ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, February 17, 2012

ਇਕਬਾਲ ਗਿੱਲ ਰਾਮੂਵਾਲੀਆ – ਖੁੱਲ੍ਹੀ ਕਵਿਤਾ ਦਾ ਪ੍ਰਦੂਸ਼ਨ - ਖ਼ਤ

ਦੋਸਤੋ! ਕੁਝ ਦਿਨ ਪਹਿਲਾਂ ਫੇਸਬੁੱਕ ਆਰਸੀ ਕਲੱਬ ਦੀ ਵਾੱਲ ਤੇ ਯੂ.ਕੇ. ਤੋਂ ਡਾ: ਲੋਕ ਰਾਜ ਜੀ ਨੇ ਤਨਜ਼ੀਆ ਲਹਿਜੇ ਚ ਇਹ ਖੁੱਲ੍ਹੀ ਨਜ਼ਮ ਪੋਸਟ ਕੀਤੀ ਸੀ...ਰਾਮੂਵਾਲੀਆ ਸਾਹਿਬ ਦੇ ਖ਼ਤ ਤੋਂ ਪਹਿਲਾਂ....ਤਮਾਮ ਬਲੌਗ ਦੇ ਪਾਠਕ/ਲੇਖਕ ਦੋਸਤਾਂ ਦੀ ਨਜ਼ਰ...

............



ਹਾ ਹਾ ਹਾ ਹਾ ਹਾ ਹਾ ਹਾ
ਏਨਾ ਕੁ ਤਾਂ ਹੱਸ ਸਕਦਾ
ਜਿਹਦੇ ਕੋਲ ਏਨਾ ਕੁ ਮਾਲ ਹੈ
ਕਿ ਇੱਕ ਕਿਤਾਬ ਛਪਵਾ ਸਕੇ
ਇੱਕ ਤੋਂ ਵਧ ਵੀ, ਹੈਸੀਅਤ ਮੁਤਾਬਿਕ!

ਕੀ ਪੁੱਛਿਆ ਕਿ ਕਾਹਦੀ?
ਕਾਹਦੀ ਦਾ ਕੀ ਮਤਲਬ?
ਮਾਲ ਹੋਵੇ ਤਾਂ ਜੋ ਮਰਜ਼ੀ ਛਾਪੋ
ਵਾਰਤਿਕ ਨੂੰ ਅਤਿ-ਆਧੁਨਿਕ ਕਵਿਤਾ ਕਹੋ
ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ
ਤੁਹਾਡੀ ਜੇਬ ਤੇ ਨਿਰਭਰ ਕਰਦਾ ਹੈ

ਸਰਕਾਰੇ ਦਰਬਾਰੇ ਜੇ ਪਹੁੰਚ ਹੈ
ਤਾਂ ਯੂਨੀਵਰਸਿਟੀ ਦੇ ਸਿਲੇਬਸ 'ਚ ਪੱਕੀ
ਅਕਾਦਮੀਆਂ ਵੀ ਆਪਣੀਆਂ ਹੀ ਨੇ
ਜ਼ਿਆਦਾ ਹੀ ਤਕਲੀਫ਼ ਪਹੁੰਚੀ ਹੈ ਤਾਂ
ਪਦਮ-ਪੁਦ ਵੀ ਹੈਗੇ ਨੇ

ਚਿੰਤਾ ਨਾ ਕਰੋ
ਸਾਡੇ ਬੱਚੇ ਪੜ੍ਹਦੇ ਨਹੀਂ
ਰਟਣ ਵਿਚ ਨੇ ਤੋਤੇ ਤੋਂ ਵੀ ਅੱਗੇ
ਹਰ ਫੱਗਣ ਬਸੰਤ ਦੇ ਗੀਤ ਹੀ ਗਾਉਣਗੇ
ਤੇ ਕਦੇ ਨਹੀਂ ਕਰਨਗੇ ਫਰਕ
ਹੋਲੀ ਤੇ ਹੋਲੇ ਮਹੱਲੇ ਵਿਚ!
ਤੇ ਵਿਸਾਖੀ ਉਨ੍ਹਾਂ ਲਈ
ਸਿਰਫ਼ ਵਿਸਾਖ ਦੀ ਸੰਗਰਾਂਦ ਹੀ ਰਹੇਗੀ!
-----
ਜਿਸ ਨੂੰ ਪੜ੍ਹਨ ਤੋਂ ਬਾਅਦ ਮੈਂ ਇਹ ਟਿੱਪਣੀ ਲਿਖੀ ਸੀ...ਤੀਰ ਬੜੇ ਕਸ-ਕਸ ਕੇ ਮਾਰੇ ਨੇ ਡਾ: ਸਾਹਿਬ ਤਨਜ਼ ਦੇ..ਕਮਾਲ ਹੈ..:) ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਫਿਰ ਬਿੰਬਾਂ, ਖ਼ਿਆਲਾਂ ਤੋਂ ਰਹਿਤ ਨਜ਼ਮ ਨੂੰ ਬਾਇਓ-ਪੋਇਟਰੀ..ਅੱਜਕੱਲ੍ਹ ਇਹ ਫੈਸ਼ਨ ਵੀ ਪ੍ਰਚੱਲਿਤ ਹੋ ਰਿਹੈ...ਜੋ ਪੰਜਾਬੀ ਨਜ਼ਮ ਦੇ ਭਵਿੱਖ ਲਈ ਬੜਾ ਖ਼ਤਰਨਾਕ ਸਾਬਿਤ ਹੋਵੇਗਾ....ਭਲਾ ਕੋਈ ਦੱਸ ਸਕਦੈ..ਆਖ਼ਿਰ ਇਹ ਬਾਇਓ-ਪੋਇਟਰੀ ਕੀ ਬਲਾ ਜੇ???....ਤਨਦੀਪ



-----
ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ..ਇਸ ਗੱਲ ਨੇ ਮੇਰਾ ਧਿਆਨ ਖਿੱਚਿਆ ਤੇ ਮੈਨੂੰ ਦੋ-ਤਿੰਨ ਦੋਸਤਾਂ ਨਾਲ਼ ਹੋਈ ਉਹ ਗੱਲਬਾਤ ਯਾਦ ਆ ਗਈ, ਜਿਸ ਵਿਚ ਉਹਨਾਂ ਨੇ ਪੰਜਾਬੀ ਸਾਹਿਤ ਵਿਚ ਵਿਕਸਿਤ ਹੋ ਰਹੀ ਬਾਇਓ-ਪੋਇਟਰੀ ਦੀ ਪਨੀਰੀ ਦਾ ਜ਼ਿਕਰ ਕੀਤਾ ਸੀ..ਮੈਂ ਖ਼ੁਦ ਖੁੱਲ੍ਹੀ ਨਜ਼ਮ ਲਿਖਦੀ ਹਾਂ....ਪਰ ਜਾਣਦੀ ਹਾਂ ਕਿ ਖੁੱਲ੍ਹੀ ਨਜ਼ਮ ਤੇ ਵਾਰਤਕ ਚ ਕੀ ਅੰਤਰ ਹੁੰਦੈ...ਖੁੱਲ੍ਹੀ ਨਜ਼ਮ ਚ ਲੈਅ ਕਿੰਝ ਕਾਇਮ ਰੱਖੀ ਜਾਂਦੀ ਹੈ ... ਪਰ ਜਦੋਂ ਫੇਸਬੁੱਕ ਤੇ ਖੁੱਲ੍ਹੀ ਨਜ਼ਮ ਦੇ ਨਾਮ ਥੱਲੇ ਪਰੋਸੀ ਜਾ ਰਹੀ ਵਾਰਤਕ ਪੜ੍ਹੀਦੀ ਹੈ ਤਾਂ ਮਨ ਬੁਝ ਜਾਂਦੈ...ਆਪਣੀ ਨਜ਼ਮ ਵੀ ਪੋਸਟ ਕਰਨ..ਜਾਂ ਕਿਤਾਬ ਛਪਵਾਉਣ ਨੂੰ ਵੀ ਮਨ ਨਹੀਂ ਕਰਦਾ... ਕਿ ਕਿਤੇ ਪਾਠਕ ਇਹੀ ਨਾ ਸੋਚਣ ਕਿ ਲਉ ਜੀ ਕੂੜੇ ਦੇ ਢੇਰ ਚ ਇਕ ਹੋਰ ਵਾਧਾ ਹੋ ਗਿਐ...ਕਿਉਂਕਿ ਮਾੜਾ ਸਾਹਿਤ ਮਾਰਕੀਟ ਵਿਚ ਆਉਣ ਨਾਲ਼ ਵਧੀਆ ਅਤੇ ਮਿਆਰੀ ਸਾਹਿਤ ਦੀ ਕਦਰ ਨਹੀਂ ਪੈ ਰਹੀ..ਏਸੇ ਕਰਕੇ ਮੇਰੇ ਵਾਂਗ ਮੇਰੇ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਕਿਤਾਬ ਨਹੀ ਛਪਵਾ ਰਹੇ..ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਕਿਤਾਬ ਦਾ ਕੀ ਹਸ਼ਰ ਹੋਣ ਵਾਲ਼ਾ ਹੈ....ਜਦੋਂ ਪੱਲਿਉਂ ਪੈਸੇ ਦੇ ਕੇ ਘਟੀਆ ਕਿਤਾਬਾਂ ਦੇ ਟੌਪ ਦੇ ਰਿਵੀਉ ਕਰਵਾਏ ਜਾ ਰਹੇ ਨੇ ਤਾਂ ਵਧੀਆ ਕਿਤਾਬਾਂ ਦੇ ਲੇਖਕ ਨੇ ਕਿਸੇ ਨੂੰ ਇਕ ਟਕਾ ਨਹੀਂ ਦੇਣਾ ਹੁੰਦਾ..ਤਾਂ ਉਹਨਾਂ ਦੀ ਸਾਰ ਵੀ ਕੀਹਨੇ ਲੈਣੀ ਹੈ????? ਤੇ ਫੇਰ ਐਸੇ ਅਖੌਤੀ ਆਲੋਚਕ..ਭਾਸ਼ਾ ਦੇ ਡਾਕਟਰ ਸਮਝ ਤੋਂ ਬਾਹਰ ਘਟੀਆ ਨਜ਼ਮ.. ਨੂੰ ਅਤਿ-ਆਧੂਨਿਕ ਕਵਿਤਾ ਜਾਂ ਬਾਇਓ-ਪੋਇਟਰੀ ਦੇ ਖ਼ਿਤਾਬ ਦੇ ਕੇ ਸਤਿਕਾਰਦੇ ਹਨ.... ਡੈਡੀ ਜੀ ਬਾਦਲ ਸਾਹਿਬ....ਐਸੀ ਨਜ਼ਮ ਨੂੰ ਸਿਰ-ਖਿੰਡੀ ਨਜ਼ਮ ਆਖਦੇ ਹੁੰਦੇ ਨੇ...:)




