
ਅਜੋਕਾ ਨਿਵਾਸ: ਟਰਾਂਟੋ, ਕੈਨੇਡਾ
ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।
-----
ਦੋਸਤੋ! ਅੱਜ ਟਰਾਂਟੋ, ਕੈਨੇਡਾ ਵਸਦੇ ਲੇਖਕ ਕੁਲਵਿੰਦਰ ਖਹਿਰਾ ਜੀ ਨੇ ਇਸ ਲੇਖ ਨਾਲ਼ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਇਸ ਲੇਖ ਨੂੰ ‘ਆਰਸੀ ਲੰਮੀਆਂ ਵਾਟਾਂ’ ‘ਚ ਸ਼ਾਮਿਲ ਕਰ ਰਹੀ ਹਾਂ। ਉਹਨਾਂ ਦੀ ਹਾਜ਼ਰੀ ਆਰਸੀ ਦੇ ਮੁੱਖ ਪੇਜ ‘ਤੇ ਵੀ ਜਲਦੀ ਹੀ ਲੱਗੇਗੀ। ਇਸ ਕਾਲਮ ਵਿਚ ਆਪਣੇ ਵਿਚਾਰ ਲਿਖਕੇ ਘੱਲਣ ਲਈ ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*******
ਚਰਚਾ ਵਿੱਚ ਹੈ ਸਰਤਾਜ
ਲੇਖ
ਗੀਤਾਂ ਦੀ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਏਨੀ ਚਰਚਾ ਵਿੱਚ ਹੈ ਕਿ ਸ਼ਾਇਦ ਏਨੀ ਛੇਤੀ ਉਸ ਨੂੰ ਏਨੀ ਪ੍ਰਸਿੱਧੀ ਉਸ ਦੀ ਮਿਹਨਤ ਵੀ ਨਾ ਦਿਵਾ ਸਕਦੀ ਜਿੰਨੀ ਦੋਸ਼ਾਂ ਨੇ ਦਿਵਾ ਦਿੱਤੀ ਹੈ। ਇਸੇ ਲੜੀ ਵਿੱਚ ਸੁਰਿੰਦਰ ਸੋਹਲ ਦਾ ਲਿਖਿਆ ਲੇਖ “ਸਰਤਾਜ ਦੀਆਂ ਬੇਤੁਕੀਆਂ” ਵੀ ਛਪਿਆ ਜਿਸ ਨੇ ਏਨੀ ਖਲਬਲੀ ਪੈਦਾ ਕਰ ਦਿੱਤੀ ਕਿ ਆਪਸ ਵਿੱਚ ਦੋਸਤਾਨਾ ਸਬੰਧ ਰੱਖਣ ਵਾਲ਼ੇ ਵੀ ਈਮੇਲਾਂ ਰਾਹੀਂ ਧੀਆਂ-ਭੈਣਾਂ ਨੌਲਣ ਅਤੇ “ਗਾਂ..ਪੁਣੇ” ਦੇ ਖ਼ਿਤਾਬ ਦੇਣ ‘ਤੇ ਉੱਤਰ ਆਏ।
-----
ਮੈਂ ਸਤਿੰਦਰ ‘ਤੇ ਲੱਗੇ ਦੋਸ਼ ਵੀ ਪੜ੍ਹੇ ਹਨ, ਸੋਹਲ ਦੀਆਂ ‘ਬੇਤੁਕੀਆਂ’ ਵੀ ਪੜ੍ਹੀਆਂ ਹਨ ਅਤੇ ਇਸ ਸਬੰਧੀ ਈਮੇਲਾਂ ਰਾਹੀਂ ਦਿੱਤੇ ਗਏ ਖ਼ਿਤਾਬ ਵੀ ਪੜ੍ਹੇ ਹਨ। ਮੈਂ ਸਤਿੰਦਰ ਦੀ ਗਾਇਕੀ ਵੀ ਸੁਣੀ ਹੈ ਅਤੇ ਇਸ ਸਾਰੇ ਕਾਸੇ ਦਰਮਿਆਨ ਮੇਰੇ ਜ਼ਿਹਨ ਵਿੱਚ ਸੁਰਜੀਤ ਪਾਤਰ ਦਾ ਸ਼ੇਅਰ ਵਾਰ ਵਾਰ ਘੁੰਮਦਾ ਰਿਹਾ ਹੈ:
