
ਕੀ ਹਾਲ ਹੈ?
ਆਰਸੀ ਅਕਸਰ ਦੇਖਦਾ ਰਹਿੰਦਾ ਹਾਂ।
ਇਸ ਵੇਰ ਰਾਜਪਾਲ ਸੰਧੂ ਦੇ ਖ਼ਤ ਨੇ ਮੈਂਨੂੰ ਪ੍ਰਤੀਕਰਮ ਲਿਖਣ ਲਈ ਉਤਸ਼ਾਹਿਤ ਕੀਤਾ। ਭੇਜ ਰਿਹਾ ਹਾਂ।
ਆਪਦਾ ਸ਼ੁੱਭਚਿੰਤਕ
ਉਂਕਾਰਪ੍ਰੀਤ (ਟਰਾਂਟੋ)
======
ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ - ਉਂਕਾਰਪ੍ਰੀਤ
*****
ਪਿਆਰੇ ਰਾਜਪਾਲ
ਤੇਰੇ ਜ਼ੁੱਰਅਤ ਭਰੇ ਖੁੱਲ੍ਹੇ ਖਤ ਲਈ ਸਭ ਤੋਂ ਪਹਿਲਾਂ ਮੈਂ ਤੈਨੂੰ ਖੁੱਲ੍ਹ ਕੇ ਸ਼ਾਬਾਸ਼ ਦਿੰਦਾ ਹਾਂ।
ਅਪਣੀ ਸੱਚੀ-ਸੁੱਚੀ ਭਾਵਨਾ ਨੂੰ ਬਿਆਨ ਕਰਦੇ ਇਸ ਖ਼ਤ 'ਚ ਕਈ ਭੁਲੇਖੇ, ਗ਼ਲਤ-ਬਿਆਨੀਆਂ ਅਤੇ ਹਕੀਕਤ ਤੋਂ ਦੂਰ ਦਲੀਲਾਂ ਹਨ, ਜਿਹਨਾਂ ਨੂੰ ਨਕਾਰਨਾ ਮੈਂ ਜ਼ਰੂਰੀ ਸਮਝਿਆ ਹੈ ਅਤੇ ਇਹ ਟਿੱਪਣੀ ਕਰਨ ਲਈ ਹਾਜ਼ਿਰ ਹੋਇਆ ਹਾਂ।
ਤੂੰ ਲਿਖਿਆ ਹੈ, "ਪਾਤਰ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ।" ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਤੇਰੇ ਮਨ 'ਚ ਪਾਤਰ ਦੇ ਸੱਚੇ ਪੰਜਾਬੀ ਸ਼ਾਇਰ ਹੋਣ ਜਾਂ ਅਖੋਤੀ ਸੱਚੇ ਪੰਜਾਬੀ ਸ਼ਾਇਰ ਹੋਣ ਪ੍ਰਤੀ ਹਾਲੇ ਵੀ ਭੁਲੇਖਾ ਹੈ। ਪਿਆਰੇ ਰਾਜਪਾਲ ਜੇਕਰ ਤੂੰ ਪਾਤਰ ਦੇ ਸਮੁਚੇ ਕਲਾਮ ਅਤੇ ਉਸਦੇ ਹੁਣ ਤੀਕ ਦੇ ਐਕਸ਼ਨਾਂ ਦਾ ਸੱਚੇ ਦਿਲੋਂ ਅਧਿਅਨ ਕਰੇਂ ਤਾਂ ਤੈਨੂੰ ਤੇਰੇ ਪਾਤਰ ਸਾਹਿਬ 'ਲੋਕਾਂ' ਵੱਲ ਪਿਛਾੜੀ ਕਰੀ ਖੜ੍ਹੇ ਦਿਸ ਪੈਣਗੇ। ਲੋਕਾਂ ਨੂੰ ਪਿੱਠ ਦੇਣ ਵਾਲੇ ਕਿਸ ਪ੍ਰਤੀ ਅਤੇ ਕਿੰਨੇ ਕੁ ਸੱਚੇ ਹੁੰਦੇ ਹਨ ਉਹ ਫੈਸਲਾ ਤੂੰ ਆਪੇ ਕਰ ਲਵੀਂ।
