ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Thursday, April 15, 2010

ਗਗਨਦੀਪ ਸ਼ਰਮਾ - ਸ਼ਾਇਰਾਂ ਦੇ ਨਾਮ ਦੇਣ ਨਾਲ਼ ਸਰਤਾਜ ਨੇ ਛੋਟਾ ਹੋ ਜਾਣਾ ਸੀ? - ਤਾਜ਼ਾ ਪ੍ਰਤੀਕਰਮ

ਸ਼ਾਇਰਾਂ ਦੇ ਨਾਮ ਦੇਣ ਨਾਲ਼ ਸਰਤਾਜ ਨੇ ਛੋਟਾ ਹੋ ਜਾਣਾ ਸੀ?

ਲੇਖ

ਪਿਆਰੇ ਦੋਸਤੋ!

ਸਰਤਾਜ ਦੇ ਬਹਾਨੇ ਨਾਲ ਜੋ ਗੱਲਾਂ ਇਥੇ ਪੰਜਾਬੀ ਗਾਇਕੀ/ਗੀਤਕਾਰੀ ਬਾਰੇ ਹੋ ਰਹੀਆਂ ਹਨ, ਓਹ ਆਪ ਸਭ ਦੇ ਸੁਹਿਰਦ ਹੋਣ ਦੀ ਸ਼ਾਹਦੀ ਭਰਦੀਆਂ ਹਨ। ਮਾਂ ਪੰਜਾਬੀ ਪ੍ਰਤੀ ਸੁਹਿਰਦ ਹੋਣ ਲਈ ਮੇਰੀ ਦਿਲੀ ਮੁਬਾਰਕ ਕਬੂਲ ਕਰੋ। ਕਿਸੇ ਵੀ ਗਾਇਕ ਨੂੰ ਆਲੋਚਨਾਤਮਕ ਤਰੀਕੇ ਨਾਲ ਸਮਝਣ ਲਈ ਮੇਰੀ ਤੁੱਛ ਬੁੱਧੀ ਅਨੁਸਾਰ ਕੁਝ ਖ਼ਾਸ ਨੁਕਤਿਆਂ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਗਾਇਕ ਬਾਰੇ ਵਿਚਾਰ ਦੇਣ ਲੱਗੇ ਪਹਿਲੀ ਸ਼ਰਤ ਉਸ ਦਾ ਸ੍ਵਰ ਹੈ ਜਿਸ ਪੱਖੋਂ ਸਰਤਾਜ ਨਿਸ਼ਚੇ ਹੀ ਸਵਾਲਾਂ ਦੇ ਦਾਇਰੇ ਤੋਂ ਪਾਰ ਪਹੁੰਚ ਚੁੱਕਾ ਹੈ।

-----

ਦੂਜੀ ਸ਼ਰਤ ਉਸ ਗਾਇਕ ਵੱਲੋਂ ਸਾਫ਼ ਸੁਥਰੀ ਗਾਇਕੀ ਦਾ ਗਾਇਣ ਕਰਨਾ ਹੈ। ਸਰਤਾਜ ਦੇ ਯਾਮਾ ਵਾਲੇ ਗੀਤ ਉੱਪਰ ਦੋਸਤਾਂ ਦੇ ਇਤਰਾਜ਼ ਦੇ ਬਾਵਜੂਦ ਇਹ ਨਹੀਂ ਕਿਹਾ ਜਾ ਸਕਦਾ ਕਿ ਸਰਤਾਜ ਨੇ ਅਸ਼ਲੀਲ ਗਾਇਆ ਹੈ। ਹਾਂ, ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਇਹ ਗੀਤ ਬੇਤੁਕਾ ਜ਼ਰੁਰ ਹੈ ਪ੍ਰੰਤੂ ਬਾਕੀ ਪੰਜਾਬੀ ਗਾਇਕੀ ਦੇ ਪੱਧਰ ਤੇ ਨਜ਼ਰ ਮਾਰੀ ਜਾਵੇ ਤਾਂ ਇੱਕ ਬੇਤੁਕਾ ਗੀਤ ਗਾਉਣਾ ਕੋਈ ਗ਼ੈਰ-ਮਾਫ਼ੀਯੋਗ ਗੁਨਾਹ ਤਾਂ ਨਹੀਂ ਦਿਸਦਾ।