ਮੈਂ ਇਕ ਦੋਸਤ ਨੂੰ ਮੋੜਵਾਂ ਸੁਆਲ ਵੀ ਕੀਤਾ ਕਿ ਇਹ ਬਾਇਓ-ਪੋਇਟਰੀ ਆਖ਼ਿਰ ਹੈ ਕੀ ਸ਼ੈਅ ਹੈ? ਉਹ ਪਹਿਲਾਂ ਤਾਂ ਬਹੁਤ ਹੱਸਿਆ ਤੇ ਫੇਰ ਕਹਿਣ ਲੱਗਿਆ....ਬਸ ਸਮਝ ਲੈ..ਜਿਵੇਂ ਤੂੰ ਔਰਗੈਨਿਕ ਫੂਡ ਖਾਂਦੀ ਹੈ...ਇਹ ਵੀ ਔਰਗੈਨਿਕ ਕਵਿਤਾ ਹੀ ਹੈ.....ਹਮਮਮਮਮਮਮਮਮਮਮ.......ਔਰਗੈਨਿਕ ਤਾਂ ਸ਼ੁੱਧ ਹੁੰਦਾ..ਖਾਦਾਂ..ਪ੍ਰਦੂਸ਼ਣ...ਬਨਾਵਟ ਤੋਂ ਫਰੀ..ਤੇ ਇਹਦੀ ਤੁਲਨਾ ਬਾਇਓ-ਪੋਇਟਰੀ ਨਾਲ਼...ਮੈਨੂੰ ਗੱਲ ਜਚੀ ਨਹੀਂ। ਕਿਉਂਕਿ ਮੇਰੀ ਨਜ਼ਰ ਚ ਬਾਓ-ਪੋਇਮ ਦੀ ਪਰਿਭਾਸ਼ਾ ਹੀ ਕੁਝ ਹੋਰ ਹੈ......ਤੇ ਉਹ ਔਰਗੈਨਿਕ ਤਾਂ ਬਿਲਕੁਲ ਹੀ ਨਹੀਂ ਹੈ... ਐਸੇ ਆਲੋਚਕਾਂ ਨੂੰ...ਘਟੀਆ ਪੱਧਰ ਦੀਆਂ ਨਜ਼ਮਾਂ ਨੂੰ ਵੱਡੇ-ਵੱਡੇ ਖ਼ਿਤਾਬ ਦੇਣ ਤੋਂ ਪਹਿਲਾਂ, ਹੋਰ ਖੋਜ ਕਰਨ ਦੀ ਸਖ਼ਤ ਜ਼ਰੂਰਤ ਹੈ। ਨਾਮਵਰ ਗ਼ਜ਼ਲਗੋ ਸਾਹਿਬਾਨ ਨੇ ਕਮਾਲ ਦੀਆਂ ਖੁੱਲ੍ਹੀ ਨਜ਼ਮਾਂ ਲਿਖੀਆਂ ਹਨ...ਜਿਨ੍ਹਾਂ ਨੂੰ ਪੜ੍ਹਦਿਆਂ ਗ਼ਜ਼ਲਾਂ ਤੇ ਗੀਤਾਂ ਵਾਂਗ ਹੀ ਰੂਹ ਸਰੂਰੀ ਜਾਂਦੀ ਹੈ।



ਕੁਝ ਦਿਨ ਪਹਿਲਾਂ ਖੁੱਲ੍ਹੀ ਨਜ਼ਮ ਬਾਰੇ ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਲਿਖ ਕੇ ਘੱਲੇ ਤਾਂ ਮਨ ਚ ਆਇਆ ਕਿ ਆਰਸੀ ਲੰਮੀਆਂ ਵਾਟਾਂ ਤੇ ਇਹਨਾਂ ਖ਼ੂਬਸੂਰਤ ਵਿਚਾਰਾਂ ਨੂੰ ਪੋਸਟ ਕਰਕੇ ਇਕ ਸਿਹਤਮੰਦ ਚਰਚਾ ਦਾ ਆਰੰਭ ਕਰਕੇ ਬਾਕੀ ਦੋਸਤਾਂ ਦੀ ਰਾਏ ਵੀ ਜਾਣੀ ਜਾਏ....ਤੁਹਾਡੇ ਵਿਚਾਰਾਂ/ਪ੍ਰਤੀਕਰਮਾਂ ਦੀ ਉਡੀਕ ਰਹੇਗੀ ਦੋਸਤੋ..ਮੈਂ ਰਾਮੂਵਾਲੀਆ ਸਾਹਿਬ ਦੀ ਮਸ਼ਕੂਰ ਹਾਂ ਜਿਨ੍ਹਾਂ ਨੇ ਇਹਨਾਂ ਵਿਚਾਰਾਂ ਨੂੰ ਆਰਸੀ ਦੇ ਲੇਖਕ/ਪਾਠਕ ਵਰਗ ਨਾਲ਼ ਸਾਂਝਿਆਂ ਕਰਨ ਦੀ ਇਜਾਜ਼ਤ ਦਿੱਤੀ ਹੈ....ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖ ਰਹੀ ਹਾਂ ਜੀ...ਜਲਦੀ ਹੀ ਉਹਨਾਂ ਦੀ ਸੰਪੂਰਨ ਸਾਹਿਤਕ ਵੇਰਵੇ ਸਹਿਤ ਹਾਜ਼ਰੀ ਲਗਾਵਾਂਗੇ.... ਅਦਬ ਸਹਿਤ..ਤਨਦੀਪ


