
ਮੇਲੇ-ਗੇਲੇ ਵਿੱਚ ਪ੍ਰਦੇਸਾਂ ਦੇ
ਲੇਖ
ਸਾਦਗੀ ਅਤੇ ਸੁਰ-ਤਾਲ ਦੇ ਸੁਮੇਲ ਦਾ ਨਾਂ ਹੈ - ਨਸੀਬੋ ਲਾਲ ! ਪਿਛਲੇ ਦਿਨੀਂ ਬੈੱਲ ਪ੍ਰੋਫਾਰਮਿੰਗ ਸੈਂਟਰ ਸਰੀ ਵਿਖੇ ਬਾਜਵਾ ਸਾਹਿਬ ਵਲੋਂ ਅਯੋਜਿਤ ਪ੍ਰੋਗ੍ਰਾਮ ਵਿੱਚ ਦੋ ਉੱਭਰ ਰਹੇ ਕਲਾਕਾਰਾਂ ਤੋਂ ਬਾਅਦ ਸਾਉਣ ਦੇ ਛਰਾਟੇ ਵਰਗੀ ਗਾਇਕਾ ਨਸੀਬੋ ਲਾਲ ਨੇ ਉਪਰੋਥਲੀ ਗੀਤਾਂ ਦੀ ਝੜੀ ਲਗਾ ਦਿੱਤੀ । ਪ੍ਰੋਗ੍ਰਾਮ ਦੇ ਅੱਧ ਕੁ ਜਾ ਕੇ ਜਦੋਂ ਨਸੀਬੋ ਲਾਲ ਨੂੰ ਗਰੇਵਾਲ ਜੋੜੀ ਸਟੇਜ 'ਤੇ ਸਨਮਾਨਿਤ ਕਰਨ ਲਈ ਪੁੱਜੀ ਤਾਂ ਨਸੀਬੋ ਲਾਲ ਨੇ ਪੁਰਸਕਾਰ ਫੜਦੇ ਸਾਰ ਹੀ ਪੋਲੇ ਜਿਹੇ ਮੂੰਹ 'ਚੋਂ ਠਾਹ ਸੋਟਾ ਮਾਰ ਘੱਤਿਆ ।
ਉਸਨੇ ਨੀਨਾ ਗਰੇਵਾਲ ਨੂੰ ਪੁੱਛਿਆ , " ਆਪ ਤੇ ਜੋੜੀਆਂ ਬਣਾਈ ਫਿਰਦੇ ਓ ! ਪਹਿਲੇ ਇਹ ਦੱਸੋ ਕਿ ਮੇਰੇ ਪੰਜ ਮਹੀਨੇ ਦੇ ਬੱਚੇ ਨੂੰ ਵੀਜ਼ਾ ਕਿਉਂ ਨਹੀਂ ਦਿੱਤਾ ?.... ਮੈਂ 'ਤੇ ਆਪਣੇ ਲਾਲ ਨੂੰ ਆਪਣਾ ਦੁੱਧ ਪਿਲਾਉਣਾ ਸੀ !......ਨਾਲੇ ਅਸਾਂ ਕਿਹੜਾ ਏਥੇ ਪੱਕਿਆਂ ਰਹਿਣਾ ਸੀ …..!?!" ਤੇ ਇਹ ਕਹਿੰਦੀ - ਕਹਿੰਦੀ ਨਸੀਬੋ ਲਾਲ ਨੇ ਆਪਣੇ ਨੈਣ ਹੰਝੂਆਂ ਨਾਲ ਭਰ ਲਏ ।
-----
ਇਹ ਦੇਖ ਸੁਣ ਕੇ ਨੀਨਾ ਜੀ ਵੀ ਠਠੰਬਰ ਗਏ 'ਤੇ ਮਾਇਕ ਆਪਣੇ ਹੱਥ 'ਚ ਲੈ ਕੇ ਕਹਿਣ ਲੱਗੇ , "ਮੈਨੂੰ ਵੀ ਬੜਾ ਅਫ਼ਸੋਸ ਹੈ , ਕਿ ਤੁਹਾਡੇ ਲੜਕੇ ਨੂੰ ਵੀਜ਼ਾ ਨਹੀਂ ਮਿਲਿਆ ।" ਬੱਸ ਹੋਰ ਕੁਝ ਨਹੀਂ ।
