ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, May 7, 2010

ਕੁਲਵਿੰਦਰ ਖਹਿਰਾ - ਚਰਚਾ ਵਿੱਚ ਹੈ ਸਰਤਾਜ – ਤਾਜ਼ਾ ਪ੍ਰਤੀਕਰਮ

ਸਾਹਿਤਕ ਨਾਮ: ਕੁਲਵਿੰਦਰ ਖਹਿਰਾ

ਅਜੋਕਾ ਨਿਵਾਸ: ਟਰਾਂਟੋ, ਕੈਨੇਡਾ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਉਪਲਬਧ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਟਰਾਂਟੋ, ਕੈਨੇਡਾ ਵਸਦੇ ਲੇਖਕ ਕੁਲਵਿੰਦਰ ਖਹਿਰਾ ਜੀ ਨੇ ਇਸ ਲੇਖ ਨਾਲ਼ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਇਸ ਲੇਖ ਨੂੰ ਆਰਸੀ ਲੰਮੀਆਂ ਵਾਟਾਂ ਚ ਸ਼ਾਮਿਲ ਕਰ ਰਹੀ ਹਾਂ। ਉਹਨਾਂ ਦੀ ਹਾਜ਼ਰੀ ਆਰਸੀ ਦੇ ਮੁੱਖ ਪੇਜ ਤੇ ਵੀ ਜਲਦੀ ਹੀ ਲੱਗੇਗੀ। ਇਸ ਕਾਲਮ ਵਿਚ ਆਪਣੇ ਵਿਚਾਰ ਲਿਖਕੇ ਘੱਲਣ ਲਈ ਕੁਲਵਿੰਦਰ ਜੀ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਚਰਚਾ ਵਿੱਚ ਹੈ ਸਰਤਾਜ

ਲੇਖ

ਗੀਤਾਂ ਦੀ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਏਨੀ ਚਰਚਾ ਵਿੱਚ ਹੈ ਕਿ ਸ਼ਾਇਦ ਏਨੀ ਛੇਤੀ ਉਸ ਨੂੰ ਏਨੀ ਪ੍ਰਸਿੱਧੀ ਉਸ ਦੀ ਮਿਹਨਤ ਵੀ ਨਾ ਦਿਵਾ ਸਕਦੀ ਜਿੰਨੀ ਦੋਸ਼ਾਂ ਨੇ ਦਿਵਾ ਦਿੱਤੀ ਹੈਇਸੇ ਲੜੀ ਵਿੱਚ ਸੁਰਿੰਦਰ ਸੋਹਲ ਦਾ ਲਿਖਿਆ ਲੇਖ ਸਰਤਾਜ ਦੀਆਂ ਬੇਤੁਕੀਆਂਵੀ ਛਪਿਆ ਜਿਸ ਨੇ ਏਨੀ ਖਲਬਲੀ ਪੈਦਾ ਕਰ ਦਿੱਤੀ ਕਿ ਆਪਸ ਵਿੱਚ ਦੋਸਤਾਨਾ ਸਬੰਧ ਰੱਖਣ ਵਾਲ਼ੇ ਵੀ ਈਮੇਲਾਂ ਰਾਹੀਂ ਧੀਆਂ-ਭੈਣਾਂ ਨੌਲਣ ਅਤੇ ਗਾਂ..ਪੁਣੇਦੇ ਖ਼ਿਤਾਬ ਦੇਣ ਤੇ ਉੱਤਰ ਆਏ

-----

ਮੈਂ ਸਤਿੰਦਰ ਤੇ ਲੱਗੇ ਦੋਸ਼ ਵੀ ਪੜ੍ਹੇ ਹਨ, ਸੋਹਲ ਦੀਆਂ ਬੇਤੁਕੀਆਂਵੀ ਪੜ੍ਹੀਆਂ ਹਨ ਅਤੇ ਇਸ ਸਬੰਧੀ ਈਮੇਲਾਂ ਰਾਹੀਂ ਦਿੱਤੇ ਗਏ ਖ਼ਿਤਾਬ ਵੀ ਪੜ੍ਹੇ ਹਨਮੈਂ ਸਤਿੰਦਰ ਦੀ ਗਾਇਕੀ ਵੀ ਸੁਣੀ ਹੈ ਅਤੇ ਇਸ ਸਾਰੇ ਕਾਸੇ ਦਰਮਿਆਨ ਮੇਰੇ ਜ਼ਿਹਨ ਵਿੱਚ ਸੁਰਜੀਤ ਪਾਤਰ ਦਾ ਸ਼ੇਅਰ ਵਾਰ ਵਾਰ ਘੁੰਮਦਾ ਰਿਹਾ ਹੈ:

