
ਰਾਜਪਾਲ ਸੰਧੂ ਦੇ ਖੁੱਲ੍ਹੇ ਖ਼ਤ ਦੇ ਜੁਆਬ ‘ਚ ਮੇਰੇ ਪ੍ਰਤੀਕਰਮ ਨੇ ਬਹੁਤ ਸਾਰੇ ਦੋਸਤਾਂ ਨੂੰ ਅਪਣੇ ਵਿਚਾਰ ਪ੍ਰਗਟਾਉਣ ਲਈ ਉਤਸ਼ਾਹਿਤ ਕੀਤਾ ਹੈ, ਜਿਸਦੀ ਮੈਨੂੰ ਖ਼ੁਸ਼ੀ ਹੈ। ਬਹੁਤ ਸਾਰੇ ਦੋਸਤ ਮੈਨੂੰ ਨਿੱਜੀ ਈ-ਮੇਲ ਜਾਂ ਫ਼ੋਨ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ, ਚੰਗਾ ਹੁੰਦਾ ਜੇਕਰ ਉਹ ਵੀ ਹੋਰਨਾਂ ਵਾਂਗ ਪਾਠਕਾਂ ਦੀ ਖੁੱਲ੍ਹੀ ਸੱਥ ‘ਚ ਆਣ ਕੇ ਬੋਲਦੇ ਅਤੇ ਪੰਜਾਬੀਆਂ ਦੀ ਉਚ-ਪਾਏ ਦੀ ਗੋਸ਼ਟ-ਪ੍ਰੰਪਰਾ ਨੂੰ ਕਾਇਮ ਰੱਖਦੇ। ਪੰਜਾਬੀ ਦੇ ਮਾਣਮੱਤੇ ਸ਼ਾਇਰ ਹਰਭਜਨ ਹਲਵਾਰਵੀ ਦਾ ਸ਼ਿਅਰ ਐਸੇ ਮੌਕੇ ਅਕਸਰ ਯਾਦ ਆਉਂਦਾ ਹੈ:
ਏਨਾ ਵੀ ਕੀ ਚੁੱਪ ਰਹਿਣਾ, ਤੂੰ ਕਹਿ ਜੋ ਕੁਝ ਕਹਿਣਾ
ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ॥
ਪਰ ਇਹ ‘ਚੁੱਪ ਰਹਿਣੇ’ ਬੜੇ ਹੁਸ਼ਿਆਰ ਹੁੰਦੇ ਨੇ ਅਤੇ ਬਹੁਤਾ ਕਰਕੇ ਕਈ ਤਰ੍ਹਾਂ ਦੀਆਂ ‘ਸਾਹਤਿਕ-ਮਜਬੂਰੀਆਂ’ ਕਰਕੇ ਵੀ ਨਈਂ ਬੋਲਦੇ ਹੁੰਦੇ ਮਤੇ ਜਿਸ ‘ਇਨਾਮੀ ਕੜਾਹ-ਪ੍ਰਸ਼ਾਦਿ’ ਦੀ ਲਾਈਨ ‘ਚ ਉਹ ਲੱਗੇ ਹੋਏ ਹਨ ਕਿਤੇ ਉਸ ਚੋਂ ਬਾਹਰ ਨਾ ਕਰ ਦਿੱਤੇ ਜਾਣ। ਮਘਦੇ ਸ਼ਾਇਰ ਦੋਸਤ ਹਰਦਿਆਲ ਕੇਸ਼ੀ ਨੇ ਇਹਨਾਂ ਨੂੰ ਵੰਗਾਰਿਆ ਸੀ ਕਦੇ:
ਬੜੇ ਹੁਸ਼ਿਆਰ ਹੋ ‘ਕੇਸ਼ੀ’, ਬਲਾ ਨੂੰ ਟਾਲ਼ ਜਾਂਦੇ ਹੋ
ਕਿ ਓਦੋਂ ਕਿਉਂ ਨਹੀਂ ਬੋਲੇ, ਜਦੋਂ ਮੌਕਾ ਸੀ ਬੋਲਣ ਦਾ॥
ਸ਼ਾਇਦ ਹਾਕਿਮ /ਸਟੇਟ ਵਲੋਂ ‘ਪਦਮ ਸ਼੍ਰੀਆਂ’ ਦੇਣ ਦੀ ਇਹ ਲੁਕਵੀਂ ਸ਼ਰਤ ਵੀ ਹੋਵੇ ਕਿ ‘ਕਵੀ/ਕਲਾਕਾਰ’ ਨੇ ਚੁੱਪ ਰਹਿਕੇ ਉਸਦਾ (ਸਥਾਪਤੀ ਦਾ)‘ਵਰਤਾਇਆ ਭਾਣਾ’ ਕਿੰਨਾ ਕੁ ਮੰਨਿਆ ਅਤੇ ਮਨਾਇਆ ਹੈ। ਜਿਵੇਂ ਕਿ ਪਾਤਰ ਇਸ ਸ਼ਿਅਰ ‘ਚ ‘ਭਾਣਾ ਮਨਵਾ’ ਰਿਹਾ ਹੈ:
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ
ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ,
ਇਹ ਕਦ ਤਕ ਇਉਂ ਏਥੇ ਖੜ੍ਹੇ ਰਹਿਣਗੇ॥
ਇਹ ਸ਼ਿਅਰ ਸੁਣ ਕੇ ਪੰਜਾਬ ਦੀ ਉਹ ‘ਬਹਾਦਰ ਪ੍ਰੰਪਰਾ’ ਕਿਵੇਂ ਰੱਤ ਦੇ ਹੰਝੂ ਰੋਈ ਹੋਵੇਗੀ ਜੋ ਕਹਿੰਦੀ ਹੈ ਕਿ ਜਦ ਅਪੀਲਾਂ ਦਲੀਲਾਂ ਸਭ ਹਾਰ ਜਾਣ ਤਾਂ ਅਪਣੇ ਹੱਕਾਂ ਦੀ ਪ੍ਰਾਪਤੀ ਲਈ ‘ਬਾ-ਸ਼ਮਸ਼ੀਰ ਦਸਤ’ ਹੋਵੋ। ਖ਼ੈਰ ਇਹ ਤਾਂ ਪਾਤਰ ਦੀ ਭਾਣਾ ਮਨਵਾਉਣ ਦੀ ਪ੍ਰੇਰਨਾ ਦਿੰਦੀ ਮਹਿਜ਼ ਇੱਕ ਉਦਾਹਰਨ ਹੈ, ਪਾਤਰ ਦਾ ਸਮੁੱਚਾ ਕਲਾਮ ਇਸਤੋਂ ਕਿਤੇ ਵੱਧ ‘ਪੰਜਾਬੀਅਤ ਦੀ ਸਿਰਕੱਢ ਅਤੇ ਜੰਗਜੂ’ ਭਾਵਨਾ ਨੂੰ ‘ਖੁੰਢੀ’ ਕਰਨ ਦੇ ਇਕ ਤੋਂ ਵੱਧ ਇੱਕ ਮਨਸੂਬਿਆਂ ਦਾ ਪਤਾ ਦਿੰਦਾ ਹੈ।
ਸ਼ਾਇਰ ਦੋਸਤ ਸੁਖਿੰਦਰ ਨੇ ਪਾਤਰ ਨੂੰ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਖੜ੍ਹਾ ਕਰਕੇ ਸ਼ਾਇਦ ਕੋਈ ਮਜਬੂਰੀ ਹੀ ਪਾਲ਼ੀ ਹੈ, ਨਹੀਂ ਤਾਂ ਸਾਹਿਤ ਦਾ ਕੋਈ ਸੱਚਾ-ਸਿਖਾਂਦਰੂ ਵੀ ਇਹ ਕਹੇਗਾ ਕਿ ਪਾਤਰ ਦੀ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਬਰਾਬਰੀ ਅਗਿਆਨਤਾ ਹੈ। ‘ਲੋਕ-ਪੱਖੀ’ ਸ਼ਾਇਰ ਦੀ ਉਹ ਪ੍ਰੀਭਾਸ਼ਾ ਜਿਸ ਨਾਲ ਸੁਖਿੰਦਰ ਨੇ ਪਾਤਰ ਨੂੰ ਨਿਵਾਜਿਆ ਹੈ ਉਸਦਾ ਜੇਕਰ ਜ਼ਰਾ ਖ਼ੁਲਾਸਾ ਵੀ ਕਰ ਦਿੰਦੇ ਤਾਂ ਵਧੀਆ ਹੁੰਦਾ।
ਡਾ. ਰਤਨ ਸਿੰਘ ਹੁਰਾਂ ਦੀਆਂ ਦੋ ਸਟੇਟਮੈਂਟਾਂ/ਦਲੀਲਾਂ ਬਾਰੇ ਮੈਂ ਕੁਝ ਕਹਿਣਾ ਹੈ। ਰਤਨ ਸਿੰਘ ਹੁਰਾਂ ਕਿਹਾ ਹੈ ਕਿ “ਪਾਤਰ ਕੋਈ ਸਿਆਸੀ ਪੈਂਤੜੇ ਵਾਲਾ ਕਵੀ ਨਹੀਂ।” ਇਹ ਦਲੀਲ ਸਾਹਿਤ ਦੇ ਸੱਚੇ ਸੰਦਰਭਾਂ ਵਿੱਚ ਭੁਲੇਖਾਪਾਊ ਅਤੇ ਅਸਲੀਅਤ ਤੋਂ ਦੂਰ ਹੈ। ਰਤਨ ਸਿੰਘ ਜੀਓ! ਜਦੋਂ ਕੋਈ ਇਹ ਵੀ ਕਹਿੰਦਾ ਹੈ ਕਿ, ‘ਮੈਂ ਪੰਜਾਬੀ ਹਾਂ’ ਤਾਂ ਇਹ ਇੱਕ ਬਹੁਤ ਵੱਡੀ ਸਿਆਸੀ ਪੈਂਤੜੇ ਵਾਲੀ ਸਟੇਟਮੈਂਟ ਹੈ। ਕੋਈ ਵੀ ਨਜ਼ਰੀਆ, ਕਲਾ, ਜਾਂ ਕਾਵਿ-ਪ੍ਰਗਟਾਅ ਸਿਆਸੀ ਪੈਂਤੜੇ ਅਤੇ ਸੂਝ ਤੋਂ ਬਿਨਾ ਮੁਮਕਿਨ ਨਹੀਂ। ਪਾਤਰ ਦੀ ਸਮੁੱਚੀ ਸ਼ਾਇਰੀ ‘ਚ ਵੀ ਹਰ ਸ਼ਿਅਰ/ਖ਼ਿਆਲ ਸਿਆਸੀ ਪੈਂਤੜੇ ਵਾਲਾ ਹੈ ਇਹ ਗੱਲ ਵੱਖਰੀ ਹੇ ਕਿ ਉੱਪਰ ਦਿੱਤੇ ਨਮੂਨੇ ਵਾਂਗ ਉਸਦਾ ਇਹ ਸਿਆਸੀ ਪੈਂਤੜਾ ‘ਸਥਾਪਤੀ’ ਦੀ ਸਿਆਸਤ ਨੂੰ ਪ੍ਰਫੁੱਲਿਤ ਕਰਨ ਵਾਲਾ ਹੈ ਅਤੇ ‘ਲੋਕ ਵੇਦਨਾ’ ਨੂੰ ‘ਲੋਕ ਸ਼ਕਤੀ’ ਬਣਨ ਤੋਂ ਪਹਿਲਾਂ ‘ਖੁੰਢੀ ਕਰ ਕੇ ਘਰੋ-ਘਰੀ ਤੋਰਨ’ ਵੱਲ ਸੇਧਿਤ ਹੈ।
ਡਾ. ਰਤਨ ਸਿੰਘ ਹੁਰਾਂ ਦੀ ਦੂਸਰੀ ਦਲੀਲ ਕਿ, ‘ਪਾਤਰ ਦਾ ਕੱਦ ਛੋਟਾ ਨਹੀਂ ਹੋ ਸਕਦਾ ਕਿਉਂਕਿ ਉਸਦੀ ਪਹਿਚਾਣ ਡਾ. ਸੁਤਿੰਦਰ ਨੂਰ ਨੇ ਕਰਵਾਈ ਸੀ।’ ਬੜੀ ਅਜੀਬ ਹੈ। ਜਾਂ ਤਾਂ ਡਾ. ਸਾਹਿਬ ‘ਨੂਰ’ ਦੀ ਪੰਜਾਬੀ ਸਾਹਿਤ ਦੇ ਸੰਦਰਭ ‘ਚ ਦੇਣ ਨੂੰ ਸਥਾਪਤ ਕਰਨ ਦੀ ਲਾਬੀ ਕਰ ਰਹੇ ਹਨ ਜਾਂ ਉਹਨਾਂ ਦੀ ਕੋਈ ਹੋਰ ਮਜਬੂਰੀ ਹੋਵੇ ਨਹੀਂ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਡਾ. ਸੁਤਿੰਦਰ ਸਿੰਘ ਨੂਰ ਦੀ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਕੋਈ ਗੌਲਣਯੋਗ ਜਾਂ ਯਾਦ ਰੱਖਣਯੋਗ ਦੇਣ ਨਹੀਂ ਸਮੇਤ ਪਾਤਰ ਨੂੰ ਪਛਾਨਣ/ਸਥਾਪਿਤ ਕਰਨ ਦੇ। ‘ਨੂਰ’ ਦੁਆਰਾ ਸਾਰੀ ਉਮਰ ਕੀਤੀ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ‘ਸਿਆਸਤ’ ਪੰਜਾਬੀ ਲੋਕਾਂ ਦੇ ਹੱਕ ‘ਚ ਭੁਗਤਣ ਦੀ ਬਜਾਏ ਸਥਾਪਤੀ ਦੇ ਹੱਕ ‘ਚ ਭੁਗਤਦੀ ਰਹੀ ਅਤੇ ਉਹ ਰੈਡੀਮੇਡ ਭੁਮਿਕਾਵਾਂ ਲਿਖਣ ਵਾਲਾ, ਸਹੇਲੇ-ਸਹੇਲੀਆਂ ਨੂੰ ਸਰਕਾਰੀ ਐਵਾਰਡ ਦੇਣ/ ਦਿਵਾਉਣ ਵਾਲਾ ‘ਜਥੇਦਾਰ’ ਬਣ ਕੇ ਬੀਤ ਗਿਆ। ਹਾਲਾਂ ਕਿ ਕਵੀ ਅਤੇ ਚਿੰਤਕ ‘ਨੂਰ’ ‘ਚ ਭੂਤਵਾੜੇ ਦੇ ਦਿਨਾਂ ਤੀਕ ਅਥਾਹ ਸੰਭਾਵਨਾਵਾਂ ਸਨ...ਪਰ ਭੂਤਵਾੜੇ ਦੇ ਹੀ ਇੱਕ ਭੂਤ ਦਾ ਲਿਖਿਆ ਇਹ ਸਿ਼ਅਰ ਜਿਵੇਂ ਨੂਰ ਦਾ ਮਰਸੀਆ ਹੋ ਨਿੱਬੜਿਆ:
ਜੋ ਵੀ ਤਖ਼ਤ ‘ਤੇ ਬਹਿੰਦੈ, ਉਹਨੂੰ ਤਾਜ ਨਿਗਲ਼ ਜਾਂਦੈ
ਇਨਸਾਨ ਨੂੰ ਸੰਭਾਲ਼ੋ, ਮਾਹੌਲ ਦਲਦਲਾ ਹੈ॥
ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)
1 comment:
Kuljeet Mann - ਅਸੂਲ ਦੀ ਗੱਲ ਕਰਨੀ ਤੇ ਅਸੂਲ ਨਾਲ ਜੀਣਾ ਦੋ ਅੱਲਗ ਮੁੱਦੇ ਹਨ। ਪੂਰੇ ਸੂਰੇ ਡੁਬੇ ਹੋਏ ਹਾਈ ਲਾਈਟ ਹੋਏ ਸਨਮਾਨਾਂ ਮਗਰ ਭਜਦੇ ਕਿਉਂ ਨਹੀ ਦਿਸ ਰਹੇ? ਸਥਾਪਤੀ ਸਟੇਟ ਦੀ ਇਕ ਉਲਝਿਆ ਹੋਇਆ ਮਸਲਾ ਹੈ ਪਰ ਭੀੜਾਂ ਤੇ ਪੈਰ ਰਖਦੇ ਅਨੇਕ ਲੇਖਕ ਹਨ। ਉਹ ਕਿਉਂ ਸ਼ਮਾਦਾਨ ਦੀ ਦੌਸਤੀ ਦੇ ਪਾਤਰ ਹਂਨ? ਅਸਲ ਵਿਚ ਟੂਕਾਂ ਦਿਲ ਵਿਚ ਵਸਣੀਆ ਚਾਹੀਦੀਆ ਹਨ।
13 hours ago · Like
Post a Comment