ਰਾਜਪਾਲ ਜੀ ਤੁਸੀਂ ਲਿਖਿਆ ਹੈ ਕਿ 'ਤੁਸੀਂ (ਪਾਤਰ ਨੇ) ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ।' ਮੈਨੂੰ ਨਹੀਂ ਪਤਾ ਕਿ ਤੁਹਾਡੀ ਇਸ ਟਿੱਪਣੀ ਪਿੱਛੇ ਕਿਹੜੇ ਤੱਥ ਕੰਮ ਕਰ ਰਹੇ ਹਨ। ਜੇਕਰ ਤੁਸੀਂ ਇਹ ਸਪੱਸ਼ਟ ਕਰੋ ਤਾਂ ਮੈਂ ਪਾਤਰ ਦੀ ਹੀ ਸ਼ਾਇਰੀ ਵਿਚਲੇ ਤੱਥਾਂ ਦੇ ਆਧਾਰ ਤੇ ਸਿੱਧ ਕਰਾਂਗਾ ਕਿ 'ਪਾਤਰ ਨੇ ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਨਹੀਂ ਮਾਰਿਆ'। ਹਾਂ ... ਜੇਕਰ ਤੁਸੀਂ ਅਗਿਆਨ ਵੱਸ ਅਮ੍ਰਿਤਾ ਪ੍ਰੀਤਮ ਦੇ 'ਅੱਜ ਆਖਾਂ ਵਾਰਸ ਸ਼ਾਹ ਨੂੰ' ਵੀ ਪੰਜਾਬੀਆਂ ਲਈ ਹਾਅ ਦਾ ਨਾਹਰਾ ਮੰਨਦੇ ਹੋ ਤਾਂ ਫ਼ਿਰ ਪਾਤਰ ਨੂੰ ਵੀ ਉਸਦੇ 'ਹਾਅ ਦੇ ਨਾਹਰੇ' ਲਈ ਨੰਬਰ ਦਿੱਤੇ ਜਾ ਸਕਦੇ ਹਨ।
ਤੁਸੀਂ ਲਿਖਿਆ, 'ਤੁਹਾਡੇ (ਪਾਤਰ ਦੇ) ਹੱਥ 'ਚ ਬਾਬਾ ਫ਼ਰੀਦ ਅਤੇ ਨਾਨਕ ਵਾਲੀ ਮਸ਼ਾਲ ਹੈ।' ਇਸ ਸਤਰ ਨਾਲ ਤੁਸੀਂ ਪਾਤਰ ਦਾ ਮਾਣ ਕੀਤਾ ਹੈ ਜਾਂ ਨਹੀਂ ਪਰ ਫਰੀਦ-ਨਾਨਕ ਦਾ ਅਪਮਾਨ ਜ਼ਰੂਰ ਕੀਤਾ ਹੈ। ਰਾਜਪਾਲ ਜੀਓ! ਫਰੀਦ ਤੇ ਨਾਨਕ ਮਹਿਜ਼ ਪੰਜਾਬੀ ਦੇ ਵਧੀਆ ਸ਼ਾਇਰ ਹੀ ਨਹੀਂ ਸਗੋਂ 'ਲੋਕ-ਪੱਖੀ ਵਧੀਆ ਸ਼ਾਇਰ' ਹਨ, ਖ਼ਾਸ ਕਰਕੇ ਨਾਨਕ। ਜਿਸ ਸ਼ਾਇਰ ਦੇ ਹੱਥ ਨਾਨਕ ਵਾਲੀ ਮਸ਼ਾਲ ਹੋਵੇਗੀ ਉਹ 'ਰਾਜੇ ਸ਼ੀਹ ਮੁਕੱਦਮ ਕੁੱਤੇ' ਕੂਕੇਗਾ ..... ਨੀਚਾਂ ਅੰਦਰ ਨੀਚ ਦਾ ਯਾਰ ਹੋਵੇਗਾ ..... ਸ਼ਾਹੀ ਪਕਵਾਨਾਂ ਥਾਵੇਂ ਰੁੱਖੀ ਮਿੱਸੀ ਵਾਲਿਆਂ ਦਾ ਤਲਬਗ਼ਾਰ ਹੋਵੇਗਾ। ਉਸਨੂੰ ਕੋਈ 'ਬਾਬਰ' ਪਦਮ-ਸ਼੍ਰੀ ਨਈਂ ਦੇਣ ਲੱਗਾ। ਪਾਤਰ ਦੀ ਸ਼ਾਇਰੀ ਅਤੇ ਹੁਣ ਤੀਕ ਦੇ ਸਟੈਂਡ ਸਿੱਧ ਕਰਦੇ ਹਨ ਕਿ ਉਸਦੇ ਹੱਥ 'ਚ ਜੇ ਕੋਈ ਮਸ਼ਾਲ ਹੈ ਤਾਂ ਉਹ ਫ਼ਰੀਦ-ਨਾਨਕ ਵਾਲੀ ਹਰਗਿਜ਼ ਨਹੀਂ।
ਭੋਲ਼ੇ ਰਾਜਪਾਲ, ਪਾਤਰ ਦਾ ਕਦੇ ਵੀ ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਲਈ ਹਾਅ ਦਾ ਨਾਹਰਾ ਮਾਰਨ ਜਾਂ ਡਟਣ ਦਾ ਪ੍ਰੋਗ੍ਰਾਮ/ਏਜੰਡਾ ਨਹੀਂ ਰਿਹਾ (ਪੜ੍ਹੋ ਪਾਸ਼, ਉਦਾਸੀ, ਦਿਲ ਅਤੇ ਪਾਤਰ ਦੇ ਸਮਕਾਲੀ ਕੁਝ ਹੋਰ ਲੋਕ ਪੱਖੀ ਸ਼ਾਇਰਾਂ ਦੀਆਂ ਉਸ ਪ੍ਰਤੀ ਦਲੀਲਾਂ) ਉਹ ਅਸਲ ਵਿੱਚ ਦੁੱਖ ਦਰਦ ਦੇ ਬਾਹਰੀ ਚੌਖਟੇ ਨੂੰ ਘੜਨ-ਜੜਨ ਵਾਲਾ ਜ਼ਹੀਨ-ਭੁਲੇਖਾਪਾਊ ਕਾਰੀਗਰ ਹੈ। ਦੁੱਖ ਦਰਦ ਦਾ ਇਹ ਚੌਖਟਾ ਘੜਦੇ ਸਮੇਂ ਉਸਦੇ ਚੇਤਨ ਵਿੱਚ ਉਹ ਰੁਮਾਂਸਵਾਦੀ ਪਲ ਹੁੰਦੇ ਹਨ ਜਦ ਇਸ ਚੌਖਟੇ ਚੋਂ ਲੰਘ ਕੇ ਕਿਸੇ ਨੇ ਉਸਨੂੰ 'ਸਾਹੀ ਅੰਦਾਜ਼' 'ਚ ਭਰਪੂਰ ਦਾਦ ਦੇਣੀ ਹੁੰਦੀ ਹੈ ਅਤੇ ਅਪਣੇ ਮਾਲਿਕਾਂ ਕੋਲ ਏਸ ਕਾਰੀਗਰ ਲਈ ਇਨਾਮ-ਇਕਰਾਮ ਦੀ ਸਿਫਾਰਸ਼ ਕਰਨੀ ਹੁੰਦੀ ਹੈ। ਇਸ ਸਭ ਲਈ ਦੁੱਖ ਦਰਦ ਦਾ ਚੌਖਟਾ ਕਾਇਮ ਰਹਿਣਾ ਅਤੇ ਦਿਸਣਾ ਪਹਿਲੀ ਸ਼ਰਤ ਹੈ। ਇਹ ਚੌਖਟਾ ਜਿਵੇਂ 'ਪਾਤਰਾਂ' ਲਈ 'ਕਾਮਧੇਨ ਗਊ' ਹੈ। ਜਦ ਕਿ ਅਸਲ ਲੋਕ-ਪੱਖੀ ਸ਼ਾਇਰਾਂ ਦਾ ਮੂਲ ਮੁੱਦਾ ਤਾਂ ਇਸ ਦੁੱਖ ਦਰਦ ਨੂੰ ਜੜ੍ਹੋਂ ਪੁੱਟਣ ਦਾ ਹੁੰਦਾ ਹੈ ਨਾ ਕਿ ਇਸਨੂੰ 'ਪਾਤਰ' ਵਾਂਗ ਕੈਸ਼ ਕਰਨ ਦਾ।