ਕਿੱਥੋਂ ਕਿੱਥੋਂ ਵੱਢਣਾ ਤੇ ਕਿੱਥੋਂ ਕਿੱਥੋਂ ਰੱਖਣਾ

ਸਾਰਾ ਨਹੀਂ ਹਰਾਮ ਮੈਂ, ਸਾਰਾ ਨਹੀਂ ਹਲਾਲ

ਸਤਿੰਦਰ ਨੇ ਕੋਈ ਏਨਾ ਵੱਡਾ ਪਾਪ ਵੀ ਨਹੀਂ ਕੀਤਾ ਕਿ ਉਸ ਨੂੰ ਜੜ੍ਹੋਂ ਹੀ ਵੱਢ ਦਿੱਤਾ ਜਾਵੇ ਅਤੇ ਏਨਾ ਸਾਫ਼ ਵੀ ਨਹੀਂ ਕਿ ਉਸ ਨੂੰ ਬਿਲਕੁਲ ਬਰੀ ਹੀ ਕਰ ਦਿੱਤਾ ਜਾਵੇ

-----

ਸਤਿੰਦਰ ਇੱਕ ਨੌਜਵਾਨ ਕਲਾਕਾਰ ਹੈਨਵੀਂ ਨਵੀਂ ਪੀ.ਐੱਚ.ਡੀ. ਕਰਕੇ ਲੈਕਚਰਰ ਲੱਗਿਆ ਹੋਇਆ ਆਪਣੇ ਵੱਖਰੇ ਅੰਦਾਜ਼ ਵਿੱਚ ਆਪਣੀ ਪਛਾਣ ਬਣਾ ਰਿਹਾ ਉਹ ਜੋਸ਼ ਨਾਲ਼ ਭਰਿਆ ਪਿਆ ਲੱਗਦਾ ਹੈਇਹ ਦਿਨ ਜ਼ਿੰਦਗੀ ਦੇ ਉਹ ਦਿਨ ਹੁੰਦੇ ਹਨ ਜਦੋਂ ਬੰਦੇ ਨੂੰ ਸਾਰੀ ਧਰਤੀ ਆਪਣੇ ਹੀ ਮੋਢਿਆਂ ਤੇ ਟਿਕੀ ਹੋਈ ਨਜ਼ਰ ਆਉਂਦੀ ਹੈਇਕਬਾਲ ਮਾਹਲ ਵਰਗੇ ਪਰਮੋਟਰ ਦੀ ਨਜ਼ਰੀਂ ਚੜ੍ਹ ਕੇ ਅਤੇ ਕੈਨੇਡੀਅਨ ਪੰਜਾਬੀਆਂ ਵਿੱਚ ਪਰਵਾਨ ਚੜ੍ਹ ਜਾਣ ਕਰਕੇ ਉਸ ਦੀ ਪੰਜਾਬ ਵਿੱਚ ਵੀ ਪਛਾਣ ਬਣਨ ਲੱਗ ਪਈ ਹੈ ਜਿਸ ਨਾਲ਼ ਉਸ ਦਾ ਉੱਚੀਆਂ ਹਵਾਵਾਂ ਵਿੱਚ ਹੋਣਾ ਕੋਈ ਓਪਰਾ ਜਾਂ ਅਲੋਕਾਰਾ ਨਹੀਂਪਰ ਇਹ ਗੱਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਸਤਿੰਦਰ ਨੇ ਅਜੇ ਆਪਣੇ ਸਫ਼ਰ ਦੀ ਸ਼ੁਰੂਆਤ ਹੀ ਕੀਤੀ ਹੈਉਸ ਦੀ ਉਡਾਰੀ ਅਜੇ ਜਜ਼ਬਿਆਂ ਦੇ ਖੰਭਾਂ ਤੇ ਹੀ ਨਿਰਭਰ ਕਰ ਰਹੀ ਹੈ, ਤਜਰਬੇ ਦੀ ਪਰਪੱਕਤਾ ਦਾ ਹਾਸਲ ਅਜੇ ਬਾਕੀ ਹੈ

----

ਪਗੜੀ ਹੇਠੋਂ ਦੀ ਵਾਲ਼ ਖੁੱਲ੍ਹੇ ਛੱਡ ਕੇ ਬੁੱਲ੍ਹੇ ਦੀ ਨਕਲ ਕਰਨਾ ਜਾਂ ਸਿੱਧੇ ਅਸਿੱਧੇ ਤੌਰ ਤੇ ਆਪਣੇ ਆਪ ਨੂੰ ਅੱਜ ਦਾ ਵਾਰਿਸ ਸ਼ਾਹ ਜਾਂ ਸੂਫ਼ੀ ਗਾਇਕ ਅਖਵਾਉਣਾ ਸਤਿੰਦਰ ਦੇ ਨਿਸ਼ਾਨਿਆਂ ਦੀ ਨਿਸ਼ਾਨਦੇਹੀ ਹੋ ਸਕਦੀ ਹੈ, ਜਿਸ ਤੱਕ ਉਸ ਦੇ ਅਪੜਨ ਵਿੱਚ ਬੇਸ਼ੱਕ ਅਜੇ ਉਮਰਾਂ ਦਾ ਫਾਸਿਲਾ ਹੋਵੇਪਰ ਤਸੱਲੀ ਦੀ ਗੱਲ ਇਹ ਹੈ ਕਿ ਸਤਿੰਦਰ ਸੁਪਨਾ ਜ਼ਰੂਰ ਬੁੱਲ੍ਹਾ, ਵਾਰਿਸ ਜਾਂ ਸੂਫ਼ੀ ਗਾਇਕ ਬਣਨ/ਅਖਵਾਉਣ ਦਾ ਵੇਖ ਰਿਹਾ ਹੈਇਸ ਦੇ ਬਾਵਜੂਦ ਜੇ ਉਹ ਅੱਧੀ ਕਿੱਕ ਤੇ ਸਟਾਰਟਹੁੰਦੇ ਯਾਮ੍ਹੇਦਾ ਮਾਣ ਕਰਦਾ ਹੈ ਤਾਂ ਇਹ ਉਸ ਦੀ ਅੱਲ੍ਹੜ ਉਮਰ ਦਾ ਆਪ-ਮੁਹਾਰਾਪਨ ਹੀ ਹੋ ਸਕਦਾ ਹੈਪਰ ਅੱਜ ਦੇ ਦੌਰ ਵਿੱਚ ਜਦੋਂ ਪੰਜਾਬੀ ਗਾਇਕੀ ਇੱਕ ਕਲੰਕ ਬਣ ਕੇ ਉਭਰ ਰਹੀ ਹੈ, ਹਰ ਕੋਈ ਕੱਦੂ ਚ ਡੰਡਾ ਪਾਈ ਚਮਕੀਲੇ ਨੂੰ ਮਾਤ ਪਾਉਣ ਦੀ ਦੌੜ ਵਿੱਚ ਲੱਗਾ ਹੋਇਆ ਹੈ, ਟੀਵੀ ਦਾ ਫਿਲਮਾਂਕਣ ਅਤੇ ਸ਼ਬਦਾਂ ਦੀ ਅਸ਼ਲੀਲਤਾ ਪੰਜਾਬੀਅਤ ਦਾ ਜ਼ਿਹਨੀ ਬਲਾਤਕਾਰ ਕਰਨ ਤੇ ਤੁਲੀ ਹੋਈ ਹੈ ਤਾਂ ਕਿਸੇ ਨੌਜਵਾਨ ਗਾਇਕ ਦਾ ਠੰਡੀ ਸੁਰ ਵਿੱਚ ਅਤੇ ਸ਼ਾਂਤ-ਮੁਦਰਾ ਵਿੱਚ ਬੈਠ ਕੇ ਗਾਉਣ ਦਾ ਉਪਰਾਲਾ ਕਰਨਾ ਸਲਾਹਿਆ ਜਾਣਾ ਹੀ ਬਣਦਾ ਹੈ, ਬੇਸ਼ੱਕ ਅਜੇ ਉਹ ਫੋਕਾ ਅਤੇ ਕੱਚਾ ਹੀ ਕਿਉਂ ਨਾ ਜਾਪਦਾ ਹੋਵੇ

-----

ਸਤਿੰਦਰ ਤੋਂ ਪਹਿਲਾਂ ਗੁਰਦਾਸ ਮਾਨ ਨੇ ਵੀ ਆਪਣੇ ਵਿਲੱਖਣ ਅੰਦਾਜ਼ ਵਿੱਚ ਪੰਜਾਬੀ ਗਾਇਕੀ ਵਿੱਚ ਪੈਰ ਧਰਿਆ ਸੀਉਸ ਤੋਂ ਵੀ ਪੰਜਾਬੀ ਭਾਈਚਾਰੇ ਨੂੰ ਬਹੁਤ ਆਸਾਂ ਬੱਝੀਆਂ ਸਨਭਾਵੇਂ ਗੁਰਦਾਸ ਮਾਨ ਨੇ ਵੀ ਕੁਝ ਇੱਕ ਗੀਤਾਂ ਤੋਂ ਬਾਅਦ ਉਹੋ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ ਜਿਨ੍ਹਾਂ ਨੂੰ ਉਸ ਨੇ ਆਪਣੇ ਪਹਿਲੇ ਗੀਤਾਂ ਵਿੱਚ ਭੰਡਿਆ ਸੀ ਪਰ ਇਹ ਵੀ ਹਕੀਕਤ ਹੈ ਕਿ ਗੁਰਦਾਸ ਮਾਨ ਨੇ ਕੁੜੀਏ ਕਿਸਮਤ ਥੁੜੀਏ...ਵਰਗਾ ਪੰਜਾਬੀ ਸਾਹਿਤ ਦੀ ਅਮੀਰੀ ਵਧਾਉਣ ਵਾਲ਼ਾ ਗੀਤ ਵੀ ਪੰਜਾਬੀ ਨੂੰ ਦਿੱਤਾ ਹੈ

-----

ਸਤਿੰਦਰ ਤੇ ਦੋਸ਼ ਲੱਗਾ ਹੈ ਕਿ ਉਸ ਨੇ ਦੂਸਰਿਆਂ ਦੇ ਲਿਖੇ ਗੀਤਾਂ ਨੂੰ ਆਪਣੇ ਕਹਿ ਕੇ ਗਾਇਆ ਹੈਇਹ ਪੰਜਾਬੀ ਗਾਇਕੀ ਵਿੱਚ ਗੰਭੀਰ ਮਸਲਾ ਹੈ ਜਿਸ ਬਾਰੇ ਗੱਲ ਕਰਨੀ ਅਤੇ ਆਵਾਜ਼ ਉਠਾਉਣੀ ਬਣਦੀ ਹੈਪਰ ਇਹ ਚੋਰੀ ਸਿਰਫ਼ ਸਤਿੰਦਰ ਸਿਰਤਾਜ ਨੇ ਹੀ ਨਹੀਂ ਕੀਤੀ ਸਗੋਂ ਹਰ ਕਹਿੰਦੇ-ਕਹਾਉਂਦੇ ਗਾਇਕ ਤੇ ਇਹ ਉਂਗਲ਼ੀ ਉਠ ਰਹੀ ਹੈਬਹੁਤ ਸਾਰੇ ਨਾਮਵਰ ਗੀਤਕਾਰ ਵੀ ਉਭਰ ਰਹੇ ਗੀਤਕਾਰਾਂ ਨੂੰ ਕੁਝ ਪੈਸੇ ਦੇ ਕੇ ਉਨ੍ਹਾਂ ਦਾ ਗੀਤ ਆਪਣੇ ਨਾਂ ਹੇਠ ਗਵਾ ਦਿੰਦੇ ਹਨ ਅਤੇ ਇਸੇ ਹੀ ਤਰ੍ਹਾਂ ਬਹੁਤ ਸਾਰੇ ਗਾਇਕ ਕਿਸੇ ਦਾ ਗੀਤ ਗਾਉਂਦੇ ਹੀ ਇਸ ਸ਼ਰਤ ਤੇ ਹਨ ਕਿ ਗੀਤ ਵਿੱਚ ਨਾਂ ਗੀਤਕਾਰ ਦਾ ਨਹੀਂ ਬਲਕਿ ਗਾਇਕ ਦਾ ਵਰਤਿਆ ਜਾਵੇਗਾ ਤਾਂ ਕਿ ਇਹ ਪ੍ਰਭਾਵ ਬਣੇ ਕਿ ਗਾਇਕ ਨੇ ਗੀਤ ਖ਼ੁਦ ਲਿਖਿਆ ਹੈਏਥੋਂ ਤੱਕ ਕਿ ਗੁਰਦਾਸ ਮਾਨ ਦਾ ਖ਼ੂਬਸੂਰਤ ਗੀਤ ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ...ਇਸ ਦੋਸ਼ ਤੋਂ ਮੁਕਤ ਨਹੀਂਕਿਹਾ ਜਾ ਰਿਹਾ ਹੈ ਕਿ ਇਹ ਗੀਤ ਬਹੁਤ ਸਾਲ ਪਹਿਲਾਂ ਗੁਰਦਾਸ ਮਾਨ ਦੀ ਸਮਕਾਲਣ ਵਿਦਿਆਰਥਣ ਨੇ ਕਾਲਿਜ ਦੇ ਮੈਗਜ਼ੀਨ ਵਿੱਚ ਛਪਵਾਇਆ ਸੀ ਜਿਸ ਵਿੱਚ ਜਰਾਂਗਾਦੀ ਥਾਂ ਤੇ ਜਰਾਂਗੀਸੀਦੋਸ਼ ਲਾਇਆ ਜਾ ਰਿਹਾ ਹੈ ਕਿ ਗੁਰਦਾਸ ਮਾਨ ਨੇ ਸਿਰਫ ਸ਼ਬਦਾਂ ਦੀ ਲਿੰਗ-ਬਦਲੀਕਰਕੇ ਇਸ ਨੂੰ ਆਪਣਾ ਲਿਖਿਆ ਬਣਾ ਲਿਆ ਦੀਦਾਰ ਸੰਧੂ ਦੇ ਵੀ ਬਹੁਤ ਸਾਰੇ ਗੀਤ ਉਸ ਦੇ ਆਪਣੇ ਲਿਖੇ ਹੋਏ ਨਹੀਂ ਦੱਸੇ ਜਾ ਰਹੇ ਹਨਜੇ ਇਹ ਸਾਰੇ ਦੋਸ਼ ਸਹੀ ਹਨ ਤਾਂ ਇਹ ਵਾਕਿਆ ਹੀ ਫ਼ਿਕਰ ਵਾਲ਼ੀ ਗੱਲ ਹੈਕਿਸੇ ਦੀ ਕਲਾ-ਕਿਰਤ ਨੂੰ ਚੋਰੀ ਕਰਨ ਦਾ ਮਤਲਬ ਉਸ ਕਲਾਕਾਰ ਨਾਲ਼ ਧੋਖਾ ਕਰਨਾ ਹੀ ਨਹੀਂ ਸਗੋਂ ਆਪਣੇ ਪ੍ਰਸੰਸਕਾਂ ਨਾਲ਼ ਫ਼ਰੇਬ ਕਰਨਾ ਵੀ ਹੈ ਜੋ ਤੁਹਾਡੀ ਉਸ ਕਲਾ ਦੀ ਕਦਰ ਕਰ ਰਹੇ ਹੁੰਦੇ ਹਨ ਜੋ ਅਸਲ ਵਿੱਚ ਤੁਹਾਡੀ ਨਹੀਂ ਹੁੰਦੀ, ਭਾਵ ਤੁਸੀਂ ਉਨ੍ਹਾਂ ਹੀ ਸਰੋਤਿਆਂ ਨੂੰ ਬੇਵਕੂਫ਼ਬਣਾ ਰਹੇ ਹੁੰਦੇ ਹੋ, ਜਿਨ੍ਹਾਂ ਨੂੰ ਤੁਸੀਂ ਰੱਬ ਵਰਗੇਵੀ ਦੱਸਦੇ ਹੋ