-----

ਗਾਇਕ ਦੀ ਆਲੋਚਨਾ ਪੱਖੋਂ ਤੀਜਾ ਨੁਕਤਾ ਉਸ ਦਾ Entertainer ਹੋਣਾ ਹੈ। ਮੈਂ ਸਰਤਾਜ ਨੂੰ ਲਾਈਵ ਵੀ ਸੁਣਿਆ ਹੈ ਅਤੇ ਸੀ ਡੀ ਉੱਤੇ ਵੀ, ਓਹ ਦੋਵੇਂ ਵਾਰ ਬਾਕਮਾਲ Entertainer ਜਾਪਿਆ ਹੈ। ਇਹ ਤਿੰਨੇ ਨੁਕਤੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਸਰਤਾਜ ਕੋਲ ਨਿਸ਼ਚੇ ਹੀ ਓਹ ਪ੍ਰਤਿਭਾ ਹੈ ਜਿਸ ਦੇ ਸਿਰ ਉੱਤੇ ਓਹ ਪੰਜਾਬੀ ਗਾਇਕੀ ਵਿਚ ਨਵੇਂ ਮੁਕਾਮ ਸਿਰਜਣ ਦੇ ਵੀ ਕਾਬਿਲ ਜਾਪਦਾ ਹੈ।

-----

ਦੂਜੇ ਪਾਸੇ ਗਾਇਕ + (ਸੱਚਾਈ ਵਿਚ ਜਾਂ ਅਖਾਉਤੀ) ਗੀਤਕਾਰ ਦੀ ਆਲੋਚਨਾ ਕਰਨ ਵੇਲੇ ਕੁਝ ਹੋਰ ਨੁਕਤੇਆਂ ਦਾ ਵੀ ਧਿਆਨ ਰੱਖਣਾ ਪਵੇਗਾ। ਪਹਿਲਾਂ ਤਾਂ ਕੋਈ ਵੀ ਸਮਝਦਾਰ ਗਾਇਕ + ਗੀਤਕਾਰ ਉਦੋਂ ਤੱਕ ਸਿਰਫ਼ ਆਪਣਾ ਲਿਖਿਆ ਹੀ ਨਹੀਂ ਗਾਉਂਦਾ ਜਦੋਂ ਤੱਕ ਉਸ ਨੂੰ ਇਹ ਨਾ ਲੱਗੇ ਕਿ ਓਹ ਗੀਤ ਵਾਕਈ ਬਹੁਤ ਚੰਗਾ ਲਿਖਿਆ ਗਿਆ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿਚ ਓਹ ਹੋਰ ਲੇਖਕਾਂ ਦੇ ਗੀਤਾਂ ਨੂੰ ਆਪਣੇ ਸ੍ਵਰ ਦਿੰਦਾ ਹੈ। ਸਰਤਾਜ ਦੇ ਸ੍ਵਰ ਵਿਚ ਓਹ ਖਿੱਚ ਹੈ ਕਿ ਸਾਧਾਰਣ ਸ਼ਬਦ ਵੀ ਓਸਦੇ ਮੂੰਹੋਂ ਸੋਹਣੇ ਲੱਗਦੇ ਹਨ, ਪਰ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਹੁਤੇ ਕੇਸਾਂ ਵਿਚ ਉਸਦੇ ਗੀਤਾਂ ਦੇ ਬੋਲ ਸਾਧਾਰਣ ਹੁੰਦੇ ਹਨ। ਜੇ ਓਹ ਪੰਜਾਬੀ ਦੇ ਬਹੁਤ ਚੰਗੇ ਲਿਖੇ ਗੀਤ ਆਪਣੀ ਸ੍ਵਰ ਵਿਚ ਢਾਲੇ ਤਾਂ ਤਰੱਕੀ ਦੀ ਕੋਈ ਹੱਦ ਨਾ ਰਹੇ।