**********


ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਕੁਝ ਇੰਝ ਲਿਖ ਕੇ ਭੇਜੇ ਨੇ..
ਦੋਸਤੋ, ਮੇਰੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ਼ ਤਾਂ ਸਹਿਮਤੀ ਨਹੀਂ, ਲੇਕਿਨ ਇੱਕ ਗੱਲ ਤੁਹਾਡੀ ਖਰੀ ਹੈ ਕਿ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਨਾਮ ਹੇਠ ਕੂੜੇ ਦੇ ਢੇਰ ਲੱਗ ਗਏ ਨੇਵਾਰਤਕ ਨੂੰ ਟੁਕੜਿਆਂ `ਚ ਤੋੜ ਕੇ ਲਿਖਣ ਨਾਲ ਦਿੱਖ ਤਾਂ ਕਵਿਤਾ ਵਰਗੀ ਬਣ ਜਾਂਦੀ ਹੈ, ਪ੍ਰੰਤੂ ਉਹ ਕਵਿਤਾ ਨਹੀਂ ਹੁੰਦੀ, ਜਿਵੇਂ ਅਗਰ ਕੋਈ ਵਿਅਕਤੀ ਔਰਤਾਂ ਵਾਲਾ ਵਿੱਗ ਸਿਰ `ਤੇ ਰੱਖ ਕੇ, ਦਾਹੜੀ ਨੂੰ ਪੁੱਠੇ-ਲੋਟ ਉਸਤਰੇ ਨਾਲ ਘਰੜ ਕਰ ਲਏ, ਸੁਰਖ਼ੀ ਬਿੰਦੀ ਚਿਪਕਾਅ ਲਵੇ ਤੇ ਸਕਰਟ ਪਹਿਨ ਲਵੇ, ਤਾਂ ਉਹ ਔਰਤ ਹੋਣ ਦਾ ਭੁਲੇਖਾ ਜ਼ਰੂਰ ਪਾ ਲਵੇਗਾ, ਮਗਰ ਉਹ ਔਰਤ ਨਹੀਂ ਹੁੰਦਾਬਿਲਕੁਲ ਏਸੇ ਹੀ ਤਰ੍ਹਾਂ ਖੁੱਲ੍ਹੀ ਕਵਿਤਾ ਵਾਲ਼ੇ ਕਰ ਰਹੇ ਨੇ:
ਜ਼ਰਾ...
ਇੱਕ ਖੁੱਲ੍ਹੀ ਕਵਿਤਾ ਦਾ ਨਮੂਨਾ ਵੇਖੋ:
........


ਮੇਰਾ ਦਿਲ ਕਰਦਾ ਹੈ


ਕਿ ਖਾ ਜਾਵਾਂ ਗੁਰਦਵਾਰੇ ਦੇ ਲੰਗਰ ਦੇ ਸਾਰੇ ਪਕੌੜੇ


ਪਰ ਲਗਦਾ ਏ ਡਰ ਸਿੰਘਾਂ ਦੇ ਕੜਛਿਆਂ ਤੋਂ
ਹ ਕੜਛੇ ਬਣੇ ਹੋਏ ਹਨ ਲੋਹੇ ਦੇ


ਤੇ ਹਨਾਂ ਨੂੰ ਵਹੁਣ ਵਾਲੇ ਵੀ ਹਨ ਲੋਹੇ ਵਾਂਗ ਮਜ਼ਬੂਤ


ਇਸ ਲਈ ਬਸ ਪਕੌੜਿਆਂ ਵੱਲ ਰਹਿ ਜਾਂਦਾ ਹਾਂ ਝਾਕਦਾ


ਘਰ ਜਾਂਦਾ ਹਾਂ ਤਾਂ ਤਰਦੇ ਹਨ ਮਨ ਵਿੱਚ ਏਹ ਗਰਮ ਗਰਮ ਪਕੌੜੇ


ਹਾ ਹਾ ਹਾ


------


ਵੀਰੋ ਤੇ ਭੈਣੋ, ਪੰਜਾਬੀ ਕਵਿਤਾ ਨੂੰ ਤੇ ਚੇਤਨਾ ਪ੍ਰਕਾਸ਼ਨ ਦੇ ਸਾਮਣੇ ਵਾਲੇ ਦਰੱਖ਼ਤਾਂ ਨੂੰ ਏਸ ਖੁੱਲ੍ਹੀ ਕਵਿਤਾ ਦੇ ਪਰਦੂਸ਼ਨ ਤੋਂ ਬਚਾਅ ਲਵੋਹੁਣ ਖੁੱਲ੍ਹੀ ਕਵਿਤਾ ਦੀਆਂ ਰੂੜੀਆਂ ਏਨੀਆਂ ਆਮ ਹੋ ਗਈਆਂ ਨੇ ਪੰਜਾਬ ਦੀਆਂ ਗਲ਼ੀਆਂ 'ਚ ਗੰਦ ਖਿਲਾਰਦੇ ਆਵਾਰਾ ਕੁੱਤਿਆਂ ਵਾਂਗੂੰ, ਕਿ ਪਾਠਕ ਚੰਗੀ ਕਵਿਤਾ ਨੂੰ ਦੇਖ ਕੇ ਵੀ ਧੁੜਧੁੜੀਆਂ ਲੈਣ ਲੱਗ ਜਾਂਦਾ ਹੈਕਵਿਤਾ ਵਿਚਲੀ ਸਰੋਦੀਅਤ, ਕਵਿਤਾ ਵਿਚਲੀ ਮਾਸੂਮੀਅਤ, ਕਵਿਤਾ ਵਿਚਲੀ ਤਨਜ਼, ਕਵਿਤਾ ਵਿਚਲਾ ਰਸ ਏਹਨਾਂ ਖੁੱਲ੍ਹ-ਕਵਿਤੀਆਂ ਦੀ ਪਕੜ ਵਿੱਚ ਨਹੀਂ ਆਉਂਦਾ

ਹ ਤਾਂ ਕੁਕੜੀ ਵਾਂਗੂੰ ਹਰ ਰੋਜ਼ ਕਵਿਤਾ ਦਾ ਇੱਕ ਆਂਡਾ ਕੱਢ ਮਾਰਦੇ ਨੇ, ਪਰ ਹਨਾਂ ਆਂਡਿਆਂ 'ਚ ਚੂਚੇ ਨਹੀਂ ਬੱਸ ਜਿਲ਼੍ਹਬ ਹੀ ਹੁੰਦੀ ਹੈਫੇਰ ਕਹਿਰ ਖ਼ੁਦਾ ਦਾ ਕਿ ਆਪਣੇ ਆਪ ਦੀ ਆਪ ਹੀ ਸਲਾਹਣਾ ਕਰੀ ਜਾਂਦੇ ਹਨ ਜਾਂ ਫਿਰ ਆਪਣੇ ਕਿਸੇ ਭਰਾ-ਭਤੀਜੇ, ਮਿੱਤਰ ਦੋਸਤ ਤੋਂ ਤਾਰੀਫ਼ਾਂ ਕਰਾਈ ਜਾਂਦੇ ਨੇਗਜ਼ ਗਜ਼ ਲੰਮੀਆਂ ਲਿਸਟਾਂ ਬਣਾ ਕੇ ਫੇਸਬੁੱਕ `ਤੇ ਪਾਈ ਜਾਂਦੇ ਨੇ ਆਪਣੀਆਂ ਕਿਤਾਬਾਂ ਦੀਆਂ ਪਰ ਹਨਾਂ ਕਿਤਾਬਾਂ ਨੂੰ ਪੜ੍ਹਦਾ ਕੋਈ ਨਹੀਂ

ਮਾਲਟਨ ਦੇ ਸਟੋਰਾਂ 'ਤੇ ਇਹ ਕਿਤਾਬਾਂ ਪੂਰੇ ਇੱਕ ਸਾਲ ਤੋਂ ਗਰਦਾ ਇਕੱਠਾ ਕਰੀ ਜਾਂਦੀਆਂ ਹਨ ਤੇ ਸਿਓਂਕ ਲਈ ਚੰਗਾ ਭੋਜਨ ਬਣ ਰਹੀਆਂ ਨੇਏਸ ਲਈ ਕਵਿਤਾ ਨੂੰ ਮੁੜ-ਸੁਰਜੀਤ ਕਰਨ ਲਈ ਤੇ ਕਵਿਤਾ ਨੂੰ ਮੁੜ-ਮਕਬੂਲ ਕਰਨ ਲਈ ਖੁੱਲ੍ਹੀ ਕਵਿਤਾ ਦੇ ਨਾਮ `ਤੇ ਆ ਰਹੇ ਕੂੜੇ ਕਰਕਟ ਨੂੰ ਨਿਕਾਰਨਾ ਬਣਦਾ ਹੈਖੁੱਲ੍ਹੀ ਕਵਿਤਾ, ਕਵਿਤਾ ਨਹੀਂ ਸਗੋਂ ਇੰਝ ਹੁੰਦੀ ਹੈ ਜਿਵੇਂ ਕਿਸੇ ਹੋਰ ਬੋਲੀ ਦਾ ਅਨੁਵਾਦ ਹੋਵੇਕਵਿਤਾ ਵਿਚਲੀ ਲੈਅ, ਸੰਗੀਤ, ਕਾਫ਼ੀਆ, ਇਹ ਸਭ ਵੀ ਕਵਿਤਾ ਦੀ ਪੁਖ਼ਤਗੀ ਨੂੰ ਬਲਵਾਨ ਕਰਦੇ ਨੇਜ਼ਲ ਦੀ ਸਿਨਫ਼ ਵੀ ਸੁੱਚੀ ਕਵਿਤਾ ਵੱਲ ਤੁਰਨ ਦਾ ਜੁਗਰਾਫ਼ੀਆ ਹੈਮੈਂ ਤੁਹਾਡੇ ਯਤਨਾਂ ਨੂੰ ਜੀ ਆਇਆਂ ਆਖਦਾ ਹਾਂ!!