ਇਸ ਦੀ ਸਫ਼ਾਈ ਵਿੱਚ ਸਾਬਕਾ ਐਮ . ਪੀ . ਗੁਰਮੰਤ ਗਰੇਵਾਲ ਨੇ ਬੇਸ਼ੱਕ ਮਿੱਠਾ ਪੋਚਾ ਮਾਰਨ ਦੀ ਕੋਸ਼ਿਸ਼ ਤਾਂ ਕੀਤੀ , ਪਰ ਉਹ ਨਾ ਨਸੀਬੋ ਲਾਲ ਨੂੰ ਅਤੇ ਨਾ ਹੀ ਸੈਂਕੜੇ ਦਰਸ਼ਕਾਂ ਨੂੰ ਤੱਸਲੀ ਬਖ਼ਸ਼ ਜੁਆਬ ਦੇ ਸਕਿਆ । ਬੱਸ , ਏਨਾ ਹੀ ਕਹਿ ਕ ਖਹਿੜਾ ਛੁਡਾ ਲਿਆ , ਕਿ ਜਦੋਂ ਤੁਹਾਡਾ ਲੜਕਾ ਗਾਉਣ ਲੱਗ ਪਿਆ ਤਾਂ ਉਸਨੂੰ ਵੀਜ਼ਾ ਜ਼ਰੂਰ ਮਿਲ ਜਾਵੇਗਾ ।ਲੌਲੀ ਪੌਪ ਮੂੰਹ ਕਰਾਰਾ ਕਰ ਗਿਆ ।
-----
ਕੈਨੇਡਾ ਦੀ ਧਰਤੀ 'ਤੇ ਲਗਦੈ ਕਦੇ ਕਦੇ ਦੇਸੀ ਸਿਆਸਤ ਵੀ ਰੰਗ ਦਿਖਾ ਹੀ ਜਾਂਦੀ ਏ ! ਵੈਸੇ ਅਜਿਹੀਆਂ ਕਦਰਾਂ- ਕੀਮਤਾਂ ਤਾਂ ਅਸੀਂ ਪੱਲੇ ਬੰਨ੍ਹ ਕੇ ਨਾਲ ਹੀ ਲੈ ਕੇ ਆਏ ਹਾਂ । ਜਦੋਂ ਲੋੜ ਪੈਂਦੀ ਐ ਤਾਂ ਸਾਡੇ ਲੀਡਰ ਓਸੇ ਵੇਲੇ ਹੀ ਪੋਟਲੀ ਖੋਲ੍ਹ ਲੈਂਦੇ ਨੇ ।
ਖ਼ੈਰ!! ਹੰਝੂ ਪੂੰਝਦੀ - ਪੂੰਝਦੀ ਨਸੀਬੋ ਨੇ ਆਪਣੇ ਦਿਲ ਦੇ ਅਰਮਾਨ ਇੰਝ ਪ੍ਰਗਟਾਏ…" ਨਸੀਬ ਸਾਡੇ ਲਿਖੇ --ਰੱਬ ਨੇ …ਕੱਚੀ ਪੈਨਸਲ ਨਾਲ !.... ਨਸੀਬ ਸਾਡੇ ਲਿਖੇ ਰੱਬ ਨੇ ..!!"
ਨੀ ਨਸੀਬੋ ਭੋਲੀਏ ! ਤੈਨੂੰ ਕੌਣ ਸਮਝਾਏ ਕਿ ਓਹ ਰੱਬ ਤਾਂ ਬੜੀ ਦੂਰ ਹੈ , ਇਥੇ ਨਸੀਬ ਤਾਂ ਡਾਢੇ ਸਿਆਸਤਦਾਨਾਂ ਨੇ ਪੱਕੀ ਪੈਨਸਲ ਨਾਲ ਆਪ ਰੱਬ ਬਣ ਕੇ ਸਾਡੇ ਮੱਥੇ 'ਤੇ ਖੁਣਵਾ ਦਿੱਤੇ ਨੇ !! ਕਠੋਰ ਹਿਰਦਿਆਂ ਮੂਹਰੇ ਤਰਲੇ ਪਾਇਆਂ ਕੁਸ਼ ਨਹੀਂ ਬਣਦਾ ।
'ਤੂੰ ਇੱਕ-ਅੱਧੇ ਨੂੰ ਰੋਵੇਂ …ਊਤਿਆ ਫਿਰਦਾ ਆਵਾ ਨੀ …!' ਸਾਡੇ ਲੀਡਰਾਂ ਨੂੰ ਸਾਡੇ ਹੱਕਾਂ ਦੀ ਰਾਖੀ ਦਾ ਨਹੀਂ , ਇਨ੍ਹਾਂ ਨੂੰ ਤਾਂ ਸ਼ਾਵਰ ਪਾਰਟੀਆਂ ਤੋਂ ਲੈ ਕੇ ਸ਼ਮਸ਼ਾਨ ਘਾਟਾਂ ਤੱਕ ਹਾਜਰੀਆ ਲਗਵਾ ਕੇ ਵੋਟਾਂ ਪੱਕੀਆਂ ਕਰਨ ਦਾ ਫ਼ਿਕਰ ਜ਼ਿਆਦਾ ਹੈ !
