
ਕੀ ਹਾਲ ਹੈ?
ਆਰਸੀ ਅਕਸਰ ਦੇਖਦਾ ਰਹਿੰਦਾ ਹਾਂ।
ਇਸ ਵੇਰ ਰਾਜਪਾਲ ਸੰਧੂ ਦੇ ਖ਼ਤ ਨੇ ਮੈਂਨੂੰ ਪ੍ਰਤੀਕਰਮ ਲਿਖਣ ਲਈ ਉਤਸ਼ਾਹਿਤ ਕੀਤਾ। ਭੇਜ ਰਿਹਾ ਹਾਂ।
ਆਪਦਾ ਸ਼ੁੱਭਚਿੰਤਕ
ਉਂਕਾਰਪ੍ਰੀਤ (ਟਰਾਂਟੋ)
======
ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ - ਉਂਕਾਰਪ੍ਰੀਤ
*****
ਪਿਆਰੇ ਰਾਜਪਾਲ
ਤੇਰੇ ਜ਼ੁੱਰਅਤ ਭਰੇ ਖੁੱਲ੍ਹੇ ਖਤ ਲਈ ਸਭ ਤੋਂ ਪਹਿਲਾਂ ਮੈਂ ਤੈਨੂੰ ਖੁੱਲ੍ਹ ਕੇ ਸ਼ਾਬਾਸ਼ ਦਿੰਦਾ ਹਾਂ।
ਅਪਣੀ ਸੱਚੀ-ਸੁੱਚੀ ਭਾਵਨਾ ਨੂੰ ਬਿਆਨ ਕਰਦੇ ਇਸ ਖ਼ਤ 'ਚ ਕਈ ਭੁਲੇਖੇ, ਗ਼ਲਤ-ਬਿਆਨੀਆਂ ਅਤੇ ਹਕੀਕਤ ਤੋਂ ਦੂਰ ਦਲੀਲਾਂ ਹਨ, ਜਿਹਨਾਂ ਨੂੰ ਨਕਾਰਨਾ ਮੈਂ ਜ਼ਰੂਰੀ ਸਮਝਿਆ ਹੈ ਅਤੇ ਇਹ ਟਿੱਪਣੀ ਕਰਨ ਲਈ ਹਾਜ਼ਿਰ ਹੋਇਆ ਹਾਂ।
ਤੂੰ ਲਿਖਿਆ ਹੈ, "ਪਾਤਰ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ।" ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਤੇਰੇ ਮਨ 'ਚ ਪਾਤਰ ਦੇ ਸੱਚੇ ਪੰਜਾਬੀ ਸ਼ਾਇਰ ਹੋਣ ਜਾਂ ਅਖੋਤੀ ਸੱਚੇ ਪੰਜਾਬੀ ਸ਼ਾਇਰ ਹੋਣ ਪ੍ਰਤੀ ਹਾਲੇ ਵੀ ਭੁਲੇਖਾ ਹੈ। ਪਿਆਰੇ ਰਾਜਪਾਲ ਜੇਕਰ ਤੂੰ ਪਾਤਰ ਦੇ ਸਮੁਚੇ ਕਲਾਮ ਅਤੇ ਉਸਦੇ ਹੁਣ ਤੀਕ ਦੇ ਐਕਸ਼ਨਾਂ ਦਾ ਸੱਚੇ ਦਿਲੋਂ ਅਧਿਅਨ ਕਰੇਂ ਤਾਂ ਤੈਨੂੰ ਤੇਰੇ ਪਾਤਰ ਸਾਹਿਬ 'ਲੋਕਾਂ' ਵੱਲ ਪਿਛਾੜੀ ਕਰੀ ਖੜ੍ਹੇ ਦਿਸ ਪੈਣਗੇ। ਲੋਕਾਂ ਨੂੰ ਪਿੱਠ ਦੇਣ ਵਾਲੇ ਕਿਸ ਪ੍ਰਤੀ ਅਤੇ ਕਿੰਨੇ ਕੁ ਸੱਚੇ ਹੁੰਦੇ ਹਨ ਉਹ ਫੈਸਲਾ ਤੂੰ ਆਪੇ ਕਰ ਲਵੀਂ।