ਇਕਬਾਲ ਗਿੱਲ ਰਾਮੂਵਾਲੀਆ


ਟਰਾਂਟੋ, ਕੈਨੇਡਾ






Saturday, February 4, 2012

ਉਂਕਾਰਪ੍ਰੀਤ - ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ – ਪ੍ਰਤੀਕਰਮ - 2

ਤਨਦੀਪ ਜੀ,


ਰਾਜਪਾਲ ਸੰਧੂ ਦੇ ਖੁੱਲ੍ਹੇ ਖ਼ਤ ਦੇ ਜੁਆਬ ਚ ਮੇਰੇ ਪ੍ਰਤੀਕਰਮ ਨੇ ਬਹੁਤ ਸਾਰੇ ਦੋਸਤਾਂ ਨੂੰ ਅਪਣੇ ਵਿਚਾਰ ਪ੍ਰਗਟਾਉਣ ਲਈ ਉਤਸ਼ਾਹਿਤ ਕੀਤਾ ਹੈ, ਜਿਸਦੀ ਮੈਨੂੰ ਖ਼ੁਸ਼ੀ ਹੈਬਹੁਤ ਸਾਰੇ ਦੋਸਤ ਮੈਨੂੰ ਨਿੱਜੀ ਈ-ਮੇਲ ਜਾਂ ਫ਼ੋਨ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ, ਚੰਗਾ ਹੁੰਦਾ ਜੇਕਰ ਉਹ ਵੀ ਹੋਰਨਾਂ ਵਾਂਗ ਪਾਠਕਾਂ ਦੀ ਖੁੱਲ੍ਹੀ ਸੱਥ ਚ ਆਣ ਕੇ ਬੋਲਦੇ ਅਤੇ ਪੰਜਾਬੀਆਂ ਦੀ ਉਚ-ਪਾਏ ਦੀ ਗੋਸ਼ਟ-ਪ੍ਰੰਪਰਾ ਨੂੰ ਕਾਇਮ ਰੱਖਦੇਪੰਜਾਬੀ ਦੇ ਮਾਣਮੱਤੇ ਸ਼ਾਇਰ ਹਰਭਜਨ ਹਲਵਾਰਵੀ ਦਾ ਸ਼ਿਅਰ ਐਸੇ ਮੌਕੇ ਅਕਸਰ ਯਾਦ ਆਉਂਦਾ ਹੈ:



ਏਨਾ ਵੀ ਕੀ ਚੁੱਪ ਰਹਿਣਾ, ਤੂੰ ਕਹਿ ਜੋ ਕੁਝ ਕਹਿਣਾ


ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ




ਪਰ ਇਹ ਚੁੱਪ ਰਹਿਣੇਬੜੇ ਹੁਸ਼ਿਆਰ ਹੁੰਦੇ ਨੇ ਅਤੇ ਬਹੁਤਾ ਕਰਕੇ ਕਈ ਤਰ੍ਹਾਂ ਦੀਆਂ ਸਾਹਤਿਕ-ਮਜਬੂਰੀਆਂਕਰਕੇ ਵੀ ਨਈਂ ਬੋਲਦੇ ਹੁੰਦੇ ਮਤੇ ਜਿਸ ਇਨਾਮੀ ਕੜਾਹ-ਪ੍ਰਸ਼ਾਦਿਦੀ ਲਾਈਨ ਚ ਉਹ ਲੱਗੇ ਹੋਏ ਹਨ ਕਿਤੇ ਉਸ ਚੋਂ ਬਾਹਰ ਨਾ ਕਰ ਦਿੱਤੇ ਜਾਣਮਘਦੇ ਸ਼ਾਇਰ ਦੋਸਤ ਹਰਦਿਆਲ ਕੇਸ਼ੀ ਨੇ ਇਹਨਾਂ ਨੂੰ ਵੰਗਾਰਿਆ ਸੀ ਕਦੇ:



ਬੜੇ ਹੁਸ਼ਿਆਰ ਹੋ ਕੇਸ਼ੀ, ਬਲਾ ਨੂੰ ਟਾਲ਼ ਜਾਂਦੇ ਹੋ


ਕਿ ਓਦੋਂ ਕਿਉਂ ਨਹੀਂ ਬੋਲੇ, ਜਦੋਂ ਮੌਕਾ ਸੀ ਬੋਲਣ ਦਾ



ਸ਼ਾਇਦ ਹਾਕਿਮ /ਸਟੇਟ ਵਲੋਂ ਪਦਮ ਸ਼੍ਰੀਆਂਦੇਣ ਦੀ ਇਹ ਲੁਕਵੀਂ ਸ਼ਰਤ ਵੀ ਹੋਵੇ ਕਿ ਕਵੀ/ਕਲਾਕਾਰਨੇ ਚੁੱਪ ਰਹਿਕੇ ਉਸਦਾ (ਸਥਾਪਤੀ ਦਾ)ਵਰਤਾਇਆ ਭਾਣਾਕਿੰਨਾ ਕੁ ਮੰਨਿਆ ਅਤੇ ਮਨਾਇਆ ਹੈਜਿਵੇਂ ਕਿ ਪਾਤਰ ਇਸ ਸ਼ਿਅਰ ਭਾਣਾ ਮਨਵਾਰਿਹਾ ਹੈ:



ਇਸ ਅਦਾਲਤ ਚ ਬੰਦੇ ਬਿਰਖ ਹੋ ਗਏ,


ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ


ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ,


ਇਹ ਕਦ ਤਕ ਇਉਂ ਏਥੇ ਖੜ੍ਹੇ ਰਹਿਣਗੇ



ਇਹ ਸ਼ਿਅਰ ਸੁਣ ਕੇ ਪੰਜਾਬ ਦੀ ਉਹ ਬਹਾਦਰ ਪ੍ਰੰਪਰਾਕਿਵੇਂ ਰੱਤ ਦੇ ਹੰਝੂ ਰੋਈ ਹੋਵੇਗੀ ਜੋ ਕਹਿੰਦੀ ਹੈ ਕਿ ਜਦ ਅਪੀਲਾਂ ਦਲੀਲਾਂ ਸਭ ਹਾਰ ਜਾਣ ਤਾਂ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਬਾ-ਸ਼ਮਸ਼ੀਰ ਦਸਤਹੋਵੋਖ਼ੈਰ ਇਹ ਤਾਂ ਪਾਤਰ ਦੀ ਭਾਣਾ ਮਨਵਾਉਣ ਦੀ ਪ੍ਰੇਰਨਾ ਦਿੰਦੀ ਮਹਿਜ਼ ਇੱਕ ਉਦਾਹਰਨ ਹੈ, ਪਾਤਰ ਦਾ ਸਮੁੱਚਾ ਕਲਾਮ ਇਸਤੋਂ ਕਿਤੇ ਵੱਧ ਪੰਜਾਬੀਅਤ ਦੀ ਸਿਰਕੱਢ ਅਤੇ ਜੰਗਜੂਭਾਵਨਾ ਨੂੰ ਖੁੰਢੀਕਰਨ ਦੇ ਇਕ ਤੋਂ ਵੱਧ ਇੱਕ ਮਨਸੂਬਿਆਂ ਦਾ ਪਤਾ ਦਿੰਦਾ ਹੈ



