ਸਤਿੰਦਰ ਸਰਤਾਜ ਦੀਆਂ ‘ਬੇਤੁਕੀਆਂ’ ਅਤੇ ਸਾਡੇ ਆਲੋਚਕ
ਤਾਜ਼ਾ ਪ੍ਰਤੀਕਰਮ
ਲੇਖ
ਭਾਗ ਤੀਜਾ
ਲੜੀ ਜੋੜਨ ਲਈ ਉੱਪਰਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।
ਇਸ ਤੋਂ ਅੱਗੇ ਉਨ੍ਹਾਂ ਨੇ ‘ਡੂੰਘੀ ਸ਼ਾਇਰੀ’ ਬਾਰੇ ਲੰਮਾ ਚੌੜਾ ਤਬਸਰਾ ਕਰਦਿਆਂ ਲਿਖਿਆ ਹੈ ਕਿ ‘ਕੀ ਲੋੜ ਹੈ ਉਸ (ਸਰਤਾਜ) ਨੂੰ ਡੂੰਘੀ ਸ਼ਾਇਰੀ ਕਰਨ ਜਾਂ ਗਾਉਣ ਦੀ? ਜੋ ਆਮ ਲੋਕਾਂ ਦੇ ਪੱਲੇ ਨਾ ਪਵੇ?’ ਅਸੀਂ ਇਹ ਕਹਿਣ ਦੀ ਗ਼ੁਸਤਾਖੀ ਤਾਂ ਨਹੀਂ ਕਰਦੇ ਕਿ ਡਾ. ਸ਼ੇਰਗਿੱਲ ਨੂੰ ਪੜ੍ਹਨਾ ਵੀ ਨਹੀਂ ਆਉਂਦਾ, ਪਰ ਇਕ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਇਕ ਵਾਰ ਧਿਆਨ ਨਾਲ ਜ਼ਰੂਰ ਪੜ੍ਹਿਆ ਕਰੋ। ਭਲਾ ਸੰਜੀਦਾ ਗਾਇਕੀ ਕਿਸ ਬਲਾ ਦਾ ਨਾਂ ਹੈ? ਸੁਰ ਤੇ ਸ਼ਾਇਰੀ ਦਾ ਸੁਚੱਜਾ ਸੁਮੇਲ ਕਿਸ ਨੂੰ ਕਹਿੰਦੇ ਹਨ? ਜੇ ਉਹ ਸੂਫ਼ੀ ਤੇ ਸੰਜੀਦਾ ਗਾਇਕੀ ਦੇ ਤੌਰ ’ਤੇ ਪੇਸ਼ ਕੀਤਾ ਜਾਵੇਗਾ ਤਾਂ ਫਿਰ ਉਹ ਇਸ ਆਲੋਚਨਾ ਦਾ ਹੱਕਦਾਰ ਹੈ। ਉਸ ਦੀ ਜਿਆਦਾ ਆਲੋਚਨਾ ‘ਅੱਜ ਦੇ ਵਾਰਿਸ ਸ਼ਾਹ’ ਹੋਣ ਕਰਕੇ ਵੀ ਹੈ ਤੇ ਸੂਫ਼ੀ ਤੇ ਸੰਜੀਦਾ ਗਾਇਕ ਕਰਕੇ ਵੀ। ਹਨੀ ਜੀ ਤਾਂ ਕਹਿੰਦੇ ਹਨ ਕਿ ਡੂੰਘੀ ਸ਼ਾਇਰੀ ਨਹੀਂ ਕਰਨੀ ਚਾਹੀਦੀ, ਕੋਈ ਨਹੀਂ ਸੁਣਦਾ। ਪਰ ਸਰਤਾਜ ਨੂੰ ਤਾਂ ਪੁੱਛੋ ਉਹ ਕੀ ਕਹਿ ਰਿਹਾ ਹੈ। ਹੇਠ ਲਿਖੀਆਂ ਸਤਰ੍ਹਾਂ ਤੋਂ ਉਸਦੀ ਅਡੰਬਰੀ ਮਾਨਸਿਕਤਾ ਦੇ ਦਰਸ਼ਨ ਬਖੂਬੀ ਹੋ ਜਾਂਦੇ ਹਨ:
ਵਖਰਾ ਹੋ ਕੇ ਜੇਕਰ ਤੂੰ ਨਾ ਦਿਖਿਆ ਦੁਨੀਆਂ ਤੋਂ।
ਜੇ ਸਰਤਾਜ ਨਾ ਤੂੰ ਕੁਝ ਵਖਰਾ ਲਿਖਿਆ ਦੁਨੀਆਂ ਤੋਂ।
ਤਾਂ ਸ਼ਾਇਰੀ ਤੇਰੀ ਨਵੇਂ ਦੌਰ ਦੀ ਮੋਢੀ ਨਹੀਂ ਹੋਣੀ।
ਹਸਤੀ ਵਧ ਤਾਂ ਜਾਵੇਗੀ, ਪਰ ਓਡੀ ਨਹੀਂ ਹੋਣੀ।
ਡਾ. ਸਾਹਿਬ ਜੀ, ਭਲਾ ਸੂਫ਼ੀ ਤੇ ਸੰਜੀਦਾ ਗਾਇਕੀ ਦੇ ਸਰੋਤੇ ਆਮ ਹੁੰਦੇ ਹਨ ਕਿ ਖ਼ਾਸ, ਜਿਨ੍ਹਾਂ ਦੇ ਇਹ ਪੱਲੇ ਪੈਣੀ ਚਾਹੀਦੀ ਹੈ? ਇਸ ਤੋਂ ਅੱਗੇ ਤੁਸੀਂ ਕਵੀਆਂ ਦੀ ਖਿੱਲੀ ਉਡਾਈ ਹੈ। ਜੇ ਕਵੀ ਏਨੇ ਹੀ ਨਿਕੰਮੇ ਹਨ ਤਾਂ ਫਿਰ ਤੁਹਾਡੇ ਇਸ ਪੀ ਐਚ ਡੀ ਗਾਇਕ ਨੂੰ ਉਨ੍ਹਾਂ ਦੀਆਂ ਰਚਨਾਵਾਂ ਚੋਰੀ ਕਰਨ ਦੀ ਲੋੜ ਕਿਉਂ ਪੈਂਦੀ ਹੈ? ਤੁਹਾਡੀ ਇਹ ਪਹੁੰਚ ਦੇਖ ਕੇ ਡਾ. ਜਗਤਾਰ ਦਾ ਸ਼ਿਅਰ ਯਾਦ ਆ ਗਿਆ:
ਤੁਹਾਡੀ ਇਹ ਕੁਟਲਨੀਤੀ ਤੁਹਾਨੂੰ ਹੀ ਮੁਬਾਰਕ ਹੈ,
ਹਵਾ ਦੇ ਆਸਰੇ ਉਡਣਾ, ਹਵਾ ਨੂੰ ਹੀ ਬੁਰਾ ਕਹਿਣਾ।
ਬਾਕੀ ਸਾਨੂੰ ਇਹ ਗੱਲ ਮੰਨਣ ਵਿੱਚ ਕੋਈ ਇਤਰਾਜ਼ ਨਹੀਂ ਕਿ ਕਵਿਤਾ ਦੇ ਨਾਂ ਤੇ ਬਾਹੁਤ ਕੁਝ ਕੱਚਘਰੜ ਵੀ ਲਿਖਿਆ ਜਾਂਦਾ ਹੈ।ਜੇ ਤੁਸੀਂ ਇਸਦੀ ਅਲੋਚਨਾ ਕਰੋਗੇ ਤਾਂ ਸਾਨੂੰ ਸਗੋਂ ਖ਼ੁਸ਼ੀ ਹੋਵੇਗੀ।
------
ਡਾ. ਸਾਹਿਬ ਨੇ ਲਿਖਿਆ ਹੈ ਕਿ ਲੇਖ ਵਿਚ ਲੇਖਕ ਖ਼ੁਦ ਲਿਖਦਾ ਹੈ ਕਿ ਸਰਤਾਜ ਦੀ ਗਾਇਕੀ ਲੋਕਾਂ ਨੂੰ ਬੰਨ੍ਹ ਲੈਂਦੀ ਹੈ। ਇਸਦਾ ਇਹੀ ਕਾਰਨ ਹੈ ਕਿ ਉਹ ਆਪਣੇ ਗੀਤਾਂ ਵਿਚ ਆਮ ਲੋਕਾਂ ਦੀਆਂ ਗੱਲਾਂ ਤੇ ਭਾਸ਼ਾ ਵਰਤਦਾ ਹੈ ਤਾਂ ਉਸਦੀਆਂ ਮਹਿਫ਼ਲਾਂ ਵਿਚ ਤਿਲ ਸੁਟਣ ਲਈ ਥਾਂ ਨਹੀਂ ਮਿਲਦੀ...। ਉਹ ਏਥੇ ਫਿਰ ਟਪਲਾ ਖਾ ਗਏ ਜਾਂ ਜਾਣ-ਬੁਝ ਕੇ ਸੱਚ ਲੁਕਾਉਣਾ ਚਾਹੁੰਦੇ ਹਨ, ਪਤਾ ਨਹੀਂ। ਸਰਤਾਜ ਦੀ ਗਾਇਕੀ ਲੋਕਾਂ ਨੂੰ ਬੰਨ੍ਹ ਲੈਂਦੀ ਹੈ, ਪਰ ਅਗਲੀਆਂ ਸਤਰਾਂ ਉਨ੍ਹਾਂ ਕਿਉਂ ਨਹੀਂ ਲਿਖੀਆਂ ਜਾਂ ਪੜ੍ਹੀਆਂ। ਪੂਰੀ ਗੱਲ ਇਸ ਤਰ੍ਹਾਂ ਹੈ:
‘ਉਸਦੀ ਗਾਇਕੀ ਅਤੇ ਸ਼ਾਇਰੀ ਦਾ ਚਮਕਾਰਾ ਇਕ ਵਾਰ ਤਾਂ ਸਰੋਤੇ ਨੂੰ ਧੁਰ ਅੰਦਰ ਤੱਕ ਪ੍ਰਭਾਵਿਤ ਕਰ ਜਾਂਦਾ ਹੈ। ਪਰ ਇਹ ਚਮਕਾਰਾ ਖਾਲਿਸ ਸੋਨੇ ਦੀ ਚਮਕ ਦਾ ਨਹੀਂ, ਮੁਲੰਮੇ ਦਾ ਹੈ। ਸਾਡਾ ਮਕਸਦ ਸੋਨੇ ਦੀ ਚਮਕ ਅਤੇ ਮੁਲੰਮੇ ਦੀ ਚਮਕ ਵਿਚ ਅੰਤਰ ਕਰਨਾ ਹੀ ਹੈ। ਉਸਦੀ ਗਾਇਕੀ ਇਕ ਵਾਰ ਤਾਂ ਸਰੋਤੇ ਨੂੰ ਸੰਮੋਹਿਤ ਕਰਨ ਦੀ ਤਾਕਤ ਰੱਖਦੀ ਹੈ, ਪਰ ਜਦੋਂ ਸਰੋਤਾ ਰਤਾ ਕੁ ਸੁਚੇਤ ਹੋ ਕੇ ਉਸ ਸੰਮੋਹਨ ‘ਚੋਂ ਬਾਹਰ ਆਉਂਦਾ ਹੈ ਤਾਂ ਉਸ ਅੱਗੇ ਸਤਿੰਦਰ ਸਰਤਾਜ ਦੀ ਗਾਇਕੀ ਤੇ ਸ਼ਾਇਰੀ ਦਾ ਖੋਖਲਾਪਨ ਝੱਟ ਜ਼ਾਹਰ ਹੋ ਜਾਂਦਾ ਹੈ।’
-----