-----

ਜੇ ਸਤਿੰਦਰ ਵਾਕਿਆ ਹੀ ਉਸ ਤਰ੍ਹਾਂ ਦਾ ਬਣਨਾ ਚਾਹੁੰਦਾ ਹੈ ਜਿਸ ਤਰ੍ਹਾਂ ਦਾ ਉਹ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਦਾ ਉਹ ਪਹਿਰਾਵਾ ਪਾ ਰਿਹਾ ਹੈ ਤਾਂ ਉਸ ਨੂੰ ਇਨ੍ਹਾਂ ਗੱਲਾਂ ਬਾਰੇ ਸੁਚੇਤ ਹੋਣਾ ਪਵੇਗਾ ਅਤੇ ਆਪਣੇ ਸਰੋਤਿਆਂ ਨਾਲ਼ ਇਮਾਨਦਾਰੀ ਨਾਲ਼ ਪੇਸ਼ ਆਉਣਾ ਪਵੇਗਾਗੀਤ ਉਹ ਆਪ ਲਿਖਦਾ ਹੈ ਜਾਂ ਨਹੀਂ, ਇਸ ਨਾਲ਼ ਸਰੋਤਿਆਂ ਨੂੰ ਕੋਈ ਵਾਸਤਾ ਨਹੀਂ ਪਰ ਉਹ ਗੀਤ ਗਾਉਂਦਾ ਕਿਸ ਤਰ੍ਹਾਂ ਦੇ ਹੈ, ਇਸੇ ਨੇ ਹੀ ਉਸ ਦੀ ਪਛਾਣ ਬਣਾਉਣੀ ਅਤੇ ਉਸ ਦੀ ਕਦਰ ਤੈਅ ਕਰਨੀ ਹੈਉਸ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਸ ਨੇ ਯਾਮ੍ਹੇਦੀ ਕਦਰ ਪਾਉਂਦੀਆਂ ਕੁੜੀਆਂ ਨੂੰ ਸੰਬੋਧਨ ਹੋਣਾ ਹੈ ਜਾਂ ਉਸ ਸਿਰ ਤੇ ਬਾਲਣ ਚੁੱਕੀ ਜਾ ਰਹੀ ਪਹਾੜਨ ਕੁੜੀ ਦੇ ਸਹਿਮ ਦੀ ਬਾਤ ਪਾਉਣੀ ਹੈ ਜਿਸ ਲਈ ਆਪਣੀ ਰੋਟੀ ਪਕਾਉਣ ਲਈ ਲੋੜੀਂਦਾ ਬਾਲਣ ਇਕੱਠਾ ਕਰਨਾ ਵੀ ਇੱਕ ਜ਼ੁਲਮ ਬਣ ਜਾਂਦਾ ਹੈਉਸ ਵਿਚਾਰੀ ਨੇ ਕਿਸੇ ਯਾਮ੍ਹੇਵਾਲ਼ੇ ਤੋਂ ਕੀ ਭਾਲਣਾ ਉਸ ਲਈ ਤਾਂ ਉਹੀ ਕਰਮਾਂ ਵਾਲ਼ਾਕਿਸੇ ਰਾਜੇ ਤੋਂ ਘੱਟ ਨਹੀਂ ਹੋਵੇਗਾ ਜਿਸ ਦੀ ਹੋ ਕੇ ਉਸ ਨੂੰ ਬਾਲਣ ਚੁਗਣ ਦੇ ਜ਼ੁਲਮ ਹੇਠ ਸਹਿਮ ਕੇ ਭੱਜਣਾ ਨਾ ਪਵੇ