ਰਾਜਪਾਲ ਜੀ ਤੁਸੀਂ ਲਿਖਿਆ ਹੈ ਕਿ 'ਤੁਸੀਂ (ਪਾਤਰ ਨੇ) ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ।' ਮੈਨੂੰ ਨਹੀਂ ਪਤਾ ਕਿ ਤੁਹਾਡੀ ਇਸ ਟਿੱਪਣੀ ਪਿੱਛੇ ਕਿਹੜੇ ਤੱਥ ਕੰਮ ਕਰ ਰਹੇ ਹਨ। ਜੇਕਰ ਤੁਸੀਂ ਇਹ ਸਪੱਸ਼ਟ ਕਰੋ ਤਾਂ ਮੈਂ ਪਾਤਰ ਦੀ ਹੀ ਸ਼ਾਇਰੀ ਵਿਚਲੇ ਤੱਥਾਂ ਦੇ ਆਧਾਰ ਤੇ ਸਿੱਧ ਕਰਾਂਗਾ ਕਿ 'ਪਾਤਰ ਨੇ ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਨਹੀਂ ਮਾਰਿਆ'। ਹਾਂ ... ਜੇਕਰ ਤੁਸੀਂ ਅਗਿਆਨ ਵੱਸ ਅਮ੍ਰਿਤਾ ਪ੍ਰੀਤਮ ਦੇ 'ਅੱਜ ਆਖਾਂ ਵਾਰਸ ਸ਼ਾਹ ਨੂੰ' ਵੀ ਪੰਜਾਬੀਆਂ ਲਈ ਹਾਅ ਦਾ ਨਾਹਰਾ ਮੰਨਦੇ ਹੋ ਤਾਂ ਫ਼ਿਰ ਪਾਤਰ ਨੂੰ ਵੀ ਉਸਦੇ 'ਹਾਅ ਦੇ ਨਾਹਰੇ' ਲਈ ਨੰਬਰ ਦਿੱਤੇ ਜਾ ਸਕਦੇ ਹਨ।
ਤੁਸੀਂ ਲਿਖਿਆ, 'ਤੁਹਾਡੇ (ਪਾਤਰ ਦੇ) ਹੱਥ 'ਚ ਬਾਬਾ ਫ਼ਰੀਦ ਅਤੇ ਨਾਨਕ ਵਾਲੀ ਮਸ਼ਾਲ ਹੈ।' ਇਸ ਸਤਰ ਨਾਲ ਤੁਸੀਂ ਪਾਤਰ ਦਾ ਮਾਣ ਕੀਤਾ ਹੈ ਜਾਂ ਨਹੀਂ ਪਰ ਫਰੀਦ-ਨਾਨਕ ਦਾ ਅਪਮਾਨ ਜ਼ਰੂਰ ਕੀਤਾ ਹੈ। ਰਾਜਪਾਲ ਜੀਓ! ਫਰੀਦ ਤੇ ਨਾਨਕ ਮਹਿਜ਼ ਪੰਜਾਬੀ ਦੇ ਵਧੀਆ ਸ਼ਾਇਰ ਹੀ ਨਹੀਂ ਸਗੋਂ 'ਲੋਕ-ਪੱਖੀ ਵਧੀਆ ਸ਼ਾਇਰ' ਹਨ, ਖ਼ਾਸ ਕਰਕੇ ਨਾਨਕ। ਜਿਸ ਸ਼ਾਇਰ ਦੇ ਹੱਥ ਨਾਨਕ ਵਾਲੀ ਮਸ਼ਾਲ ਹੋਵੇਗੀ ਉਹ 'ਰਾਜੇ ਸ਼ੀਹ ਮੁਕੱਦਮ ਕੁੱਤੇ' ਕੂਕੇਗਾ ..... ਨੀਚਾਂ ਅੰਦਰ ਨੀਚ ਦਾ ਯਾਰ ਹੋਵੇਗਾ ..... ਸ਼ਾਹੀ ਪਕਵਾਨਾਂ ਥਾਵੇਂ ਰੁੱਖੀ ਮਿੱਸੀ ਵਾਲਿਆਂ ਦਾ ਤਲਬਗ਼ਾਰ ਹੋਵੇਗਾ। ਉਸਨੂੰ ਕੋਈ 'ਬਾਬਰ' ਪਦਮ-ਸ਼੍ਰੀ ਨਈਂ ਦੇਣ ਲੱਗਾ। ਪਾਤਰ ਦੀ ਸ਼ਾਇਰੀ ਅਤੇ ਹੁਣ ਤੀਕ ਦੇ ਸਟੈਂਡ ਸਿੱਧ ਕਰਦੇ ਹਨ ਕਿ ਉਸਦੇ ਹੱਥ 'ਚ ਜੇ ਕੋਈ ਮਸ਼ਾਲ ਹੈ ਤਾਂ ਉਹ ਫ਼ਰੀਦ-ਨਾਨਕ ਵਾਲੀ ਹਰਗਿਜ਼ ਨਹੀਂ।
ਭੋਲ਼ੇ ਰਾਜਪਾਲ, ਪਾਤਰ ਦਾ ਕਦੇ ਵੀ ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਲਈ ਹਾਅ ਦਾ ਨਾਹਰਾ ਮਾਰਨ ਜਾਂ ਡਟਣ ਦਾ ਪ੍ਰੋਗ੍ਰਾਮ/ਏਜੰਡਾ ਨਹੀਂ ਰਿਹਾ (ਪੜ੍ਹੋ ਪਾਸ਼, ਉਦਾਸੀ, ਦਿਲ ਅਤੇ ਪਾਤਰ ਦੇ ਸਮਕਾਲੀ ਕੁਝ ਹੋਰ ਲੋਕ ਪੱਖੀ ਸ਼ਾਇਰਾਂ ਦੀਆਂ ਉਸ ਪ੍ਰਤੀ ਦਲੀਲਾਂ) ਉਹ ਅਸਲ ਵਿੱਚ ਦੁੱਖ ਦਰਦ ਦੇ ਬਾਹਰੀ ਚੌਖਟੇ ਨੂੰ ਘੜਨ-ਜੜਨ ਵਾਲਾ ਜ਼ਹੀਨ-ਭੁਲੇਖਾਪਾਊ ਕਾਰੀਗਰ ਹੈ। ਦੁੱਖ ਦਰਦ ਦਾ ਇਹ ਚੌਖਟਾ ਘੜਦੇ ਸਮੇਂ ਉਸਦੇ ਚੇਤਨ ਵਿੱਚ ਉਹ ਰੁਮਾਂਸਵਾਦੀ ਪਲ ਹੁੰਦੇ ਹਨ ਜਦ ਇਸ ਚੌਖਟੇ ਚੋਂ ਲੰਘ ਕੇ ਕਿਸੇ ਨੇ ਉਸਨੂੰ 'ਸਾਹੀ ਅੰਦਾਜ਼' 'ਚ ਭਰਪੂਰ ਦਾਦ ਦੇਣੀ ਹੁੰਦੀ ਹੈ ਅਤੇ ਅਪਣੇ ਮਾਲਿਕਾਂ ਕੋਲ ਏਸ ਕਾਰੀਗਰ ਲਈ ਇਨਾਮ-ਇਕਰਾਮ ਦੀ ਸਿਫਾਰਸ਼ ਕਰਨੀ ਹੁੰਦੀ ਹੈ। ਇਸ ਸਭ ਲਈ ਦੁੱਖ ਦਰਦ ਦਾ ਚੌਖਟਾ ਕਾਇਮ ਰਹਿਣਾ ਅਤੇ ਦਿਸਣਾ ਪਹਿਲੀ ਸ਼ਰਤ ਹੈ। ਇਹ ਚੌਖਟਾ ਜਿਵੇਂ 'ਪਾਤਰਾਂ' ਲਈ 'ਕਾਮਧੇਨ ਗਊ' ਹੈ। ਜਦ ਕਿ ਅਸਲ ਲੋਕ-ਪੱਖੀ ਸ਼ਾਇਰਾਂ ਦਾ ਮੂਲ ਮੁੱਦਾ ਤਾਂ ਇਸ ਦੁੱਖ ਦਰਦ ਨੂੰ ਜੜ੍ਹੋਂ ਪੁੱਟਣ ਦਾ ਹੁੰਦਾ ਹੈ ਨਾ ਕਿ ਇਸਨੂੰ 'ਪਾਤਰ' ਵਾਂਗ ਕੈਸ਼ ਕਰਨ ਦਾ।
ਇੱਕ ਗੱਲ ਹੋਰ, ਤੇਰੇ ਜਾਂ ਮੇਰੇ ਵਰਗਿਆਂ ਦੇ ਖੁੱਲ੍ਹੇ ਜਾਂ ਬੰਦ ਖ਼ਤਾਂ ਨਾਲ 'ਪਾਤਰ' ਨੇ ਦਿੱਲੀ ਦਰਬਾਰੋਂ 'ਪਦਮ ਸ਼੍ਰੀ' ਲੈਣ ਜਾਣੋ ਰੁਕ ਨਈਂ ਜਾਣਾ। ਹਾਲੇ ਬਹੁਤਾ ਸਮਾਂ ਨਈਂ ਹੋਇਆ ਤੇਰੇ-ਮੇਰੇ ਵਰਗਿਆਂ ਇਸਨੂੰ ਭਾਸ਼ਾ ਵਿਭਾਗ ਦਾ ਇਨਾਮ ਲੈਣ ਤੋਂ ਰੋਕਣ ਲਈ ਖ਼ਤ ਲਿਖੇ ਸਨ, ਜਿਸ ਚੱਕਰ 'ਚ ਇਸਨੂੰ ਹਾਰਟ-ਅਟੈਕ ਵੀ ਹੋ ਗਿਆ ਸੀ, ਪਰ ਇਸਨੇ ਇਨਾਮ ਲੈ ਲਿਆ ਸੀ। ਅਸਲ 'ਚ ਪਦਮ-ਸ੍ਰੀ ਤਾਂ ਉਸਦੇ ਗਿਣੇ ਮਿਥੇ ਏਜੰਡੇ ਦਾ ਇੱਕ ਪੜਾਅ ਹੈ, ਜਿਸਦਾ ਅਗਲਾ ਪੜਾਅ 'ਰਾਜ ਸਭਾ ਦੀ ਮੈਂਬਰੀ' ਹੈ। 'ਪਦਮ ਸ਼੍ਰੀ' ਲੈਣ ਦੀ ਮੁਢਲੀ ਸ਼ਰਤ ਵਜੋਂ ਹਾਲ ਹੀ ਵਿੱਚ ਪਾਤਰ ਨੇ ਭਾਰਤ ਸਰਕਾਰ ਦੇ ਵਫ਼ਦ ਨਾਲ ਬਤੌਰ 'ਸਰਕਾਰੀਆ ਕਵੀ' ਬਣ ਕੇ ਵਿਦੇਸ਼ਾਂ ਦਾ ਟੂਰ ਲਾਇਆ ਸੀ ਅਤੇ ਵਿਦੇਸ਼ੀ ਵਸਦੇ ਉਹਨਾਂ 'ਸਕਿਆਂ' ਕੋਲ ਵੀ ਇਸ ਦੀ 'ਧੂ ਨਈਂ ਕੱਢੀ' ਜਿਹਨਾਂ ਇਸ ਸਰਕਾਰੀ ਦੌਰੇ ਦੌਰਾਨ ਉਸਦੀ ਉਚੇਚੀ ਗ਼ੈਰ-ਸਰਕਾਰੀ ਆਉ ਭਗਤ ਅੱਡੀਆਂ ਚੁੱਕ ਚੁੱਕ ਕੀਤੀ।
ਬਕੌਲ ਲੋਕ ਕਵੀ ਉਲਫ਼ਤ ਬਾਜਵਾ:
ਕਵੀ ਸਰਕਾਰੀਏ ‘ਉਲਫ਼ਤ’, ਸਦਾ ਗੁਣ ਗਾਉਣ ਹਾਕਿਮ ਦੇ
ਇਨਾਮਾਂ ਤੇ ਜੋ ਮਰਦੇ ਨੇ, ਇਹਨਾਂ ਲੋਕਾਂ ਨੂੰ ਕੀ ਕਹੀਏ॥
ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)
14 comments:
ਉਂਕਾਰਪ੍ਰੀਤ ਜੀਓ! ਤੁਹਾਡੇ ਏਨੇ ਸੋਹਣੇ ਅਤੇ ਤਰਕ ਭਰਪੂਰ ਜਵਾਬੀ ਖ਼ਤ ਨੇ ਆਰਸੀ 'ਤੇ ਪੋਸਟ ਹੋਏ ਬਹੁਤ ਸਾਰੇ ਲੇਖ...ਜਿਨ੍ਹਾਂ 'ਤੇ ਭਰਪੂਰ ਚਰਚਾ ਛਿੜੀ ਸੀ...ਉਹ ਸਾਰੇ ਅੱਜ ਯਾਦ ਕਰਵਾ ਦਿੱਤੇ ਨੇ...ਹਾ ਹਾ ਹਾ...
...........
ਸੱਚ ਜਾਣਿਉ...ਤੁਹਾਡਾ ਈਮੇਲ 'ਚ ਆਇਆ ਜਵਾਬੀ ਖ਼ਤ ਵੇਖ ਕੇ....ਬਹੁਤ ਦੇਰ ਵਾਅਦ ਅੱਜ ਆਰਸੀ ਨੂੰ ਅਪਡੇਟ ਕਰਦਿਆਂ....ਉਹੀ ਪਹਿਲਾਂ ਵਾਲ਼ਾ ਸਰੂਰ....ਜੋਸ਼..ਉਤਸ਼ਾਹ ਮਹਿਸੂਸ ਕੀਤਾ ਹੈ ... ਤੇ ਆਪਣੇ ਆਪ ਨੂੰ ਪਿਆਰੇ ਸਾਹਿਤਕ ਦੋਸਤਾਂ ਦੇ ਬਹੁਤ ਨੇੜੇ ਬੈਠਿਆਂ ਮਹਿਸੂਸ ਕੀਤਾ ਹੈ....ਮੈਂ ਤੁਹਾਡੀ ਦਿਲੋਂ ਮਸ਼ਕੂਰ ਹਾਂ.....:)
.............
ਹਾਂ !! ਇਕ ਗੱਲ ਐ...ਬਹੁਤ ਸਾਰੇ ਲੋਕ ਹੁਣ ਜ਼ਰੂਰ ਸੋਚਣਗੇ ਕਿ ਇਹ ਆਰਸੀ ਵਾਲ਼ੇ ਕੋਈ ਨਾ ਕੋਈ ਪੰਗਾ ਲੈ ਕੇ ਕੋਈ ਨਾ ਕੋਈ ਤਵਾ ਲਾਉਂਦੇ ਹੀ ਰਹਿੰਦੇ ਨੇ....ਕਦੇ ਸੁਰਿੰਦਰ ਸੋਹਲ, ਹਰਪਾਲ ਭਿੰਡਰ, ਗੁਰਮੇਲ ਬਦੇਸ਼ਾ, ਤਨਦੀਪ ਤਮੰਨਾ, ਕੁਲਵਿੰਦਰ ਖਹਿਰਾ, ਉਂਕਾਰਪ੍ਰੀਤ.........ਹਾ ਹਾ ਹਾ....:) ਅਦਬ ਸਹਿਤ...ਤਨਦੀਪ
ਦੋਸਤੋ! ਇਹ ਸਾਰੀਆਂ ਟਿੱਪਣੀਆਂ ਫੇਸਬੁੱਕ 'ਤੇ ਆਈਆਂ ਸਨ, ਬਲੌਗ ਦੇ ਪਾਠਕ ਸਾਹਿਬਾਨ ਨਾਲ਼ ਵੀ ਸਾਂਝੀਆਂ ਕਰ ਰਹੀਆਂ ਹਾਂ..:)
---
Dewinder Dhaliwal - bayee onkar tuhada naam bahut sunya,,,,,ajj parh k hoob hoo lagea jiven siftan hundian ne
22 hours ago · Unlike · 1
Inderjit Singh Purewal - Akkhaan khull gaian
16 hours ago · Unlike · 1
Gurnaib Singh - ਜੀ ਬਿਲਕੁਲ ਸੱਚ ਹਨ ਤੁਹਾਡੀਆ ਦਲੀਲਾਂ...ਲਾਜਵਾਬ
13 hours ago · Unlike · 1
Bharat Bhushan - ਜਦੋਂ ਵੰਝਲੀ ਦੇ ਗਲੇ ਵਿੱਚ ਅਠਿਆਨੀ ਫਸ ਜਾਵੇ
8 hours ago · Like
Punjabi Aarsi to Bharat Bhushan: ਜਦੋਂ ਵੰਝਲੀ ਦੇ ਗਲੇ ਵਿੱਚ ਅਠਿਆਨੀ ਫਸ ਜਾਵੇ..ਅੱਗੇ ਗੱਲ ਪੂਰੀ ਵੀ ਕਰ ਦਿਉ ਭੂਸ਼ਣ ਸਾਹਿਬ....ਮੈਂ ਸੱਚੀਂ ਕਮ-ਅਕਲ ਹਾਂ...ਹਾ ਹਾ ਹਾ..ਪੂਰੀ ਗੱਲ ਸੁਣੇ ਬਗ਼ੈਰ ਮੇਰੀ ਸਮਝ 'ਚ ਕੁਝ ਨਹੀਂ ਪੈਂਦਾ....:) ਤੁਹਾਡੇ ਪੂਰੇ ਕੁਮੈਂਟ ਦੀ ਉਡੀਕ ਰਹੇਗੀ ਜੀ...:)
3 hours ago · Like
Kuldeep Kaur Puri - eh theek hai k Patar Sahib ji da sahit wich yogdan bahut hai ...par ......Patar Sahib di Baba Farid ate Guru Nanak Dev ji naal tulna karna bilkul galat hai.....
16 hours ago · Unlike · 1
Raj Rajpal Sandhu - Onkar preet ji da ati dhanwadi ... Punjabi Aarsi da shukrya
19 hours ago · Unlike · 1
----
Raj Rajpal Sandhu - Onkar veer ne bahut sohna likhya
19 hours ago · Unlike · 1
Sukhinder Singh - ਪੰਜਾਬੀ ਦੇ ਨਾਮਵਰ ਸ਼ਾਇਰ ਸੁਰਜੀਤ ਪਾਤਰ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼ਿਰੀ' ਐਵਾਰਡ ਦੇਣ ਦੇ ਸਬੰਧ ਵਿੱਚ ਰਾਜ ਪਾਲ ਸੰਧੂ ਅਤੇ ਓਂਕਾਰਪਰੀਤ ਦੇ ਵਿਚਾਰ ਪੜ੍ਹਣ ਦਾ ਮੌਕਾ ਮਿਲਿਆ.
ਦੋਨੋਂ ਹੀ ਲੇਖਕ ਭਾਵੁਕ ਹੋ ਕੇ ਆਪਣੇ ਵਿਚਾਰ ਪਰਗਟ ਕਰ ਰਹੇ ਜਾਪਦੇ ਹਨ.
ਸੁਰਜੀਤ ਪਾਤਰ 'ਪਦਮ ਸ਼ਿਰੀ' ਐਵਾਰਡ ਪਰਾਪਤ ਕਰਨ ਤੋਂ ਪਹਿਲਾਂ 'ਸਾਹਿਤ ਅਕੈਡਮੀ ਐਵਾਰਡ' ਅਤੇ 'ਸਰਸਵਤੀ ਐਵਾਰਡ' ਵੀ ਪਰਾਪਤ ਕਰ ਚੁੱਕਾ ਹੈ. ਜੋ ਕਿ ਇੰਡੀਆ ਦੇ ਵੱਡੇ ਸਾਹਿਤਕ ਐਵਾਰਡ ਹਨ.
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਹੇ ਇਹ ਇੰਡੀਆ ਦੇ ਸਾਹਿਤਕ ਐਵਾਰਡ ਹੋਣ ਅਤੇ ਚਾਹੇ ਕੈਨੇਡਾ, ਅਮਰੀਕਾ, ਇੰਗਲੈਂਡ ਜਾਂ ਕਿਸੀ ਹੋਰ ਦੇਸ਼ ਦੇ, ਪੰਜਾਬੀ ਸਾਹਿਤਕ ਐਵਾਰਡ ਦੇਣ ਵੇਲੇ ਹਰ ਜਗਾਹ ਹੀ ਰਾਜਨੀਤੀ ਚਲਦੀ ਹੈ. ਕੋਈ ਵੀ ਇਨਾਮ ਧੜੇਬੰਦੀਆਂ/ ਗਰੁੱਪਬੰਦੀਆਂ/ ਯਾਰੀਆਂ / ਦੋਸਤੀਆਂ ਦੇ ਪਰਭਾਵ ਤੋਂ ਬਚਿਆ ਹੋਇਆ ਨਹੀਂ.
ਇਹ ਕਹਿਣਾ ਕਿ ਪੰਜਾਬੀ ਕਵਿਤਾ ਨੂੰ ਪਾਤਰ ਦੀ ਕੋਈ ਜ਼ਿਕਰਯੋਗ ਦੇਣ ਨਹੀਂ? ਇਸ ਗੱਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ.
ਪਾਤਰ ਵੀ ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਅਤੇ ਡਾ. ਜਗਤਾਰ ਵਾਂਗ ਹੀ ਪੰਜਾਬੀ ਦਾ ਇੱਕ ਪਰਭਾਵਸ਼ਾਲੀ ਲੋਕ-ਪੱਖੀ ਪੰਜਾਬੀ ਸ਼ਾਇਰ ਹੈ. ਜਿਸ ਦੀ ਕਵਿਤਾ ਨੇ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਜ਼ਿਕਰਯੋਗ ਪਰਭਾਵ ਪਾਇਆ ਹੈ. ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸ ਨੇ ਪੰਜਾਬੀਆਂ ਦੇ 'ਦੁੱਖ ਦੇ ਵੀ ਗੀਤ ਬਣਾਏ ਹਨ'.
ਜਿਨ੍ਹਾਂ ਲੋਕਾਂ ਨੇ ਅਜੇ ਜ਼ਿਕਰਯੋਗ ਚਾਰ ਕਵਿਤਾਵਾਂ ਵੀ ਨਹੀਂ ਲਿਖੀਆਂ, ਉਹ ਲੋਕ ਸੁਰਜੀਤ ਪਾਤਰ ਦੀ ਪੰਜਾਬੀ ਕਵਿਤਾ ਨੂੰ ਦਿੱਤੀ ਦੇਣ ਨੂੰ ਛੁਟਿਆਣ ਦੀ ਕੋਸ਼ਿਸ਼ ਕਰਦੇ ਚੰਗੇ ਨਹੀਂ ਲੱਗਦੇ.
ਪਾਤਰ ਦਾ ਮੁਕਾਬਲਾ ਫਰੀਦ ਜਾਂ ਬਾਬਾ ਨਾਨਕ ਨਾਲ ਕਰਨਾ ਬਿਲਕੁਲ ਹੀ ਠੀਕ ਨਹੀਂ.
ਫਰੀਦ ਅਤੇ ਬਾਬਾ ਨਾਨਕ ਤਾਂ ਪੰਜਾਬੀ ਸ਼ਾਇਰੀ ਦੇ ਬਾਬਾ ਆਦਮ ਹਨ.
-ਸੁਖਿੰਦਰ
ਸੰਪਾਦਕ: ਸੰਵਾਦ
ਟੋਰਾਂਟੋ, ਕੈਨੇਡਾ
51 minutes ago · Like
ਸੁਰਜੀਤ ਪਾਤਰ ਬਾਰੇ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵੇਂ ਗੱਲਾਂ ਹੋ ਰਹੀਆਂ ਹਨ। ਮੈਂ ਪਾਤਰ ਨੂੰ ਉਦੋਂ ਦਾ ਜਾਣਦਾ ਹਾਂ ਜਦੋਂ ਅਜੇ ਉਹ ਪੱਤੜ ਸੀ ਅਤੇ ਸਰਕਾਰੀ ਕਾਲਜ ਕਪੂਰਥਲਾ ਦਾ ਵਿਦਿਆਰਥੀ ਸੀ।ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੁਝ ਸਮਾ ਇਕੱਠਿਆਂ ਗੁਜ਼ਾਰਨ ਅਤੇ ਇਕ ਦੂਜੇ ਦੀ ਸਿਰਜਣਾਤਮਿਕਤਾ ਬਾਰੇ ਜਾਣਨ ਦਾ ਮੌਕਾ ਮਿਲਿਆ। ਪਾਤਰ ਰਾਜਨੀਤੀ ਤੋਂ ਉੱਤੇ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਮੰਚ 'ਤੇ ਲੋਕਾਂ ਵਿਚ ਮਕਬੂਲ ਹੋਇਆ ਹੈ ਜਿਸ ਤੋਂ ਉਸ ਨੂੰ ਲੋਕ ਪੱਖੀ ਨਾ ਸਹੀ ਲੋਕ ਕਵੀ ਤਾਂ ਕਿਹਾ ਜਾ ਸਕਦਾ ਹੈ। ਇਸ ਵਿਚ ਉਸ ਦੀ ਸ਼ਬਦਾਵਲੀ, ਇਸ ਵਿਚਲਾ ਸੰਗੀਤਕ ਪੱਖ ਅਤੇ ਉਸ ਦਾ ਸੁਰੀਲਾ ਗਲ਼ਾ ਤੇ ਅੰਦਾਜ਼ ਕਈ ਗੱਲਾਂ ਸਾਂਝੀਆਂ ਹਨ ਜੋ ਉਸ ਨੂੰ ਮਕਬੂਲ ਬਣਾਉਂਦੀਆਂ ਹਨ। ਇਕ ਦੱਮ ਕਿਸੇ ਕਵੀ ਨੂੰ ਇੰਝ ਨਹੀਂ ਨਕਾਰਿਆ ਜਾ ਸਕਦਾ। ਇਹ ਠੀਕ ਹੈ ਕਿ ਉਹ ਮੀਸ਼ੇ ਦੇ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿ 'ਤੂੰ ਲੀਕੋਂ ਕਿਹੜੇ ਪਾਸੇ ਦਾ' ਕਿਉਂ ਕਿ ਉਹ ਕਈ ਵੇਰ ਦੁਬਿਧਾ ਵਿਚ ਹੁੰਦਾ ਹੈ ਯਥਾ: ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ'। ਕਹਿਣ ਅਤੇ ਚੁੱਪ ਰਹਿਣ ਵਿਚਕਾਰ (ਜੇ) ਸਿਰਜੀ ਗਈ ਉਸ ਦੀ ਇਹ ਗ਼ਜ਼ਲ ਬਹੁਤ ਮਕਬੂਲ ਹੋਈ ਹੈ। ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਕ ਪੰਜਾਬੀ ਕਵੀ ਨੂੰ 'ਪਦਮ ਸ਼੍ਰੀ' ਖਿਤਾਬ ਦਿੱਤੇ ਜਾਣ ਦਾ ਐਲਾਨ ਹੋਇਆ ਹੈ। ਜਦੋਂ ਭਾਸ਼ਾ ਵਿਭਾਗ ਦਾ ਇਨਾਮ ਐਲਾਨਿਆ ਗਿਆ ਸੀ ਉਦੋਂ ਪਾਤਰ ਕੁਝ ਦੋਸਤਾਂ ਦੇ ਪਿਛੇ ਲੱਗ ਗਿਆ ਸੀ ਅਤੇ ਖੁਦ ਫੈਸਲਾ ਲੈਣ ਲਈ ਦੁਬਿਧਾ ਦਾ ਸ਼ਿਕਾਰ ਹੋ ਗਿਆ ਸੀ। ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਪਾਤਰ ਕੋਈ ਸਿਆਸੀ ਪੈਂਤੜੇ ਵਾਲਾ ਕਵੀ ਨਹੀਂ ਹੈ, ਫਿਰ ਉਸ ਤੋਂ ਪਾਸ਼ ਜਾਂ ਲਾਲ ਸਿੰਘ ਦਿਲ ਹੋਣ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਪਾਤਰ ਪਾਤਰ ਹੈ, ਉਹ ਕਿਸੇ ਵਰਗਾ ਨਹੀਂ ਅਤੇ ਇਕ ਮਕਬੂਲ ਸ਼ਾਇਰ ਹੈ ਜਿਸ ਨੇ ਪੰਜਾਬੀ ਸਾਹਿਤ ਦੀ ਇਜ਼ਤ ਵਿਚ ਵੀ ਵਾਧਾ ਕੀਤਾ ਹੈ। ਲੋਕਾਂ ਤਾਂ ਪ੍ਰੋ. ਮੋਹਨ ਸਿੰਘ ਨੂੰ ਵੀ ਨਹੀਂ ਸੀ ਬਖ਼ਸ਼ਿਆ ਜਦੋਂ ਉਸ ਨੂੰ 'ਜੈ ਮੀਰ' ਤੇ ਸੋਵੀਅਤ ਯੂਨੀਅਨ ਦਾ ਨਹਿਰੂ ਪੁਰਸਕਾਰ ਮਿਲਿਆ ਸੀ। ਉਸ ਸਮੇ ਚੱਲ ਰਹੀ ਨਕਸਲਵਾਦੀ ਲਹਿਰ ਦੇ ਕਵੀਆਂ ਨੇ ਇਸ ਨੂੰ 'ਰੂਬਲਾਂ ਦੀ ਜੈ ਜਾਂ ਜੈ ਰੂਬਲਾਂ ਦੀ ਕਿਹਾ ਸੀ।