ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Sunday, December 11, 2011

ਜਿੱਥੇ ਚੱਲੇਂਗਾ ਚੱਲੂੰਗੀ ਨਾਲ਼ ਤੇਰੇ.....ਵੇ ਟਿਕਟਾਂ ਦੋ ਲੈ ਲਈਂ....ਭਾਗ ਪਹਿਲਾ

(ਦੋਸਤੋ! ਇਹ ਲੇਖ 5 ਨਵੰਬਰ, 2011 ਨੂੰ ਫੇਸਬੁੱਕ ਤੇ ਆਰਸੀ ਕਲੱਬ ਵਿਚ ਪੋਸਟ ਕੀਤਾ ਗਿਆ ਸੀ ...ਜਿਹੜੇ ਦੋਸਤ ਫੇਸਬੁੱਕ ਤੇ ਨਹੀਂ ਹਨ, ਉਹਨਾਂ ਲਈ ਹੁਣ ਮੈਂ ਆਰਸੀ ਤੇ ਵੀ ਪੋਸਟ ਕਰਨ ਲੱਗੀ ਹਾਂ....ਇਸ ਲੇਖ ਚ ਉਠਾਏ ਸੁਆਲਾਂ ਦੇ ਜਵਾਬ ਸ਼ਾਇਦ ਬਲੌਗ ਦੇ ਹੀ ਕੋਈ ਸੁਹਿਰਦ ਪਾਠਕ ਦੇ ਦੇਣ.....ਏਸੇ ਆਸ ਨਾਲ਼....ਤਨਦੀਪ )