-----

ਸਤਿੰਦਰ ਪ੍ਰਤੀ ਜੇ ਇਸ ਤਰ੍ਹਾਂ ਦੀ ਚਰਚਾ ਚੱਲੀ ਹੈ ਤਾਂ ਇਸ ਨੂੰ ਲੋਕਾਂ ਦੀਆਂ ਸਤਿੰਦਰ ਤੋਂ ਆਸਾਂ ਦੇ ਅਨੁਮਾਨ ਵਜੋਂ ਹੀ ਲਿਆ ਜਾਣਾ ਚਾਹੀਦਾ ਹੈਜੇ ਸ਼ੁਰੂ ਵਿੱਚ ਹੀ ਉਸ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇਗਾ ਕਿ ਜੇ ਉਸ ਦੀ ਗਾਇਕੀ ਸਦਕਾ ਉਸ ਨੂੰ ਪਲਕਾਂ ਤੇ ਬਿਠਾਉਣ ਵਾਲ਼ਿਆਂ ਦਾ ਘਾਟਾ ਨਹੀਂ ਤਾਂ ਉਸ ਨੂੰ ਨਿਖਾਰਨ ਅਤੇ ਪਰਖਣ ਲਈ ਹੱਥਾਂ ਵਿੱਚ ਛਮਕਾਂ ਫੜੀ ਬੈਠੇ ਪਾਰਖੂਆਂ ਦੀ ਵੀ ਕੋਈ ਕਮੀ ਨਹੀਂ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਨਿਖਾਰਨ ਵਿੱਚ ਵੱਧ ਤੇਜ਼ੀ ਨਾਲ਼ ਸਫ਼ਲ ਹੋ ਜਾਵੇਦਰਅਸਲ ਇਹ ਛਮਕਾਂ ਵਾਲ਼ੇ ਹੀ ਉਸ ਦੇ ਅਸਲੀ ਪ੍ਰਸੰਸਕ ਹੋਣਗੇ ਜੋ ਉਸ ਨੂੰ ਸਹੀ ਦਿਸ਼ਾ ਵੱਲ ਧੱਕਦੇ ਰਹਿਣਗੇਪੰਜਾਬੀ ਗਾਇਕੀ ਵਿੱਚ ਲੱਚਰਤਾ ਦੀ ਕੋਈ ਕਮੀ ਨਹੀਂ ਪਰ ਜੇ ਉਨ੍ਹਾਂ ਗਾਇਕਾਂ ਬਾਰੇ ਏਨੀ ਸਖ਼ਤੀ ਨਾਲ਼ ਗੱਲ ਨਹੀਂ ਹੋ ਰਹੀ ਤਾਂ ਸ਼ਾਇਦ ਇਸੇ ਕਰਕੇ ਹੀ ਕਿ ਓਨੇ ਨੀਂਵੇਂ ਪੱਧਰ ਤੇ ਜਾ ਚੁੱਕੇ ਗਾਇਕਾਂ ਨੂੰ ਬਦਲ ਸਕਣ ਦੀ ਕੋਈ ਆਸ ਨਾ ਰੱਖਦਾ ਹੋਵੇ ਪਰ ਸਤਿੰਦਰ ਤੋਂ ਲੋਕਾਂ ਨੂੰ ਆਸਾਂ ਜ਼ਰੂਰ ਨੇ

-----

ਇੱਕ ਗੱਲ ਇਹ ਵੀ ਹੈ ਕਿ ਸੂਫ਼ੀ ਕਾਵਿ ਸਾਡੇ ਵਿਰਸੇ ਦਾ ਸਰਮਾਇਆ ਅਤੇ ਸਾਡੀ ਸਾਹਿਤਕ ਅਮੀਰੀ ਦਾ ਖਜ਼ਾਨਾ ਹੈਗੁਰੁ ਗ੍ਰੰਥ ਸਾਹਿਬ ਵਿੱਚ ਇਸ ਦੀ ਸ਼ਮੂਲੀਅਤ ਨੇ ਇਸ ਨੂੰ ਪੂਜਣਯੋਗ ਵੀ ਬਣਾਇਆ ਹੈਲੋਕ-ਮਨਾਂ ਵਿੱਚ ਇਸ ਦਾ ਸਥਾਨ ਬਹੁਤ ਉੱਚਾ ਹੈਕਿਸੇ ਕੱਚ-ਘਰੜ ਜਾਂ ਤੁਕਬੰਦੀ ਦੀ ਪੱਧਰ ਦੀ ਲੇਖਣੀ ਨੂੰ ਸੂਫ਼ੀਵਾਦ ਦਾ ਖਿਤਾਬ ਦਿੱਤਾ ਜਾਣਾ ਪੰਜਾਬੀਆਂ ਨੂੰ ਕਦੀ ਵੀ ਹਜ਼ਮ ਨਹੀਂ ਹੋਵੇਗਾਜੇ ਸਤਿੰਦਰ ਇਸ ਸਥਾਨ ਨੂੰ ਪ੍ਰਾਪਤ ਕਰਨ ਦੀ ਤਮੰਨਾ ਰੱਖਦਾ ਹੈ ਤਾਂ ਇਹ ਸ਼ੁੱਭ-ਸ਼ਗਨ ਹੈ ਪਰ ਇਸ ਤੱਕ ਪਹੁੰਚਣ ਲਈ ਉਸ ਨੂੰ ਕਹਿ ਦਈਂ ਕੰਜਰ ਦੇ ਨੂੰ ਭਾਅ ਜੀ...ਵਰਗੀ ਗਾਇਕੀ ਤੋਂ ਬਹੁਤ ਉੱਚਾ ਉੱਠਣਾ ਪਵੇਗਾ