-----
ਕੋਈ ਪੁੱਛਣ ਵਾਲਾ ਹੋਵੇ - ਓਏ ਭਲੇ ਮਾਣਸੋ ! ਤੁਸੀਂ ਜਿੰਨਾ ਵਕਤ ਇੰਨਾਂ ਸਮਾਗਮਾਂ ਵਿੱਚ ਜ਼ਾਇਆ ਕਰ ਰਹੇ ਹੋ, ਕਿਤੇ ਸਰਕਾਰੀ ਕੰਮਾਂ ਕਾਰਾਂ ਵਿੱਚ ਲਗਾਓ ਤਾਂ ਦੇਸ ਦੀਆਂ ਨੁਹਾਰਾਂ ਬਦਲ ਸਕਦੀਆਂ ਨੇ । ਨਾਲੇ ਤੁਸੀਂ ਕੀਹਨੂੰ ਕੀਹਨੂੰ ਖ਼ੁਸ਼ ਕਰ ਲਵੋਂਗੇ ? ਇਸ ਤਰਾਂ ਤਾਂ ਮੈਂ ਵੀ ਰੋਸ ਪ੍ਰਗਟ ਕਰ ਸਕਦਾ ਹਾਂ ਕਿ ਓਦਣ ਮੇਰਾ ਢਿੱਡ ਦੁਖਦਾ ਸੀ - ਦੋ ਘੰਟੇ ਸਰੀ ਵਾਲੇ ਹਸਪਤਾਲ ਵਿੱਚ ਮੈਂ ਬੈਂਚ ਉਪਰ ਪਿਆ ਰਿਹਾ, ਸੁੱਖ ਧਾਲੀਵਾਲ ਮੇਰਾ ਪਤਾ ਲੈਣ ਹੀ ਨਹੀਂ ਆਇਆ..!'
-----
ਦੂਜੀ ਗੱਲ ਇਹ ਕਿ ਜੋ ਵੱਡੇ ਜਾਂ ਛੋਟੇ ਸ਼ੋਅ ਟਿਕਟਾਂ ਵਾਲੇ ਹੁੰਦੇ ਨੇ, ਪੱਤਰਕਾਰਾਂ ਜਾਂ ਹੋਰ ਮੀਡੀਆ ਐਂਡ ਕੰਪਨੀ ਵਾਲਿਆਂ ਲਈ ਮੁਫ਼ਤ ਵਿੱਚ ਇਹਨਾਂ ਦਾ ਸੁਆਦ ਨਹੀਂ ਚਖਾਉਣਾ ਚਾਹੀਦਾ । ਹੁਣ ਤਾਂ ਜਣਾ ਖਣਾ ਹੀ ਗਲ਼ 'ਚ ਕੈਮਰਾ ਪਾ ਕੇ ਮੂਹਰਲੀ ਸੀਟ 'ਤੇ , ਕਦੇ ਸਟੇਜ ਦੇ ਆਲੇ ਦੁਆਲੇ ਘੁੰਮ ਰਿਹਾ ਹੁੰਦੈ !