ਸ਼ਾਇਰ ਦੋਸਤ ਸੁਖਿੰਦਰ ਨੇ ਪਾਤਰ ਨੂੰ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਖੜ੍ਹਾ ਕਰਕੇ ਸ਼ਾਇਦ ਕੋਈ ਮਜਬੂਰੀ ਹੀ ਪਾਲ਼ੀ ਹੈ, ਨਹੀਂ ਤਾਂ ਸਾਹਿਤ ਦਾ ਕੋਈ ਸੱਚਾ-ਸਿਖਾਂਦਰੂ ਵੀ ਇਹ ਕਹੇਗਾ ਕਿ ਪਾਤਰ ਦੀ ਪਾਸ਼, ਉਦਾਸੀ, ਦਿਲ, ਅਤੇ ਜਗਤਾਰ ਨਾਲ ਬਰਾਬਰੀ ਅਗਿਆਨਤਾ ਹੈਲੋਕ-ਪੱਖੀਸ਼ਾਇਰ ਦੀ ਉਹ ਪ੍ਰੀਭਾਸ਼ਾ ਜਿਸ ਨਾਲ ਸੁਖਿੰਦਰ ਨੇ ਪਾਤਰ ਨੂੰ ਨਿਵਾਜਿਆ ਹੈ ਉਸਦਾ ਜੇਕਰ ਜ਼ਰਾ ਖ਼ੁਲਾਸਾ ਵੀ ਕਰ ਦਿੰਦੇ ਤਾਂ ਵਧੀਆ ਹੁੰਦਾ



ਡਾ. ਰਤਨ ਸਿੰਘ ਹੁਰਾਂ ਦੀਆਂ ਦੋ ਸਟੇਟਮੈਂਟਾਂ/ਦਲੀਲਾਂ ਬਾਰੇ ਮੈਂ ਕੁਝ ਕਹਿਣਾ ਹੈਰਤਨ ਸਿੰਘ ਹੁਰਾਂ ਕਿਹਾ ਹੈ ਕਿ ਪਾਤਰ ਕੋਈ ਸਿਆਸੀ ਪੈਂਤੜੇ ਵਾਲਾ ਕਵੀ ਨਹੀਂਇਹ ਦਲੀਲ ਸਾਹਿਤ ਦੇ ਸੱਚੇ ਸੰਦਰਭਾਂ ਵਿੱਚ ਭੁਲੇਖਾਪਾਊ ਅਤੇ ਅਸਲੀਅਤ ਤੋਂ ਦੂਰ ਹੈਰਤਨ ਸਿੰਘ ਜੀਓ! ਜਦੋਂ ਕੋਈ ਇਹ ਵੀ ਕਹਿੰਦਾ ਹੈ ਕਿ, ‘ਮੈਂ ਪੰਜਾਬੀ ਹਾਂਤਾਂ ਇਹ ਇੱਕ ਬਹੁਤ ਵੱਡੀ ਸਿਆਸੀ ਪੈਂਤੜੇ ਵਾਲੀ ਸਟੇਟਮੈਂਟ ਹੈਕੋਈ ਵੀ ਨਜ਼ਰੀਆ, ਕਲਾ, ਜਾਂ ਕਾਵਿ-ਪ੍ਰਗਟਾਅ ਸਿਆਸੀ ਪੈਂਤੜੇ ਅਤੇ ਸੂਝ ਤੋਂ ਬਿਨਾ ਮੁਮਕਿਨ ਨਹੀਂਪਾਤਰ ਦੀ ਸਮੁੱਚੀ ਸ਼ਾਇਰੀ ਚ ਵੀ ਹਰ ਸ਼ਿਅਰ/ਖ਼ਿਆਲ ਸਿਆਸੀ ਪੈਂਤੜੇ ਵਾਲਾ ਹੈ ਇਹ ਗੱਲ ਵੱਖਰੀ ਹੇ ਕਿ ਉੱਪਰ ਦਿੱਤੇ ਨਮੂਨੇ ਵਾਂਗ ਉਸਦਾ ਇਹ ਸਿਆਸੀ ਪੈਂਤੜਾ ਸਥਾਪਤੀਦੀ ਸਿਆਸਤ ਨੂੰ ਪ੍ਰਫੁੱਲਿਤ ਕਰਨ ਵਾਲਾ ਹੈ ਅਤੇ ਲੋਕ ਵੇਦਨਾਨੂੰ ਲੋਕ ਸ਼ਕਤੀਬਣਨ ਤੋਂ ਪਹਿਲਾਂ ਖੁੰਢੀ ਕਰ ਕੇ ਘਰੋ-ਘਰੀ ਤੋਰਨਵੱਲ ਸੇਧਿਤ ਹੈ



ਡਾ. ਰਤਨ ਸਿੰਘ ਹੁਰਾਂ ਦੀ ਦੂਸਰੀ ਦਲੀਲ ਕਿ, ‘ਪਾਤਰ ਦਾ ਕੱਦ ਛੋਟਾ ਨਹੀਂ ਹੋ ਸਕਦਾ ਕਿਉਂਕਿ ਉਸਦੀ ਪਹਿਚਾਣ ਡਾ. ਸੁਤਿੰਦਰ ਨੂਰ ਨੇ ਕਰਵਾਈ ਸੀਬੜੀ ਅਜੀਬ ਹੈਜਾਂ ਤਾਂ ਡਾ. ਸਾਹਿਬ ਨੂਰਦੀ ਪੰਜਾਬੀ ਸਾਹਿਤ ਦੇ ਸੰਦਰਭ ਚ ਦੇਣ ਨੂੰ ਸਥਾਪਤ ਕਰਨ ਦੀ ਲਾਬੀ ਕਰ ਰਹੇ ਹਨ ਜਾਂ ਉਹਨਾਂ ਦੀ ਕੋਈ ਹੋਰ ਮਜਬੂਰੀ ਹੋਵੇ ਨਹੀਂ ਤਾਂ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਡਾ. ਸੁਤਿੰਦਰ ਸਿੰਘ ਨੂਰ ਦੀ ਪੰਜਾਬੀ ਸਾਹਿਤ ਅਤੇ ਭਾਸ਼ਾ ਨੂੰ ਕੋਈ ਗੌਲਣਯੋਗ ਜਾਂ ਯਾਦ ਰੱਖਣਯੋਗ ਦੇਣ ਨਹੀਂ ਸਮੇਤ ਪਾਤਰ ਨੂੰ ਪਛਾਨਣ/ਸਥਾਪਿਤ ਕਰਨ ਦੇ ਨੂਰਦੁਆਰਾ ਸਾਰੀ ਉਮਰ ਕੀਤੀ ਪੰਜਾਬੀ ਸਾਹਿਤ ਅਤੇ ਭਾਸ਼ਾ ਦੀ ਸਿਆਸਤਪੰਜਾਬੀ ਲੋਕਾਂ ਦੇ ਹੱਕ ਚ ਭੁਗਤਣ ਦੀ ਬਜਾਏ ਸਥਾਪਤੀ ਦੇ ਹੱਕ ਚ ਭੁਗਤਦੀ ਰਹੀ ਅਤੇ ਉਹ ਰੈਡੀਮੇਡ ਭੁਮਿਕਾਵਾਂ ਲਿਖਣ ਵਾਲਾ, ਸਹੇਲੇ-ਸਹੇਲੀਆਂ ਨੂੰ ਸਰਕਾਰੀ ਐਵਾਰਡ ਦੇਣ/ ਦਿਵਾਉਣ ਵਾਲਾ ਜਥੇਦਾਰਬਣ ਕੇ ਬੀਤ ਗਿਆਹਾਲਾਂ ਕਿ ਕਵੀ ਅਤੇ ਚਿੰਤਕ ਨੂਰ’ ‘ਚ ਭੂਤਵਾੜੇ ਦੇ ਦਿਨਾਂ ਤੀਕ ਅਥਾਹ ਸੰਭਾਵਨਾਵਾਂ ਸਨ...ਪਰ ਭੂਤਵਾੜੇ ਦੇ ਹੀ ਇੱਕ ਭੂਤ ਦਾ ਲਿਖਿਆ ਇਹ ਸਿ਼ਅਰ ਜਿਵੇਂ ਨੂਰ ਦਾ ਮਰਸੀਆ ਹੋ ਨਿੱਬੜਿਆ:



ਜੋ ਵੀ ਤਖ਼ਤ ਤੇ ਬਹਿੰਦੈ, ਉਹਨੂੰ ਤਾਜ ਨਿਗਲ਼ ਜਾਂਦੈ


ਇਨਸਾਨ ਨੂੰ ਸੰਭਾਲ਼ੋ, ਮਾਹੌਲ ਦਲਦਲਾ ਹੈ



ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)



Tuesday, January 31, 2012

ਉਂਕਾਰਪ੍ਰੀਤ - ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ - ਪ੍ਰਤੀਕਰਮ

Dear Tandeep

ਕੀ ਹਾਲ ਹੈ?