**********


ਦੋਸਤੋ! ਕੱਲ੍ਹ ਸ਼ਨੀਵਾਰ ਦਾ ਦਿਨ ਸੀ। ਮੰਮੀ ਜੀ ਤੋਂ ਸਾਡੇ ਘਰ ਦੇ ਨਾਲ਼ ਹੀ ਪੈਂਦੀ ਕਵਾਂਟਲਿਨ ਯੂਨੀਵਰਸਿਟੀ ਦੀ ਪੌਲੀਟੈਕਨੀਕਲ ਸ਼ਾਖ਼ਾ ਚ ਪੰਜਾਬੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਹੁਰਾਂ ਦੇ ਸ਼ਾਮ ਨੂੰ 6-9 ਵਜੇ ਰੂ-ਬ-ਰੂ ਕਰਵਾਏ ਜਾਣ ਦੀ ਖ਼ਬਰ ਮਿਲ਼ੀ। ਮੰਮ ਪੁੱਛ ਰਹੇ ਸਨ..ਬੇਟਾ ਜਾਏਂਗੀ? ਮੈਂ ਕਿਹਾ..ਨਹੀਂ...ਕਿਉਂਕਿ ਮੈਂ ਬਹੁਤੇ ਸਾਹਿਤਕ ਸਮਾਗਮਾਂ ਮੀਟਿੰਗਾਂ ਚ ਜਾਣਾ ਪਸੰਦ ਹੀ ਨਹੀਂ ਕਰਦੀ। ਮੰਮ ਕਹਿੰਦੇ ਫੇਰ ਵੀ ਸੋਚ ਲਈਂ…..ਮੈਂ ਕਿਹਾ ਓ.ਕੇ. ਏਨੇ ਨੂੰ ਇਕ ਦੋਸਤ ਦਾ ਫ਼ੋਨ ਆ ਗਿਆ..ਮੈਂ ਉਸਨੂੰ ਰੂ-ਬ-ਰੂ ਬਾਰੇ ਦੱਸਿਆ...ਉਹ ਮੇਰਾ ਵੀਰ ਹੱਸ ਕੇ ਆਖਣ ਲੱਗਿਆ…..ਉਏ ਹੋਏ! ਮੈਂ ਤਾਂ ਇਹ ਸਮਾਗਮ ਮੇਰੇ ਘਰ ਦੇ ਬਿਲਕੁਲ ਸਾਹਮਣੇ ਵੀ ਹੁੰਦਾ ਹੋਵੇ ਤਾਂ ਵੀ ਨਾ ਜਾਵਾਂ..ਤੁਹਾਨੂੰ ਯਾਦ ਹੈ ਮੈਂ ਤਹਾਨੂੰ ਦੱਸਿਆ ਸੀ ਕਿ ਮੈਂ ਆਪਣੀਆਂ ਕਿਤਾਬਾਂ ਪ੍ਰਕਾਸ਼ਿਤ ਕਰਨ ਦੀ ਸਿਲਸਿਲੇ ਚ ਦੋ-ਤਿੰਨ ਸਾਲ ਪਹਿਲਾਂ ਇੰਡੀਆ ਗਿਆ ਹੋਇਆ ਸਾਂ, ਉੱਥੇ ਡਾ: ਪਾਤਰ ਸਾਹਿਬ ਇਕ ਸਮਾਗਮ ਤੇ ਮਿਲ਼ ਪਏ……ਉਹਨਾਂ ਨੇ ਬੜੇ ਪਿਆਰ ਨਾਲ਼ ਮੇਰਾ ਹਾਲ-ਚਾਲ ਪੁੱਛਿਆ ਤੇ ਕਿਤਾਬਾਂ ਦੇ ਪ੍ਰਕਾਸ਼ਨ ਦੀ ਵਧਾਈ ਦਿੱਤੀ....ਨਾਲ਼ ਬੀਬੀ ਅੰਮ੍ਰਿਤ ਵੀ ਖੜ੍ਹੀ ਸੀ..ਉਹਨੇ ਮੈਨੂੰ ਅਜਿਹਾ ਅਹਿਸਾਸ ਕਰਵਾਇਆ ਕਿ ਜੇ ਮੈਂ ਡਾ: ਪਾਤਰ ਹੁਰਾਂ ਨੂੰ ਜਾਣਦਾਂ ਤਾਂ ਉਹਨੂੰ ਕਿਉਂ ਨਹੀਂ ਜਾਣਦਾ ??? ਸੋ ਦੀਦੀ....ਮੈਂ ਨਹੀਂ ਆਵਾਂਗਾ.....ਉਸਦੇ ਬੀਬੀ ਦੇ ਫੰਕਸ਼ਨ ਤੇ ਜਿਹੜੀ ਡਾ: ਇਕਾਬਲ ਹੁਰਾਂ ਨੂੰ ਅਕਬਾਲ ਆਖਦੀ ਹੈ.....ਤੁਸੀਂ ਤਾਂ ਉਂਝ ਵੀ ਕਿਤੇ ਨਹੀਂ ਜਾਂਦੇ... ਮੇਰਾ ਯਕੀਨ ਕਰੋ....ਤੁਹਾਡੇ ਮਤਲਬ ਦਾ ਉੱਥੇ ਕੁਝ ਵੀ ਨਹੀਂ ਹੋਣਾ...ਨਾ ਜਾਇਉ...ਮੈਂ ਕਿਹਾ ..ਚੰਗਾ ਵੀਰ... ਫੇਰ ਗੱਲ ਕਰਾਂਗੇ........ਤੇ ਫੋਨ ਰੱਖ ਦਿੱਤਾ।
------