ਕਿੱਥੋਂ ਕਿੱਥੋਂ ਵੱਢਣਾ ਤੇ ਕਿੱਥੋਂ ਕਿੱਥੋਂ ਰੱਖਣਾ
ਸਾਰਾ ਨਹੀਂ ਹਰਾਮ ਮੈਂ, ਸਾਰਾ ਨਹੀਂ ਹਲਾਲ।
ਸਤਿੰਦਰ ਨੇ ਕੋਈ ਏਨਾ ਵੱਡਾ ਪਾਪ ਵੀ ਨਹੀਂ ਕੀਤਾ ਕਿ ਉਸ ਨੂੰ ਜੜ੍ਹੋਂ ਹੀ ਵੱਢ ਦਿੱਤਾ ਜਾਵੇ ਅਤੇ ਏਨਾ ਸਾਫ਼ ਵੀ ਨਹੀਂ ਕਿ ਉਸ ਨੂੰ ਬਿਲਕੁਲ ਬਰੀ ਹੀ ਕਰ ਦਿੱਤਾ ਜਾਵੇ।
-----
ਸਤਿੰਦਰ ਇੱਕ ਨੌਜਵਾਨ ਕਲਾਕਾਰ ਹੈ। ਨਵੀਂ ਨਵੀਂ ਪੀ.ਐੱਚ.ਡੀ. ਕਰਕੇ ਲੈਕਚਰਰ ਲੱਗਿਆ ਹੋਇਆ ਆਪਣੇ ਵੱਖਰੇ ਅੰਦਾਜ਼ ਵਿੱਚ ਆਪਣੀ ਪਛਾਣ ਬਣਾ ਰਿਹਾ ਉਹ ਜੋਸ਼ ਨਾਲ਼ ਭਰਿਆ ਪਿਆ ਲੱਗਦਾ ਹੈ। ਇਹ ਦਿਨ ਜ਼ਿੰਦਗੀ ਦੇ ਉਹ ਦਿਨ ਹੁੰਦੇ ਹਨ ਜਦੋਂ ਬੰਦੇ ਨੂੰ ਸਾਰੀ ਧਰਤੀ ਆਪਣੇ ਹੀ ਮੋਢਿਆਂ ‘ਤੇ ਟਿਕੀ ਹੋਈ ਨਜ਼ਰ ਆਉਂਦੀ ਹੈ। ਇਕਬਾਲ ਮਾਹਲ ਵਰਗੇ ਪਰਮੋਟਰ ਦੀ ਨਜ਼ਰੀਂ ਚੜ੍ਹ ਕੇ ਅਤੇ ਕੈਨੇਡੀਅਨ ਪੰਜਾਬੀਆਂ ਵਿੱਚ ਪਰਵਾਨ ਚੜ੍ਹ ਜਾਣ ਕਰਕੇ ਉਸ ਦੀ ਪੰਜਾਬ ਵਿੱਚ ਵੀ ਪਛਾਣ ਬਣਨ ਲੱਗ ਪਈ ਹੈ ਜਿਸ ਨਾਲ਼ ਉਸ ਦਾ ਉੱਚੀਆਂ ਹਵਾਵਾਂ ਵਿੱਚ ਹੋਣਾ ਕੋਈ ਓਪਰਾ ਜਾਂ ਅਲੋਕਾਰਾ ਨਹੀਂ। ਪਰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਸਤਿੰਦਰ ਨੇ ਅਜੇ ਆਪਣੇ ਸਫ਼ਰ ਦੀ ਸ਼ੁਰੂਆਤ ਹੀ ਕੀਤੀ ਹੈ। ਉਸ ਦੀ ਉਡਾਰੀ ਅਜੇ ਜਜ਼ਬਿਆਂ ਦੇ ਖੰਭਾਂ ‘ਤੇ ਹੀ ਨਿਰਭਰ ਕਰ ਰਹੀ ਹੈ, ਤਜਰਬੇ ਦੀ ਪਰਪੱਕਤਾ ਦਾ ਹਾਸਲ ਅਜੇ ਬਾਕੀ ਹੈ।
----