------

ਮੈਂ ਇਸ ਗੱਲ ਦਾ ਬਿਲਕੁਲ ਧਾਰਨੀ ਨਹੀਂ ਕਿ ਜੇ ਕੋਈ ਕਲਾਕਾਰ ਥੋੜ੍ਹਾ-ਬਹੁਤ ਵਧੀਆ ਗਾਇਕੀ ਵੱਲ ਵਧਣ ਦਾ ਉਪਰਾਲਾ ਕਰਦਾ ਹੈ ਤਾਂ ਉਸ ਦੀਆਂ ਖ਼ਾਮੀਆਂ ਪ੍ਰਤੀ ਏਨੀ ਬੁਰੀ ਤਰ੍ਹਾਂ ਡਾਂਗ ਚੁੱਕ ਲਈ ਜਾਵੇ ਕਿ ਉਹ ਬਿਲਕੁਲ ਹੀ ਉਲਟਾ ਵਗ ਤੁਰੇ ਪਰ ਦੂਸਰੇ ਪਾਸੇ ਸਤਿੰਦਰ ਨੂੰ ਪਿਆਰ ਕਰਨ ਵਾਲ਼ਿਆਂ ਜਾਂ ਉਸ ਦੇ ਪ੍ਰਸੰਸਕਾਂ ਨੂੰ ਵੀ ਏਸ ਪੱਧਰ ਤੇ ਨਹੀਂ ਉੱਤਰ ਆਉਣਾ ਚਾਹੀਦਾ ਕਿ ਈਮੇਲਾਂ ਰਾਹੀਂ ਧੀਆਂ ਭੈਣਾਂ ਨੌਲਣ ਲੱਗ ਪੈਣ, ਬਲਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੋਣੀ ਚਾਹੀਦੀ ਹੈ ਕਿ ਸਤਿੰਦਰ ਦਾ ਨੋਟਿਸ ਲਿਆ ਜਾ ਰਿਹਾ ਹੈਜੇ ਸਤਿੰਦਰ ਅਤੇ ਉਸ ਦਾ ਨੇੜਲਾ ਸਰਕਲ ਹਰ ਤਰ੍ਹਾਂ ਦੇ ਆ ਰਹੇ ਵਿਚਾਰਾਂ ਨੂੰ ਗੰਭੀਰਤਾ ਨਾਲ਼ ਵਿਚਾਰੇਗਾ ਤਾਂ ਜ਼ਰੂਰ ਸਤਿੰਦਰ ਇੱਕ ਦਿਨ ਹੀਰੇ ਵਾਂਗ ਚਮਕੇਗਾ, ਪਰ ਜੇ ਵਿਚਾਰਾਂ ਦਾ ਜਵਾਬ ਗਾਲ਼ਾਂ ਤੱਕ ਹੀ ਸੀਮਤ ਰਹਿ ਗਿਆ ਤਾਂ ਸ਼ਾਇਦ ਪੂਰਨ ਚੰਦ ਵਡਾਲ਼ੀ ਦੇ ਸ਼ਬਦਾਂ ਵਿੱਚ ਸਤਿੰਦਰ ਧੁਖਦੀ ਹੋਈ ਅਗਰਬੱਤੀਬਣਨ ਦੀ ਬਜਾਇ ਫੁੱਲਝੜੀਬਣ ਕੇ ਹੀ ਰਹਿ ਜਾਵੇ, ਜੋ ਅੱਖ-ਪਲਕਾਰੇ ਵਿੱਚ ਅੱਖਾਂ ਚੁੰਧਿਆਉਂਦੀ ਹੈ ਅਤੇ ਸਵਾਹ ਦੀ ਚੁਟਕੀ ਵਿੱਚ ਬਦਲ ਕੇ ਰਹਿ ਜਾਂਦੀ ਹੈ, ਦੇਰ ਤੱਕ ਮਹਿਕਾਂ ਨਹੀਂ ਖਿੰਡਾਉਂਦੀਪੰਜਾਬੀਆਂ ਨੂੰ ਅਗਰਬੱਤੀ ਦੀ ਤਾਂਘ ਹੈ, ਉਹ ਤਾਂਘ ਜਿਸ ਦੀ ਆਸ ਸਤਿੰਦਰ ਬਨ੍ਹਾ ਰਿਹਾ ਹੈਗਾਇਕਾਂ ਦਾ ਹਮੇਸ਼ਾਂ ਹੀ ਇਹ ਬਹਾਨਾ ਰਿਹਾ ਹੈ ਕਿ ਉਹ ਲੱਚਰ ਇਸ ਕਰਕੇ ਗਾਉਂਦੇ ਹਨ ਕਿਉਂਕਿ ਲੋਕ ਸੁਣਨਾ ਹੀ ਉਹੋ ਜਿਹਾ ਚਾਹੁੰਦੇ ਹਨ ਪਰ ਸਤਿੰਦਰ ਦੇ ਮਾਮਲੇ ਵਿੱਚ ਲੋਕ ਇਹ ਸਿਹਰਾ ਸਤਿੰਦਰ ਦੇ ਹੱਕ ਵਿੱਚ ਫੜੀ ਖੜ੍ਹੇ ਹਨਸਤਿੰਦਰ ਨੂੰ ਯ੍ਹਾਮਿਆਂਨੂੰ ਕਿੱਕਾਂ ਮਾਰਨ, “ਕੰਜਰ ਦਿਆਂਨੂੰ ਗਾਲ਼ਾਂ ਕੱਢਣ ਜਾਂ ਕਿਸੇ ਦੇ ਗੀਤਾਂ ਨੂੰ ਆਪਣਾ ਕਹਿ ਕੇ ਗਾਉਣ ਦੀ ਲੋੜ ਨਹੀਂ, ਉਸ ਦੀ ਆਵਾਜ਼ ਅਤੇ ਉਸ ਦੇ ਸਰੋਤੇ ਉਸ ਦੇ ਨਾਲ਼ ਹਨ, ਸਰੋਤਿਆਂ ਦੀਆਂ ਆਸਾਂ ਤੇ ਪੂਰੇ ਉੱਤਰ ਕੇ ਉਨ੍ਹਾਂ ਦਾ ਮਾਣ ਰੱਖਣਾ ਇਸ ਸਮੇਂ ਸਤਿੰਦਰ ਦੇ ਹੱਥ ਵਿੱਚ ਹੈ