ਏਨੇ ਚਿਰ ਨੂੰ ਇਕ ਹੋਰ ਦੋਸਤ ਦਾ ਫ਼ੋਨ ਆ ਗਿਆ...ਹਾਲ-ਚਾਲ ਜਾਨਣ ਉਪਰੰਤ ਆਖਣ ਲੱਗੇ..ਤਨਦੀਪ ਜੀ...ਅੱਜ ਸ਼ਾਮ ਦੇ ਕੀ ਰੁਝੇਵੇਂ ਹਨ..ਮੈਂ ਅੰਮ੍ਰਿਤ ਹੁਰਾਂ ਵਾਲ਼ੇ ਪਰੋਗਰਾਮ ਬਾਰੇ ਦੱਸ ਦਿੱਤਾ...ਆਖਣ ਲੱਗੇ...ਤੁਹਾਡੇ ਤੇ ਹੈ…...ਜਾਣਾ ਤਾਂ ਜਾ ਆਉ...ਘਰੇ ਬੈਠੇ ਰਹਿੰਦੇ ਹੋ...ਚੇਂਜ ਹੋ ਜਾਵੇਗੀ.... ਮੈਂ ਕਿਹਾ...Cool buddy.....Give one only solid reason why I should go ਉਹਨਾਂ ਨੇ ਮੁਸਕਰਾ ਕੇ ਇਕ ਕਾਰਣ ਦੱਸ ਦਿੱਤਾ...ਕਿ ਹੋਰ ਨਹੀਂ ਤਾਂ ਬੀਬੀ ਦੇ ਨਖ਼ਰੇ ਵੇਖ ਆਇਉ.... ਮੈਂ ਹੱਸ ਕੇ ਕਿਹਾ..ਇਹ ਤਾਂ ਵਾਕਿਆ ਹੀ concreteਹੈ...ਮੈਂ ਉਹਨਾਂ ਨੂੰ ਕਦੇ ਨਹੀਂ ਪੜ੍ਹਿਆ..ਪਰ ਹੁਣ ਚਲੀ ਜਾਵਾਂਗੀ....ਚੰਗਾ ਨਾ ਲੱਗਿਆ ਤਾਂ ਛੱਡ ਕੇ ਆ ਜਾਵਾਂਗੀ...ਘਰ ਤੋਂ 2 ਮਿੰਟ ਦੀ ਦੂਰੀ ਤੇ ਤਾਂ ਯੂਨੀਵਰਸਿਟੀ ਹੈ।
------