-----
ਪੱਤਰਕਾਰਾਂ ਦਾ ਕੰਮ ਤਾਂ ਹੁੰਦਾ ਹੈ ਕਿ ਕਿਸੇ ਖੂੰਜੇ ਚ' ਖੜ੍ਹ ਕੇ ਰਿਪੋਰਟ ਤਿਆਰ ਕਰਨਾ । ਪਰ ਇਹ ਤਾਂ ਮੂਹਰਲੀਆਂ ਸੀਟਾਂ ਮੱਲੀ ਬੈਠੇ ਹੁੰਦੇ ਨੇ । ਫਿਰ ਓਦਣ ਸਟੇਜ ਉਪਰ ਕੋਈ ਜੋ ਕੁਝ ਮਰਜ਼ੀ ਬੋਲੀ ਜਾਵੇ ਅਗਲੇ ਦਿਨ ਉਸ ਬਾਰੇ ਇਹੇ ਰੌਲਾ ਪਾਈ ਜਾਂਦੇ ਹੁੰਦੇ ਨੇ, "ਬਈ ਰਾਤ ਵਾਲਾ ਸ਼ੋਅ ਬਹੁਤ ਕਾਮਯਾਬੀ ਨਾਲ ਨੇਪਰੇ ਚੜਿਆ । ਸਾਰਾ ਹਾਲ ਫੁੱਲ ਸੀ ।"
ਸਾਰਾ ਹਾਲ ਤਾਂ ਆਪੇ ਹੀ ਫੁੱਲ ਹੋਣਾ ਸੀ , ਤੁਹਾਡੇ ਵਰਗੇ ਮੁਫ਼ਤਖ਼ੋਰ ਪੱਤਰਕਾਰ ਅਤੇ ਲੀਡਰ -ਸ਼ੀਡਰ ਤਾਂ ਹੇਲੀਆਂ ਦਿੰਦੇ ਫਿਰਦੇ ਸਨ !
----
ਮੈਂ ਤਾਂ ਕਹਿੰਦਾ ਹਾਂ ਕਿ ਜੇਕਰ ਟਿਕਟ ਪੰਜਾਹ ਡਾਲਰ ਦੀ ਹੋਵੇ ਤਾਂ ਪੱਤਰਕਾਰਾਂ ਲਈ ਉਹ ਟਿਕਟ ਸੌ ਡਾਲਰ ਦੀ ਹੋਣੀ ਚਾਹੀਦੀ ਹੈ। ਅਤੇ ਇੱਕ ਲੀਡਰ ਨੂੰ ਘੱਟੋ-ਘੱਟ ਪੰਜ ਸੌ ਡਾਲਰ ਵਿੱਚ ਮਿਲਣੀ ਚਾਹੀਦੀ ਹੈ । ਫਿਰ ਵੇਖਾਂਗੇ ਇੰਨ੍ਹਾਂ ਨੂੰ ਕਿੰਨਾ ਕੁ ਸਭਿਆਚਾਰ ਨਾਲ ਪਿਆਰ ਹੈ ?
------
ਪਿਛਲੇ ਦਿਨੀਂ ਪਾਪੂਲਰ ਪੂਜਾ ਦਾ ਸ਼ੋਅ ਹੋਇਆ ਸੀ , ਉਥੇ ਜੋ ਕੁਝ ਹੋਇਆ , ਕਿਸੇ ਹੱਕ ਸੱਚ ਦੀ ਅਵਾਜ਼ ਵਾਲੇ ਨੇ ਦੂਜੇ ਦਿਨ ਉਸ ਬਾਰੇ ਕੋਈ ਨੋਟਿਸ ਨਹੀਂ ਲਿਆ । ਹਾਲਾਂ ਕਿ ਉਸ ਸਟੇਸ਼ਨ ਦਾ ਸਾਰਾ ਕੋੜਮਾ ਕਬੀਲਾ ਮੁੱਛਾਂ ਨੂੰ ਤਾਅ ਦੇ ਕੇ ਮੂਹਰੇ ਬੈਠਾ ਸੀ । ਪਰ ਬੋਲਦੇ ਵੀ ਕਿਵੇਂ ? ਪ੍ਰਮੋਟਰਾਂ ਨੇ ਮੂੰਹੋਂ ਮੰਗਵੇਂ ਡਾਲਰ ਜੁ ਦਿੱਤੇ ਸੀ ।