5 comments:

Tarlok Judge said...

ਕਿ ਸਰਤਾਜ ਸਚ ਮੁਚ ਹੀ ਪੀ. ਐਚ ਡੀ ਕਰਕੇ ਲੈਕਚਰਾਰ ਲੱਗਾ ਹੋਇਆ ਹੈ ? ਜੇ ਲੱਗਾ ਹੋਇਆ ਹੈ ਤੇ ਕਿਥੇ ਤੇ ਜੇ ਪਹਿਲਾਂ ਲਗਿਆ ਰਿਹਾ ਹੈ ਤਾਂ ਕਿਥੇ ? ਕਿ ਕੋਈ ਇਹ ਸਪਸ਼ਟ ਕਰ ਸਕਦਾ ਹੈ ?

Parminder Singh said...

he still teaches at Punjab university, Chandigarh..

ਸੁਖਿੰਦਰ said...

Kulwinder Khaira has well said. Satinder Sartaj is just learning to write. If he is using other writers songs/lyrics, he must give them due credit they deserve. Satinder Sartaj should show his honesty. I hope, in future, he will be more responsible. He is an intelligent person without any doubts. He will soon learn that people love him.

Tarlok Judge said...

ਮੇਰੀ ਜਾਣਕਾਰੀ ਮੁਤਾਬਿਕ ਸਰਤਾਜ ਕਿਤੇ ਲੈਕਚਰਾਰ ਨਾ ਸੀ ਤੇ ਨਾ ਹੈ ਇੱਕ ਮਿੱਤਰ ਨੇ ਦੱਸਿਆ ਹੈ ਕੀ ਓਹ ਪੰਜਾਬ ਯੂਨਿ ਵਰਸਿਟੀ ਵਿਚ ਹਰਮੋਨੀਅਮ ਪਲੇਅਰ ਹੁੰਦਾ ਸੀ ਬਾਕੀ ਕਨਫਰਮ ਕਰਨ ਦੀ ਲੋੜ ਹੈ

SandeepKaur Dhanoa said...

‘ਆਰਸੀ’ ਦੇ ਸਾਹਿਤਕ ਖ਼ਜ਼ਾਨੇ ਦੀ ਬਦੌਲਤ ਕੁਲਵਿੰਦਰ ਖਹਿਰਾ ਵਲੋਂ ਲਿਖਿਆ ਮਿਆਰੀ ਲੇਖ ਪੜ੍ਹਨ ਦਾ ਮੌਕਾ ਮਿਲ਼ੀਆ ਹੈ। ਬਹੁਤ ਸ਼ੁਕਰੀਆ ਜੀ!

ਇੱਕ ਪਾਠਕ ਦੀ ਹੈਸੀਅਤ ਨਾਲ ਮੈਂ ਖਹਿਰਾ ਸਾਹਿਬ ਨੂੰ ਵਧਾਈ ਦਿੰਦੀ ਹਾਂ। ‘ਗੱਲਾਂ ਅਤੇ ਗਾਲ਼ਾਂ’ ਨਾਲ ਡੁੱਬ ਜਾਣਾ ਜਾਂ ਡੋਬ ਦੇਣਾ ਤਾਂ ਸੋਖਾ ਹੀ ਕੰਮ ਹੈ। ਇਕਹਿਰੀ ਅਲੋਚਨਾ ਜਾਂ ਪ੍ਰਸ਼ੰਸਾ ਸਮਾਜ ਦਾ ਜਾਂ ਕਿਸੇ ਵਿਅਕਤੀ ਦਾ ਕੁਝ ਨਹੀਂ ਸੰਵਾਰਦੀ। ਇੱਕ ਸੂਝਵਾਨ ਮਲਾਹ ਦੀ ਤਰ੍ਹਾਂ ਨਿਰਪੱਖ ਹੋ ਕਿ ਦੋਵੇਂ ਪਾਸੇ ਚੱਪੂ ਚਲਾਉਂਦੇ ਕੁਲਵਿੰਦਰ ਖਹਿਰਾ ਦੇ ਇਸ ਲੇਖ ਲਈ ਸ਼ੁੱਭਕਾਮਨਾ!