ਖ਼ੈਰ! 6 ਵਜੇ ਮੈਂ ਡੈਡੀ ਜੀ ਤੇ ਮੰਮੀ ਜੀ ਸਹਿਤ ਯੂਨੀਵਰਸਿਟੀ ਦੇ ਉਸ ਹਾਲ ਚ ਪਹੁੰਚ ਗਏ......( ਡੈਡੀ ਜੀ ਬਾਦਲ ਸਾਹਿਬ ਮੇਰੇ ਕਰਕੇ ਨਾਲ਼ ਚਲੇ ਗਏ )....ਜਿੱਥੇ ਇਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਉਸ ਵੇਲ਼ੇ ਕੋਈ 20-30 ਕੁ ਵਿਅਕਤੀ ਹਾਜ਼ਿਰ ਸਨ। ਉੱਥੇ ਜਾ ਕੇ ਪਤਾ ਲੱਗਿਆ ਕਿ ਅੰਮ੍ਰਿਤ ਹੀ ਨਹੀਂ..ਉਹਨਾਂ ਦੇ ਨਾਲ਼ ਰੰਗਮੰਚ ਅਤੇ ਫਿਲਮ ਦੀਆਂ ਦੋ ਉੱਘੀਆਂ ਅਦਾਕਾਰਾ ਮੈਡਮ ਡਾ: ਸੁਨੀਤਾ ਧੀਰ ਜੀ ਅਤੇ ਮੈਡਮ ਰਮਾ ਵਿਜ ਜੀ ਵੀ ਪਧਾਰ ਰਹੇ ਸਨ.....ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਅੱਜ ਦੀ ਸ਼ਾਮ ਸਫ਼ਲ ਹੋ ਜਾਵੇਗੀ..ਮੈਂ ਇਹਨਾਂ ਦੋਵਾਂ ਸ਼ਖ਼ਸੀਅਤਾਂ ਦੀ ਅਦਾਕਾਰੀ ਦੀ ਕਾਇਲ ਹਾਂ। ਅਤੇ ਇਹ ਸਮਾਗਮ ਸੰਘਰਸ਼ ਤੋਂ ਸਫ਼ਲਤਾ ਵੱਲ ਥੀਮ ਤੇ ਅਧਾਰਿਤ ਸੀ..ਅਰਥਾਤ ਜਿਹੜੀਆਂ ਔਰਤਾਂ ਸੰਘਰਸ਼ ਦੇ ਦੌਰ ਚੋਂ ਨਿਕਲ਼ ਕੇ ਸਫ਼ਲਤਾ ਦੀ ਪੌੜੀ ਚੜ੍ਹੀਆਂ ਸਨ, ਉਹਨਾਂ ਦਾ ਰੂ-ਬ-ਰੂ ਕਰਕੇ ਸਨਮਾਨ ਕਰਨਾ ਇਸ ਪ੍ਰੋਗਰਾਮ ਦਾ ਉਦੇਸ਼ ਸੀ। ਪਹਿਲਾਂ ਮੈਡਮ ਡਾ: ਦਲੀਪ ਕੌਰ ਟਿਵਾਣਾ ਜੀ ਨੇ ਵੀ ਪਹੁੰਚਣਾ ਸੀ..ਪਰ ਤਬੀਅਤ ਨਾਸਾਜ਼ ਰਹਿਣ ਕਰਕੇ ਉਹ ਨਹੀਂ ਪਹੁੰਚ ਸਕੇ। ਕੋਈ ਪੌਣਾ ਘੰਟਾ ਲੇਟ..ਪੌਣੇ ਕੁ ਸੱਤ ਵਜੇ ਸਮਾਗਮ ਸ਼ੁਰੂ ਹੋਇਆ...ਸੱਤ ਕੇ ਵਜੇ ਮੈਡਮ ਧੀਰ, ਮੈਡਮ ਵਿਜ ਅਤੇ ਅੰਮ੍ਰਿਤ ਹੁਰੀਂ ਸਟੇਜ ਤੇ ਪਧਾਰੇ..ਤਾੜੀਆਂ ਨਾਲ਼ ਸਵਾਗਤ ਹੋਇਆ। ਦੋਸਤੋ! ਮੈਡਮ ਧੀਰ ਜੀ ਅਤੇ ਮੈਡਮ ਰਮਾ ਵਿੱਜ ਜੀ ਨੂੰ ਮੈਂ ਵੱਖਰੀ ਪੋਸਟ ਚ ਕੈਨੇਡਾ ਵਿਚ ਖ਼ੁਸ਼ਆਮਦੀਦ ਆਖਾਂਗੀ...ਅੱਜ ਦੀ ਇਹ ਪੋਸਟ ਸੁਖਵਿੰਦਰ ਅੰਮ੍ਰਿਤ ਹੁਰਾਂ ਦੇ ਰੂ-ਬ-ਰੂ ਤੇ ਹੀ ਅਧਾਰਿਤ ਰੱਖਾਂਗੀ।