ਆਰਸੀ ਅਕਸਰ ਦੇਖਦਾ ਰਹਿੰਦਾ ਹਾਂ


ਇਸ ਵੇਰ ਰਾਜਪਾਲ ਸੰਧੂ ਦੇ ਖ਼ਤ ਨੇ ਮੈਂਨੂੰ ਪ੍ਰਤੀਕਰਮ ਲਿਖਣ ਲਈ ਉਤਸ਼ਾਹਿਤ ਕੀਤਾ ਭੇਜ ਰਿਹਾ ਹਾਂ


ਆਪਦਾ ਸ਼ੁੱਭਚਿੰਤਕ


ਉਂਕਾਰਪ੍ਰੀਤ (ਟਰਾਂਟੋ)


======
ਰਾਜਪਾਲ ਸੰਧੂ ਦੇ ਪਾਤਰ ਬਾਰੇ ਲਿਖੇ ਖ਼ਤ ਦਾ ਜਵਾਬ - ਉਂਕਾਰਪ੍ਰੀਤ


*****


ਪਿਆਰੇ ਰਾਜਪਾਲ

ਤੇਰੇ ਜ਼ੁੱਰਅਤ ਭਰੇ ਖੁੱਲ੍ਹੇ ਖਤ ਲਈ ਸਭ ਤੋਂ ਪਹਿਲਾਂ ਮੈਂ ਤੈਨੂੰ ਖੁੱਲ੍ਹ ਕੇ ਸ਼ਾਬਾਸ਼ ਦਿੰਦਾ ਹਾਂ

ਅਪਣੀ ਸੱਚੀ-ਸੁੱਚੀ ਭਾਵਨਾ ਨੂੰ ਬਿਆਨ ਕਰਦੇ ਇਸ ਖ਼ਤ 'ਚ ਕਈ ਭੁਲੇਖੇ, ਗ਼ਲਤ-ਬਿਆਨੀਆਂ ਅਤੇ ਹਕੀਕਤ ਤੋਂ ਦੂਰ ਦਲੀਲਾਂ ਹਨ, ਜਿਹਨਾਂ ਨੂੰ ਨਕਾਰਨਾ ਮੈਂ ਜ਼ਰੂਰੀ ਸਮਝਿਆ ਹੈ ਅਤੇ ਇਹ ਟਿੱਪਣੀ ਕਰਨ ਲਈ ਹਾਜ਼ਿਰ ਹੋਇਆ ਹਾਂ

ਤੂੰ ਲਿਖਿਆ ਹੈ, "ਪਾਤਰ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ।" ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਤੇਰੇ ਮਨ 'ਚ ਪਾਤਰ ਦੇ ਸੱਚੇ ਪੰਜਾਬੀ ਸ਼ਾਇਰ ਹੋਣ ਜਾਂ ਅਖੋਤੀ ਸੱਚੇ ਪੰਜਾਬੀ ਸ਼ਾਇਰ ਹੋਣ ਪ੍ਰਤੀ ਹਾਲੇ ਵੀ ਭੁਲੇਖਾ ਹੈਪਿਆਰੇ ਰਾਜਪਾਲ ਜੇਕਰ ਤੂੰ ਪਾਤਰ ਦੇ ਸਮੁਚੇ ਕਲਾਮ ਅਤੇ ਉਸਦੇ ਹੁਣ ਤੀਕ ਦੇ ਐਕਸ਼ਨਾਂ ਦਾ ਸੱਚੇ ਦਿਲੋਂ ਅਧਿਅਨ ਕਰੇਂ ਤਾਂ ਤੈਨੂੰ ਤੇਰੇ ਪਾਤਰ ਸਾਹਿਬ 'ਲੋਕਾਂ' ਵੱਲ ਪਿਛਾੜੀ ਕਰੀ ਖੜ੍ਹੇ ਦਿਸ ਪੈਣਗੇਲੋਕਾਂ ਨੂੰ ਪਿੱਠ ਦੇਣ ਵਾਲੇ ਕਿਸ ਪ੍ਰਤੀ ਅਤੇ ਕਿੰਨੇ ਕੁ ਸੱਚੇ ਹੁੰਦੇ ਹਨ ਉਹ ਫੈਸਲਾ ਤੂੰ ਆਪੇ ਕਰ ਲਵੀਂ

ਰਾਜਪਾਲ ਜੀ ਤੁਸੀਂ ਲਿਖਿਆ ਹੈ ਕਿ 'ਤੁਸੀਂ (ਪਾਤਰ ਨੇ) ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ' ਮੈਨੂੰ ਨਹੀਂ ਪਤਾ ਕਿ ਤੁਹਾਡੀ ਇਸ ਟਿੱਪਣੀ ਪਿੱਛੇ ਕਿਹੜੇ ਤੱਥ ਕੰਮ ਕਰ ਰਹੇ ਹਨਜੇਕਰ ਤੁਸੀਂ ਇਹ ਸਪੱਸ਼ਟ ਕਰੋ ਤਾਂ ਮੈਂ ਪਾਤਰ ਦੀ ਹੀ ਸ਼ਾਇਰੀ ਵਿਚਲੇ ਤੱਥਾਂ ਦੇ ਆਧਾਰ ਤੇ ਸਿੱਧ ਕਰਾਂਗਾ ਕਿ 'ਪਾਤਰ ਨੇ ਕਦੇ ਪੰਜਾਬੀਆਂ ਲਈ ਹਾਅ ਦਾ ਨਾਹਰਾ ਨਹੀਂ ਮਾਰਿਆ'ਹਾਂ ... ਜੇਕਰ ਤੁਸੀਂ ਅਗਿਆਨ ਵੱਸ ਅਮ੍ਰਿਤਾ ਪ੍ਰੀਤਮ ਦੇ 'ਅੱਜ ਆਖਾਂ ਵਾਰਸ ਸ਼ਾਹ ਨੂੰ' ਵੀ ਪੰਜਾਬੀਆਂ ਲਈ ਹਾਅ ਦਾ ਨਾਹਰਾ ਮੰਨਦੇ ਹੋ ਤਾਂ ਫ਼ਿਰ ਪਾਤਰ ਨੂੰ ਵੀ ਉਸਦੇ 'ਹਾਅ ਦੇ ਨਾਹਰੇ' ਲਈ ਨੰਬਰ ਦਿੱਤੇ ਜਾ ਸਕਦੇ ਹਨ

ਤੁਸੀਂ ਲਿਖਿਆ, 'ਤੁਹਾਡੇ (ਪਾਤਰ ਦੇ) ਹੱਥ ' ਬਾਬਾ ਫ਼ਰੀਦ ਅਤੇ ਨਾਨਕ ਵਾਲੀ ਮਸ਼ਾਲ ਹੈ' ਇਸ ਸਤਰ ਨਾਲ ਤੁਸੀਂ ਪਾਤਰ ਦਾ ਮਾਣ ਕੀਤਾ ਹੈ ਜਾਂ ਨਹੀਂ ਪਰ ਫਰੀਦ-ਨਾਨਕ ਦਾ ਅਪਮਾਨ ਜ਼ਰੂਰ ਕੀਤਾ ਹੈਰਾਜਪਾਲ ਜੀਓ! ਫਰੀਦ ਤੇ ਨਾਨਕ ਮਹਿਜ਼ ਪੰਜਾਬੀ ਦੇ ਵਧੀਆ ਸ਼ਾਇਰ ਹੀ ਨਹੀਂ ਸਗੋਂ 'ਲੋਕ-ਪੱਖੀ ਵਧੀਆ ਸ਼ਾਇਰ' ਹਨ, ਖ਼ਾਸ ਕਰਕੇ ਨਾਨਕਜਿਸ ਸ਼ਾਇਰ ਦੇ ਹੱਥ ਨਾਨਕ ਵਾਲੀ ਮਸ਼ਾਲ ਹੋਵੇਗੀ ਉਹ 'ਰਾਜੇ ਸ਼ੀਹ ਮੁਕੱਦਮ ਕੁੱਤੇ' ਕੂਕੇਗਾ ..... ਨੀਚਾਂ ਅੰਦਰ ਨੀਚ ਦਾ ਯਾਰ ਹੋਵੇਗਾ ..... ਸ਼ਾਹੀ ਪਕਵਾਨਾਂ ਥਾਵੇਂ ਰੁੱਖੀ ਮਿੱਸੀ ਵਾਲਿਆਂ ਦਾ ਤਲਬਗ਼ਾਰ ਹੋਵੇਗਾਉਸਨੂੰ ਕੋਈ 'ਬਾਬਰ' ਪਦਮ-ਸ਼੍ਰੀ ਨਈਂ ਦੇਣ ਲੱਗਾਪਾਤਰ ਦੀ ਸ਼ਾਇਰੀ ਅਤੇ ਹੁਣ ਤੀਕ ਦੇ ਸਟੈਂਡ ਸਿੱਧ ਕਰਦੇ ਹਨ ਕਿ ਉਸਦੇ ਹੱਥ 'ਚ ਜੇ ਕੋਈ ਮਸ਼ਾਲ ਹੈ ਤਾਂ ਉਹ ਫ਼ਰੀਦ-ਨਾਨਕ ਵਾਲੀ ਹਰਗਿਜ਼ ਨਹੀਂ