ਉਸ ਸ਼ੋਅ ਵਿੱਚ ਕੋਈ ਗਾਇਕ ਆ ਕੇ ਡੰਡ ਬੈਠਕਾਂ ਮਾਰ ਰਿਹਾ ਸੀ , ਕੋਈ ਪੂਜਾ ਦੇ ਦੁਆਲੇ ਇਸ ਤਰ੍ਹਾਂ ਘੁੰਮ ਰਿਹਾ ਸੀ ,'ਜਿਵੇ: ਵਾੜੇ ਚ'………! ਅੱਗੇ ਤੁਹਾਨੂੰ ਪਤਾ ਹੀ ਹੈ !! ਇੱਕ ਜ਼ੈਲਦਾਰ ਨੇ ਤਾਂ ਅਖੀਰ ਵਿੱਚ ਗੱਲ ਸਿਰੇ ਹੀ ਲਾ ਦਿੱਤੀ , ਜੋ ਮੈਨੂੰ ਸੱਭ ਤੋਂ ਵੱਧ ਚੁਭੀ , ਉਹ ਇਹ ਸੀ , ਕਿ ਪਹਿਲਾਂ ੳਸਨੇ ਗਾਉਣ ਵਾਲੀ ਦੇ ਦੁਆਲੇ ਖ਼ੂਬ ਗੇੜੇ ਦਿੱਤੇ ।ਫਿਰ ਗੇੜਿਆਂ ਦਾ ਨਤੀਜਾ ਉਸ ਨੇ ਆਪਣੇ ਬੋਲਾਂ ਰਾਹੀਂ ਇੰਝ ਕੱਢਿਆ.."ਸੱਤ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ ! ਪੰਗੇ ਲੈਂਦੀ ਫਿਰਦੀ ਕੁੜੀ ਕੁਆਰੀ ਐ !!"
ਵਾਹ ਕਿਆ ਬਾਤ ਹੈ ! ਕਿਥੇ ਬਾਬਾ ਨਾਨਕ ! ਕਿਥੇ ਕੁੜੀ ਕੁਆਰੀ ……..!?! ਸ਼ਾਇਦ ਇਸ ਨੂੰ ਹੀ ਸੱਭਿਆਚਾਰ ਦੀ ਸੇਵਾ ਕਹਿੰਦੇ ਨੇ ? ਸ਼ਾਇਦ ਮੀਡੀਆ ਵਾਲੇ ਵੀ ਇਸ ਤਰ੍ਹਾਂ ਦੇ ਸ਼ੋਅ ਨੂੰ ਕਾਮਯਾਬ ਸ਼ੋਅ ਮੰਨ ਰਹੇ ਸਨ..!?! ਸ਼ਾਇਦ ਇਸੇ ਕਰਕੇ ਹੀ ਦੂਜੇ ਦਿਨ ਪ੍ਰਮੋਟਰਾਂ ਨੂੰ ਵਧਾਈਆ ਭੇਜ ਰਹੇ ਸਨ ।
-----
ਇੱਕ ਏਥੇ ਹੋਰ ਹੀ ਨਵਾ ਰਿਵਾਜ਼ ਚੱਲ ਪਿਐ , ਤੀਆਂ ਦਾ ਮੇਲਾ, ਮੇਲਾ ਮੁਟਿਆਰਾਂ ਦਾਂ , ਮੇਲਾ ਬੀਬੀਆਂ ਦਾ , ਸਾਵਣ ਮੇਲਾ ਤੇ ਹੋਰ ਪਤਾ ਨਹੀਂ ਕੀ ਕੁਝ ? ਐਸੇ ਮੇਲੇ ਲਾਉਣੇ ਵਧੀਆ ਗੱਲ ਹੈ , ਪਰ ਜੇਕਰ ਇਹ ਮੇਲੇ ਸਿਰਫ: ਔਰਤਾਂ ਵਾਸਤੇ ਹੀ ਹੁੰਦੇ ਨੇ , ਤਾਂ ਖ਼ਾਸ ਖ਼ਾਸ ਆਦਮੀ ਏਥੇ ਕੀ ਕਰਨ ਆਉਂਦੇ ਨੇ ?