-----


ਰਮਾ ਵਿਜ ਜੀ ਤੋਂ ਬਾਅਦ ਹੋਸਟ ਨੇ ਸੁਖਵਿੰਦਰ ਅੰਮ੍ਰਿਤ ਹੁਰਾਂ ਨੂੰ ਆਪਣਾ ਤੁਆਰਫ਼ ਕਰਵਾਉਣ ਲਈ ਕਿਹਾ ਤਾਂ ਉਹ ਸਟੇਜ ਤੋਂ ਉੱਠ ਕੇ ਲੈਕਚਰ ਸਟੈਂਡ ਤੇ ਆਏ...ਕਹਿਣ ਲੱਗੇ....ਮੈਂ ਹੁਣ ਆਪਣੇ ਬਾਰੇ ਕੀ ਦੱਸਾਂ..ਤੁਸੀਂ ਸਾਰੇ ਜਾਣਦੇ ਹੀ ਹੋ.....ਮੈਂ ਏਥੇ ਆਉਂਦੀ ਹੀ ਰਹਿੰਦੀ ਹਾਂ....ਮੈਂ ਸੋਚਾਂ ਕਿ ..... ਲਉ ਜੀ ..ਮੇਰੇ ਵੀਰ ਦੀ ਗੱਲ ਸਹੀ ਸੀ ਕਿ ਨਖ਼ਰੇ ਵੇਖੀ ਜਾਇਉ..... ਨਾਲ਼ੇ ਸੋਚਾਂ .... ਹਾਂ ਭਾਈ ਸਹੀ ਵੀ ਤਾਂ ਹੈ ਕਿ ਜੇ ਬਿਲ ਕਲਿੰਟਨ ਨੂੰ ਜਾਣਦੇ ਹੋ ਤਾਂ ਹਿਲਰੀ ਕਲਿੰਟਨ ਅਤੇ ਮੌਨਿਕਾ ਲੈਂਵਿੰਸਕੀ ਨੂੰ ਜਾਣਦੇ ਹੋਣਾ ਚਾਹੀਦਾ ਹੈ .... ਪਰ ਮੈਂ ਸੋਚਾਂ....ਮੈਡਮ ਜੀ..ਮੇਰੇ ਵਰਗੇ ਕਈ ਪਹਿਲੀ ਵਾਰ ਤੁਹਾਨੂੰ ਸੁਣ ਰਹੇ ਹੋਣਗੇ.... ( ਉਂਝ ਮੈਂ ਉਹਨਾਂ ਨੂੰ ਡੈਡੀ ਜੀ ਬਾਦਲ ਸਾਹਿਬ ਕੋਲ਼ ਬਚਪਨ ਚ ਘਰੇ ਆਉਂਦਿਆਂ ਜਾਂਦਿਆਂ ਦੋ-ਤਿੰਨ ਵਾਰ ਵੇਖਿਆ ਹੋਇਆ ਸੀ.....ਪਰ ਉਦੋਂ ਉਹ ਗ਼ਜ਼ਲਾਂ ਦੀ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਰਹੇ ਸਨ ...ਇਕ ਵਾਰ ਸਰਦਾਰ ਪੰਛੀ ਅੰਕਲ ਜੀ ਦੇ ਘਰ ਵੀ ਉਹਨਾਂ ਨੂੰ ਵੇਖਿਆ ਸੀ... ਜਦੋਂ ਉਹ ਉਹਨਾਂ ਤੋਂ ਇਸਲਾਹ ਲਿਆ ਕਰਦੇ ਸਨ.... ਉਦੋਂ ਉਹ ਇਕ ਸਧਾਰਣ ਜਿਹੀ ਕੁੜੀ ਸੁਖਵਿੰਦਰ ਸੀ...) ਉਹਨਾਂ ਦਾ ਖ਼ਿਆਲ ਕਰ ਲਉ....ਖ਼ੈਰ! ਬਚਪਨ ਦਾ ਮੁਖ਼ਤਸਰ ਜ਼ਿਕਰ ਕੀਤਾ ਗਿਆ....