ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, August 20, 2010

ਸਾਧੂ ਬਿਨਿੰਗ - ਅਸੀਂ ਪੰਜਾਬੀ ਬੋਲੀ ਬਾਰੇ ਕੀ ਕਰ ਸਕਦੇ ਹਾਂ? - ਲੇਖ

ਅਸੀਂ ਪੰਜਾਬੀ ਬੋਲੀ ਬਾਰੇ ਕੀ ਕਰ ਸਕਦੇ ਹਾਂ?

ਲੇਖ

ਪੰਜਾਬੀ ਬੋਲੀ ਦੇ ਮਸਲੇ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਕੰਮ ਕਰਦਿਆਂ ਕੁਝ ਬੜੇ ਦਿਲਚਸਪ ਤਜਰਬੇ ਹੋਏ ਹਨ। ਇੱਕ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ: ਕਈ ਸੁਹਿਰਦ ਪੰਜਾਬੀ ਬੜੀ ਇਮਾਨਦਾਰੀ ਨਾਲ ਇਹ ਮਹਿਸੂਸ ਕਰਦੇ ਹਨ ਕਿ ਆਪਣੇ ਕੰਮਾਂ ਕਾਰਾਂ ਵਿਚ ਮਸਰੂਫ਼ ਭਲਾ ਉਹ ਪੰਜਾਬੀ ਬੋਲੀ ਲਈ ਕੀ ਕਰ ਸਕਦੇ ਹਨ। ਉਨ੍ਹਾਂ ਮੁਤਾਬਿਕ ਪੰਜਾਬੀ ਬੋਲੀ ਲਈ ਉਹੀ ਲੋਕ ਕੁਝ ਕਰ ਸਕਦੇ ਹਨ ਜਿਨ੍ਹਾਂ ਕੋਲ ਏਦਾਂ ਦੇ ਕੰਮਾਂ ਲਈ ਵਿਹਲਾ ਵਕ਼ਤ ਹੋਵੇ।

-----

ਕੀ ਉਨ੍ਹਾਂ ਦੀ ਇਹ ਗੱਲ ਸਹੀ ਹੈ? ਸ਼ਾਇਦ ਕੁਝ ਹੱਦ ਤੱਕ ਸਹੀ ਵੀ ਹੋਵੇ ਪਰ ਇਸ ਸਵਾਲ ਬਾਰੇ ਸੰਜੀਦਗੀ ਅਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕਰਨ ਨਾਲ ਸਾਡੇ ਸਾਹਮਣੇ ਕਈ ਕੁਝ ਨਵਾਂ ਉਘੜ ਸਕਦਾ ਹੈ। ਇਸ ਮਸਲੇ ਨੂੰ ਅਸੀਂ ਦੋ ਵੱਖਰੇ ਕੋਨਾਂ ਤੋਂ ਵਿਚਾਰ ਸਕਦੇ ਹਾਂ: ਇਕ ਤਾਂ ਬੋਲੀ ਦੇ ਪੱਖੋਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਾਂਭ ਤੇ ਵਿਕਾਸ ਲਈ ਕੀ ਕਰਨ ਦੀ ਲੋੜ ਹੈ ਜਾਂ ਕਹਿ ਲਵੋ ਕਿ ਪੰਜਾਬੀ ਬੋਲੀ ਨਾਲ ਸਬੰਧਤ ਮਸਲਿਆਂ ਦੀ ਸਹੀ ਸਹੀ ਨਿਸ਼ਾਨਦੇਹੀ ਕਰਨ ਦੀ ਲੋੜ ਹੈ ਅਤੇ ਦੂਜਾ ਆਮ ਪੰਜਾਬੀ ਦੇ ਪੱਖੋਂ ਕਿ ਕਨੇਡਾ ਵਿਚ ਪੰਜਾਬੀ ਬੋਲੀ ਲਈ ਉਹ ਕੀ ਕਰ ਸਕਦਾ/ਸਕਦੀ ਹੈ।

-----

ਜਿੱਥੋਂ ਤੱਕ ਪੰਜਾਬੀ ਬੋਲੀ ਦੀ ਸਾਂਭ ਤੇ ਵਿਕਾਸ ਦੀ ਗੱਲ ਹੈ ਅਸਲ ਵਿਚ ਅਜੇ ਸਭ ਕੁਝ ਹੀ ਕਰਨ ਵਾਲਾ ਹੈ। ਪੰਜਾਬੀ ਬੋਲੀ ਨੂੰ ਦੂਜੀਆਂ ਬੋਲੀਆਂ ਦੇ ਨਾਲ ਨਾਲ ਕਨੇਡਾ ਦੀ ਇਕ ਬੋਲੀ ਬਣਾਉਣ ਦੇ ਵੱਡੇ ਤੇ ਔਖੇ ਆਸ਼ੇ ਤੋਂ ਲੈ ਕੇ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੱਕ ਹਜ਼ਾਰਾਂ ਮਸਲੇ ਹਨ ਜਿਨ੍ਹਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਉਦੋਂ ਹੀ ਹੋ ਸਕੇਗਾ ਜਦੋਂ ਪੰਜਾਬੀ ਬੋਲੀ ਦਾ ਮਸਲਾ ਕੁਝ ਲੋਕਾਂ ਵਾਸਤੇ ਸਰਵੋਤਮ ਮਸਲਾ ਬਣੇਗਾ। ਉਂਜ ਤਾਂ ਤਕਰੀਬਨ ਹਰ ਪੰਜਾਬੀ ਆਪਣੀ ਬੋਲੀ ਵਾਸਤੇ ਆਪਣੇ ਅੰਦਰ ਪਿਆਰ ਤੇ ਸਤਿਕਾਰ ਰੱਖਦਾ ਹੈ ਪਰ ਇਸ ਵੇਲੇ ਲੋੜ ਕੁਝ ਉਨ੍ਹਾਂ ਲੋਕਾਂ ਦੀ ਹੈ ਜੋ ਇਸ ਪਾਸੇ ਵੱਲ ਸੰਜੀਦਗੀ ਨਾਲ ਆਪਣਾ ਸਮਾਂ, ਸੂਝ ਤੇ ਸ਼ਕਤੀ ਲਾਉਣ।