ਪਗੜੀ ਹੇਠੋਂ ਦੀ ਵਾਲ਼ ਖੁੱਲ੍ਹੇ ਛੱਡ ਕੇ ਬੁੱਲ੍ਹੇ ਦੀ ਨਕਲ ਕਰਨਾ ਜਾਂ ਸਿੱਧੇ ਅਸਿੱਧੇ ਤੌਰ ‘ਤੇ ਆਪਣੇ ਆਪ ਨੂੰ ਅੱਜ ਦਾ ਵਾਰਿਸ ਸ਼ਾਹ ਜਾਂ ਸੂਫ਼ੀ ਗਾਇਕ ਅਖਵਾਉਣਾ ਸਤਿੰਦਰ ਦੇ ਨਿਸ਼ਾਨਿਆਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ, ਜਿਸ ਤੱਕ ਉਸ ਦੇ ਅਪੜਨ ਵਿੱਚ ਬੇਸ਼ੱਕ ਅਜੇ ਉਮਰਾਂ ਦਾ ਫਾਸਿਲਾ ਹੋਵੇ। ਪਰ ਤਸੱਲੀ ਦੀ ਗੱਲ ਇਹ ਹੈ ਕਿ ਸਤਿੰਦਰ ਸੁਪਨਾ ਜ਼ਰੂਰ ਬੁੱਲ੍ਹਾ, ਵਾਰਿਸ ਜਾਂ ਸੂਫ਼ੀ ਗਾਇਕ ਬਣਨ/ਅਖਵਾਉਣ ਦਾ ਵੇਖ ਰਿਹਾ ਹੈ। ਇਸ ਦੇ ਬਾਵਜੂਦ ਜੇ ਉਹ “ਅੱਧੀ ਕਿੱਕ ‘ਤੇ ਸਟਾਰਟ” ਹੁੰਦੇ “ਯਾਮ੍ਹੇ” ਦਾ ਮਾਣ ਕਰਦਾ ਹੈ ਤਾਂ ਇਹ ਉਸ ਦੀ ਅੱਲ੍ਹੜ ਉਮਰ ਦਾ ਆਪ-ਮੁਹਾਰਾਪਨ ਹੀ ਹੋ ਸਕਦਾ ਹੈ। ਪਰ ਅੱਜ ਦੇ ਦੌਰ ਵਿੱਚ ਜਦੋਂ ਪੰਜਾਬੀ ਗਾਇਕੀ ਇੱਕ ਕਲੰਕ ਬਣ ਕੇ ਉਭਰ ਰਹੀ ਹੈ, ਹਰ ਕੋਈ ਕੱਦੂ ‘ਚ ਡੰਡਾ ਪਾਈ ਚਮਕੀਲੇ ਨੂੰ ਮਾਤ ਪਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ, ਟੀਵੀ ਦਾ ਫਿਲਮਾਂਕਣ ਅਤੇ ਸ਼ਬਦਾਂ ਦੀ ਅਸ਼ਲੀਲਤਾ ਪੰਜਾਬੀਅਤ ਦਾ ਜ਼ਿਹਨੀ ਬਲਾਤਕਾਰ ਕਰਨ ‘ਤੇ ਤੁਲੀ ਹੋਈ ਹੈ ਤਾਂ ਕਿਸੇ ਨੌਜਵਾਨ ਗਾਇਕ ਦਾ ਠੰਡੀ ਸੁਰ ਵਿੱਚ ਅਤੇ ਸ਼ਾਂਤ-ਮੁਦਰਾ ਵਿੱਚ ਬੈਠ ਕੇ ਗਾਉਣ ਦਾ ਉਪਰਾਲਾ ਕਰਨਾ ਸਲਾਹਿਆ ਜਾਣਾ ਹੀ ਬਣਦਾ ਹੈ, ਬੇਸ਼ੱਕ ਅਜੇ ਉਹ ਫੋਕਾ ਅਤੇ ਕੱਚਾ ਹੀ ਕਿਉਂ ਨਾ ਜਾਪਦਾ ਹੋਵੇ।
-----