ਉਹ ਟੱਪੇ ਅਤੇ ਬੋਲੀਆਂ ਲਿਖਿਆ ਕਰਦੇ ਸਨ....ਉਨਾਂ ਦੱਸਿਆ ਕਿ ਕਿਵੇਂ ਉਹਨਾਂ ਨੂੰ ਨੌਵੀਂ ਕਲਾਸ ਚੋਂ ਹਟਾ ਕੇ ਵਿਆਹ ਦਿੱਤਾ ਗਿਆ ਸੀ.... ਬਾਪ ਸ਼ਰਾਬੀ ਅਤੇ ਅੱਤਿਆਚਾਰੀ ਸੀ....ਸਹੁਰੇ ਘਰ ਵੀ ਕਿਸੇ ਨੇ ਉਹਨਾਂ ਦੇ ਅੱਗੇ ਪੜ੍ਹਨ ਦੀ ਇਲਤਿਜਾ ਤੇ ਗ਼ੌਰ ਨਾ ਕੀਤਾ..ਆਖ਼ਿਰ ਵਿਆਹ ਦੇ ਬਾਰਾਂ ਸਾਲਾਂ ਬਾਅਦ ਉਹਨਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਮਿਲ਼ ਗਈ ਤੇ ਉਹਨਾਂ ਨੇ ਆਪਣੇ ਬੱਚਿਆਂ ਦੇ ਸਕੂਲ ਚ ਦਸਵੀਂ ਚ ਦਾਖਲਾ ਲੈ ਲਿਆ....ਐਮ.ਏ. ਕੀਤੀ..ਬੀ.ਐੱਡ ਕੀਤੀ...ਪੀ.ਐੱਚ.ਡੀ ਵਿੱਚੇ ਛੱਡ ਦਿੱਤੀ.....ਸੋ ਅੰਮ੍ਰਿਤ ਹੁਰਾਂ ਵੱਲੋਂ ਇਹ ਜਾਣ-ਪਛਾਣ ਦਿੱਤੀ ਗਈ ਨਾਲ਼ ਹੀ ਦੋ-ਤਿੰਨ ਬੋਲੀਆਂ ਅਤੇ ਇਕ ਖੁੱਲ੍ਹੀ ਨਜ਼ਮ ਵੀ ਸੁਣਾਈ।
-----
ਮੈਡਮ ਡਾ: ਧੀਰ ਦੀ ਜਾਣ-ਪਛਾਣ ਤੋਂ ਬਾਅਦ ਵਾਰੀ ਆਈ ਸਵਾਲ-ਜਵਾਬ ਦੇ ਸਿਲਸਿਲੇ ਦੀ....ਮੈਂ ਬੜੀ ਉਤਸੁਕਤਾ ਨਾਲ਼ ਪਹਿਲੇ ਸਵਾਲ ਦੀ ਉਡੀਕ ਕਰਨ ਲੱਗੀ....ਏਸ ਵੇਲ਼ੇ ਤੱਕ 90-100 ਬੁੱਧੀਜੀਵੀ ਹਾਜ਼ਿਰ ਹੋ ਚੁੱਕੇ ਸਨ..ਖ਼ੁਸਰ ਫੁਸਰ ਹੋਣ ਲੱਗੀ....ਪਹਿਲਾ ਸਵਾਲ ਅੰਮ੍ਰਿਤ ਹੁਰਾਂ ਨੂੰ ਗਿਆ.....ਰੁਕ-ਰੁਕ ਕੇ ਸਿਲਸਿਲਾ ਚੱਲਣ ਲੱਗਾ.....ਮੈਂ ਬਹੁਤੇ ਵਿਸਤਾਰ
ਚ ਨਾ ਜਾਂਦਿਆ ਹੋਇਆਂ..... ਦੋ ਤਿੰਨ ਵਧੀਆ ਸਵਾਲਾਂ ਤੇ ਉਹਨਾਂ ਦੇ ਦਿਲਚਸਪ ਸੁਆਲਾਂ ਦੇ ਜਵਾਬ ਏਥੇ ਪੋਸਟ ਕਰਕੇ ਤੁਹਾਡੀ ਰਾਏ ਜਾਨਣੀ ਚਾਹਾਂਗੀ......
-----