-----

ਅਸੀਂ ਆਪਣੇ ਨਿੱਤ ਦਿਨ ਦੇ ਕੰਮਾਂ ਕਾਰਾਂ ਦੌਰਾਨ ਵੀ ਆਪਣੀ ਬੋਲੀ ਵਾਸਤੇ ਕਈ ਕੁਝ ਕਰ ਸਕਦੇ ਹਾਂ। ਇਹ ਵਿਚਾਰ ਪੇਸ਼ ਕਰਨ ਦਾ ਮਕਸਦ ਇਨ੍ਹਾਂ ਬਾਰੇ ਬਹਿਸ ਛੇੜਨ ਦਾ ਵੀ ਹੈ ਇਸ ਲਈ ਕਿਸੇ ਵੀ ਪਾਠਕ ਵਲੋਂ ਕੋਈ ਵੀ ਵਿਚਾਰ ਸੁਣ ਕੇ ਲੇਖਕ ਨੂੰ ਖ਼ੁਸ਼ੀ ਹੋਵੇਗੀ ਅਤੇ ਸ਼ਾਇਦ ਇਸ ਗੱਲ ਦਾ ਅਹਿਸਾਸ ਵੀ ਕਿ ਕੋਈ ਉਸ ਦੀ ਗੱਲ ਸੁਣ ਰਿਹਾ ਹੈ।

-----

ਜੇ ਤੁਸੀਂ ਸਿਆਸਤਦਾਨ ਹੋ ਤਾਂ ---

ਪੰਜਾਬੀ ਪਿਛੋਕੜ ਦੇ ਸਿਆਸਤਦਾਨ ਦੇ ਤੌਰ ਤੇ ਤੁਹਾਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਬੋਲੀ ਪਿਛਲੇ 111 ਵਰ੍ਹਿਆਂ ਤੋਂ (ਪੰਜਾਬੀ ਪਹਿਲਾਂ ਏਥੇ 1897 ਵਿਚ ਪਹੁੰਚੇ) ਕਨੇਡਾ ਵਿਚ ਵਰਤੀ ਜਾ ਰਹੀ ਹੈ ਅਤੇ ਇਸ ਦੀ ਵਰਤੋਂ ਲੋਕਾਂ ਨੇ ਸਿਰਫ਼ ਆਪਸ ਵਿਚ ਗੱਲਬਾਤ ਕਰਨ ਲਈ ਹੀ ਨਹੀਂ ਕੀਤੀ ਸਗੋਂ ਕੰਮਾਂ ਕਾਰਾਂ ਵਿਚ ਵੀ ਕੀਤੀ ਹੈ ਅਤੇ ਕਰ ਰਹੇ ਹਨ। ਇਸ ਤਰ੍ਹਾਂ ਇਸ ਮੁਲਕ ਦੇ ਵਿਕਾਸ ਵਿਚ ਵੀ ਇਸ ਬੋਲੀ ਨੇ ਹਿੱਸਾ ਪਾਇਆ ਹੈ ਅਤੇ ਪਾ ਰਹੀ ਹੈ। ਅਜੇ ਤੱਕ ਇਸ ਮੁਲਕ ਨੇ ਇਸ ਬੋਲੀ ਨੂੰ ਕਿਸੇ ਕਿਸਮ ਦੀ ਕੋਈ ਮਾਨਤਾ (ਬੀ ਸੀ ਨੂੰ ਛੱਡ ਕੇ) ਨਹੀਂ ਦਿੱਤੀ ਅਤੇ ਨਾ ਹੀ ਇਸ ਦੀ ਸਿਹਤ ਲਈ ਕੋਈ ਦਮੜਾ ਖ਼ਰਚਿਆ ਹੈ। ਕਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਉੱਪਰ ਇਸ ਮੁਲਕ ਵਲੋਂ ਬੇਸ਼ੁਮਾਰ ਪੈਸਾ ਖ਼ਰਚਿਆ ਜਾਂਦਾ ਹੈ। ਅਸੀਂ ਉਨ੍ਹਾਂ ਦੀ ਬਰਾਬਰੀ ਕਰਨ ਦੀ ਗੱਲ ਤਾਂ ਨਹੀਂ ਕਰ ਰਹੇ ਪਰ ਸਾਡੇ ਟੈਕਸ ਦੇ ਪੈਸਿਆਂ ਵਿਚੋਂ ਜੇ ਇਕ ਅੱਧ ਪੈਨੀ ਪੰਜਾਬੀ ਬੋਲੀ ਦੇ ਵਿਕਾਸ ਲਈ ਵਰਤਣ ਦੀ ਮੰਗ ਕੀਤੀ ਜਾਵੇ ਤਾਂ ਉਹ ਕੋਈ ਏਨੀ ਗ਼ਲਤ ਵੀ ਨਹੀਂ ਹੋਵੇਗੀ। ਤੁਹਾਨੂੰ ਕਨੇਡਾ ਵਿਚ ਪੰਜਾਬੀ ਬੋਲੀ ਦੀਆਂ ਲੋੜਾਂ ਨੂੰ ਧਿਆਨ ਨਾਲ ਸਮਝਣਾ ਤੇ ਜਿੱਥੇ ਵੀ ਮੌਕਾ ਮਿਲੇ ਇਸ ਨੂੰ ਸਰਕਾਰੀ ਅਦਾਰਿਆਂ ਵਿਚ ਦੂਜੀਆਂ ਬੋਲੀਆਂ ਦੇ ਬਰਾਬਰ ਦਾ ਦਰਜਾ ਦੁਆਉਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