ਡਾ. ਹਨੀ ਸ਼ੇਰਗਿੱਲ ਨੇ ਵਪਾਰਕ ਕਾਮਯਾਬੀ ਨੂੰ ਪੈਮਾਨਾ ਬਣਾ ਕੇ ਆਮ ਪਬਲਿਕ ਦੇ ਤਰਕ ਨੂੰ ਵਰਤਿਆ ਹੈ। ਗੱਲ ਮਿਆਰ ਦੀ ਹੋ ਰਹੀ ਸੀ ਨਾ ਕਿ ਕਾਮਯਾਬੀ ਦੀ। ਮਸਲਾ ਭੀੜਾਂ ਜੁਟਾਉਣ ਦਾ ਨਹੀਂ ਸੀ। ਪਿੰਡਾਂ ਵਿਚ ਜਦੋਂ ਗਾਉਣ ਵਾਲੀ ਲਗਦੀ ਸੀ, ਕੋਠਿਆਂ ਦੇ ਬਨੇਰੇ ਤਾਂ ਉਦੋਂ ਵੀ ਭਰ ਜਾਂਦੇ ਸਨ। ਅਸੀਂ ਤੇ ਖ਼ੁਦ ਇਹ ਮੰਨ ਕੇ ਚੱਲੇ ਸੀ ਕਿ ਸਤਿੰਦਰ ਸਰਤਾਜ ਚਰਚਿਤ ਤਾਂ ਹੈ, ਪਰ ਚਰਚਿਤ ਹੋਣ ਅਤੇ ਮਿਆਰੀ ਹੋਣ ਵਿਚ ਬਹੁਤ ਫ਼ਰਕ ਹੈ। ਚਰਚਿਤ ਤਾਂ ਕਿਸੇ ਜ਼ਮਾਨੇ ਵਿਚ ਚਮਕੀਲਾ ਵੀ ਬਹੁਤ ਰਿਹਾ ਹੈ। ਇਹ ਕੋਈ ਮਿਆਰ ਦਾ ਮਾਪ-ਦੰਡ ਨਹੀਂ। ਡਾ. ਸਾਹਿਬ ਨੂੰ ਸਿੱਧੀਆਂ ਤੇ ਸਪੱਸ਼ਟ ਲਿਖੀਆਂ ਗੱਲਾਂ ਦੀ ਜਾਂ ਤਾਂ ਸਮਝ ਨਹੀਂ, ਜਾਂ ਉਹ ਜਾਣਬੁੱਝ ਕੇ ਗੱਲਾਂ ਨੂੰ ਉਹਨਾਂ ਦੇ ਸਹੀ ਪ੍ਰਸੰਗ ਨਾਲੋਂ ਤੋੜ ਰਹੇ ਹਨ।
ਡਾ.ਸਾਹਿਬ ਜੀਓ, ‘ਤਿਲ ਸੁਟਣ ਲਈ ਥਾਂ ਨਾ ਮਿਲਣੀ’ ਖ਼ੁਸ਼ੀ ਦਾ ਨਹੀਂ, ਚਿੰਤਾ ਦਾ ਵਿਸ਼ਾ ਹੈ।ਮਾਨਸਿਕ ਗਿਰਾਵਟ ਦਾ ਚਿੰਨ੍ਹ ਹੈ।ਪੰਜਾਬ ਦੇ ਚਿੰਤਕਾਂ ਨੂੰ ਇਸਦੇ ਕਾਰਨਾਂ ਦਾ ਪਤਾ ਲਗਾਕੇ ਇਸਦਾ ਇਲਾਜ ਕਰਨਾ ਚਾਹੀਦਾ ਹੈ।
-----
ਅੱਗੇ ਹਨੀ ਜੀ ਨੇ ਕੁਝ ਗਾਣਿਆ ਦਾ ਨਾਂ ਲੈ ਕੇ ਕਿਹਾ ਹੈ ਕਿ ਗਾਇਕ ਨੇ ਕਿੰਨੇ ਹੀ ਗਾਣੇ ਵਧੀਆ ਗਾਏ ਹਨ। ਡਾ. ਸਾਹਿਬ ਨੂੰ ਸ਼ਾਇਦ ਪਤਾ ਨਹੀ ਕਿ ਚੰਗੇ ਜਾਂ ਧਾਰਮਿਕ ਗੀਤ ਤਾਂ ਤਕਰੀਬਨ ਸਾਰੇ ਹੀ ਗਾਇਕਾਂ ਨੇ ਗਾਏ ਹਨ। ਚਮਕੀਲੇ ਦਾ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਅਤੇ ਕਈ ਹੋਰ ਚੰਗੇ ਗੀਤ ਸਰੋਤਿਆਂ ਦੇ ਧੁਰ ਅੰਦਰ ਵਸੇ ਹੋਏ ਹਨ। ਇਸ ਹਿਸਾਬ ਨਾਲ ਤਾਂ ਫਿਰ ਕਿਸੇ ਦੀ ਵੀ ਆਲੋਚਨਾ ਨਹੀਂ ਹੋ ਸਕਦੀ। ਪਰ ਫਿਰ ਵੀ ਉਹ ਸ਼ਾਇਦ ਲੇਖ ਦੀਆਂ ਉਹ ਸਤਰਾਂ ਭੁੱਲ ਗਏ ਜਿੱਥੇ ਅਸੀਂ ਉਸ ਵਲੋਂ ਵਾਰਿਸ ਦੀ ਹੀਰ ਮੋਹ ਲੈਣੇ ਅੰਦਾਜ਼ ਵਿਚ ਗਾਉਣ ਦੀ ਗੱਲ ਕੀਤੀ ਹੈ। ਬਾਕੀ ਚੰਗੇ ਗੀਤਾਂ ਬਾਰੇ ਅਸੀਂ ਕਿਵੇਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਇਹ ਉਸਦੇ ਮੌਲਿਕ ਗੀਤ ਹਨ, ਜਦੋਂ ਉਸ ‘ਤੇ ਚੁਫੇਰਿਓਂ ਕਥਿਤ ਚੋਰੀ ਦੇ ਇਲਜ਼ਾਮ ਲੱਗ ਰਹੇ ਹਨ (ਉਸਤਾਦ ਦਾਮਨ, ਗੁਰਚਰਨ ਰਾਮਪੁਰੀ, ਤਰਲੋਕ ਜੱਜ ਆਦਿ) ਜਦੋਂ ਬੰਦਾ ਇਕ ਕਥਿਤ ਚੋਰੀ ਕਰਦਾ ਹੈ ਤਾਂ ਉਸਦੀ ਹਰ ਚੀਜ਼ ਸ਼ੱਕ ਦੇ ਘੇਰੇ ਵਿਚ ਆ ਜਾਂਦੀ ਹੈ। ਹਾਂ, ਉਸਦੀਆਂ ਮੁਲਾਕਾਤਾਂ ਅਤੇ ਉਸ ਵਲੋਂ ਗੀਤਾਂ ਵਿਚ ਮਾਰੀਆਂ ਜਾਂਦੀਆਂ ਬੇਥੱਵੀਆਂ ਦੇ ਆਧਾਰ ’ਤੇ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ‘ਯਾਮਾ’ ਅਤੇ ‘ਸੀਟੀ’ ਵਰਗੇ ਗੀਤਾਂ ਦਾ ਰਚੈਤਾ ਡਾ. ਸਤਿੰਦਰ ਸਰਤਾਜ ਹੀ ਹੋ ਸਕਦਾ ਹੈ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਬੰਦਾ ਚੋਰੀ ਦੇ ਇਲਜ਼ਾਮਾਂ ਤੋਂ ਬਾਦ ਕਿਹੋ-ਜਿਹੀ ਪਹੁੰਚ ਅਪਣਾਉਂਦਾ ਹੈ। ਜਿਸ ਬੰਦੇ ਦੀ ਚੋਰੀ ਹੋਈ ਹੈ, ਉਹ ਵਿਚਾਰਾ ਇੰਡੀਆ ਬੈਠਾ ਦੁਹਾਈ ਪਾ ਰਿਹਾ ਹੈ ਅਤੇ ਏਧਰ ਇਹ ‘ਚਹੇਤਾ’ ਗਾਇਕ ਬੜੀ ਢੀਠਤਾਈ ਨਾਲ ਮਹਿਫਲਾਂ ਵਿਚ ‘ਕੋਈ ਸਜ ਬੈਠਾ ਮਹਾਰਾਜ ਦੀ ਤਰ੍ਹਾਂ’ ਗਾਉਣ ਵਿਚ ਮਸਤ ਹੈ, ਜਿਵੇਂ ਕੋਈ ਗੱਲ ਹੋਈ ਹੀ ਨਹੀਂ ਹੁੰਦੀ। ਇਥੇ ਇਹ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਅੱਜਕੱਲ ਇਹ ਧੰਦਾ ਕਰੋੜਾਂ ਅਰਬਾਂ ਤੱਕ ਪੁੱਜ ਚੁੱਕਾ ਹੈ ਇਸ ਲਈ ਇਹ ਚੋਰੀ ਮਾਇਕ ਤੌਰ ’ਤੇ ਵੀ ਕੋਈ ਮਾਇਨੇ ਰੱਖਦੀ ਹੈ। ਡਾ. ਸ਼ੇਰਗਿੱਲ ਜਿਸ ਪ੍ਰਬੰਧ ਵਿਚ ਰਹਿ ਰਹੇ ਹਨ ਇਥੇ ਜਦੋਂ ਕਿਸੇ ’ਤੇ ਕੋਈ ਮਾੜਾ ਜਿਹਾ ਇਲਜ਼ਾਮ ਵੀ ਲਗਦਾ ਹੈ ਤਾਂ ਉਹ ਝੱਟ ਅਸਤੀਫ਼ਾ ਦੇ ਕੇ ਉਸਦੀ ਮੁਆਫ਼ੀ ਮੰਗਦਾ ਹੈ ਜਾਂ ਇਲਜ਼ਾਮਾਂ ਦਾ ਸਾਹਮਣਾ ਕਰਦਾ ਹੈ। ਪਰ ਆਪਣਾ ਇਹ ਗਾਇਕ ਜੋ ਸੂਫੀਅਤ ਤੋਂ ਅਥਾਹ ਪ੍ਰਭਾਵਿਤ ਹੋਣ ਦਾ ਦਾਅਵਾ ਕਰਦਾ ਹੈ, ‘ਘੋਗੜ-ਵੱਟਾ’ ਬਣ ਕੇ ਭਾਰਤੀ ਸਿਆਸਤਦਾਨਾਂ ਨੂੰ ਵੀ ਮਾਤ ਪਾ ਰਿਹਾ ਹੈ ਜਿੰਨ੍ਹਾਂ ਦਾ ਘੋਟਾਲਿਆਂ ਵਿਚ ਜਿੰਨਾਂ ਮਰਜ਼ੀ ਨਾਂ ਆਈ ਜਾਵੇ,ਨਾ ਤਾਂ ਅਸਤੀਫ਼ਾ ਦਿੰਦੇ ਹਨ, ਨਾ ਮੁਆਫ਼ੀ ਮੰਗਦੇ ਹਨ । ਵਿਚੋਲੇ ਤਰਲੋਕ ਜੱਜ ਨਾਲ ਝੂਠੇ ਹੀ ਸਮਝੌਤੇ ਹੋਣ ਦੀਆਂ ਅਫ਼ਵਾਹਾਂ ਅਖ਼ਬਾਰਾਂ ਵਿਚ ਫੈਲਾ ਰਹੇ ਹਨ ਜਦੋਂ ਕਿ ਅਜਿਹੀਆਂ ਅਫ਼ਵਾਹਨੁਮਾ ਖ਼ਬਰਾਂ ਆਉਣ ਤੋਂ ਬਾਦ ਤਰਲੋਕ ਜੱਜ ਨੇ ਪੰਜਾਬੀ ਆਰਸੀ ਬਲੋਗ ’ਤੇ ਚਿੱਠੀ ਲਿਖੀ ਹੈ ਕਿ ਮੇਰਾ ਕੋਈ ਸਮਝੌਤਾ ਨਹੀਂ ਹੋਇਆ। ਕੌਣ ਛਪਵਾ ਰਿਹਾ ਹੈ ਇਹ ਖ਼ਬਰਾਂ? ਸਰਤਾਜ ਇਸ ਦਾ ਖੰਡਨ ਕਿਉਂ ਨਹੀਂ ਕਰਦਾ? ਸਮਝੌਤਾ ਹੋਇਆ ਨਹੀਂ, ਪਰ ਲੋਕਾਂ ਨੂੰ ਗੁੰਮਰਾਹ ਕੌਣ ਕਰ ਜਾਂ ਕਰਵਾ ਰਿਹਾ ਹੈ?
