੜ੍ਹੇ ਤੇ ਬਿਨਾ ਕੁਝ ਜਾਣੇ ਦੋਸ਼ ਲਗਾਏ ਗਏ ਸਨ ਕਿ ਮੈਂ ਸਤਿੰਦਰ ਸਰਤਾਜ ਨੂ ਧਮਕੀ ਦਿੱਤੀ ਹੈ ਜਿਸਦਾ ਮੈਂ ਸਖਤ ਵਿਰੋਧ ਕੀਤਾ ਸੀ ਤੇ ਮੇਰਾ ਇਰਾਦਾ ਵੀ ਹੈ ਕਿ ਇਕਬਾਲ ਮਾਹਲ ਤੋ ਸਤਿੰਦਰ ਸਰਤਾਜ ਦੀ ਰਲੀਜ਼ ਕੀਤੀ ਸੀ ਡੀ ਦਾ ਹਿਸਾਬ ਮੰਗਾਂ ਕਿਓੰਕੇ ਮਾਹਲ ਨੇ ਆਪਣੀ ਚਿਠੀ ਵਿਚ ਕਿਹਾ ਹੈ ਸਰਤਾਜ ਨੇ ਕਿਤੇ ਇਹ ਨਹੀਂ ਕਿਹਾ ਕੇ ਇਹ ਰਚਨਾ (ਮੇਰੀ ਗਜ਼ਲ ) ਉਸਦੀ (ਸਰਤਾਜ ਦੀ ) ਹੈ ਪਰ ਖੁਦ ਮਾਹਲ ਸਾਹਿਬ ਨੇ ਸੀ ਡੀ ਰਲੀਜ਼ ਕਰਨ ਲੱਗਿਆਂ ਇਹ ਲਿਖਿਆ ਹੈ ਕਿ { Lyrics and Music by Satindr Sartaj ) ਸੋ ਇਸ ਝੂਠ ਦਾ ਹਿਸਾਬ ਮੈਂ ਮਾਹਲ ਸਾਹਿਬ ਤੋ ਮੰਗਣਾ ਹੈ | ਪਰ ਅੱਜ ਕਨਾਡਾ ਤੋਂ ਇੱਕ ਮਿੱਤਰ ਰਾਹੀਂ ਪਤਾ ਲੱਗਾ ਹੈ ਕਿ ਮਾਹਲ ਸਾਹਿਬ ਦਾ ਤਰਲੋਕ ਜੱਜ ਨਾਲ ਕੋਈ ਸਮਝੌਤਾ ਹੋ ਗਿਆ ਹੈ ਜਦ ਕਿ ਅਜਿਹੀ ਕੋਈ ਗੱਲ ਨਹੀਂ ਮੈਂ ਇਹ ਸਪਸ਼ਟ ਕਰ ਦੇਵਾਂ ਕਿ ਮਾਹਲ ਸਾਹਿਬ ਨੇ ਮੇਰੇ ਨਾਲ ਕਦੀ ਸੰਪਰਕ ਨਹੀਂ ਕੀਤਾ ਗਿਆ ਸੋ ਕਿਸੇ ਸਮਝੌਤੇ ਦੀ ਤਾਂ ਦੁਰ ਦੀ ਗੱਲ ਹੈ ਅਜੇ ਤਾਂ ਮੈਂ ਆਪਣਾ ਕੇਸ ਹੀ ਸ਼ੁਰੂ ਨਹੀਂ ਕੀਤਾ ਸੋ ਮੇਰੀ ਮਾਹਲ ਸਾਹਬ ਨੂ ਬੇਨਤੀ ਹੈ ਕਿ ਉਹਨਾ ਦੇ ਆਪਣੇ ਲਫਜਾਂ ਵਿਚ ਹੀ, "ਬਿਨਾ ਪਾਣੀ ਤੋਂ ਮੌਜੇ ਨਾ ਖੋਹ੍ਲੋ" ਅਜੇ ਬੜਾ ਸਫਰ ਤੈ ਕਰਨਾ ਪੈਣਾ ਹੈ |