------

ਜੇ ਤੁਸੀਂ ਵੋਟਰ ਹੋ ਤਾਂ ---

ਜਦੋਂ ਸਿਆਸੀ ਲੋਕ, ਖ਼ਾਸ ਕਰ ਪੰਜਾਬੀ ਪਿਛੋਕੜ ਦੇ ਸਿਆਸੀ ਲੋਕ, ਤੁਹਾਡੇ ਕੋਲ ਮਦਦ ਲਈ ਆਉਣ ਤਾਂ ਹੋਰ ਮਸਲਿਆਂ ਦੇ ਨਾਲ ਨਾਲ ਉਨ੍ਹਾਂ ਨਾਲ ਪੰਜਾਬੀ ਬੋਲੀ ਦਾ ਮਸਲਾ ਵੀ ਵਿਚਾਰੋ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਵੋ ਕਿ ਉਨ੍ਹਾਂ ਨੂੰ ਤੁਹਾਡੀ ਬੋਲੀ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਦੱਸੋ ਕਿ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਦੀ ਵਿੱਦਿਆ ਦਿਵਾਉਣ ਦਾ ਹੱਕਖ ਤੁਹਾਡੇ ਜਮਾਂਦਰੂ ਹੱਕਾਂ ਵਿਚ ਸ਼ਾਮਿਲ ਹੈ ਇਸ ਕਰਕੇ ਬੱਚਿਆਂ ਦੀ ਸਕੂਲੀ ਪੜ੍ਹਾਈ ਵਿਚ ਉਨ੍ਹਾਂ ਦੀ ਬੋਲੀ ਵੀ ਸ਼ਾਮਿਲ ਹੋਣੀ ਚਾਹੀਦੀ ਹੈ. ਇਸ ਨੂੰ ਸਕੂਲਾਂ ਵਿਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਪੜ੍ਹਾਉਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਵੋਟ ਪਾਉਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਕਿਹੜੇ ਉਮੀਦਵਾਰ ਨੇ ਪੰਜਾਬੀ ਲਈ ਕੀ ਕਰਨ ਦਾ ਵਾਇਦਾ ਕੀਤਾ ਸੀ।

-----

ਜੇ ਤੁਸੀਂ ਸਕੂਲੇ ਪੜ੍ਹਦੇ ਬੱਚਿਆਂ ਦੇ ਮਾਪੇ ਹੋ ਤਾਂ ---

ਇਸ ਗੱਲ ਤੋਂ ਜਾਣੂ ਹੋਵੋ ਕਿ ਤੁਹਾਡੇ ਬੱਚਿਆਂ ਵਾਸਤੇ ਦੂਜੀ ਭਾਸ਼ਾ ਦੇ ਤੌਰ ਤੇ ਪੰਜਾਬੀ ਪੜ੍ਹਨੀ ਹਰ ਪੱਖੋਂ ਫਾਇਦੇਮੰਦ ਹੈ। ਨਾਲ ਹੀ ਇਸ ਗੱਲ ਤੋਂ ਵੀ ਜਾਣੂ ਹੋਵੋ ਕਿ ਕਨੇਡਾ ਇਕ ਬਹੁ-ਸਭਿਆਚਾਰਕ ਤੇ ਦੁਨੀਆਂ ਭਰ ਵਿਚੋਂ ਇਕ ਵਧੀਆ ਮੁਲਕ ਹੈ ਇੱਥੇ ਤੁਹਾਨੂੰ ਆਪਣੇ ਸਭਿਆਚਾਰ ਨੂੰ ਕਾਇਮ ਰੱਖਣ ਦਾ ਕਾਨੂੰਨੀ ਤੌਰ ਤੇ ਹੱਕ਼ ਹੈ। ਬੋਲੀ ਕਿਸੇ ਵੀ ਸਭਿਆਚਾਰ ਦਾ ਸਭ ਤੋਂ ਅਹਿਮ ਅੰਗ ਹੁੰਦੀ ਹੈ। ਇਸ ਦੀ ਸਕੂਲਾਂ ਵਿਚ ਮੰਗ ਕਰਨ ਨਾਲ ਤੁਹਾਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਵੇਗਾ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਈ ਕਿਸਮ ਦੇ ਫਾਇਦੇ ਹੋ ਸਕਦੇ ਹਨ। ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਪਤਾ ਲਵੋ ਕਿ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਹਨ ਕੀ ਉੱਥੇ ਹੋਰ ਪੰਜਾਬੀ ਬੱਚੇ ਵੀ ਪੜ੍ਹਦੇ ਹਨ। ਜੇ ਪੜ੍ਹਦੇ ਹੋਣ ਤਾਂ ਉਨ੍ਹਾਂ ਨਾਲ ਮਿਲ ਕੇ ਉਸ ਸਕੂਲ ਵਿਚ ਪੰਜਾਬੀ ਪੜ੍ਹਾਏ ਜਾਣ ਦੀ ਸੰਭਾਵਨਾ ਨੂੰ ਵਿਚਾਰੋ। ਇਹ ਤੁਹਾਡਾ ਹੱਕ ਹੈ. ਬੀ ਸੀ ਵਿਚ ਤਾਂ ਪੰਜਾਬੀ ਦੂਜੀ ਭਾਸ਼ਾ ਦੇ ਤੌਰ ਤੇ ਪੜ੍ਹਾਏ ਜਾਣ ਦਾ ਹੱਕ ਸਾਫ ਤੌਰ ਤੇ ਮਿਲਿਆ ਹੋਇਆ ਹੈ। ਹੁਣ ਅਲਬਰਟਾ ਵਿਚ ਵੀ ਇਸ ਕਿਸਮ ਦੀ ਆਸ ਬੱਝ ਰਹੀ ਹੈ, ਪਰ ਇਨ੍ਹਾਂ ਤੋਂ ਬਿਨਾਂ ਵੀ ਕੇਂਦਰ ਦੀ ਸਰਕਾਰ ਦਾ ਇਕ ਬੜਾ ਪੁਰਾਣਾ ਕਾਨੂੰਨ ਹੈ ਜਿਸ ਰਾਹੀਂ ਕਿਸੇ ਸਕੂਲ ਵਿਚ ਪੜ੍ਹਦੇ ਵੀਹ ਤੋਂ ਵੱਧ ਬੱਚੇ ਹੈਰੀਟੇਜ ਭਾਸ਼ਾ ਪੜ੍ਹਨ ਦੀ ਮੰਗ ਕਰ ਸਕਦੇ ਹਨ।