ਸਤਿੰਦਰ ਤੋਂ ਪਹਿਲਾਂ ਗੁਰਦਾਸ ਮਾਨ ਨੇ ਵੀ ਆਪਣੇ ਵਿਲੱਖਣ ਅੰਦਾਜ਼ ਵਿੱਚ ਪੰਜਾਬੀ ਗਾਇਕੀ ਵਿੱਚ ਪੈਰ ਧਰਿਆ ਸੀ। ਉਸ ਤੋਂ ਵੀ ਪੰਜਾਬੀ ਭਾਈਚਾਰੇ ਨੂੰ ਬਹੁਤ ਆਸਾਂ ਬੱਝੀਆਂ ਸਨ। ਭਾਵੇਂ ਗੁਰਦਾਸ ਮਾਨ ਨੇ ਵੀ ਕੁਝ ਇੱਕ ਗੀਤਾਂ ਤੋਂ ਬਾਅਦ ਉਹੋ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਨੂੰ ਉਸ ਨੇ ਆਪਣੇ ਪਹਿਲੇ ਗੀਤਾਂ ਵਿੱਚ ਭੰਡਿਆ ਸੀ ਪਰ ਇਹ ਵੀ ਹਕੀਕਤ ਹੈ ਕਿ ਗੁਰਦਾਸ ਮਾਨ ਨੇ ‘ਕੁੜੀਏ ਕਿਸਮਤ ਥੁੜੀਏ...’ ਵਰਗਾ ਪੰਜਾਬੀ ਸਾਹਿਤ ਦੀ ਅਮੀਰੀ ਵਧਾਉਣ ਵਾਲ਼ਾ ਗੀਤ ਵੀ ਪੰਜਾਬੀ ਨੂੰ ਦਿੱਤਾ ਹੈ।
-----
ਸਤਿੰਦਰ ‘ਤੇ ਦੋਸ਼ ਲੱਗਾ ਹੈ ਕਿ ਉਸ ਨੇ ਦੂਸਰਿਆਂ ਦੇ ਲਿਖੇ ਗੀਤਾਂ ਨੂੰ ਆਪਣੇ ਕਹਿ ਕੇ ਗਾਇਆ ਹੈ। ਇਹ ਪੰਜਾਬੀ ਗਾਇਕੀ ਵਿੱਚ ਗੰਭੀਰ ਮਸਲਾ ਹੈ ਜਿਸ ਬਾਰੇ ਗੱਲ ਕਰਨੀ ਅਤੇ ਆਵਾਜ਼ ਉਠਾਉਣੀ ਬਣਦੀ ਹੈ। ਪਰ ਇਹ ਚੋਰੀ ਸਿਰਫ਼ ਸਤਿੰਦਰ ਸਿਰਤਾਜ ਨੇ ਹੀ ਨਹੀਂ ਕੀਤੀ ਸਗੋਂ ਹਰ ਕਹਿੰਦੇ-ਕਹਾਉਂਦੇ ਗਾਇਕ ‘ਤੇ ਇਹ ਉਂਗਲ਼ੀ ਉਠ ਰਹੀ ਹੈ। ਬਹੁਤ ਸਾਰੇ ਨਾਮਵਰ ਗੀਤਕਾਰ ਵੀ ਉਭਰ ਰਹੇ ਗੀਤਕਾਰਾਂ ਨੂੰ ਕੁਝ ਪੈਸੇ ਦੇ ਕੇ ਉਨ੍ਹਾਂ ਦਾ ਗੀਤ ਆਪਣੇ ਨਾਂ ਹੇਠ ਗਵਾ ਦਿੰਦੇ ਹਨ ਅਤੇ ਇਸੇ ਹੀ ਤਰ੍ਹਾਂ ਬਹੁਤ ਸਾਰੇ ਗਾਇਕ ਕਿਸੇ ਦਾ ਗੀਤ ਗਾਉਂਦੇ ਹੀ ਇਸ ਸ਼ਰਤ ‘ਤੇ ਹਨ ਕਿ ਗੀਤ ਵਿੱਚ ਨਾਂ ਗੀਤਕਾਰ ਦਾ ਨਹੀਂ ਬਲਕਿ ਗਾਇਕ ਦਾ ਵਰਤਿਆ ਜਾਵੇਗਾ ਤਾਂ ਕਿ ਇਹ ਪ੍ਰਭਾਵ ਬਣੇ ਕਿ ਗਾਇਕ ਨੇ ਗੀਤ ਖ਼ੁਦ ਲਿਖਿਆ ਹੈ। ਏਥੋਂ ਤੱਕ ਕਿ ਗੁਰਦਾਸ ਮਾਨ ਦਾ ਖ਼ੂਬਸੂਰਤ ਗੀਤ “ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ...” ਇਸ ਦੋਸ਼ ਤੋਂ ਮੁਕਤ ਨਹੀਂ। ਕਿਹਾ ਜਾ ਰਿਹਾ ਹੈ ਕਿ ਇਹ ਗੀਤ ਬਹੁਤ ਸਾਲ ਪਹਿਲਾਂ ਗੁਰਦਾਸ ਮਾਨ ਦੀ ਸਮਕਾਲਣ ਵਿਦਿਆਰਥਣ ਨੇ ਕਾਲਿਜ ਦੇ ਮੈਗਜ਼ੀਨ ਵਿੱਚ ਛਪਵਾਇਆ ਸੀ ਜਿਸ ਵਿੱਚ “ਜਰਾਂਗਾ” ਦੀ ਥਾਂ ‘ਤੇ “ਜਰਾਂਗੀ” ਸੀ। ਦੋਸ਼ ਲਾਇਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਨੇ ਸਿਰਫ ਸ਼ਬਦਾਂ ਦੀ “ਲਿੰਗ-ਬਦਲੀ” ਕਰਕੇ ਇਸ ਨੂੰ ਆਪਣਾ ਲਿਖਿਆ ਬਣਾ ਲਿਆ। ਦੀਦਾਰ ਸੰਧੂ ਦੇ ਵੀ ਬਹੁਤ ਸਾਰੇ ਗੀਤ ਉਸ ਦੇ ਆਪਣੇ ਲਿਖੇ ਹੋਏ ਨਹੀਂ ਦੱਸੇ ਜਾ ਰਹੇ ਹਨ। ਜੇ ਇਹ ਸਾਰੇ ਦੋਸ਼ ਸਹੀ ਹਨ ਤਾਂ ਇਹ ਵਾਕਿਆ ਹੀ ਫ਼ਿਕਰ ਵਾਲ਼ੀ ਗੱਲ ਹੈ। ਕਿਸੇ ਦੀ ਕਲਾ-ਕਿਰਤ ਨੂੰ ਚੋਰੀ ਕਰਨ ਦਾ ਮਤਲਬ ਉਸ ਕਲਾਕਾਰ ਨਾਲ਼ ਧੋਖਾ ਕਰਨਾ ਹੀ ਨਹੀਂ ਸਗੋਂ ਆਪਣੇ ਪ੍ਰਸੰਸਕਾਂ ਨਾਲ਼ ਫ਼ਰੇਬ ਕਰਨਾ ਵੀ ਹੈ ਜੋ ਤੁਹਾਡੀ ਉਸ ਕਲਾ ਦੀ ਕਦਰ ਕਰ ਰਹੇ ਹੁੰਦੇ ਹਨ ਜੋ ਅਸਲ ਵਿੱਚ ਤੁਹਾਡੀ ਨਹੀਂ ਹੁੰਦੀ, ਭਾਵ ਤੁਸੀਂ ਉਨ੍ਹਾਂ ਹੀ ਸਰੋਤਿਆਂ ਨੂੰ “ਬੇਵਕੂਫ਼” ਬਣਾ ਰਹੇ ਹੁੰਦੇ ਹੋ, ਜਿਨ੍ਹਾਂ ਨੂੰ ਤੁਸੀਂ “ਰੱਬ ਵਰਗੇ” ਵੀ ਦੱਸਦੇ ਹੋ।
-----
ਜੇ ਸਤਿੰਦਰ ਵਾਕਿਆ ਹੀ ਉਸ ਤਰ੍ਹਾਂ ਦਾ ਬਣਨਾ ਚਾਹੁੰਦਾ ਹੈ ਜਿਸ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਉਹ ਪਹਿਰਾਵਾ ਪਾ ਰਿਹਾ ਹੈ ਤਾਂ ਉਸ ਨੂੰ ਇਨ੍ਹਾਂ ਗੱਲਾਂ ਬਾਰੇ ਸੁਚੇਤ ਹੋਣਾ ਪਵੇਗਾ ਅਤੇ ਆਪਣੇ ਸਰੋਤਿਆਂ ਨਾਲ਼ ਇਮਾਨਦਾਰੀ ਨਾਲ਼ ਪੇਸ਼ ਆਉਣਾ ਪਵੇਗਾ। ਗੀਤ ਉਹ ਆਪ ਲਿਖਦਾ ਹੈ ਜਾਂ ਨਹੀਂ, ਇਸ ਨਾਲ਼ ਸਰੋਤਿਆਂ ਨੂੰ ਕੋਈ ਵਾਸਤਾ ਨਹੀਂ ਪਰ ਉਹ ਗੀਤ ਗਾਉਂਦਾ ਕਿਸ ਤਰ੍ਹਾਂ ਦੇ ਹੈ, ਇਸੇ ਨੇ ਹੀ ਉਸ ਦੀ ਪਛਾਣ ਬਣਾਉਣੀ ਅਤੇ ਉਸ ਦੀ ਕਦਰ ਤੈਅ ਕਰਨੀ ਹੈ। ਉਸ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਸ ਨੇ “ਯਾਮ੍ਹੇ” ਦੀ ਕਦਰ ਪਾਉਂਦੀਆਂ ਕੁੜੀਆਂ ਨੂੰ ਸੰਬੋਧਨ ਹੋਣਾ ਹੈ ਜਾਂ ਉਸ ਸਿਰ ‘ਤੇ ਬਾਲਣ ਚੁੱਕੀ ਜਾ ਰਹੀ ਪਹਾੜਨ ਕੁੜੀ ਦੇ ਸਹਿਮ ਦੀ ਬਾਤ ਪਾਉਣੀ ਹੈ ਜਿਸ ਲਈ ਆਪਣੀ ਰੋਟੀ ਪਕਾਉਣ ਲਈ ਲੋੜੀਂਦਾ ਬਾਲਣ ਇਕੱਠਾ ਕਰਨਾ ਵੀ ਇੱਕ ਜ਼ੁਲਮ ਬਣ ਜਾਂਦਾ ਹੈ। ਉਸ ਵਿਚਾਰੀ ਨੇ ਕਿਸੇ “ਯਾਮ੍ਹੇ” ਵਾਲ਼ੇ ਤੋਂ ਕੀ ਭਾਲਣਾ ਉਸ ਲਈ ਤਾਂ ਉਹੀ ‘ਕਰਮਾਂ ਵਾਲ਼ਾ’ ਕਿਸੇ ਰਾਜੇ ਤੋਂ ਘੱਟ ਨਹੀਂ ਹੋਵੇਗਾ ਜਿਸ ਦੀ ਹੋ ਕੇ ਉਸ ਨੂੰ ਬਾਲਣ ਚੁਗਣ ਦੇ ਜ਼ੁਲਮ ਹੇਠ ਸਹਿਮ ਕੇ ਭੱਜਣਾ ਨਾ ਪਵੇ।
-----
ਸਤਿੰਦਰ ਪ੍ਰਤੀ ਜੇ ਇਸ ਤਰ੍ਹਾਂ ਦੀ ਚਰਚਾ ਚੱਲੀ ਹੈ ਤਾਂ ਇਸ ਨੂੰ ਲੋਕਾਂ ਦੀਆਂ ਸਤਿੰਦਰ ਤੋਂ ਆਸਾਂ ਦੇ ਅਨੁਮਾਨ ਵਜੋਂ ਹੀ ਲਿਆ ਜਾਣਾ ਚਾਹੀਦਾ ਹੈ। ਜੇ ਸ਼ੁਰੂ ਵਿੱਚ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਕਿ ਜੇ ਉਸ ਦੀ ਗਾਇਕੀ ਸਦਕਾ ਉਸ ਨੂੰ ਪਲਕਾਂ ‘ਤੇ ਬਿਠਾਉਣ ਵਾਲ਼ਿਆਂ ਦਾ ਘਾਟਾ ਨਹੀਂ ਤਾਂ ਉਸ ਨੂੰ ਨਿਖਾਰਨ ਅਤੇ ਪਰਖਣ ਲਈ ਹੱਥਾਂ ਵਿੱਚ ਛਮਕਾਂ ਫੜੀ ਬੈਠੇ ਪਾਰਖੂਆਂ ਦੀ ਵੀ ਕੋਈ ਕਮੀ ਨਹੀਂ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਨਿਖਾਰਨ ਵਿੱਚ ਵੱਧ ਤੇਜ਼ੀ ਨਾਲ਼ ਸਫ਼ਲ ਹੋ ਜਾਵੇ। ਦਰਅਸਲ ਇਹ ਛਮਕਾਂ ਵਾਲ਼ੇ ਹੀ ਉਸ ਦੇ ਅਸਲੀ ਪ੍ਰਸੰਸਕ ਹੋਣਗੇ ਜੋ ਉਸ ਨੂੰ ਸਹੀ ਦਿਸ਼ਾ ਵੱਲ ਧੱਕਦੇ ਰਹਿਣਗੇ। ਪੰਜਾਬੀ ਗਾਇਕੀ ਵਿੱਚ ਲੱਚਰਤਾ ਦੀ ਕੋਈ ਕਮੀ ਨਹੀਂ ਪਰ ਜੇ ਉਨ੍ਹਾਂ ਗਾਇਕਾਂ ਬਾਰੇ ਏਨੀ ਸਖ਼ਤੀ ਨਾਲ਼ ਗੱਲ ਨਹੀਂ ਹੋ ਰਹੀ ਤਾਂ ਸ਼ਾਇਦ ਇਸੇ ਕਰਕੇ ਹੀ ਕਿ ਓਨੇ ਨੀਂਵੇਂ ਪੱਧਰ ‘ਤੇ ਜਾ ਚੁੱਕੇ ਗਾਇਕਾਂ ਨੂੰ ਬਦਲ ਸਕਣ ਦੀ ਕੋਈ ਆਸ ਨਾ ਰੱਖਦਾ ਹੋਵੇ ਪਰ ਸਤਿੰਦਰ ਤੋਂ ਲੋਕਾਂ ਨੂੰ ਆਸਾਂ ਜ਼ਰੂਰ ਨੇ।
-----
ਇੱਕ ਗੱਲ ਇਹ ਵੀ ਹੈ ਕਿ ਸੂਫ਼ੀ ਕਾਵਿ ਸਾਡੇ ਵਿਰਸੇ ਦਾ ਸਰਮਾਇਆ ਅਤੇ ਸਾਡੀ ਸਾਹਿਤਕ ਅਮੀਰੀ ਦਾ ਖਜ਼ਾਨਾ ਹੈ। ਗੁਰੁ ਗ੍ਰੰਥ ਸਾਹਿਬ ਵਿੱਚ ਇਸ ਦੀ ਸ਼ਮੂਲੀਅਤ ਨੇ ਇਸ ਨੂੰ ਪੂਜਣਯੋਗ ਵੀ ਬਣਾਇਆ ਹੈ। ਲੋਕ-ਮਨਾਂ ਵਿੱਚ ਇਸ ਦਾ ਸਥਾਨ ਬਹੁਤ ਉੱਚਾ ਹੈ। ਕਿਸੇ ਕੱਚ-ਘਰੜ ਜਾਂ ਤੁਕਬੰਦੀ ਦੀ ਪੱਧਰ ਦੀ ਲੇਖਣੀ ਨੂੰ ਸੂਫ਼ੀਵਾਦ ਦਾ ਖਿਤਾਬ ਦਿੱਤਾ ਜਾਣਾ ਪੰਜਾਬੀਆਂ ਨੂੰ ਕਦੀ ਵੀ ਹਜ਼ਮ ਨਹੀਂ ਹੋਵੇਗਾ। ਜੇ ਸਤਿੰਦਰ ਇਸ ਸਥਾਨ ਨੂੰ ਪ੍ਰਾਪਤ ਕਰਨ ਦੀ ਤਮੰਨਾ ਰੱਖਦਾ ਹੈ ਤਾਂ ਇਹ ਸ਼ੁੱਭ-ਸ਼ਗਨ ਹੈ ਪਰ ਇਸ ਤੱਕ ਪਹੁੰਚਣ ਲਈ ਉਸ ਨੂੰ “ਕਹਿ ਦਈਂ ਕੰਜਰ ਦੇ ਨੂੰ ਭਾਅ ਜੀ...” ਵਰਗੀ ਗਾਇਕੀ ਤੋਂ ਬਹੁਤ ਉੱਚਾ ਉੱਠਣਾ ਪਵੇਗਾ।
------
ਮੈਂ ਇਸ ਗੱਲ ਦਾ ਬਿਲਕੁਲ ਧਾਰਨੀ ਨਹੀਂ ਕਿ ਜੇ ਕੋਈ ਕਲਾਕਾਰ ਥੋੜ੍ਹਾ-ਬਹੁਤ ਵਧੀਆ ਗਾਇਕੀ ਵੱਲ ਵਧਣ ਦਾ ਉਪਰਾਲਾ ਕਰਦਾ ਹੈ ਤਾਂ ਉਸ ਦੀਆਂ ਖ਼ਾਮੀਆਂ ਪ੍ਰਤੀ ਏਨੀ ਬੁਰੀ ਤਰ੍ਹਾਂ ਡਾਂਗ ਚੁੱਕ ਲਈ ਜਾਵੇ ਕਿ ਉਹ ਬਿਲਕੁਲ ਹੀ ਉਲਟਾ ਵਗ ਤੁਰੇ ਪਰ ਦੂਸਰੇ ਪਾਸੇ ਸਤਿੰਦਰ ਨੂੰ ਪਿਆਰ ਕਰਨ ਵਾਲ਼ਿਆਂ ਜਾਂ ਉਸ ਦੇ ਪ੍ਰਸੰਸਕਾਂ ਨੂੰ ਵੀ ਏਸ ਪੱਧਰ ‘ਤੇ ਨਹੀਂ ਉੱਤਰ ਆਉਣਾ ਚਾਹੀਦਾ ਕਿ ਈਮੇਲਾਂ ਰਾਹੀਂ ਧੀਆਂ ਭੈਣਾਂ ਨੌਲਣ ਲੱਗ ਪੈਣ, ਬਲਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਸਤਿੰਦਰ ਦਾ ਨੋਟਿਸ ਲਿਆ ਜਾ ਰਿਹਾ ਹੈ। ਜੇ ਸਤਿੰਦਰ ਅਤੇ ਉਸ ਦਾ ਨੇੜਲਾ ਸਰਕਲ ਹਰ ਤਰ੍ਹਾਂ ਦੇ ਆ ਰਹੇ ਵਿਚਾਰਾਂ ਨੂੰ ਗੰਭੀਰਤਾ ਨਾਲ਼ ਵਿਚਾਰੇਗਾ ਤਾਂ ਜ਼ਰੂਰ ਸਤਿੰਦਰ ਇੱਕ ਦਿਨ ਹੀਰੇ ਵਾਂਗ ਚਮਕੇਗਾ, ਪਰ ਜੇ ਵਿਚਾਰਾਂ ਦਾ ਜਵਾਬ ਗਾਲ਼ਾਂ ਤੱਕ ਹੀ ਸੀਮਤ ਰਹਿ ਗਿਆ ਤਾਂ ਸ਼ਾਇਦ ਪੂਰਨ ਚੰਦ ਵਡਾਲ਼ੀ ਦੇ ਸ਼ਬਦਾਂ ਵਿੱਚ ਸਤਿੰਦਰ “ਧੁਖਦੀ ਹੋਈ ਅਗਰਬੱਤੀ” ਬਣਨ ਦੀ ਬਜਾਇ “ਫੁੱਲਝੜੀ” ਬਣ ਕੇ ਹੀ ਰਹਿ ਜਾਵੇ, ਜੋ ਅੱਖ-ਪਲਕਾਰੇ ਵਿੱਚ ਅੱਖਾਂ ਚੁੰਧਿਆਉਂਦੀ ਹੈ ਅਤੇ ਸਵਾਹ ਦੀ ਚੁਟਕੀ ਵਿੱਚ ਬਦਲ ਕੇ ਰਹਿ ਜਾਂਦੀ ਹੈ, ਦੇਰ ਤੱਕ ਮਹਿਕਾਂ ਨਹੀਂ ਖਿੰਡਾਉਂਦੀ। ਪੰਜਾਬੀਆਂ ਨੂੰ ਅਗਰਬੱਤੀ ਦੀ ਤਾਂਘ ਹੈ, ਉਹ ਤਾਂਘ ਜਿਸ ਦੀ ਆਸ ਸਤਿੰਦਰ ਬਨ੍ਹਾ ਰਿਹਾ ਹੈ। ਗਾਇਕਾਂ ਦਾ ਹਮੇਸ਼ਾਂ ਹੀ ਇਹ ਬਹਾਨਾ ਰਿਹਾ ਹੈ ਕਿ ਉਹ ਲੱਚਰ ਇਸ ਕਰਕੇ ਗਾਉਂਦੇ ਹਨ ਕਿਉਂਕਿ ਲੋਕ ਸੁਣਨਾ ਹੀ ਉਹੋ ਜਿਹਾ ਚਾਹੁੰਦੇ ਹਨ ਪਰ ਸਤਿੰਦਰ ਦੇ ਮਾਮਲੇ ਵਿੱਚ ਲੋਕ ਇਹ ਸਿਹਰਾ ਸਤਿੰਦਰ ਦੇ ਹੱਕ ਵਿੱਚ ਫੜੀ ਖੜ੍ਹੇ ਹਨ। ਸਤਿੰਦਰ ਨੂੰ “ਯ੍ਹਾਮਿਆਂ” ਨੂੰ ਕਿੱਕਾਂ ਮਾਰਨ, “ਕੰਜਰ ਦਿਆਂ” ਨੂੰ ਗਾਲ਼ਾਂ ਕੱਢਣ ਜਾਂ ਕਿਸੇ ਦੇ ਗੀਤਾਂ ਨੂੰ ਆਪਣਾ ਕਹਿ ਕੇ ਗਾਉਣ ਦੀ ਲੋੜ ਨਹੀਂ, ਉਸ ਦੀ ਆਵਾਜ਼ ਅਤੇ ਉਸ ਦੇ ਸਰੋਤੇ ਉਸ ਦੇ ਨਾਲ਼ ਹਨ, ਸਰੋਤਿਆਂ ਦੀਆਂ ਆਸਾਂ ‘ਤੇ ਪੂਰੇ ਉੱਤਰ ਕੇ ਉਨ੍ਹਾਂ ਦਾ ਮਾਣ ਰੱਖਣਾ ਇਸ ਸਮੇਂ ਸਤਿੰਦਰ ਦੇ ਹੱਥ ਵਿੱਚ ਹੈ।