ਭੋਲ਼ੇ ਰਾਜਪਾਲ, ਪਾਤਰ ਦਾ ਕਦੇ ਵੀ ਪੰਜਾਬ-ਪੰਜਾਬੀ ਅਤੇ ਪੰਜਾਬੀਅਤ ਲਈ ਹਾਅ ਦਾ ਨਾਹਰਾ ਮਾਰਨ ਜਾਂ ਡਟਣ ਦਾ ਪ੍ਰੋਗ੍ਰਾਮ/ਏਜੰਡਾ ਨਹੀਂ ਰਿਹਾ (ਪੜ੍ਹੋ ਪਾਸ਼, ਉਦਾਸੀ, ਦਿਲ ਅਤੇ ਪਾਤਰ ਦੇ ਸਮਕਾਲੀ ਕੁਝ ਹੋਰ ਲੋਕ ਪੱਖੀ ਸ਼ਾਇਰਾਂ ਦੀਆਂ ਉਸ ਪ੍ਰਤੀ ਦਲੀਲਾਂ) ਉਹ ਅਸਲ ਵਿੱਚ ਦੁੱਖ ਦਰਦ ਦੇ ਬਾਹਰੀ ਚੌਖਟੇ ਨੂੰ ਘੜਨ-ਜੜਨ ਵਾਲਾ ਜ਼ਹੀਨ-ਭੁਲੇਖਾਪਾਊ ਕਾਰੀਗਰ ਹੈਦੁੱਖ ਦਰਦ ਦਾ ਇਹ ਚੌਖਟਾ ਘੜਦੇ ਸਮੇਂ ਉਸਦੇ ਚੇਤਨ ਵਿੱਚ ਉਹ ਰੁਮਾਂਸਵਾਦੀ ਪਲ ਹੁੰਦੇ ਹਨ ਜਦ ਇਸ ਚੌਖਟੇ ਚੋਂ ਲੰਘ ਕੇ ਕਿਸੇ ਨੇ ਉਸਨੂੰ 'ਸਾਹੀ ਅੰਦਾਜ਼' 'ਚ ਭਰਪੂਰ ਦਾਦ ਦੇਣੀ ਹੁੰਦੀ ਹੈ ਅਤੇ ਅਪਣੇ ਮਾਲਿਕਾਂ ਕੋਲ ਏਸ ਕਾਰੀਗਰ ਲਈ ਇਨਾਮ-ਇਕਰਾਮ ਦੀ ਸਿਫਾਰਸ਼ ਕਰਨੀ ਹੁੰਦੀ ਹੈਇਸ ਸਭ ਲਈ ਦੁੱਖ ਦਰਦ ਦਾ ਚੌਖਟਾ ਕਾਇਮ ਰਹਿਣਾ ਅਤੇ ਦਿਸਣਾ ਪਹਿਲੀ ਸ਼ਰਤ ਹੈਇਹ ਚੌਖਟਾ ਜਿਵੇਂ 'ਪਾਤਰਾਂ' ਲਈ 'ਕਾਮਧੇਨ ਗਊ' ਹੈਜਦ ਕਿ ਅਸਲ ਲੋਕ-ਪੱਖੀ ਸ਼ਾਇਰਾਂ ਦਾ ਮੂਲ ਮੁੱਦਾ ਤਾਂ ਇਸ ਦੁੱਖ ਦਰਦ ਨੂੰ ਜੜ੍ਹੋਂ ਪੁੱਟਣ ਦਾ ਹੁੰਦਾ ਹੈ ਨਾ ਕਿ ਇਸਨੂੰ 'ਪਾਤਰ' ਵਾਂਗ ਕੈਸ਼ ਕਰਨ ਦਾ

ਇੱਕ ਗੱਲ ਹੋਰ, ਤੇਰੇ ਜਾਂ ਮੇਰੇ ਵਰਗਿਆਂ ਦੇ ਖੁੱਲ੍ਹੇ ਜਾਂ ਬੰਦ ਖ਼ਤਾਂ ਨਾਲ 'ਪਾਤਰ' ਨੇ ਦਿੱਲੀ ਦਰਬਾਰੋਂ 'ਪਦਮ ਸ਼੍ਰੀ' ਲੈਣ ਜਾਣੋ ਰੁਕ ਨਈਂ ਜਾਣਾਹਾਲੇ ਬਹੁਤਾ ਸਮਾਂ ਨਈਂ ਹੋਇਆ ਤੇਰੇ-ਮੇਰੇ ਵਰਗਿਆਂ ਇਸਨੂੰ ਭਾਸ਼ਾ ਵਿਭਾਗ ਦਾ ਇਨਾਮ ਲੈਣ ਤੋਂ ਰੋਕਣ ਲਈ ਖ਼ਤ ਲਿਖੇ ਸਨ, ਜਿਸ ਚੱਕਰ 'ਚ ਇਸਨੂੰ ਹਾਰਟ-ਅਟੈਕ ਵੀ ਹੋ ਗਿਆ ਸੀ, ਪਰ ਇਸਨੇ ਇਨਾਮ ਲੈ ਲਿਆ ਸੀ ਅਸਲ 'ਚ ਪਦਮ-ਸ੍ਰੀ ਤਾਂ ਉਸਦੇ ਗਿਣੇ ਮਿਥੇ ਏਜੰਡੇ ਦਾ ਇੱਕ ਪੜਾਅ ਹੈ, ਜਿਸਦਾ ਅਗਲਾ ਪੜਾਅ 'ਰਾਜ ਸਭਾ ਦੀ ਮੈਂਬਰੀ' ਹੈ 'ਪਦਮ ਸ਼੍ਰੀ' ਲੈਣ ਦੀ ਮੁਢਲੀ ਸ਼ਰਤ ਵਜੋਂ ਹਾਲ ਹੀ ਵਿੱਚ ਪਾਤਰ ਨੇ ਭਾਰਤ ਸਰਕਾਰ ਦੇ ਵਫ਼ਦ ਨਾਲ ਬਤੌਰ 'ਸਰਕਾਰੀਆ ਕਵੀ' ਬਣ ਕੇ ਵਿਦੇਸ਼ਾਂ ਦਾ ਟੂਰ ਲਾਇਆ ਸੀ ਅਤੇ ਵਿਦੇਸ਼ੀ ਵਸਦੇ ਉਹਨਾਂ 'ਸਕਿਆਂ' ਕੋਲ ਵੀ ਇਸ ਦੀ 'ਧੂ ਨਈਂ ਕੱਢੀ' ਜਿਹਨਾਂ ਇਸ ਸਰਕਾਰੀ ਦੌਰੇ ਦੌਰਾਨ ਉਸਦੀ ਉਚੇਚੀ ਗ਼ੈਰ-ਸਰਕਾਰੀ ਆਉ ਭਗਤ ਅੱਡੀਆਂ ਚੁੱਕ ਚੁੱਕ ਕੀਤੀ

ਬਕੌਲ ਲੋਕ ਕਵੀ ਉਲਫ਼ਤ ਬਾਜਵਾ:

ਕਵੀ ਸਰਕਾਰੀਏ ਉਲਫ਼ਤ, ਸਦਾ ਗੁਣ ਗਾਉਣ ਹਾਕਿਮ ਦੇ
ਇਨਾਮਾਂ ਤੇ ਜੋ ਮਰਦੇ ਨੇ, ਇਹਨਾਂ ਲੋਕਾਂ ਨੂੰ ਕੀ ਕਹੀਏ


ਉਂਕਾਰਪ੍ਰੀਤ, ਟਰਾਂਟੋ (ਕੈਨੇਡਾ)