-----

ਜੇ ਤੁਸੀਂ ਵਪਾਰ (ਬਿਜ਼ਨੈੱਸ) ਕਰਦੇ ਹੋ ਤਾਂ ---

ਜਿੱਥੇ ਵੀ ਸੰਭਵ ਹੋ ਸਕੇ ਆਪਣੇ ਵਪਾਰਾਂ ਦੇ ਨਾਂਅ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਵੀ ਲਿਖੋ। ਬੋਲੀ ਦਾ ਦਿਸਣਾ ਬਹੁਤ ਮਹੱਤਪੂਰਨ ਹੁੰਦਾ ਹੈ, ਖ਼ਾਸ ਤੌਰ ਤੇ ਬੱਚਿਆਂ ਵਾਸਤੇ। ਜੇ ਉਹ ਪੰਜਾਬੀ ਅੱਖਰਾਂ ਵਿਚ ਲਿਖੇ ਬੋਰਡ ਦੇਖਣਗੇ ਤਾਂ ਉਨ੍ਹਾਂ ਲਈ ਇਹ ਅੱਖਰ ਓਪਰੇ ਨਹੀਂ ਰਹਿਣਗੇ, ਉਨ੍ਹਾਂ ਨੂੰ ਆਪਣੇ ਆਪਣੇ ਲੱਗਣਗੇ। ਇਸ ਮੁਲਕ ਵਿਚ ਇਹ ਕਰਨਾ ਕੋਈ ਗ਼ੈਰ ਕਾਨੂੰਨੀ ਗੱਲ ਨਹੀਂ ਹੈ। ਜ਼ਰਾ ਦੂਜੇ ਭਾਈਚਾਰਿਆਂ ਵੱਲ ਨਿਗ੍ਹਾ ਮਾਰੋ। ਕਿਸੇ ਚਾਈਨਾ ਟਾਊਨ ਵਿਚ ਜਾ ਕੇ ਦੇਖੋ ਤੁਹਾਨੂੰ ਇਹ ਗੱਲ ਪ੍ਰਤੱਖ ਦਿਸੇਗੀ। ਦੂਜੀ ਗੱਲ ਜੋ ਵਪਾਰੀ ਵੀਰ ਕਰ ਸਕਦੇ ਹਨ ਅਤੇ ਕਰਦੇ ਵੀ ਹਨ, ਉਹ ਹੈ ਉਨ੍ਹਾਂ ਅਦਾਰਿਆਂ ਨੂੰ ਆਪਣੇ ਇਸ਼ਤਿਹਾਰ ਜਾਂ ਹੋਰ ਮਾਲੀ ਇਮਦਾਦ ਦੇਣੀ ਜੋ ਪੰਜਾਬੀ ਬੋਲੀ ਦਾ ਮਿਆਰੀ ਵਿਕਾਸ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹੋਣ।

-----

ਜੇ ਤੁਸੀਂ ਖ਼ਰੀਦਦਾਰ (ਸ਼ੌਪਰ) ਹੋ ਤਾਂ ---

ਆਪਣੀਆਂ ਉਨ੍ਹਾਂ ਦੁਕਾਨਾਂ ਨੂੰ ਤਰਜੀਹ ਦੇਵੋ ਜਿਨ੍ਹਾਂ ਨੇ ਅੰਗਰੇਜ਼ੀ ਦੇ ਨਾਲ ਨਾਲ ਆਪਣੇ ਨਾਂਅ ਪੰਜਾਬੀ ਵਿਚ ਵੀ ਲਿਖੇ ਹੋਏ ਹੋਣ। ਉਨ੍ਹਾਂ ਵਪਾਰੀਆਂ ਨਾਲ ਕਾਰੋਬਾਰ ਕਰਨ ਨੂੰ ਪਹਿਲ ਦੇਵੋ ਜੋ ਵਧੀਆ ਪੰਜਾਬੀ ਅਦਾਰਿਆਂ ਨੂੰ ਆਪਣੇ ਇਸ਼ਤਿਹਾਰ ਦਿੰਦੇ ਹਨ। ਇਸ ਨਾਲ ਤੁਸੀਂ ਆਪਣੀਆਂ ਲੋੜਾਂ ਵੀ ਪੂਰੀਆਂ ਕਰ ਰਹੇ ਹੋਵੋਗੇ ਅਤੇ ਨਾਲ ਹੀ ਆਪਣੀ ਬੋਲੀ ਲਈ ਵੀ ਕੁਝ ਕਰ ਰਹੇ ਹੋਵੋਗੇ।