ਉਰਦੂ ਪੰਜਾਬੀ ਦੇ ਅਜ਼ੀਮ ਸ਼ਾਇਰ ਨਦੀਮ ਪਰਮਾਰ ਸਾਹਿਬ ਨੇ ਸਵਾਲ ਕੀਤਾ....ਅੰਮ੍ਰਿਤ! ਇਹ ਦੱਸੋ ਕਿ ...ਬੋਲੀਆਂ ਟੱਪੇ ਲਿਖਦੇ-ਲਿਖਦੇ , ਗ਼ਜ਼ਲ ਵੱਲ ਤੁਹਾਡਾ ਝੁਕਾਅ ਕਿੰਞ ਹੋਇਆ?


ਅੰਮ੍ਰਿਤ ਜੀ ਬੋਲੇ: ਬੋਲੀਆਂ-ਟੱਪੇ ਲਿਖਦੇ-ਲਿਖਦੇ ਕਈ ਬਹਿਰਾਂ ਮੈਨੂੰ ਆਪ ਮੁਹਾਰੇ ਹੀ ਆ ਗਈਆਂ....ਉਦੋਂ ਮੈਨੂਮ ਫੇਲਣ..ਫੇਲਣ ( ਫੇਲੁਨ..ਫੇਲੁਨ ) ਦਾ ਵੀ ਪਤਾ ਨਹੀਂ ਸੀ...ਪਰ ਫੇਰ ਮੈਂ ਪਾਤਰ ਸਾਹਿਬ ਦਾ ਗ਼ਜ਼ਲ-ਸੰਗ੍ਰਹਿ ਪੜ੍ਹਿਆ..ਤੇ ਪੜ੍ਹਨ ਸਾਰ ਮੈਂ ਗ਼ਜ਼ਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ...ਇੰਝ ਆਖ ਲਉ ਕਿ ਮੈਂ ਤੇ ਗ਼ਜ਼ਲ ਇਕ-ਮਿੱਕ ਹੋ ਗਏ... ਲਿਖਣ ਵੇਲ਼ੇ ਮੈਨੂੰ ਕੋਈ ਤਰੱਦਦ ਨਹੀਂ ਕਰਨਾ ਪੈਂਦਾ.....ਗ਼ਜ਼ਲ ਅਤੇ ਇਕ-ਮਿੱਕ ਸ਼ਬਦ ਉਹਨਾਂ ਜ਼ੋਰ ਦੇ ਕੇ ਕਹੇ....:)
-----
ਮਨਜੀਤ ਕੰਗ ਅਤੇ ਗੁਰਵਿੰਦਰ ਧਾਲੀਵਾਲ ਵੱਲੋਂ ਪੁੱਛੇ ਦੋ ਸਵਾਲਾਂ ਦਾ ਸੰਖੇਪ ਵਿਚ ਇਕੋ ਸਵਾਲ ਬਣਦਾ ਹੈ ਕਿ ਤੁਸੀਂ ਆਖਦੇ ਹੋ ਕਿ ਮਰਦਾਂ ਨੇ ਤੁਹਾਡੇ
ਤੇ ਅੱਤਿਆਚਾਰ ਕੀਤੇ.....ਪਰ ਤੁਹਾਡੇ ਸਥਾਪਿਤ ਹੋਣ ਵਿਚ ਵੀ ਤਾਂ ਇਕ ਮਰਦ ਦਾ ਹੀ ਹੱਥ ਹੈ? ਕਿਸੇ ਤਾਂ ਮਰਦ ਨੇ ਚੰਗਾ ਰੋਲ ਨਿਭਾਇਆ ਹੀ ਹੋਵੇਗਾ? ਬਾਪ ਵੀ ਕਿਤੇ ਤਾਂ ਸਹੀ ਹੋਵੇਗਾ ਹੀ?


ਇਸ ਬਾਰੇ ਅੰਮ੍ਰਿਤ ਜੀ ਹੱਸ ਕੇ ਕਹਿੰਦੇ...ਮੈਂ ਕਦੋਂ ਆਖਿਆ ਕਿ ਮੈਂ ਮਰਦਾਂ ਨੂੰ ਨਫ਼ਰਤ ਕਰਦੀ ਹਾਂ..???