----

ਦੂਜਾ, ਕੋਈ ਵੀ ਸੱਚਾ ਲੇਖਕ ਕਿਸੇ ਦੂਜੇ ਦੇ ਸ਼ਬਦ ਆਪਣੇ ਕਹਿ ਕੇ ਨਹੀਂ ਗਾਉਂਦਾ। ਓਸ ਨੂੰ ਤਾਂ ਸਗੋਂ ਇਹਨਾਂ ਸ਼ਬਦਾਂ ਦੇ ਅਸਲ ਲੇਖਕ ਦਾ ਨਾਮ ਦੱਸਾਂ ਵਿਚ ਖ਼ੁਸ਼ੀ ਹੁੰਦੀ ਹੈ। ਕਿਸੇ ਦੂਜੇ ਲੇਖਕ ਦੇ ਸ਼ਬਦਾਂ ਨੂੰ ਆਪਣਾ ਕਹਿ ਕੇ ਗਾਉਣ ਵਾਲਾ ਬੰਦਾ ਲੇਖਕ ਨਹੀਂ ਲੇਖਕਾਂ ਦੇ ਨਾਮ ਉੱਤੇ ਧੱਬਾ ਹੈ, ਸੱਚ ਕਹਾਂ ਤਾਂ ਤਰਲੋਕ ਜੱਜ ਦੀ ਗੱਲ ਜੱਗ ਜ਼ਾਹਿਰ ਹੈ, ਸਰਤਾਜ ਨੇ ਜਨਾਬ ਗੁਰਚਰਨ ਰਾਮਪੁਰੀ ਦੇ ਸ਼ਿਅਰ ਵੀ ਬਿਨਾ ਨਾਮ ਲਾਏ ਵਰਤੇ ਹਨ, ਸ਼ਾਇਦ ਕਿਸੇ ਹੋਰ ਦੇ ਵੀ ਵਰਤੇ ਹੋਣ। ਮੈਂ ਵੀਰ ਸਰਤਾਜ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਨਾਮ ਦੇਣ ਨਾਲ ਕੀ ਸਰਤਾਜ ਨੇ ਛੋਟਾ ਹੋ ਜਾਣਾ ਸੀ ਜਾਂ ਕਿ ਇਹਨਾਂ ਲੇਖਕਾਂ ਨੇ ਓਸ ਨਾਲੋਂ ਜ਼ਿਆਦਾ ਮਕ਼ਬੂਲ ਹੋ ਜਾਣਾ ਸੀ?

-----

ਤੀਜਾ ਨੁਕਤਾ ਜੋ ਮੈਂ ਇਥੇ ਉਠਾਣਾ ਚਾਹੁੰਦਾ ਹਾਂ, ਓਹ ਸੂਫੀ ਕਾਵਿ ਬਾਰੇ ਹੈ। ਸੂਫੀ ਕਾਵਿ ਨੂੰ ਸਮਝਣ ਵਾਲੇ ਜਾਂਦੇ ਹਨ ਕਿ ਸਰਤਾਜ ਦੇ ਗੀਤ ਕਿਸੇ ਵੀ ਤਰ੍ਹਾਂ ਸੂਫ਼ੀ ਨਹੀਂ, ਫੇਰ ਆਪਣੇ ਆਪ ਨੂੰ ਸੂਫ਼ੀ ਗਾਇਕ ਕਹਿਣ ਦਾ ਹੱਕ ਸਰਤਾਜ ਨੂੰ ਕਿਸ ਨੇ ਦੇ ਦਿੱਤਾ? (ਸਰਤਾਜ ਨੂੰ ਸੂਫ਼ੀ ਗਾਇਕ ਕਦੇ ਵੀ ਲੋਕਾਂ ਨੇ ਨਹੀਂ ਸਗੋਂ ਪਹਿਲਾਂ ਖ਼ੁਦ ਉਸ ਨੇ ਜਾਂ ਉਸ ਦੇ ਪ੍ਰੋਮੋਟਰਾਂ ਨੇ ਕਿਹਾ ਸੀ)। ਕਿਸੇ ਵੀ ਤਰੀਕੇ ਨਾਲ ਸਰਤਾਜ ਦੇ ਲਿਖੇ ਗੀਤ ਸੂਫ਼ੀ ਨਹੀਂ। ਯਾਮਾ ਜਿੱਤ ਦੇ ਨਿਸ਼ਾਨ, ਵਰਗੇ ਗੀਤਾਂ ਨੂੰ ਕੋਈ ਮੂਰਖ਼ ਹੀ ਸੂਫ਼ੀ ਕਹੇਗਾ। ਬਾਕੀ ਪੋਸ਼ਾਕ ਪਹਿਨਣ ਨਾਲ ਜਾਂ ਭੇਸ ਬਣਾਉਣ ਨਾਲ ਬੰਦਾ ਸੂਫ਼ੀ (ਜਾਂ ਕੁਝ ਹੋਰ) ਨਹੀਂ ਬਣਦਾ ਹੁੰਦਾ। ਜੇਕਰ ਇਓਂ ਹੁੰਦਾ ਤਾਂ ਅੱਧਾ ਪੰਜਾਬ ਅੱਜ ਭਗਤ ਸਿੰਘਾਂ ਨਾਲ ਭਰਿਆ ਹੁੰਦਾ, ਉਸ ਵਰਗੀਆਂ ਮੁੱਛਾਂ ਰੱਖਦੇ, ਤੇ ਪੱਗ ਬੰਨ੍ਹਣ ਦਾ ਵਿਖਾਵਾ ਕਰਦੇ ਮੁੰਡਿਆਂ ਦੇ ਸਿਰ ਤੇ.......।