-----

ਜੇ ਤੁਸੀਂ ਹਵਾਈ ਸਫ਼ਰ ਕਰਦੇ ਹੋ ਤਾਂ ---

ਪੰਜਾਬੀ ਇਸ ਵੇਲੇ ਦੁਨੀਆਂ ਦੇ 125 ਮੁਲਕਾਂ ਵਿਚ ਵਸਦੇ ਹਨ। ਖ਼ਾਸ ਕਰ ਇੰਗਲੈਂਡ, ਕਨੇਡਾ ਤੇ ਅਮਰੀਕਾ ਦੇ ਪੰਜਾਬੀ ਹਰ ਵਰ੍ਹੇ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਨੂੰ ਜਾਂ ਇਨ੍ਹਾਂ ਮੁਲਕਾਂ ਵਿਚ ਇਕ ਦੂਜੇ ਨੂੰ ਮਿਲਣ ਲਈ ਹਵਾਈ ਸਫ਼ਰ ਕਰਦੇ ਹਨ। ਅਸੀਂ ਬੇਸ਼ੁਮਾਰ ਪੈਸਾ ਇਨ੍ਹਾਂ ਏਅਰ ਲਾਈਨਾਂ ਨੂੰ ਦਿੰਦੇ ਹਾਂ। ਜੇ ਅਸੀਂ ਇਨ੍ਹਾਂ ਤੋਂ ( ਜਿੱਥੇ ਵੀ ਇਗ ਗੱਲ ਜਾਇਜ਼ ਲੱਗੇ) ਮੰਗ ਕਰੀਏ ਕਿ ਉਹ ਉਨ੍ਹਾਂ ਫਲਾਈਟਾਂ ਵਿਚ ਪੰਜਾਬੀ ਭੋਜਨ, ਪੰਜਾਬੀ ਸੰਗੀਤ ਤੇ ਪੰਜਾਬੀ ਫਿਲਮਾਂ (ਹੁਣ ਦੋ ਚਾਰ ਤਾਂ ਦੇਖਣ ਯੋਗ ਕਹੀਆਂ ਜਾ ਸਕਦੀਆਂ ਹਨ) ਦਿਖਾਉਣ ਤਾਂ ਜ਼ਰਾ ਅੰਦਾਜ਼ਾ ਲਾ ਕੇ ਦੇਖੋ ਕਿ ਇਸ ਨਾਲ ਸਾਡੇ ਇਨ੍ਹਾਂ ਵਪਾਰਾਂ ਨੂੰ ਕਿੰਨਾਂ ਵੱਡਾ ਹੁਲਾਰਾ ਮਿਲੇਗਾ। ਜੇ ਅਸੀਂ ਹੌਂਸਲੇ ਨਾਲ ਮੰਗ ਕਰੀਏ ਤਾਂ ਸੰਗੀਤ ਤਾਂ ਉਹ ਇਕ ਪੱਲ ਵਿਚ ਸ਼ੁਰੂ ਕਰ ਸਕਦੇ ਹਨ। ਹਰ ਫਲਾਈਟ ਵਿਚ ਸੰਗੀਤ ਦੇ ਕਈ ਚੈਨਲ ਹੁੰਦੇ ਹਨ ਇਕ ਉਹ ਪੰਜਾਬੀ ਦਾ ਵੀ ਚਾਲੂ ਕਰ ਸਕਦੇ ਹਨ। ਸ਼ਾਇਦ ਕੁਝ ਇਕ ਨੇ ਇਹ ਕੀਤਾ ਵੀ ਹੋਵੇ. ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹ ਗੱਲ ਬੜੀ ਅਸਾਨੀ ਨਾਲ ਮੰਨਵਾਈ ਜਾ ਸਕਦੀ ਹੈ। ਲੋੜ ਸਿਰਫ ਕੁਝ ਵੱਡੇ ਅਦਾਰਿਆਂ ਵਲੋਂ ਅਤੇ ਸਾਡੇ ਕੁਝ ਲੀਡਰਾਂ ਵਲੋਂ ਇਸ ਵੱਲ ਧਿਆਨ ਦੇਣ ਦੀ ਹੈ, ਪਰ ਇਹ ਗੱਲ ਤਾਂ ਹੀ ਹੋ ਸਕਦੀ ਹੈ ਜਦੋਂ ਤੁਸੀਂ, ਹਵਾਈ ਸਫ਼ਰ ਕਰਨ ਵਾਲੇ ਪੰਜਾਬੀ ਇਸ ਦੀ ਮੰਗ ਕਰੋ।