ਇੱਕ ਗੱਲ ਹੋਰ, ਤੇਰੇ ਜਾਂ ਮੇਰੇ ਵਰਗਿਆਂ ਦੇ ਖੁੱਲ੍ਹੇ ਜਾਂ ਬੰਦ ਖ਼ਤਾਂ ਨਾਲ 'ਪਾਤਰ' ਨੇ ਦਿੱਲੀ ਦਰਬਾਰੋਂ 'ਪਦਮ ਸ਼੍ਰੀ' ਲੈਣ ਜਾਣੋ ਰੁਕ ਨਈਂ ਜਾਣਾ। ਹਾਲੇ ਬਹੁਤਾ ਸਮਾਂ ਨਈਂ ਹੋਇਆ ਤੇਰੇ-ਮੇਰੇ ਵਰਗਿਆਂ ਇਸਨੂੰ ਭਾਸ਼ਾ ਵਿਭਾਗ ਦਾ ਇਨਾਮ ਲੈਣ ਤੋਂ ਰੋਕਣ ਲਈ ਖ਼ਤ ਲਿਖੇ ਸਨ, ਜਿਸ ਚੱਕਰ 'ਚ ਇਸਨੂੰ ਹਾਰਟ-ਅਟੈਕ ਵੀ ਹੋ ਗਿਆ ਸੀ, ਪਰ ਇਸਨੇ ਇਨਾਮ ਲੈ ਲਿਆ ਸੀ। ਅਸਲ 'ਚ ਪਦਮ-ਸ੍ਰੀ ਤਾਂ ਉਸਦੇ ਗਿਣੇ ਮਿਥੇ ਏਜੰਡੇ ਦਾ ਇੱਕ ਪੜਾਅ ਹੈ, ਜਿਸਦਾ ਅਗਲਾ ਪੜਾਅ 'ਰਾਜ ਸਭਾ ਦੀ ਮੈਂਬਰੀ' ਹੈ। 'ਪਦਮ ਸ਼੍ਰੀ' ਲੈਣ ਦੀ ਮੁਢਲੀ ਸ਼ਰਤ ਵਜੋਂ ਹਾਲ ਹੀ ਵਿੱਚ ਪਾਤਰ ਨੇ ਭਾਰਤ ਸਰਕਾਰ ਦੇ ਵਫ਼ਦ ਨਾਲ ਬਤੌਰ 'ਸਰਕਾਰੀਆ ਕਵੀ' ਬਣ ਕੇ ਵਿਦੇਸ਼ਾਂ ਦਾ ਟੂਰ ਲਾਇਆ ਸੀ ਅਤੇ ਵਿਦੇਸ਼ੀ ਵਸਦੇ ਉਹਨਾਂ 'ਸਕਿਆਂ' ਕੋਲ ਵੀ ਇਸ ਦੀ 'ਧੂ ਨਈਂ ਕੱਢੀ' ਜਿਹਨਾਂ ਇਸ ਸਰਕਾਰੀ ਦੌਰੇ ਦੌਰਾਨ ਉਸਦੀ ਉਚੇਚੀ ਗ਼ੈਰ-ਸਰਕਾਰੀ ਆਉ ਭਗਤ ਅੱਡੀਆਂ ਚੁੱਕ ਚੁੱਕ ਕੀਤੀ।
ਬਕੌਲ ਲੋਕ ਕਵੀ ਉਲਫ਼ਤ ਬਾਜਵਾ:
ਕਵੀ ਸਰਕਾਰੀਏ ‘ਉਲਫ਼ਤ’, ਸਦਾ ਗੁਣ ਗਾਉਣ ਹਾਕਿਮ ਦੇ
ਇਨਾਮਾਂ ਤੇ ਜੋ ਮਰਦੇ ਨੇ, ਇਹਨਾਂ ਲੋਕਾਂ ਨੂੰ ਕੀ ਕਹੀਏ॥
ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)