ਇਸ ਨਾਲ ਮੋਹਨ ਸਿੰਘ ਦਾ ਕੱਦ ਛੋਟਾ ਨਹੀਂ ਸੀ ਹੋ ਗਿਆ। ਪਾਤਰ ਦਾ ਕੱਦ ਵੀ ਛੋਟਾ ਨਹੀਂ ਹੋਣ ਲੱਗਾ ਜਿਸ ਦੀ ਪਹਿਚਾਣ ਸਭ ਤੋਂ ਪਹਿਲਾਂ ਡਾ. ਸੁਤਿੰਦਰ ਸਿੰਘ ਨੂਰ ਨੇ ਕਰਾਈ ਸੀ (ਪੁਸਤਕ: ਪੰਜਾਬੀ ਕਵਿਤਾ ਸੀਮਾ ਤੇ ਸੰਭਾਵਨਾ)। ਜਦੋਂ ਕੋਈ ਸਰੋਤਾ ਕਵਿਤਾ ਸੁਣਦਾ ਹੈ ਤਾਂ ਕੇਵਲ ਮਹਿਸੂਸ ਕਰਦਾ/ਅਨੰਦ ਮਾਣਦਾ ਹੈ ਭਾਵੇਂ ਇਹ ਕਰੁਣਾ ਹੈ ਜਾਂ ਇਸ਼ਕ ਵਿਚ ਵਿਯੋਗ ਭਾਵ ਜਾਂ ਰੁਦਨ ਪ੍ਰੰਤੂ ਇਕ ਆਲੋਚਕ ਜਾਂ ਚਿੰਤਕ ਦਾ ਦ੍ਰਿਸ਼ਟੀਕੋਣ ਵੱਖਰਾ ਹੁੰਦਾ ਹੈ।ਕਿਸੇ ਵੀ ਦ੍ਰਿਸ਼ਟੀਕੋਣ ਤੋਂ ਉਲਾਰ ਹੋ ਕੇ ਗੱਲ ਕਰਨੀ ਪੰਜਾਬੀ ਸਾਹਿਤ ਦੇ ਹਿਤ ਵਿਚ ਨਹੀਂ।
- ਰਤਨ ਸਿੰਘ ਢਿੱਲੋਂ (ਡਾ.)
Gs Chaman - Vadhya hai par shair noo political leader na smjho ate na hi bali da bakra.
17 hours ago · Like
Bharat Bhushan - ਪਾਤਰ ਹੁਰਾਂ ਦਾ ਹੀ ਇੱਕ ਸ਼ੇਅਰ ਏ ਇਸ ਤਰਾਂ ਦਾ, ਪੂਰਾ ਯਾਦ ਨਹੀਂ, ਮਿਲ ਗਿਆ ਤਾਂ ਜਰੂਰ ਸਾਂਝਾ ਕਰਾਂਗਾ
16 hours ago · Unlike · 1
Bharat Bhushan - ਲਓ ਜੀ, ਪਾਤਰ ਜੀ ਦਾ ਸ਼ੇਅਰ ਲੱਭ ਹੀ ਪਿਆ:
ਪਹਿਲਾਂ ਜੋ ਵੀ ਦਿਲ ਵਿੱਚ ਆਇਆ ਗੌਂਦੀ ਸੀ ਸ਼ਹਿਨਾਈ
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇੱਕ ਅਠਿਆਨੀ
15 hours ago · Unlike · 2
Punjabi Aarsi - ਹਾ ਹਾ ਹਾ...ਆਹ ਤੁਸੀਂ ਕਮਾਲ ਦਾ ਤਵਾ ਲਾਇਆ ਹੈ ਭੂਸ਼ਣ ਸਾਹਿਬ....ਸ਼ਹਿਨਾਈ ਦੇ ਗਲ਼ੇ 'ਚ ਅਠਿਆਨੀ ਫਸਣ ਵਾਲ਼ਾ.....ਵੇਖੋ ਨਾ ਫਸੀ ਵੀ ਤਾਂ ਅਠਿਆਨੀ....ਨਾ ਬਾਹਰ ਥੁੱਕਦਿਆਂ ਗੱਲ ਬਣਦੀ ਹੈ ਨੇ ਨਾ ਅੰਦਰ ਨਿਗਲ਼ਦਿਆਂ...ਬਹੁਤਾ ਔਖਾ ਹੋ ਗਿਆ ਐਵਾਰਡ ਮਿਲ਼ਣ ਤੋਂ ਬਾਅਦ.... ਜੋ ਵੀ ਹੈ..ਮੈਂ ਹੁਣ ਇਸ ਅਠਿਆਨੀ ਬਾਰੇ ਸੋਚ ਰਹੀ ਹਾਂ...:)
about an hour ago · Like · 1
Master Bath - Baba Nanak ji te Farid ji uch koti de kavi c , par isto age uhna di samaj dia evils nal larna ,, apni sari jindgi nu jhok dena ik ajiha karj hai us karaj nal kise manukh di tulna karni murkhta hi kahi ja sakdi a j
16 hours ago · Like
Post a Comment