ਪਿਆਰ ਨਾਲ਼ ਆਪਦਾ,

ਗਗਨ ਦੀਪ ਸ਼ਰਮਾ

3 comments:

ਤਨਦੀਪ 'ਤਮੰਨਾ' said...

Gagan veer ji, tusin pehle bhag 'ch likhea hai ke Sartaj SWAR pakhon sawalan de dayre 'chon bahhar ja chukka hai. Main isda matlab nahin samajh sakya. Je iston tuhada bhaav eh hai ke Sartaj SWAR da maahir hai, taan eh tuhadi bahut vaddi bhull hai. Bilkul besure gayaakan nu bardashat kita ja sakda hai,ke chalo ehna nu gauna hi nahin aunda...par Sartaj nu bardashat nahin kita ja sakda kyon ke uh ADH- SURA hai. Jad uh gaunda hai taan wich-wich di lagda hai ke.....hun vi sur 'te aya, hun vi aya, par uh fer sur chhad jaanda hai. Us vele sureele bandean de bardashat ton baahar ho jaanda hai. Asal wich usnu bahut saare riyaz di lorh hai...te sur sodhan layi kisey achhe ustad di vi. Dhanvad.
Sukhwinder
====
ਸਤਿਕਾਰਤ ਸੁਖਵਿੰਦਰ ਜੀ! ਆਰਸੀ 'ਤੇ ਫੇਰੀ ਪਾਉਣ ਲਈ ਅਤੇ ਆਪਣੇ ਵਿਚਾਰ ਘੱਲਣ ਲਈ ਬੇਹੱਦ ਸ਼ੁਕਰੀਆ। ਆਪਣੀ ਈਮੇਲ 'ਚ ਇਹ ਜ਼ਰੂਰ ਲਿਖ ਦਿਆ ਕਰੋ ਕਿ ਈਮੇਲ ਕਿੱਥੋਂ ਭੇਜ ਰਹੇ ਓ। ਸ਼ੁਕਰਗੁਜ਼ਾਰ ਹੋਵਾਂਗੇ।
ਅਦਬ ਸਹਿਤ
ਤਨਦੀਪ

Unknown said...

ਸੁਖਵਿੰਦਰ ਜੀ ਲਗਦਾ ਤੁਹਾਨੂੰ ਸੰਗੀਤ ਦੀ ਸੂਝ ਹੈ ਜੋ ਬੇਸੁਰੇ ਤੇ ਅੱਧ -ਸੁਰੇ 'ਚ ਫ਼ਰਕ ਕੀਤਾ। ਅੱਧ -ਸੁਰਾ ਲਫ਼ਜ਼ ਵੀ ਪਹਿਲੀ ਵਾਰ ਸੁਣਿਆ ।

Sukhwinder said...

Haan ji Harpal ji, ehna nu 'kam- surey' ya 'de-tuner' vi aakhde han jo na besure hunde han te na poori tarah sureele....adh wichkar latkan wale. Ehna nu sun-na terrible hunda hai.
-Sukhwinder UK