-----
ਇਸ ਤੋਂ ਅੱਗੇ ਇਕ ਬੜਾ ਹੀ ਅਹਿਮ ਨੁਕਤਾ ਸੀ ‘ਸਰਪੇਚ’ ਦਾ, ਜਿਸ ਮਸਲੇ ’ਤੇ ਉਨ੍ਹਾਂ ਨੂੰ ਹਾਸਾ ਆ ਰਿਹਾ ਹੈ, ਸਾਨੂੰ ਉਸ ’ਤੇ ਰੋਣ ਆ ਰਿਹਾ ਹੈ। ਸਿੱਖ ਦਾ ਦਸਤਾਰ ਨਾਲ ਕੀ ਰਿਸ਼ਤਾ ਹੈ? ਦੱਸਣ ਦੀ ਲੋੜ ਨਹੀਂ। ਭਾਵੇਂ ਕਿ ਦਸਤਾਰ ਇਕ ਕਲਚਰਲ ਚੀਜ਼ ਹੈ, ਪਰ ਸਿੱਖ ਲਈ ਇਹ ਕਲਚਰਲ ਨਾਲੋਂ ਕਿਤੇ ਵੱਧ ਧਾਰਮਿਕ ਹੈ। ਸਿੱਖ ਇਸ ਨੂੰ ਗੁਰੂ ਦੀ ਬਖਸ਼ਿਸ਼ ਸਮਝਦਾ ਹੈ। ਸਿੱਖ ਲਈ ਇਹ ਕੇਵਲ ਇਕ ਕੱਪੜੇ ਦਾ ਟੁਕੜਾ ਨਹੀਂ, ਜਿਸ ’ਤੇ ਕੋਈ ਸ਼ੋਅ-ਕੇਸ ਵਾਂਗੂੰ ਚੀਜ਼ਾਂ ਟੰਗੀ ਫਿਰੇ। ਇਹ ਤਾਂ ਦੁਨੀਆਂ ਦੇ ਮਾਣ-ਮੱਤੇ ਤਾਜਾਂ ਤੋਂ ਵੀ ਵਧ ਕੇ ਹੈ ਤੇ ਸਰਤਾਜ ਬੇਗਾਨਾ ‘ਸਰਪੇਚ’ ਇਸ ’ਤੇ ਟੰਗੀ ਫਿਰਦਾ ਹੈ। ਉਨ੍ਹਾਂ ਨੂੰ ਸਾਡੀ ਇਹ ਗੱਲ ਤੰਗਦਿਲੀ ਦੀ ਨਿਸ਼ਾਨੀ ਜਾਪਦੀ ਹੈ। ਆਪਣੇ ਧਰਮ, ਆਪਣੇ ਕਲਚਰ, ਆਪਣੀ ਬੋਲੀ, ਆਪਣੀ ਪਹਿਚਾਣ ਨੂੰ ਕਿਸੇ ਵੱਡੀ ਚੀਜ਼ ਵਿਚ ਜਜ਼ਬ ਕਰੀ ਜਾਣਾ ਫ਼ਰਾਖ਼ਦਿਲੀ ਨਹੀਂ, ਬੀਮਾਰ ਮਾਨਸਿਕਤਾ ਹੁੰਦੀ ਹੈ। ਹੋ ਸਕਦਾ ਹੈ ਕਿ ਇਹ ਗੱਲ ਅਜੇ ਵੀ ਉਹਨਾਂ ਦੀ ਸਮਝੋਂ ਬਾਹਰੀ ਹੋਵੇ। ਇਸ ਲਈ ਅਸੀਂ ਇਕ ਕਦਮ ਹੋਰ ਅੱਗੇ ਚਲ ਕੇ ਸਿਰਫ਼ ਸਭਿਆਚਾਰ ਦੇ ਪੱਧਰ ’ਤੇ ਹੀ ਨਜਿੱਠਦੇ ਹਾਂ। ਆਓ ਪਹਿਲਾਂ ਵੇਖੀਏ ਸਰਤਾਜ ‘ਸਰਪੇਚ’ ਬਾਰੇ ਕੀ ਕਹਿੰਦਾ ਹੈ-
..........
‘ਮੇਰਾ ਜ਼ਾਤੀ ਵੀ, ਕਹਿੰਦੇ ਹੁੰਦੇ ਹਨ ਕਿ ਇੰਟਰੈਸਟ ਹੁੰਦਾ ਹੈ ਕਿਸੇ ਚੀਜ਼ ਵਿਚ। ਇਸਲਾਮੀ ਕਲਚਰ ਦੇ ਵਿਚ, ਉਥੇ ਦੇ ਲਿਬਾਸ ਦੇ ਵਿਚ ਮੇਰੀ ਖ਼ਾਸ ਦਿਲਚਸਪੀ ਹੈ। ਇਹ ਇਕ ਇਰਾਨੀ ਓਰਨਾਮੈਂਟ ਐ ਇਸਨੂੰ ਕਹਿੰਦੇ ਨੇ ਸਰਪੇਚ। ਜਿਹੜੇ ਇਰਾਨ ਦੇ ਲੋਕ ਦਸਤਾਰ ਸਜਾਉਂਦੇ ਨੇ, ਉਹ ਵੀ ਜਦੋਂ ਕੋਈ ਖ਼ੁਸ਼ੀ ਦਾ ਵਾਇਸ ਜਾਂ ਮੌਕਾ ਹੁੰਦਾ ਹੈ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਗਹਿਣਿਆਂ ਦੇ ਤੌਰ ’ਤੇ ਇਸਤੇਮਾਲ ਕਰਦੇ ਨੇ।’
ਇਹ ਗੱਲਾਂ ਉਹ ਸ਼ਖ਼ਸ ਕਹਿ ਰਿਹਾ ਹੈ, ਜਿਸ ਨੂੰ ‘ਖੁਸ਼ਬੂ ਪੰਜਾਬ ਦੀ’ ਜਾਂ ‘ਪੰਜਾਬੀ ਦਾ ਵਾਰਿਸ’ ਕਿਹਾ ਜਾ ਰਿਹਾ ਹੈ। ਜਦੋਂ ਕਿਸੇ ਦਾ ਆਪਣੇ ਸਭਿਆਚਾਰ ਨਾਲ ਤੰਦਰੁਸਤ ਰਿਸ਼ਤਾ ਨਹੀਂ ਰਹਿੰਦਾ ਜਾਂ ਬਣਦਾ ਤਾਂ ਉਸਨੂੰ ਇਸ ਤੋਂ ਹੀਣਭਾਵਨਾ ਮਹਿਸੂਸ ਹੋਣ ਲਗਦੀ ਹੈ। ਤਾਂ ਫਿਰ ਉਹ ਇਹੋ ਜਿਹੀਆਂ ਗੱਲਾਂ ਕਰਦਾ ਹੈ।ਭਲਾ ਇਹ ਖ਼ੁਸ਼ਬੂ ਪੰਜਾਬ ਦੀ ਫੈਲਾ ਰਿਹਾ ਹੈ ਕਿ ਇਰਾਨ ਦੀ? ਜਿਹੜਾ ਸ਼ਖ਼ਸ ਇਕ ਨਾਇਕ (ਆਈਕੋਨ) ਦੇ ਤੌਰ ’ਤੇ ਪੇਸ਼ ਹੋ ਰਿਹਾ ਹੋਵੇ ਜਾਂ ਕੀਤਾ ਜਾ ਰਿਹਾ ਹੋਵੇ ਤਾਂ ਫਿਰ ਉਸ ਦੀ ਹਰ ਇਕ ਚੀਜ਼ ’ਚੋਂ ਉਸਦੇ ਸੱਭਿਆਚਾਰ ਦੀ ਖ਼ੁਸ਼ਬੂ ਆਉਣੀ ਚਾਹੀਦੀ ਹੈ ਕਿਉਂਕਿ ਉਹ ਇਸ ਦੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ।
ਪੁਸਤਕ ‘ਉਧਾਰ ਲਏ ਪਰਾਂ ਦੀ ਦਾਸਤਾਨ’ ਦੇ ਪੰਨਾ 117 ’ਤੇ ਛਪੀ ਡਾ. ਹਨੀ ਸ਼ੇਰਗਿੱਲ ਦੀ ਗ਼ਜ਼ਲ ਦਾ ਇਕ ਸ਼ਿਅਰ ਯਾਦ ਆ ਰਿਹਾ ਹੈ-
ਵਿਰਸਾ ਅਮੀਰ ਅਸੀਂ ਆਪਣਾ ਗੁਆ ਲਿਆ,
ਡਾਲਰਾਂ ਦੇ ਨਾਲ ਭਾਵੇਂ ਝੋਲੇ ਲਏ ਭਰ ਨੇ।
ਉਨ੍ਹਾਂ ਦਾ ਇਹ ਸ਼ਿਅਰ ਸਪੱਸ਼ਟ ਕਰਦਾ ਹੈ ਕਿ ਉਨ੍ਹਾਂ ਨੂੰ ਗੁਆਚ ਰਹੇ ਆਪਣੇ ਵਿਰਸੇ ਦਾ ਫ਼ਿਕਰ ਹੈ, ਪਰ ਜਦੋਂ ਕੋਈ ਵਾਲ ਖਿਲਾਰ ਕੇ, ਪਗੜੀ ’ਤੇ ਬਿਗਾਨੇ ਸਭਿਆਚਾਰ ਨਾਲ ਸੰਬੰਧਤ ਸ਼ੈਅ ਬੰਨ੍ਹ ਕੇ ਪੰਜਾਬੀ ਵਿਰਸੇ, ਸਭਿਆਚਾਰ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਉਹ ਉਸ ਨਾਲ ਜਾ ਖੜ੍ਹਦੇ ਹਨ। ਸਾਡੇ ਖਿਆਲ ਵਿਚ ਪਹਿਲਾਂ ਉਨ੍ਹਾਂ ਨੂੰ ਸੋਚ ਸਮਝ ਕੇ ਫ਼ੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਕਿਧਰ ਖੜ੍ਹਨਾ ਹੈ? ਦੂਸਰੇ ਸ਼ਬਦਾਂ ਵਿਚ ਜਾਂ ਤਾਂ ਉਹ ਹੁਣ ਗ਼ਲਤ ਪੈਂਤੜਾ ਲੈ ਰਹੇ ਹਨ ਜਾਂ ਉਨ੍ਹਾਂ ਦੇ ਸ਼ਿਅਰ ਵਿਚ ‘ਆਪਣੇ ਅਮੀਰ ਵਿਰਸੇ’ ਪ੍ਰਤੀ ਪੇਸ਼ ਹੋਇਆ ਫਿਕਰ ਖੋਖਲਾ ਹੈ, ਦਿਖਾਵਾ ਹੈ, ਬਨਾਵਟੀ ਹੈ।
ਉਂਜ ਵੀ ਡਾ. ਸ਼ੇਰਗਿਲ ਨੂੰ ਸਾਬਤਕਦਮੀਂ ਤੁਰਨ ਦਾ ਵਲ਼ ਸ਼ਾਇਦ ਆਇਆ ਹੀ ਨਹੀਂ। ਉਹ ਗੱਲ ਕਰਦੇ ਹਨ, ਫਿਰ ਉਨ੍ਹਾਂ ਨੂੰ ਲੱਗਦਾ ਹੈ, ਸ਼ਾਇਦ ਗ਼ਲਤ ਕਹਿ ਰਹੇ ਹੋਣ, ਫਿਰ ਪੈਂਤੜਾ ਬਦਲਦੇ ਹਨ। ਉਦਾਹਰਣ ਵਜੋਂ ਹਰਭਜਨ ਸਿੰਘ ਬੈਂਸ ਦਾ ਜ਼ਿਕਰ ਕਰਨ ਵੇਲੇ ਉਨ੍ਹਾਂ ਦਾ ਡੋਲਦਾ ਆਤਮਵਿਸ਼ਵਾਸ ਦੇਖਿਆ ਜਾ ਸਕਦਾ ਹੈ। ਪਹਿਲਾਂ ਕਹਿੰਦੇ ਹਨ:
‘ਹਰਭਜਨ ਸਿੰਘ ਬੈਂਸ ਆਖਦੇ ਨੇ ਕਿ ਸਰਤਾਜ ਨੂੰ ਨਾ ਤਾਂ ਗਾਉਣਾ ਆਉਂਦਾ ਹੈ ਤੇ ਨਾ ਹੀ ਲਿਖਣਾ। ਬੈਂਸ ਸਾਹਿਬ ਨੇ ਅਜਿਹਾ ਕਿਹਾ ਹੋਵੇਗਾ, ਲਗਦਾ ਤਾਂ ਨਹੀਂ।’
ਫਿਰ ਉਨ੍ਹਾਂ ਨੂੰ ਆਪਣੇ ‘ਲਗਦਾ ਨਾ ਹੋਣ’ ’ਤੇ ਸ਼ੱਕ ਪੈਂਦਾ ਹੈ। ਝੱਟ ਗੱਲ ਬਦਲਦੇ ਹੋਏ ਆਖਦੇ ਹਨ, ‘ਸ਼ਾਇਦ ਸੋਹਲ ਸਾਹਿਬ ਨਾਲ ਕੋਈ ਨਿੱਜੀ ਸਾਂਝ ਹੋਵੇ। ਕੀ ਪਤਾ ਚਲਦਾ ਅੱਜ ਕੱਲ...?’
ਉਹ ਨੁਕਤਾ ਫੜਨ ਦੀ ਕੋਸ਼ਿਸ਼ ਤਾਂ ਕਰਦੇ ਹਨ, ਪਰ ਨੁਕਤਾ ਉਨ੍ਹਾਂ ਦੇ ਹੱਥੋਂ ਮਛਲੀ ਵਾਂਗ ਤਿਲਕ ਕੇ ਅਹੁ ਜਾਂਦਾ ਹੈ। ਆਪਣੀ ਗੱਲ ਨੂੰ ਡਾ. ਸਾਹਿਬ ਆਪ ਹੀ ਕੱਟ ਜਾਂਦੇ ਹਨ। ਵਿਚੇ ਹੀ ਕਹੀ ਜਾ ਰਹੇ ਹਨ ਕਿ ਸੁਰਿੰਦਰ ਸੋਹਲ ਆਪਣੇ ਲੇਖ ਵਿਚ ਕਵਿਤਾ ਦੀ ਡੂੰਘੀ ਜਾਣਕਾਰੀ ਦਿੰਦੇ ਹਨ। ਵਿਚੇ ਹੀ ਕਹੀ ਜਾ ਰਹੇ ਹਨ ‘ਸੋਹਲ ਸਾਹਿਬ ਫਜ਼ੂਲ ਦੀਆਂ ਗੱਲਾਂ ਛੱਡ ਕੇ ਇਸ ਵਿਸ਼ੇ (ਚੋਰੀ ਵਾਲੇ) ’ਤੇ ਵਿਸਥਾਰ ਨਾਲ ਚਰਚਾ ਕਰਦੇ।
ਡਾ.ਸਾਹਿਬ ਵਿਚ ਵਿਚਾਰਧਾਰਕ ਪਰਪੱਕਤਾ ਦੀ ਹੱਦੋਂ ਵੱਧ ਘਾਟ ਹੈ। ਸਵੈ-ਵਿਰੋਧੀ ਹੋਣਾ ਉਹਨਾਂ ਦਾ ਖ਼ਾਸ ‘ਗੁਣ’ ਹੈ, ਪਰ ਅਫਸੋਸ ਇਹ ‘ਗੁਣ’ ਕਿਸੇ ਵੀ ਕਲਾ ਅਤੇ ਕਿਸੇ ਵੀ ਕਲਾ ਦੀ ਆਲੋਚਨਾ ਲਈ ਸਿਰਫ ਨੁਕਸਾਨਦੇਹ ਹੀ ਹੋ ਸਕਦਾ ਹੈ।
-----
ਡਾ. ਸਾਹਿਬ ਨੇ ਗਿੱਟੇ ਨਾਲ ਬੰਨ੍ਹਣ ਵਾਲੀ ਚੀਜ਼ ਨੂੰ ਪੱਗ ਤੱਕ ਪਹੁੰਚਾ ਕੇ ਊਚ ਨੀਚ ਦਾ ਭੇਦ-ਭਾਵ ਮਿਟਾਉਣ ਵਾਲਾ ਜਿਹੜਾ ਅਲੋਕਾਰ ਸਿਧਾਂਤ ਪੇਸ਼ ਕੀਤਾ ਹੈ, ਉਸ ’ਤੇ ਸਾਨੂੰ ਉਨ੍ਹਾਂ ਦੇ ਪੜ੍ਹੇ ਲਿਖੇ ਡਾਕਟਰ ਹੋਣ ’ਤੇ ਹਾਸਾ ਮੱਲੋਮੱਲੀ ਜ਼ਰੂਰ ਆਇਆ ਹੈ। ਸ਼ੁਕਰ ਹੈ ਉਨ੍ਹਾਂ ਊਚ-ਨੀਚ ਦਾ ਭੇਦ-ਭਾਵ (ਚੰਗੀ ਤਰ੍ਹਾਂ) ਮਿਟਾਉਂਦਿਆਂ ਗਿੱਟੇ ਤੋਂ ਥੱਲੇ ਪੈਰਾਂ ਦੀਆਂ ਜੁੱਤੀਆਂ ਚੁੱਕ ਕੇ ਸਿਰ ’ਤੇ ਰੱਖਣ ਦੀ ਗੱਲ ਨਹੀਂ ਕਰ ਦਿੱਤੀ। ਵੈਸੇ ਜਿਸ ਅੰਦਾਜ਼ ਨਾਲ ਉਨ੍ਹਾਂ ਨੇ ਊਚ-ਨੀਚ ਦਾ ਭੇਦ ਭਾਵ ਮਿਟਾਉਣ ਦੀ ਗੱਲ ਕੀਤੀ ਹੈ, ਇਕਵਿੰਦਰ ਸਿੰਘ ਦਾ ਸ਼ਿਅਰ ਅਜਿਹੀ ਸਥਿਤੀ ’ਤੇ ਬਹੁਤ ਫਿੱਟ ਬੈਠਦਾ ਹੈ:
ਊਚ ਨੀਚ ਵਾਲਾ ਫਾਸਲਾ ਮਿਟਾਉਣ ਲੱਗ ਪਏ।
ਲੋਕ ਕੋਠੀਆਂ ’ਤੇ ਝੁੱਗੀਆਂ ਬਣਾਉਣ ਲੱਗ ਪਏ।
------
ਡਾ. ਸਾਹਿਬ ਨੇ ਇਸ ਤੋਂ ਅੱਗੇ ਜਿਸ ਤਰ੍ਹਾਂ ‘ਕੌਮ’ ਦੀ ਵਿਆਖਿਆ ਕੀਤੀ ਹੈ ਉਸ ਤੋਂ ਸਪੱਸ਼ਟ ਪਤਾ ਲਗਦਾ ਹੈ ਕਿ ਨਾ ਤਾਂ ਉਨ੍ਹਾਂ ਦੀ ਸਿੱਖ ਫਲਸਫੇ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਦੇ ਇਤਿਹਾਸ ’ਤੇ ਕੋਈ ਪਕੜ ਹੈ ਤੇ ਨਾ ਹੀ ਉਨ੍ਹਾਂ ਇਸ ਬਾਰੇ ਕੋਈ ਅਧਿਐਨ ਕੀਤਾ ਹੈ। ਸਾਂਝੀਵਾਲਤਾ ਦੇ ਨਾਮ ਥੱਲੇ ਆਪਣਾ ਵਿਰਸਾ ਤਬਾਹ ਕਰਵਾ ਲੈਣਾ ਧਰਮ ਨਹੀਂ ਹੁੰਦਾ। ਇਹ ਇੱਕ ਬਹੁਤ ਹੀ ਅਹਿਮ ਤੇ ਸੂਖਮ ਮੁੱਦਾ ਹੈ, ਜਿਸ ’ਤੇ ਇਕ ਪੂਰਾ ਲੇਖ ਲਿਖਿਆ ਜਾ ਸਕਦਾ ਹੈ, ਪਰ ਅਜੇ ਅਸੀਂ ਸਿਰਫ਼ ਸਤਿੰਦਰ ਸਰਤਾਜ ਦੀਆਂ ਬੇਤੁਕੀਆਂ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਹਾਂ ਅਤੇ ਉਹਨਾਂ ਨੂੰ ਇਸ ਸਿਧਾਂਤ ਨੂੰ ਸਮਝਣ ਲਈ ਹਰਿੰਦਰ ਸਿੰਘ ਮਹਿਬੂਬ ਦੀ ‘ਸਹਿਜੇ ਰਚਿਓ ਖ਼ਾਲਸਾ’ ਪੜ੍ਹਨ ਦੀ ਗੁਜ਼ਾਰਸ਼ ਕਰਦੇ ਹਾਂ।
-----
‘ਮਾਂ ਦਾ ਦੀਨਾ’ ਕੋਈ ਗਾਲ਼ ਹੈ ਜਾਂ ਨਹੀਂ? ਅਸੀਂ ਇਸ ਦੀ ਤਹਿ ਤੱਕ ਜਾਣ ਲਈ ਪੰਜਾਬੀ ਦੇ ਸਿਰਕੱਢ ਤੇ ਬੇਬਾਕ ਲੇਖਕ, ਜਿਸ ਨੂੰ ਵਰਿਆਮ ਸੰਧੂ ਨੇ ਪੰਜਾਬੀ ਲਫ਼ਜ਼ਾਂ ਦੀ ਬੈਂਕ ਕਿਹਾ ਸੀ, ਆਮੀਨ ਮਲਿਕ ਨੂੰ ਲੰਡਨ ਫੋਨ ’ਤੇ ਪੁੱਛਿਆ, “ਮਲਿਕ ਸਾਹਿਬ, ‘ਮਾਂ ਦੇ ਦੀਨੇ’ ਗਾਲ਼ ਹੁੰਦੀ ਹੈ ਕਿ ਕੁਝ ਹੋਰ?”
ਮਲਿਕ ਸਾਹਿਬ ਕਹਿਣ ਲੱਗੇ, ‘ਕਿਉਂ ਕੀ ਗੱਲ ਹੋਈ?’
ਅਸੀਂ ਕਿਹਾ, ‘ਮਲਿਕ ਸਾਹਿਬ ਇਕ ਡਾਕਟਰ ਸਾਹਿਬ ਨੇ, ਉਹ ਕਹਿੰਦੇ ਨੇ ‘ਮਾਂ ਦਾ ਦੀਨਾ’ ਗਾਲ਼ ਨਹੀਂ ਹੁੰਦੀ, ਇਸ ਦਾ ਮਤਲਬ ਹੈ,ਮਾਂ ਦਾ ਸ਼ੇਰ ਬੱਗਾ ਜਾਂ ਮਾਂ ਦਾ ਗੱਭਰੂ ਪੁੱਤ।’
ਅਮੀਨ ਮਲਿਕ ਕਹਿਣ ਲੱਗੇ, ‘ਉਹਨੂੰ...ਕਹੀਂ ਕਿ ਇਹ ਗੱਲ ਕਿਸੇ ਪਾਕਿਸਤਾਨੀ ਨੂੰ ਕਹਿ ਕੇ ਵੇਖੇ। ਜੇ ਭੁੰਜੇ ਲੰਮਿਆਂ ਪਾ ਕੇ ਛਿੱਤਰ ਨਾ ਮਾਰੇ ਤਾਂ ਮੈਨੂੰ ਕਿਹੋ। ਇਕੱਲਾ ਮਾਂ ਦਾ ਦੀਨਾ ਹੀ ਨਹੀਂ ‘ਭੈਣ ਦਾ ਦੀਨਾ’ ਵੀ ਹੁੰਦੈ ਅਤੇ ਗਾਲ਼ ਉਰਦੂ ਵਾਲੇ ਵੀ ‘ਮਾਂ ਕਾ ਦੀਨਾ’ ਅਤੇ ‘ਭੈਣ ਕਾ ਦੀਨਾ’ ਕਹਿ ਕੇ ਕੱਢਦੇ ਹਨ। ਇਹ ਲਫਜ਼ ਚੰਗੇ ਨਹੀਂ ਹਨ।’
ਮਲਿਕ ਸਾਹਿਬ ਫਿਰ ਕਹਿਣ ਲੱਗੇ, ‘ਓਇ ਤੁਹਾਡੀ ਅਕਲ ਨੂੰ ਕੀ ਹੋ ਗਿਆ?’
ਮੈਂ ਕਿਹਾ, ‘ਮਲਿਕ ਸਾਹਿਬ ਅਕਲ ਨੂੰ ਮਾੜਾ ਜਿਹਾ ਠੇਡਾ ਲੱਗਿਆ ਸੀ।’
ਕਹਿਣ ਲੱਗੇ, ‘ਠੇਡਾ ਨਹੀਓਂ।’
ਮੈਂ ਕਿਹਾ, ‘ਹੋਰ ਕੀ ਐ?’
ਕਹਿੰਦੇ, ‘ਓਇ ਹਰਪਾਲ ਹੁਣ ਤੂੰ ਮੇਰੇ ਤੋਂ ਗੰਨੇ ’ਚੋਂ ਰਸ ਜ਼ਰੂਰ ਕਢਾਉਣਾ ਈ?’
‘ਜੇ ਹੁਣ ਲੱਗੇ ਓ ਤਾਂ ਕੱਢ ਹੀ ਦਿਉ?’
ਫਿਰ ਜਿਹੜਾ ਰਸ ਅਮੀਨ ਮਲਿਕ ਨੇ ਕੱਢਿਆ, ਉਹ ਸਾਡੀ ਕਲਮ ਏਥੇ ਚੁਆ ਨਹੀਂ ਸਕਦੀ।
ਜੇ ‘ਮਾਂ ਦਾ ਦੀਨਾ’ ਮਾਂ ਦਾ ਸ਼ੇਰ ਬੱਗਾ ਪੁੱਤ ਹੈ ਤਾਂ ‘ਭੈਣ ਦੇ ਦੀਨੇ’ ਦਾ ਕੀ ਕਰਾਂਗੇ। ਭੈਣ ਦੇ ਸ਼ੇਰ ਬੱਗੇ ਪੁੱਤ ਤਾਂ ਕਦੇ ਸੁਣਿਆ ਨਹੀਂ। ਕੁਝ ਗੱਲਾਂ ਸਾਹਿਤਕ ਜਾਂ ਸੰਕੇਤਕ ਭਾਸ਼ਾ ਵਿਚ ਹੀ ਸੋਹਣੀਆਂ ਲੱਗਦੀਆਂ ਹਨ, ਜੇ ਉਨ੍ਹਾਂ ਨੂੰ ਖੋਲ੍ਹਣ ਲੱਗ ਪਈਏ ਤਾਂ ਉਹ ਕੋਝੀਆਂ ਹੋ ਜਾਂਦੀਆਂ ਹਨ।
-----
ਲੜੀ ਜੋੜਨ ਲਈ ਹੇਠਲੀਆਂ ਪੋਸਟਾਂ ਜ਼ਰੂਰ ਪੜ੍ਹੋ ਜੀ।
No comments:
Post a Comment