------
ਆਹ ! ਪਿੱਛੇ ਜਿਹੇ ਸਿਰਫ਼ ਔਰਤਾਂ ਵਾਸਤੇ ਐਸਾ ਹੀ ਮੇਲਾ ਹੋ ਕੇ ਹੱਟਿਆ ਹੈ । ਪੱਗ ਠੋਕ ਕੇ ਬੰਨ੍ਹਣ ਵਾਲਾ ਗਾਇਕ ਵਾਰ ਵਾਰ ਸਟੇਜ ਤੋਂ ਉਤਰ ਕੇ ਬੀਬੀਆਂ ਵਿੱਚ ਜਾ ਵੜਦਾ ਸੀ , ਪਤੰਦਰ ਰੰਨਾਂ ਵਿੱਚ ਧੰਨਾ ਬਣਿਆ ਫਿਰਦਾ ਸੀ । ਗੱਲ ਕੀ ..ਇਸੇ ਕਰਕੇ ਸ਼ੋਅ ਬੰਦ ਕਰਨਾ ਪਿਆ ਸੀ ।ਇਹ ਉਹ ਹੀ ਗਾਇਕ ਸੀ, ਜੋ ਕੁੜੀ ਨੂੰ ਕਦੇ ਚੌਕਲੈੱਟ , ਕਦੇ ਕੋਕ ਦੀ ਬੋਤਲ ਵਰਗਾ ਲੱਕ , ਦੱਸਕੇ ਔਰਤ ਨੂੰ ਫਾਸਟ ਫੂਡ ਵਾਲੀ ਫਰੈਂਚਾਈਜ਼ ਵਜੋਂ ਪੇਸ਼ ਕਰਦਾ ਹੈ । ਫ਼ੁਕਰਪੁਣੇ ਦੀ ਹੱਦ ਦੇਖੋ ! ਸਟੇਜ 'ਤੇ ਐਸੇ ਕਲਾਕਾਰ ਕਦੇ ਡੌਲੇ ਦਿਖਾਉਂਦੇ ਨੇ , ਕਦੇ ਆਉਂਦੇ ਸਾਰ ਹੀ ਡੰਡ ਬੈਠਕਾਂ ਮਾਰਨ ਲੱਗ ਪੈਂਦੇ ਨੇ ! ਪੁੱਛਣ ਵਾਲਾ ਹੋਵੇ, ਇੱਥੇ ਤੁਸੀਂ ਗਾਉਣ ਆਏ ਓ , ਜਾਂ ਫਿਰ ਕੁੜੀਆਂ ਨੂੰ ਜਿਸਮ ਦਿਖਾਉਣ ? ਵੈਸੇ , ਇਹੋ ਜਿਹਿਆਂ ਨੂੰ ਕਬੱਡੀ ਦਾ ਖ਼ਾਲੀ ਗਰਾਉਂਡ ਦੇਖ ਕੇ ਕੱਚੀਆਂ ਤਰੇਲੀਆਂ ਆਈ ਜਾਂਦੀਆਂ ਹੁੰਦੀਆਂ ਨੇ ।
ਪਰ ਜਿਹੜੇ ਮੀਡੀਏ ਵਾਲੇ ਪੁਰਸ਼ ਪੱਤਰਕਾਰ ਉੱਥੇ ਦਨਦਣਾਉਂਦੇ ਫਿਰਦੇ ਸਨ , ਉਨ੍ਹਾਂ ਨੇ ਕੋਈ ਖ਼ਬਰ ਨਸ਼ਰ ਨਹੀਂ ਕੀਤੀ ।
------
ਇਸੇ ਤਰ੍ਹਾਂ ਕੁਝ ਸਾਲ ਪਹਿਲਾਂ .'ਦੇ ਦੇ ਗੇੜਾ…!' ਵਾਲੇ ਗਾਇਕ ਦਾ ਬੀਬੀਆਂ ਨੇ ਬੁਰਾ ਹਾਲ ਕਰ ਦਿੱਤਾ ਸੀ । ਉਸ ਨੂੰ ਵੀ ਬੜਾ ਚਾਅ ਸੀ ਮੁਟਿਆਰਾਂ ਦੇ ਝੁੰਡ ਵਿੱਚ ਗੇੜੇ ਦੇਣ ਦਾ ! ਸੁਣਿਐ , ਓਹਦੇ ਕਿਸੇ ਨੇ ਐਸੀ ਕਸੂਤੇ ਥਾਂ 'ਤੇ ਲੱਤ ਮਾਰੀ ..ਉਸਤੋਂ ਬਾਅਦ ਜਨਾਬ ਨੂੰ ਹਸਪਤਾਲ ਦੇ ਗੇੜੇ ਲਾਉਣੇ ਪਏ ਸੀ ….. ਪਰ ਕਿਸੇ ਨੇ ਭਾਫ਼ ਬਾਹਰ ਨਹੀਂ ਨਿਕਲਣ ਦਿੱਤੀ ਸੀ । ਇਹ ਨੇ ਮੇਲੇ ਮੁਟਿਆਰਾਂ ਦੇ !!