ਰਾਜਪਾਲ ਸੰਧੂ - ਪਾਤਰ ਸਾਹਿਬ ਦੇ ਨਾਂ – ਇਕ ਖੁੱਲ੍ਹਾ ਖ਼ਤ

ਪਾਤਰ ਸਾਹਿਬ ਦੇ ਨਾਂ ਤੇ ਖੁੱਲ੍ਹਾ ਖ਼ਤ
ਖ਼ਤ


ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਅਵਾਰਡ ਛੱਜ 'ਚ ਪਾ ਕੇ ਵੰਡੇ ਜਾ ਰਹੇ ਹਨ ਜਦੋਂ ਅਵਾਰਡ ਦੇਣ ਵਾਲਾ ਹੁਕਮਰਾਨ ਔਥੈਂਟਿਕ ਨਹੀਂ ਹੈ, ਤਾਂ ਇਹਨਾਂ ਪੁਰਸਕਾਰਾਂ ਦੀ ਗਰਿਮਾ, ਸ਼ਾਨ ਅਤੇ ਸੁੱਚਤਾ ਵੀ ਉਤਨੀ ਹੀ ਰਹਿ ਗਈ ਜਿਤਨੀ ਬਾਮਾ ਨੂੰ ਮਿਲਣ ਤੋਂ ਬਾਅਦ ਨੋਬਲ 'ਸ਼ਾਂਤੀ' ਪੁਰਸਕਾਰ ਦੀ
-----
ਸੁਰਜੀਤ ਪਾਤਰ ਸਾਹਿਬ! ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ ਤਾਂ ਤੁਹਾਨੂੰ ਇਹ 'ਪਦਮਸ਼੍ਰੀ' ਨਹੀਂ ਕਬੂਲ ਕਰਨਾ ਚਾਹੀਦਾ ਹਨੇਰੇ ਕੋਲ ਹਰੇਕ ਸ਼ੱਮ੍ਹਾ ਨੂੰ ਖ਼ਾਮੋਸ਼ ਕਰਨ ਦਾ ਢੰਗ ਹੁੰਦਾ ਹੈ ਤਾਰੀਖ਼ ਇਸ ਦੀ ਗਵਾਹ ਹੈ ਇਕ ਵਕ਼ਤ ਸੀ ਜਦ ਤੁਸੀਂ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਅੱਜ ਵੀ ਉਹੀ ਦਿੱਲੀ ਹੈ ਉਹੀ ਹਾਕਮ ਨੇ ਕੁਝ ਵੀ ਬਦਲਿਆ ਨਹੀਂ ਹੈਤੁਸੀਂ ਘੱਟ ਗਿਣਤੀ ਨਾਲ ਨਹੀਂ , ਦੁਨੀਆਂ ਦੀ ਸਭ ਤੋਂ ਵੱਡੀ ਬਹੁ ਗਿਣਤੀ ਨਾਲ ਸੰਬੱਧ ਰਖਦੇ ਹੋ - ਬਹੁਗਿਣਤੀ ਜੋ ਉਦਾਸ ਹੈ , ਖ਼ਾਮੋਸ਼ ਹੈ, ਏਨੇ ਚਸ਼ਮਿਆਂ ਦੇ ਬਾਵਜੂਦ ਪਿਆਸੀ, ਇੰਨੇ ਚਾਨਣ ਦੇ ਬਾਵਜੂਦ ਹਨੇਰੇ ਵਿਚ ਹੈ, ਤੁਸੀਂ ਉਸਦੀ ਜ਼ੁਬਾਨ ਹੋ
-----
ਤੁਹਾਡੇ ਹੱਥ ਵਿਚ ਬਾਬਾ ਫ਼ਰੀਦ ਤੇ ਬਾਬਾ ਨਾਨਕ ਵਾਲੀ ਮਸ਼ਾਲ ਹੈ ਯਾਦ ਰਹੇ ਕਿ ਹਨੇਰੇ ਨੂੰ ਚੀਰਨ ਲਈ ਮਸ਼ਾਲ ਲੈ ਕੇ ਤੁਰਦੇ ਸ਼ੱਮ੍ਹਾਦਾਨਾਂ ਦੀ ਕਥਨੀ ਤੇ ਕਰਨੀ ਵਿਚ ਫ਼ਰਕ ਨਹੀਂ ਹੋਣਾ ਚਾਹੀਦਾ, ਉਹ ਵੀ ਜਦੋਂ ਕਿ ਉਹ ਕੌਮ ਦੇ ਖ਼ਾਨਾਬਦੋਸ਼ ਨੌਜਵਾਨਾਂ ਦੀ ਉਮੀਦ ਹੋਣ ਇਨਕਲਾਬੀ ਜੋਧੇ ਭਗਤ ਸਿੰਘ ਨੂੰ 'ਗਾਂਧੀਵਾਦੀ' ਤੋ "ਅੱਤਵਾਦੀ' ਣਾਉਣ ਵਾਲਾ ਖ਼ੁਦ ਉਹੀ ਦੋਗਲਾ ਮੋਹਨ ਦਾਸ ਸੀ ਜਿਸ ਨੇ ਅਸਹਿਜੋਗ ਅੰਦੋਲਨ ਦੀ ਛੂਕਦੀ ਗੱਡੀ ਨੂੰ ਯਕਦਮ ਬਰੇਕਾਂ ਲਾ ਕੇ ਪੂਰੇ ਦੇਸ਼ ਨੂੰ ਪੱਟੜੀ ਤੋਂ ਲਾਹ ਮਾਰਿਆ ਸੀ
------
ਪਾਤਰ ਸਾਹਿਬ ਜੀ!! ਅੱਜ ਉਹੀ ਪੱਤੇ, ਬੂਟੇ, ਡਾਲੀਆਂ ਪੁਕਾਰ ਰਹਿ ਨੇ ਕਿ ਪੰਜਾਬ ਨੂੰ ਲਗੀ ਨਜ਼ਰ ਅਜੇ ਲੱਥੀ ਨਹੀਂ, ਤੇ ਹੁਣ ਇਕ ਪੰਜਾਬ ਦਾ ਸ਼ਾਇਰ ਕੌਮ ਦੀ ਅੱਧ ਸੜੀ ਪੱਗ ਸਿਰ ਤੇ ਵਲ਼ ਕੇ ਦਿੱਲੀ ਮਿਰਚਾਂ ਲੈਣ ਜਾਂਦਾ ਸ਼ੋਭਦਾ ਨਹੀਂ ਉਹ ਕਿੱਕਰਾਂ, ਟਾਹਲੀਆਂ, ਧ੍ਰੇਕਾਂ, ਨਿੰਮਾਂ ਤੇ ਉਹਨਾਂ ਸਾਫ਼ ਦਿਲ ਨੇਕ ਪਿੱਪਲਾਂ ਨੂੰ ਧੌਖਾ ਨਾ ਦੇ ਜਾਇਓ ਜਿਨ੍ਹਾਂ ਦੀ ਛਾਵੇਂ ਤੁਸੀਂ ਮੁੜ ਆ ਕੇ ਬਹਿਣ ਦਾ ਵਾਦਾ ਕੀਤਾ ਹੈ ਹਨੇਰਾ ਤਾਂ ਝੂਮਰ ਨਾਚ ਨੱਚਦਾ ਸਭ ਕੁਝ ਜਰ ਜਾਵੇਗਾ ਪਰ ਉਹ ਸ਼ੱਮ੍ਹਾਦਾਨ ਕੀ ਕਹਿਣਗੇ ਜਿਨ੍ਹਾਂ ਤੁਹਾਨੂੰ ਬਹੁਤ ਪਹਿਲਾਂ ਹੀ ਪਦਮ ਸ਼੍ਰੀ ਨਾਲ ਨਿਵਾਜ ਦਿੱਤਾ ਸੀ ਖ਼ੁਸ਼ਵੰਤ ਸਿੰਘ ਤੇ ਮੁੰਹਮਦ ਅਲੀ ਵਾਂਗ ਬਾਅਦ ਵਿਚ ਇਹ ਧਾਤੂ ਦੇ ਟੁਕੜੇ ਨੂੰ ਗੰਗਾ ਵਿਚ ਰੋੜ੍ਹਣ ਨਾਲੋ ਚੰਗਾ ਹੈ ਹੁਣੇ ਹੀ ਇਨਕਾਰ ਕਰ ਦਿਉ

ਤੁਹਾਡੀ ਜਗਾਈ ਇਕ ਮੋਮਬੱਤੀ
ਰਾਜਪਾਲ ਸੰਧੂ ਸਿਡਨੀ ਆਸਟ੍ਰੇਲੀਆ