-----

ਜੇ ਤੁਹਾਨੂੰ ਪੰਜਾਬ ਵਿਚ ਪੰਜਾਬੀ ਦੀ ਸਥਿਤੀ ਤੇ ਗ਼ੁੱਸਾ ਆ ਰਿਹਾ ਹੈ ਤਾਂ ---

ਜਦੋਂ ਵੀ ਪੰਜਾਬੀ ਦੀ ਗੱਲ ਕਰੋ (ਖ਼ਾਸ ਕਰ ਰੇਡੀਓ ਤੇ ਗੱਲਬਾਤ ਸਮੇਂ) ਤਾਂ ਬਹੁਤ ਸਾਰੇ ਲੋਕ ਅੱਗੋਂ ਇਹ ਜਵਾਬ ਦਿੰਦੇ ਹਨ ਕਿ ਭਾਈ ਸਾਹਿਬ ਤੁਸੀਂ ਏਥੇ ਪੰਜਾਬੀ ਦਾ ਰੌਲ਼ਾ ਪਾ ਰਹੇ ਹੋ ਉਥੇ ਪੰਜਾਬ ਵਿਚ ਤਾਂ ਕੋਈ ਪੰਜਾਬੀ ਬੋਲਦਾ ਹੀ ਨਹੀਂ। ਉਨ੍ਹਾਂ ਲੋਕਾਂ ਦੀ ਇਹ ਗੱਲ ਸਹੀ ਹੈ ਕਿ ਪੰਜਾਬ ਵਿਚ (ਥੋੜ੍ਹੇ ਬਹੁਤੇ ਫ਼ਰਕ ਨਾਲ ਦੋਵਾਂ ਹੀ ਪੰਜਾਬਾਂ ਵਿਚ) ਪੰਜਾਬੀ ਦੀ ਹਾਲਤ ਕੋਈ ਏਨੀ ਵਧੀਆ ਨਹੀਂ, ਪਰ ਸਵਾਲ ਇਹ ਹੈ ਕਿ ਇਸ ਨੂੰ ਧਿਆਨ ਵਿਚ ਰੱਖ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਵੀ ਉਨ੍ਹਾਂ ਵਾਂਗ ਹੀ ਪੰਜਾਬੀ ਨੂੰ ਭੁੱਲ ਜਾਣਾ ਚਾਹੀਦਾ ਹੈ ਜਾਂ ਇਸ ਬਾਰੇ ਕੁਝ ਸੋਚਣਾ ਵਿਚਾਰਨਾ, ਕੁਝ ਕਰਨਾ ਚਾਹੀਦਾ ਹੈ? ਜਾਪਦਾ ਹੈ ਕੁਝ ਲੋਕ ਪੰਜਾਬੀ ਦੀ ਪੰਜਾਬ ਵਿਚ ਹਾਲਤ ਨੂੰ ਚੇਤੇ ਕਰਕੇ ਖ਼ੁਦ ਸੁਰਖ਼ਰੂ ਮਹਿਸੂਸ ਕਰਦੇ ਹਨ ਕਿ ਜਦ ਉਹ ਨਹੀਂ ਕੁਝ ਕਰਦੇ ਸਾਨੂੰ ਕੀ ਲੋੜ ਹੈ। ਪੰਜਾਬੀ ਉਨ੍ਹਾਂ ਦੀ ਵੀ ਮਾਂ ਹੈ, ਜੇ ਇਹ ਉੱਥੇ ਭੁੱਖੀ ਤਿਹਾਈ ਮਰਦੀ ਹੈ ਤਾਂ ਇੱਥੇ ਵੀ ਮਰੀ ਜਾਵੇ ਸਾਨੂੰ ਕੀ. ਪਰ ਕੁਝ ਲੋਕ ਇਸ ਤੋਂ ਕੁਝ ਵੱਖਰਾ ਵੀ ਮਹਿਸੂਸ ਕਰਦੇ ਹਨ। ਉਹ ਸੋਚਦੇ ਹਨ ਕਿ ਅਸੀਂ ਇਕ ਵਧੀਆ ਮੁਲਕ ਵਿਚ ਰਹਿ ਰਹੇ ਹਾਂ, ਚੰਗਾ ਖਾਂਦੇ ਹਾਂ, ਚੰਗਾ ਪਹਿਨਦੇ ਹਾਂ। ਏਥੇ ਸਾਡੇ ਧਰਮ, ਸਾਡੇ ਸਭਿਆਚਾਰ ਦੀ ਕਦਰ ਹੈ। ਏਥੇ ਸਾਡੇ ਲਈ ਆਪਣੇ ਜੀਵਨ ਨੂੰ ਪੂਰਾ ਸੂਰਾ ਬਣਾਉਣ ਦੀ ਕਾਫੀ ਹੱਦ ਤੱਕ ਖੁੱਲ੍ਹ ਹੈ ਫੇਰ ਕਿਉਂ ਨਾ ਆਪਣੀ ਮਾਂ ਬੋਲੀ ਨੂੰ ਵੀ ਆਪਣੇ ਨਾਲ ਰੱਖੀਏ। ਜੇ ਅਸੀਂ ਆਪਣੀ ਮਾਂ ਦਾ ਖ਼ਿਆਲ ਕਰਾਂਗੇ ਤਾਂ ਵੱਡੇ ਭਾਈਚਾਰੇ ਵਿਚ ਵੀ ਸਾਡੀ ਭੱਲ ਬਣੇਗੀ, ਇਕ ਵੱਖਰੀ ਪਹਿਚਾਣ ਬਣੇਗੀ. ਨਾਲ ਹੀ ਸ਼ਾਇਦ ਪੰਜਾਬਾਂ ਵਿਚ ਵਸਦੇ ਵਲੈਤੀ ਤੋਤਿਆਂ ਨੂੰ ਵੀ ਕੁਝ ਸ਼ਰਮ ਆਵੇ।

-----

ਜੇ ਤੁਹਾਡੇ ਕੋਲ ਥੋੜ੍ਹੇ ਜਿਹੇ ਡਾਲਰ ਹੋਣ ਤਾਂ ---

ਅਸੀਂ ਪੰਜਾਬੀ ਜਿੱਥੇ ਡਟ ਕੇ ਕਮਾਉਂਦੇ ਹਾਂ ਉੱਥੇ ਡਟ ਕੇ ਖ਼ਰਚ ਵੀ ਕਰਦੇ ਹਾਂ ਅਤੇ ਕਿਸੇ ਵੀ ਗ਼ਰੀਬ ਦੀ, ਮਜਬੂਰ ਦੀ ਮਦਦ ਕਰਨ ਵੇਲੇ ਅਸੀਂ ਇਕ ਪੱਲ ਲਈ ਵੀ ਪਿੱਛੇ ਨਹੀਂ ਰਹਿੰਦੇ। ਜੇ ਅਸੀਂ ਇਹ ਸੋਚ ਲਈਏ ਕਿ ਪੰਜਾਬੀ ਬੋਲੀ ਨੂੰ ਇਸ ਵੇਲੇ ਕੁਝ ਮਦਦ ਦੀ ਲੋੜ ਹੈ ਤਾਂ ਸੱਚ ਮੁੱਚ ਉਸ ਦੀ ਸਿਹਤ ਵਿਚ ਫਰਕ ਪਾ ਸਕਦੇ ਹਾਂ। ਪੰਜਾਬ ਵਿਚ ਇਸ ਵੇਲੇ ਵੱਡੀ ਗਿਣਤੀ ਵਿਚ ਕਿਤਾਬਾਂ ਤੇ ਮੈਗਜ਼ੀਨ ਛਪਦੇ ਹਨ। ਆਓ ਏਥੇ ਸਿਰਫ਼ ਪੰਜਾਬੀ ਮੈਗਜ਼ੀਨਾਂ ਦੀ ਗੱਲ ਕਰੀਏ। ਪਿਛਲੇ ਹਫਤੇ ਮੈਂ ਯੂ ਬੀ ਸੀ ਵਿਚ ਆਪਣੀ ਇਕ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਰਸਾਲਿਆਂ ਬਾਰੇ ਪੁੱਛਿਆ। ਸਿਰਫ਼ ਇਕ ਵਿਦਿਆਰਥਣ ਜੋ ਪੰਜਾਬ ਤੋਂ ਸਿਆਣੀ ਹੋ ਕੇ ਆਈ ਹੈ ਉਸ ਨੇ ਪ੍ਰੀਤ ਲੜੀ ਤੇ ਨਾਗਮਣੀ ਦੇ ਨਾਂਅ ਸੁਣੇ ਸਨ। ਬਾਕੀ ਕਿਸੇ ਵਿਦਿਆਰਥੀ ਨੇ ਕਦੇ ਕਿਸੇ ਪੰਜਾਬੀ ਰਸਾਲੇ ਦਾ ਨਾਂਅ ਨਹੀਂ ਸੀ ਸੁਣਿਆ। ਜਿਹੜੇ ਮੈਗਜ਼ੀਨ ਮੇਰੇ ਕੋਲ ਸਨ ਉਹ ਮੈਂ ਉਨ੍ਹਾਂ ਨੂੰ ਦੇਖਣ ਲਈ ਦਿੱਤੇ ਅਤੇ ਉਨ੍ਹਾਂ ਦੀ ਸੂਚੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਪੰਜਾਬੀ ਦੇ ਸਤਾਈ ਮੈਗਜ਼ੀਨਾਂ ਦੀ ਸੂਚੀ ਬਣਾਈ (ਇਨ੍ਹਾਂ ਵਿਚੋਂ ਕੁਝ ਸ਼ਾਇਦ ਬੰਦ ਵੀ ਹੋ ਚੁੱਕੇ ਹਨ ਅਤੇ ਬਹੁਤ ਇਹੋ ਜਿਹੇ ਵੀ ਹੋਣਗੇ ਜੋ ਮੇਰੇ ਕੋਲ ਨਹੀਂ)। ਉਨ੍ਹਾਂ ਵਿਚੋਂ ਬਹੁਤ ਸਾਰੇ ਮੈਗਜ਼ੀਨ ਇਹੋ ਜਿਹੇ ਹਨ ਜੋ ਕਈ ਦਹਾਕਿਆਂ ਤੋਂ ਨਿਕਲ ਰਹੇ ਹਨ ਅਤੇ ਉਨ੍ਹਾਂ ਨੂੰ ਛਾਪਣ ਵਾਲੇ ਕੁਝ ਸਿਰੜੀ ਪੰਜਾਬੀ ਹਨ ਜੋ ਪੰਜਾਬੀ ਬੋਲੀ ਵਲ ਬਣਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਇਹ ਕੰਮ ਕਰ ਰਹੇ ਹਨ। ਜੇ ਅਸੀਂ ਬਾਹਰ ਵਸਦੇ ਪੰਜਾਬੀ ਹਰ ਵਰ੍ਹੇ ਸਿਰਫ਼ ਕੁਝ ਹੀ ਡਾਲਰ ਖ਼ਰਚ ਕਰਕੇ ਇਨ੍ਹਾਂ ਮੈਗਜ਼ੀਨਾਂ ਨੂੰ ਚੰਦੇ ਭੇਜ ਸਕੀਏ ਤਾਂ ਪੰਜਾਬੀ ਦਾ ਵਿਕਾਸ ਛਾਲਾਂ ਮਾਰਦਾ ਅੱਗੇ ਵਧਣ ਲੱਗੇ। ਜੇ ਸਾਡੇ ਰੇਡੀਓ ਹੋਸਟ ਕਦੇ ਕਦੇ ਇਨ੍ਹਾਂ ਮੈਗਜ਼ੀਨਾਂ ਬਾਰੇ ਹੀ ਚਰਚਾ ਕਰ ਕਰਵਾ ਦਿਆ ਕਰਨ ਤਾਂ ਘੱਟੋ ਘੱਟ ਪੰਜਾਬੀਆਂ ਦੇ ਕੰਨਾਂ ਵਿਚ ਇਹ ਨਾਂਅ ਤਾਂ ਪੈਣ।

-----

ਜੇ ਤੁਸੀਂ ਪੰਜਾਬੀ ਦੇ ਲੇਖਕ ਹੋ ਤਾਂ ---

ਕਦੇ ਕਦੇ ਪੰਜਾਬੀ ਬੋਲੀ ਦੇ ਮਸਲੇ ਉੱਤੇ ਵੀ ਕੁਝ ਲਿਖਿਆ ਕਰੋ.

-----

ਜੇ ਤੁਸੀਂ ਪਾਠਕ ਹੋ ਤਾਂ ---

ਪੰਜਾਬੀ ਬੋਲੀ ਦੇ ਮਸਲੇ ਦੇ ਪੱਖੋਂ ਵੀ ਕੁਝ ਪੜ੍ਹਿਆ ਕਰੋ ਤੇ ਫੇਰ ਆਪਣਾ ਪ੍ਰਤੀਕਰਮ ਦਿਆ ਕਰੋ.

-----

ਜੇ ਤੁਸੀਂ ਰੇਡੀਓ ਹੋਸਟ ਹੋ ਤਾਂ ---

ਪੰਜਾਬੀ ਬੋਲੀ ਵੱਲ ਬਣਦੀ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਇਕ ਪੱਲ ਲਈ ਵੀ ਅੱਖੋਂ ਉਹਲੇ ਨਾ ਕਰਿਆ ਕਰੋ। ਏਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਰੇਡੀਓ ਨੇ ਕਨੇਡਾ ਵਿਚ ਪੰਜਾਬੀ ਜ਼ਬਾਨ ਦੇ ਵਿਕਾਸ ਵਿਚ ਸਭ ਤੋਂ ਵੱਧ ਅਤੇ ਨਿੱਗਰ ਹਿੱਸਾ ਪਾਇਆ ਹੈ ਅਤੇ ਪਾ ਰਿਹਾ ਹੈ. ਹੁਣ ਬਹੁਤੇ ਹੋਸਟ ਵਧੀਆ ਪੰਜਾਬੀ ਬੋਲਣ ਵਾਲੇ ਹਨ ਅਤੇ ਉਹ ਪੰਜਾਬੀ ਦੇ ਵੱਖਰੇ ਵੱਖਰੇ ਪੱਖਾਂ ਨੂੰ ਸੁਹਿਰਦਤਾ ਨਾਲ ਸੁਧਾਰਨ ਦੀ ਕੋਸ਼ਿਸ਼ ਵਿਚ ਹਨ। ਪੰਜਾਬੀ ਜ਼ਬਾਨ ਲਈ ਇਹ ਬਹੁਤ ਹੀ ਵਧੀਆ ਗੱਲ ਹੈ।

-----

ਜੇ ਤੁਸੀਂ ਰੇਡੀਓ ਸੁਣਨ ਵਾਲੇ ਹੋ ਤਾਂ---

ਜਦੋਂ ਵੀ ਤੁਹਾਨੂੰ ਬੋਲੀ ਦੇ ਪੱਖੋਂ ਕੁਝ ਗ਼ਲਤ ਸੁਣੇ ਉਸ ਦਾ ਉਸੇ ਵੇਲੇ ਸੰਜੀਦਗੀ ਤੇ ਹਲੀਮੀ ਨਾਲ ਪ੍ਰਤੀਕਰਮ ਕਰੋ।

-----

ਜੇ ਤੁਸੀਂ ਗੁਰਦਵਾਰੇ ਦੇ ਪ੍ਰਬੰਧਕਾਂ ਵਿਚੋਂ ਹੋ ਤਾਂ ---

ਧਿਆਨ ਰੱਖੋ ਕਿ ਗੋਲਕ ਵਿਚੋਂ ਕੁਝ ਦਮੜੇ ਮਾਂ ਬੋਲੀ ਦੀਆਂ ਲੋੜਾਂ ਲਈ ਵੀ ਖ਼ਰਚੇ ਜਾਣ। ਪੰਜਾਬੀ ਬੋਲੀ ਨੂੰ ਸਾਂਭਣ ਵਾਲੇ ਅਦਾਰਿਆਂ ਵਿਚ ਪਹਿਲ ਗੁਰੂ ਘਰਾਂ ਦੀ ਹੀ ਹੈ। ਸਾਡੇ ਬਹੁਤੇ ਧਾਰਮਿਕ ਅਦਾਰੇ ਆਪਣਾ ਇਹ ਫ਼ਰਜ਼ ਚੰਗੀ ਤਰ੍ਹਾਂ ਪਛਾਣਦੇ ਹਨ। ਉਨ੍ਹਾਂ ਦੀ ਸਿਫ਼ਤ ਕਰਨੀ ਬਣਦੀ ਹੈ।

-----

ਜੇ ਤੁਸੀਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਨ ਵਾਲੇ ਹੋ ਤਾਂ ---

ਚੇਤੇ ਰੱਖੋ ਕਿ ਤੁਹਾਡੇ ਬੱਚੇ ਇਹ ਆਨੰਦ ਤਾਂ ਹੀ ਪ੍ਰਾਪਤ ਕਰ ਸਕਣਗੇ ਜੇ ਉਹ ਪੰਜਾਬੀ ਜਾਣਦੇ ਹੋਣਗੇ। ਗੁਰਬਾਣੀ ਪੜ੍ਹ ਤਾਂ ਉਹ ਅੰਗਰੇਜ਼ੀ ਵਿਚ ਵੀ ਲੈਣਗੇ ਪਰ ਗੁਰਬਾਣੀ ਵਿਚਲੇ ਰਾਗ ਅੰਗਰੇਜ਼ੀ ਵਿਚ ਮਾਣੇ ਨਹੀਂ ਜਾਣੇ।

-----

ਇਹ ਸੁਝਾਅ ਦਿੰਦਿਆਂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਮੈਂ ਸ਼ਾਇਦ ਤੰਗ ਵੀ ਕਰ ਰਿਹਾ ਹੋਵਾਂ ਕਿ ਇਹ ਕੌਣ ਹੁੰਦਾ ਹੈ ਸਾਨੂੰ ਮੱਤਾਂ ਦੇਣ ਵਾਲਾ? ਤੁਹਾਡੀ ਗੱਲ ਬਿਲਕੁਲ ਸਹੀ ਹੈ. ਇਹ ਗੱਲਾਂ ਤੁਸੀਂ ਵੀ ਸਾਰੇ ਜਾਣਦੇ ਤੇ ਮੇਰੇ ਨਾਲੋਂ ਵੱਧ ਜਾਣਦੇ ਹੋ। ਇਸ ਕਰਕੇ ਗੱਲ ਖ਼ਤਮ ਕਰਦਾ ਹਾਂ।

ਕੁਝ ਪਲ ਮੇਰੇ ਵਿਚਾਰਾਂ ਨੂੰ ਪੜ੍ਹਨ/ਸੁਣਨ ਲਈ ਸਭ ਦਾ ਧੰਨਵਾਦ ।