-----
ਜੇਕਰ ਮੇਲਾ ਸਿਰਫ਼ ਔਰਤਾਂ ਲਈ ਹੈ , ਤਾਂ ਔਰਤਾਂ ਦੀ ਹੀ ਸ਼ਮੂਲੀਅਤ ਹੋਣੀ ਚਾਹੀਦੀ ਹੈ । ਉਹ ਤਾਂ ਵੱਖਰੀ ਗੱਲ ਹੈ ਕਿ ਕੋਈ ਪ੍ਰਬੰਧਕ ਆਦਮੀ ਹੋ ਸਕਦਾ ਹੈ , ਸਾਊਂਡ ਐਂਡ ਲਾਈਟ ਵਾਲਾ , ਇੱਕ ਅੱਧਾ ਕੈਮਰੇ ਵਾਲਾ ਆਦਿ ਹੋ ਸਕਦਾ ਹੈ ! ਜਿੱਥੇ ਨਹੀਂ ਸਰ ਸਕਦਾ ਆਦਮੀ ਮਦਦ ਕਰ ਸਕਦੇ ਨੇ , ਪਰ ਮੰਨੋਰਜਨ ਕੇਵਲ ਔਰਤਾਂ ਲਈ , ਔਰਤਾਂ ਵਲੋਂ ਹੀ ਹੋਣਾ ਚਾਹੀਦਾ ਹੈ ।
-----
ਵੈਸੇ ਔਰਤ ਹੁਣ ਕਿਸੇ ਖੇਤਰ ਵਿੱਚ ਪਿੱਛੇ ਨਹੀਂ ਰਹੀ । ਭਾਵੇਂ ਪੱਤਰਕਾਰੀ ਦਾ ਖੇਤਰ ਹੋਵੇ , ਚਾਹੇ ਸਪੇਸ ਖੇਤਰ । ਉਹ ਹੁਣ ਕਿਸੇ ਸਮਾਗਮ ਦੀ ਆਪ ਰਿਪੋਰਟਿੰਗ ਕਰ ਸਕਦੀ ਹੈ , ਸਾਰਾ ਪ੍ਰਬੰਧ ਆਪ ਕਰ ਸਕਦੀ ਹੈ। ਉਹ ਹੁਣ ਸੱਚੀਂ ਅੰਬਰ ਨੂੰ ਟਾਕੀ ਵੀ ਲਾ ਸਕਦੀ ਹੈ ।
-----
ਜੋ ਆਮ ਸ਼ੋਅ ਹੁੰਦੇ ਨੇ , ਉਨ੍ਹਾਂ 'ਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਹੁੰਦੀਆਂ ਨੇ । ਪਰ ਫਿਰ ਵੀ ਪਤਾ ਨਹੀ ਕਿਉਂ ? ਔਰਤ ਅਜੇ ਵੀ ਆਪਣੇ ਆਪ ਨੂੰ ਆਦਮੀ ਤੋਂ ਅਸੁਰੱਖਿਅਤ ਕਿਉਂ ਸਮਝਦੀ ਹੈ !?! ਕਦੇ ਕਦੇ ਮੈਂ ਸੋਚਦਾ ਹਾਂ ਕਿ ਐਸੇ ਕੇਵਲ ਔਰਤਾਂ ਲਈ ਵੱਖਰੇ ਸ਼ੋਅ ਕਰਨੇ ਔਰਤ ਦੀ ਅਜ਼ਾਦੀ ਦੀ ਗੱਲ ਨਹੀਂ , ਸਗੋਂ ਇਸ ਪਿੱਛੇ ਚੋਖਾ ਧੰਨ ਕਮਾਉਣਾ ਵੀ ਕਿਸੇ ਸ਼ਾਤਰ ਦਿਮਾਗ਼ ਦਾ ਕੰਮ ਹੋ ਸਕਦਾ ਹੈ ।ਚਲੋ , ਜੋ ਵੀ ਹੋਵੇ ! ਚੰਗਾ ਹੋਵੇ ! ਪਰ ਬੁਨਿਆਦੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਨਾ ਦਿੱਤੀ ਜਾਵੇ !! ਸ਼ਾਲਾ ! ਗਿੱਧੇ - ਭੰਗੜੇ ਪੈਂਦੇ ਰਹਿਣ !!