-----


ਅਗਲਾ ਸਵਾਲ...ਸਰੀ ਵਸਦੇ ਉੱਘੇ ਸਾਹਿਤਕਾਰ ਤੇ ਆਲੋਚਕ ਡਾ: ਸਾਧੂ ਸਿੰਘ ਜੀ ਵੱਲੋਂ ਆਇਆ: ਉਹ ਬੋਲੇ: ਅੰਮ੍ਰਿਤ...ਪਾਤਰ ਨੇ ਆਪਣੀ ਇਕ ਕਿਤਾਬ ਚ ਤੁਹਾਡਾ ਸ਼ਬਦ-ਚਿੱਤਰ ਲਿਖਿਆ ਹੈ....ਜੋ ਵਧੀਆ ਹੈ..ਪਰ ਜੋ ਸ਼ਬਦ-ਚਿੱਤਰ ਤੁਸੀਂ ਪਾਤਰ ਹੁਰਾਂ ਦਾ ਲਿਖਿਆ ਹੈ..ਉਹ ਸ਼ਬਦਾਂ ਦੀ ਇੰਤਹਾ ਹੈ.....ਮੇਰਾ ਮਤਲਬ.. ...ਇਕ ਔਰਤ ਵੱਲੋਂ ਮਰਦ ਦੀ ਤਾਰੀਫ਼ ਚ ਲਿਖੇ ਗਏ ਜਿੰਨੇ ਵੀ ਸ਼ਬਦ-ਚਿੱਤਰ ਮੈਂ ਪੜ੍ਹੇ ਹਨ...ਉਹਨਾਂ ਚੋਂ ਇਹ ਬਹੁਤ ਵੱਖਰਾ ਹੈ....ਸ਼ਿੱਦਤ ਦੀ ਇੰਤਹਾ ਹੈ.... ਇਕ ਔਰਤ ਹੋ ਕੇ ਤੁਸੀਂ ਇਹ ਕਿੰਞ ਲਿਖ ਸਕੇ ਤੇ ਇਸ ਬੰਦਗੀ ਨੂੰ ਇਸ ਰਿਸ਼ਤੇ ਨੂੰ ਕਿੰਞ ਬਿਆਨ ਕਰੋਂਗੇ?
ਅੰਮ੍ਰਿਤ ਜੀ ਸੋਚੀਂ ਪੈ ਗਏ......ਫੇਰ ਆਖਣ ਲੱਗੇ....ਵੇਖੋ! ਤੁਸੀਂ ਸਾਰੇ ਪਾਤਰ ਸਾਹਿਬ ਨੂੰ ਕਿੰਨਾ ਪਿਆਰ ਕਰਦੇ ਹੋ..... ਉਸੇ ਤਰ੍ਹਾਂ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ....ਬਲਕਿ ਇਹ ਬੰਦਗੀ ਹੈ......ਉਹ ਮੇਰੇ ਮੁਰਸ਼ਦ ਨੇ...........ਤੁਸੀਂ ਸਾਰੇ ਇਹੀ ਜਾਨਣਾ ਚਾਹੁੰਦੇ ਸੀ ਨਾ.... ਹਾਂ! ਮੈਂ.... ਉਹਨਾਂ ਨੂੰ.... ਪਿਆਰ .....ਕਰਦੀ ਹਾਂ........................................!!!!!!!! ਹਾਲ
ਚ ਬੈਠੇ ਕੁਝ ਲੋਕ ਸੁੰਨ ਹੋ ਗਏ......ਕੁਝ ਤਾੜੀਆਂ ਮਾਰ-ਮਾਰ.....ਇਸ਼ਾਰੇ ਕਰ ਕਰ ਹੱਥ ਮਿਲ਼ਾ-ਮਿਲ਼ਾ ਹੱਸਣ ਲੱਗੇ.....ਕੁਝ ਖੁਸਰ-ਫੁਸਰ ਕਰਨ ਲੱਗੇ...ਵਿਚਾਰੀ ਬੀਬੀ ਨੂੰ ਇਹ ਵੀ ਨਹੀਂ ਪਤਾ ਕਿ ਮੁਰਸ਼ਦ ਸ਼ਬਦ ਰੂਹਾਨੀ ਦੁਨੀਆਂ/ਇਸ਼ਕ ਹਕ਼ੀਕ਼ੀ ਦਾ ਸ਼ਬਦ ਹੈ...ਇਸਨੂੰ ਦੁਨਿਆਵੀ ਪਿਆਰ/ ਇਸ਼ਕ ਮਿਜਾਜ਼ੀ ਲਈ ਨਹੀਂ ਵਰਤਿਆ ਜਾਂਦਾ।, ਏਥੋਂ ਹੀ ਸ਼ਾਇਰਾ ਦੀ ਸਮਝ ਦਾ ਪਤਾ ਲੱਗ ਜਾਂਦਾ ਹੈ।


-----


( ਲੜੀ ਜੋੜਨ ਲਈ ਦੂਜਾ ਤੇ ਆਖ਼ਰੀ ਭਾਗ ਜ਼ਰੂਰ ਪੜ੍ਹੋ ਜੀ..)



No comments: