ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਆਰਸੀ 'ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਬਲੌਗ ਜਾਂ ਕਿਸੇ ਹੋਰ ਦਾ ਇਨ੍ਹਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਕਿਸੇ ਵੀ ਸੁਆਲ/ਬਹਿਸ ਲਈ ਉਠਾਏ ਮੁੱਦੇ ਲਈ ਲੇਖਕ ਖ਼ੁਦ ਜਵਾਬਦੇਹ ਹੋਵੇਗਾ। ਸ਼ੁਕਰੀਆ।

Friday, February 17, 2012

ਇਕਬਾਲ ਗਿੱਲ ਰਾਮੂਵਾਲੀਆ – ਖੁੱਲ੍ਹੀ ਕਵਿਤਾ ਦਾ ਪ੍ਰਦੂਸ਼ਨ - ਖ਼ਤ

ਦੋਸਤੋ! ਕੁਝ ਦਿਨ ਪਹਿਲਾਂ ਫੇਸਬੁੱਕ ਆਰਸੀ ਕਲੱਬ ਦੀ ਵਾੱਲ ਤੇ ਯੂ.ਕੇ. ਤੋਂ ਡਾ: ਲੋਕ ਰਾਜ ਜੀ ਨੇ ਤਨਜ਼ੀਆ ਲਹਿਜੇ ਚ ਇਹ ਖੁੱਲ੍ਹੀ ਨਜ਼ਮ ਪੋਸਟ ਕੀਤੀ ਸੀ...ਰਾਮੂਵਾਲੀਆ ਸਾਹਿਬ ਦੇ ਖ਼ਤ ਤੋਂ ਪਹਿਲਾਂ....ਤਮਾਮ ਬਲੌਗ ਦੇ ਪਾਠਕ/ਲੇਖਕ ਦੋਸਤਾਂ ਦੀ ਨਜ਼ਰ...

............



ਹਾ ਹਾ ਹਾ ਹਾ ਹਾ ਹਾ ਹਾ
ਏਨਾ ਕੁ ਤਾਂ ਹੱਸ ਸਕਦਾ
ਜਿਹਦੇ ਕੋਲ ਏਨਾ ਕੁ ਮਾਲ ਹੈ
ਕਿ ਇੱਕ ਕਿਤਾਬ ਛਪਵਾ ਸਕੇ
ਇੱਕ ਤੋਂ ਵਧ ਵੀ, ਹੈਸੀਅਤ ਮੁਤਾਬਿਕ!

ਕੀ ਪੁੱਛਿਆ ਕਿ ਕਾਹਦੀ?
ਕਾਹਦੀ ਦਾ ਕੀ ਮਤਲਬ?
ਮਾਲ ਹੋਵੇ ਤਾਂ ਜੋ ਮਰਜ਼ੀ ਛਾਪੋ
ਵਾਰਤਿਕ ਨੂੰ ਅਤਿ-ਆਧੁਨਿਕ ਕਵਿਤਾ ਕਹੋ
ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ
ਤੁਹਾਡੀ ਜੇਬ ਤੇ ਨਿਰਭਰ ਕਰਦਾ ਹੈ

ਸਰਕਾਰੇ ਦਰਬਾਰੇ ਜੇ ਪਹੁੰਚ ਹੈ
ਤਾਂ ਯੂਨੀਵਰਸਿਟੀ ਦੇ ਸਿਲੇਬਸ 'ਚ ਪੱਕੀ
ਅਕਾਦਮੀਆਂ ਵੀ ਆਪਣੀਆਂ ਹੀ ਨੇ
ਜ਼ਿਆਦਾ ਹੀ ਤਕਲੀਫ਼ ਪਹੁੰਚੀ ਹੈ ਤਾਂ
ਪਦਮ-ਪੁਦ ਵੀ ਹੈਗੇ ਨੇ

ਚਿੰਤਾ ਨਾ ਕਰੋ
ਸਾਡੇ ਬੱਚੇ ਪੜ੍ਹਦੇ ਨਹੀਂ
ਰਟਣ ਵਿਚ ਨੇ ਤੋਤੇ ਤੋਂ ਵੀ ਅੱਗੇ
ਹਰ ਫੱਗਣ ਬਸੰਤ ਦੇ ਗੀਤ ਹੀ ਗਾਉਣਗੇ
ਤੇ ਕਦੇ ਨਹੀਂ ਕਰਨਗੇ ਫਰਕ
ਹੋਲੀ ਤੇ ਹੋਲੇ ਮਹੱਲੇ ਵਿਚ!
ਤੇ ਵਿਸਾਖੀ ਉਨ੍ਹਾਂ ਲਈ
ਸਿਰਫ਼ ਵਿਸਾਖ ਦੀ ਸੰਗਰਾਂਦ ਹੀ ਰਹੇਗੀ!
-----
ਜਿਸ ਨੂੰ ਪੜ੍ਹਨ ਤੋਂ ਬਾਅਦ ਮੈਂ ਇਹ ਟਿੱਪਣੀ ਲਿਖੀ ਸੀ...ਤੀਰ ਬੜੇ ਕਸ-ਕਸ ਕੇ ਮਾਰੇ ਨੇ ਡਾ: ਸਾਹਿਬ ਤਨਜ਼ ਦੇ..ਕਮਾਲ ਹੈ..:) ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਫਿਰ ਬਿੰਬਾਂ, ਖ਼ਿਆਲਾਂ ਤੋਂ ਰਹਿਤ ਨਜ਼ਮ ਨੂੰ ਬਾਇਓ-ਪੋਇਟਰੀ..ਅੱਜਕੱਲ੍ਹ ਇਹ ਫੈਸ਼ਨ ਵੀ ਪ੍ਰਚੱਲਿਤ ਹੋ ਰਿਹੈ...ਜੋ ਪੰਜਾਬੀ ਨਜ਼ਮ ਦੇ ਭਵਿੱਖ ਲਈ ਬੜਾ ਖ਼ਤਰਨਾਕ ਸਾਬਿਤ ਹੋਵੇਗਾ....ਭਲਾ ਕੋਈ ਦੱਸ ਸਕਦੈ..ਆਖ਼ਿਰ ਇਹ ਬਾਇਓ-ਪੋਇਟਰੀ ਕੀ ਬਲਾ ਜੇ???....ਤਨਦੀਪ



-----
ਵਾਰਤਕ ਨੂੰ ਅਤਿ-ਆਧੁਨਿਕ ਕਵਿਤਾ ਕਹੋ ਜਾਂ ਗਜ਼ਲ ਨੂੰ 'ਪੂਰਵ ਨਿਰਧਾਰਿਤ' ਬਿਆਨ..ਇਸ ਗੱਲ ਨੇ ਮੇਰਾ ਧਿਆਨ ਖਿੱਚਿਆ ਤੇ ਮੈਨੂੰ ਦੋ-ਤਿੰਨ ਦੋਸਤਾਂ ਨਾਲ਼ ਹੋਈ ਉਹ ਗੱਲਬਾਤ ਯਾਦ ਆ ਗਈ, ਜਿਸ ਵਿਚ ਉਹਨਾਂ ਨੇ ਪੰਜਾਬੀ ਸਾਹਿਤ ਵਿਚ ਵਿਕਸਿਤ ਹੋ ਰਹੀ ਬਾਇਓ-ਪੋਇਟਰੀ ਦੀ ਪਨੀਰੀ ਦਾ ਜ਼ਿਕਰ ਕੀਤਾ ਸੀ..ਮੈਂ ਖ਼ੁਦ ਖੁੱਲ੍ਹੀ ਨਜ਼ਮ ਲਿਖਦੀ ਹਾਂ....ਪਰ ਜਾਣਦੀ ਹਾਂ ਕਿ ਖੁੱਲ੍ਹੀ ਨਜ਼ਮ ਤੇ ਵਾਰਤਕ ਚ ਕੀ ਅੰਤਰ ਹੁੰਦੈ...ਖੁੱਲ੍ਹੀ ਨਜ਼ਮ ਚ ਲੈਅ ਕਿੰਝ ਕਾਇਮ ਰੱਖੀ ਜਾਂਦੀ ਹੈ ... ਪਰ ਜਦੋਂ ਫੇਸਬੁੱਕ ਤੇ ਖੁੱਲ੍ਹੀ ਨਜ਼ਮ ਦੇ ਨਾਮ ਥੱਲੇ ਪਰੋਸੀ ਜਾ ਰਹੀ ਵਾਰਤਕ ਪੜ੍ਹੀਦੀ ਹੈ ਤਾਂ ਮਨ ਬੁਝ ਜਾਂਦੈ...ਆਪਣੀ ਨਜ਼ਮ ਵੀ ਪੋਸਟ ਕਰਨ..ਜਾਂ ਕਿਤਾਬ ਛਪਵਾਉਣ ਨੂੰ ਵੀ ਮਨ ਨਹੀਂ ਕਰਦਾ... ਕਿ ਕਿਤੇ ਪਾਠਕ ਇਹੀ ਨਾ ਸੋਚਣ ਕਿ ਲਉ ਜੀ ਕੂੜੇ ਦੇ ਢੇਰ ਚ ਇਕ ਹੋਰ ਵਾਧਾ ਹੋ ਗਿਐ...ਕਿਉਂਕਿ ਮਾੜਾ ਸਾਹਿਤ ਮਾਰਕੀਟ ਵਿਚ ਆਉਣ ਨਾਲ਼ ਵਧੀਆ ਅਤੇ ਮਿਆਰੀ ਸਾਹਿਤ ਦੀ ਕਦਰ ਨਹੀਂ ਪੈ ਰਹੀ..ਏਸੇ ਕਰਕੇ ਮੇਰੇ ਵਾਂਗ ਮੇਰੇ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਕਿਤਾਬ ਨਹੀ ਛਪਵਾ ਰਹੇ..ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਕਿਤਾਬ ਦਾ ਕੀ ਹਸ਼ਰ ਹੋਣ ਵਾਲ਼ਾ ਹੈ....ਜਦੋਂ ਪੱਲਿਉਂ ਪੈਸੇ ਦੇ ਕੇ ਘਟੀਆ ਕਿਤਾਬਾਂ ਦੇ ਟੌਪ ਦੇ ਰਿਵੀਉ ਕਰਵਾਏ ਜਾ ਰਹੇ ਨੇ ਤਾਂ ਵਧੀਆ ਕਿਤਾਬਾਂ ਦੇ ਲੇਖਕ ਨੇ ਕਿਸੇ ਨੂੰ ਇਕ ਟਕਾ ਨਹੀਂ ਦੇਣਾ ਹੁੰਦਾ..ਤਾਂ ਉਹਨਾਂ ਦੀ ਸਾਰ ਵੀ ਕੀਹਨੇ ਲੈਣੀ ਹੈ????? ਤੇ ਫੇਰ ਐਸੇ ਅਖੌਤੀ ਆਲੋਚਕ..ਭਾਸ਼ਾ ਦੇ ਡਾਕਟਰ ਸਮਝ ਤੋਂ ਬਾਹਰ ਘਟੀਆ ਨਜ਼ਮ.. ਨੂੰ ਅਤਿ-ਆਧੂਨਿਕ ਕਵਿਤਾ ਜਾਂ ਬਾਇਓ-ਪੋਇਟਰੀ ਦੇ ਖ਼ਿਤਾਬ ਦੇ ਕੇ ਸਤਿਕਾਰਦੇ ਹਨ.... ਡੈਡੀ ਜੀ ਬਾਦਲ ਸਾਹਿਬ....ਐਸੀ ਨਜ਼ਮ ਨੂੰ ਸਿਰ-ਖਿੰਡੀ ਨਜ਼ਮ ਆਖਦੇ ਹੁੰਦੇ ਨੇ...:)




ਮੈਂ ਇਕ ਦੋਸਤ ਨੂੰ ਮੋੜਵਾਂ ਸੁਆਲ ਵੀ ਕੀਤਾ ਕਿ ਇਹ ਬਾਇਓ-ਪੋਇਟਰੀ ਆਖ਼ਿਰ ਹੈ ਕੀ ਸ਼ੈਅ ਹੈ? ਉਹ ਪਹਿਲਾਂ ਤਾਂ ਬਹੁਤ ਹੱਸਿਆ ਤੇ ਫੇਰ ਕਹਿਣ ਲੱਗਿਆ....ਬਸ ਸਮਝ ਲੈ..ਜਿਵੇਂ ਤੂੰ ਔਰਗੈਨਿਕ ਫੂਡ ਖਾਂਦੀ ਹੈ...ਇਹ ਵੀ ਔਰਗੈਨਿਕ ਕਵਿਤਾ ਹੀ ਹੈ.....ਹਮਮਮਮਮਮਮਮਮਮਮ.......ਔਰਗੈਨਿਕ ਤਾਂ ਸ਼ੁੱਧ ਹੁੰਦਾ..ਖਾਦਾਂ..ਪ੍ਰਦੂਸ਼ਣ...ਬਨਾਵਟ ਤੋਂ ਫਰੀ..ਤੇ ਇਹਦੀ ਤੁਲਨਾ ਬਾਇਓ-ਪੋਇਟਰੀ ਨਾਲ਼...ਮੈਨੂੰ ਗੱਲ ਜਚੀ ਨਹੀਂ। ਕਿਉਂਕਿ ਮੇਰੀ ਨਜ਼ਰ ਚ ਬਾਓ-ਪੋਇਮ ਦੀ ਪਰਿਭਾਸ਼ਾ ਹੀ ਕੁਝ ਹੋਰ ਹੈ......ਤੇ ਉਹ ਔਰਗੈਨਿਕ ਤਾਂ ਬਿਲਕੁਲ ਹੀ ਨਹੀਂ ਹੈ... ਐਸੇ ਆਲੋਚਕਾਂ ਨੂੰ...ਘਟੀਆ ਪੱਧਰ ਦੀਆਂ ਨਜ਼ਮਾਂ ਨੂੰ ਵੱਡੇ-ਵੱਡੇ ਖ਼ਿਤਾਬ ਦੇਣ ਤੋਂ ਪਹਿਲਾਂ, ਹੋਰ ਖੋਜ ਕਰਨ ਦੀ ਸਖ਼ਤ ਜ਼ਰੂਰਤ ਹੈ। ਨਾਮਵਰ ਗ਼ਜ਼ਲਗੋ ਸਾਹਿਬਾਨ ਨੇ ਕਮਾਲ ਦੀਆਂ ਖੁੱਲ੍ਹੀ ਨਜ਼ਮਾਂ ਲਿਖੀਆਂ ਹਨ...ਜਿਨ੍ਹਾਂ ਨੂੰ ਪੜ੍ਹਦਿਆਂ ਗ਼ਜ਼ਲਾਂ ਤੇ ਗੀਤਾਂ ਵਾਂਗ ਹੀ ਰੂਹ ਸਰੂਰੀ ਜਾਂਦੀ ਹੈ।



ਕੁਝ ਦਿਨ ਪਹਿਲਾਂ ਖੁੱਲ੍ਹੀ ਨਜ਼ਮ ਬਾਰੇ ਟਰਾਂਟੋ, ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਜਨਾਬ ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਲਿਖ ਕੇ ਘੱਲੇ ਤਾਂ ਮਨ ਚ ਆਇਆ ਕਿ ਆਰਸੀ ਲੰਮੀਆਂ ਵਾਟਾਂ ਤੇ ਇਹਨਾਂ ਖ਼ੂਬਸੂਰਤ ਵਿਚਾਰਾਂ ਨੂੰ ਪੋਸਟ ਕਰਕੇ ਇਕ ਸਿਹਤਮੰਦ ਚਰਚਾ ਦਾ ਆਰੰਭ ਕਰਕੇ ਬਾਕੀ ਦੋਸਤਾਂ ਦੀ ਰਾਏ ਵੀ ਜਾਣੀ ਜਾਏ....ਤੁਹਾਡੇ ਵਿਚਾਰਾਂ/ਪ੍ਰਤੀਕਰਮਾਂ ਦੀ ਉਡੀਕ ਰਹੇਗੀ ਦੋਸਤੋ..ਮੈਂ ਰਾਮੂਵਾਲੀਆ ਸਾਹਿਬ ਦੀ ਮਸ਼ਕੂਰ ਹਾਂ ਜਿਨ੍ਹਾਂ ਨੇ ਇਹਨਾਂ ਵਿਚਾਰਾਂ ਨੂੰ ਆਰਸੀ ਦੇ ਲੇਖਕ/ਪਾਠਕ ਵਰਗ ਨਾਲ਼ ਸਾਂਝਿਆਂ ਕਰਨ ਦੀ ਇਜਾਜ਼ਤ ਦਿੱਤੀ ਹੈ....ਮੈਂ ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖ ਰਹੀ ਹਾਂ ਜੀ...ਜਲਦੀ ਹੀ ਉਹਨਾਂ ਦੀ ਸੰਪੂਰਨ ਸਾਹਿਤਕ ਵੇਰਵੇ ਸਹਿਤ ਹਾਜ਼ਰੀ ਲਗਾਵਾਂਗੇ.... ਅਦਬ ਸਹਿਤ..ਤਨਦੀਪ


**********


ਇਕਬਾਲ ਗਿੱਲ ਰਾਮੂਵਾਲੀਆ ਸਾਹਿਬ ਨੇ ਆਪਣੇ ਵਿਚਾਰ ਕੁਝ ਇੰਝ ਲਿਖ ਕੇ ਭੇਜੇ ਨੇ..
ਦੋਸਤੋ, ਮੇਰੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ਼ ਤਾਂ ਸਹਿਮਤੀ ਨਹੀਂ, ਲੇਕਿਨ ਇੱਕ ਗੱਲ ਤੁਹਾਡੀ ਖਰੀ ਹੈ ਕਿ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਨਾਮ ਹੇਠ ਕੂੜੇ ਦੇ ਢੇਰ ਲੱਗ ਗਏ ਨੇਵਾਰਤਕ ਨੂੰ ਟੁਕੜਿਆਂ `ਚ ਤੋੜ ਕੇ ਲਿਖਣ ਨਾਲ ਦਿੱਖ ਤਾਂ ਕਵਿਤਾ ਵਰਗੀ ਬਣ ਜਾਂਦੀ ਹੈ, ਪ੍ਰੰਤੂ ਉਹ ਕਵਿਤਾ ਨਹੀਂ ਹੁੰਦੀ, ਜਿਵੇਂ ਅਗਰ ਕੋਈ ਵਿਅਕਤੀ ਔਰਤਾਂ ਵਾਲਾ ਵਿੱਗ ਸਿਰ `ਤੇ ਰੱਖ ਕੇ, ਦਾਹੜੀ ਨੂੰ ਪੁੱਠੇ-ਲੋਟ ਉਸਤਰੇ ਨਾਲ ਘਰੜ ਕਰ ਲਏ, ਸੁਰਖ਼ੀ ਬਿੰਦੀ ਚਿਪਕਾਅ ਲਵੇ ਤੇ ਸਕਰਟ ਪਹਿਨ ਲਵੇ, ਤਾਂ ਉਹ ਔਰਤ ਹੋਣ ਦਾ ਭੁਲੇਖਾ ਜ਼ਰੂਰ ਪਾ ਲਵੇਗਾ, ਮਗਰ ਉਹ ਔਰਤ ਨਹੀਂ ਹੁੰਦਾਬਿਲਕੁਲ ਏਸੇ ਹੀ ਤਰ੍ਹਾਂ ਖੁੱਲ੍ਹੀ ਕਵਿਤਾ ਵਾਲ਼ੇ ਕਰ ਰਹੇ ਨੇ:
ਜ਼ਰਾ...
ਇੱਕ ਖੁੱਲ੍ਹੀ ਕਵਿਤਾ ਦਾ ਨਮੂਨਾ ਵੇਖੋ:
........


ਮੇਰਾ ਦਿਲ ਕਰਦਾ ਹੈ


ਕਿ ਖਾ ਜਾਵਾਂ ਗੁਰਦਵਾਰੇ ਦੇ ਲੰਗਰ ਦੇ ਸਾਰੇ ਪਕੌੜੇ


ਪਰ ਲਗਦਾ ਏ ਡਰ ਸਿੰਘਾਂ ਦੇ ਕੜਛਿਆਂ ਤੋਂ
ਹ ਕੜਛੇ ਬਣੇ ਹੋਏ ਹਨ ਲੋਹੇ ਦੇ


ਤੇ ਹਨਾਂ ਨੂੰ ਵਹੁਣ ਵਾਲੇ ਵੀ ਹਨ ਲੋਹੇ ਵਾਂਗ ਮਜ਼ਬੂਤ


ਇਸ ਲਈ ਬਸ ਪਕੌੜਿਆਂ ਵੱਲ ਰਹਿ ਜਾਂਦਾ ਹਾਂ ਝਾਕਦਾ


ਘਰ ਜਾਂਦਾ ਹਾਂ ਤਾਂ ਤਰਦੇ ਹਨ ਮਨ ਵਿੱਚ ਏਹ ਗਰਮ ਗਰਮ ਪਕੌੜੇ


ਹਾ ਹਾ ਹਾ


------


ਵੀਰੋ ਤੇ ਭੈਣੋ, ਪੰਜਾਬੀ ਕਵਿਤਾ ਨੂੰ ਤੇ ਚੇਤਨਾ ਪ੍ਰਕਾਸ਼ਨ ਦੇ ਸਾਮਣੇ ਵਾਲੇ ਦਰੱਖ਼ਤਾਂ ਨੂੰ ਏਸ ਖੁੱਲ੍ਹੀ ਕਵਿਤਾ ਦੇ ਪਰਦੂਸ਼ਨ ਤੋਂ ਬਚਾਅ ਲਵੋਹੁਣ ਖੁੱਲ੍ਹੀ ਕਵਿਤਾ ਦੀਆਂ ਰੂੜੀਆਂ ਏਨੀਆਂ ਆਮ ਹੋ ਗਈਆਂ ਨੇ ਪੰਜਾਬ ਦੀਆਂ ਗਲ਼ੀਆਂ 'ਚ ਗੰਦ ਖਿਲਾਰਦੇ ਆਵਾਰਾ ਕੁੱਤਿਆਂ ਵਾਂਗੂੰ, ਕਿ ਪਾਠਕ ਚੰਗੀ ਕਵਿਤਾ ਨੂੰ ਦੇਖ ਕੇ ਵੀ ਧੁੜਧੁੜੀਆਂ ਲੈਣ ਲੱਗ ਜਾਂਦਾ ਹੈਕਵਿਤਾ ਵਿਚਲੀ ਸਰੋਦੀਅਤ, ਕਵਿਤਾ ਵਿਚਲੀ ਮਾਸੂਮੀਅਤ, ਕਵਿਤਾ ਵਿਚਲੀ ਤਨਜ਼, ਕਵਿਤਾ ਵਿਚਲਾ ਰਸ ਏਹਨਾਂ ਖੁੱਲ੍ਹ-ਕਵਿਤੀਆਂ ਦੀ ਪਕੜ ਵਿੱਚ ਨਹੀਂ ਆਉਂਦਾ

ਹ ਤਾਂ ਕੁਕੜੀ ਵਾਂਗੂੰ ਹਰ ਰੋਜ਼ ਕਵਿਤਾ ਦਾ ਇੱਕ ਆਂਡਾ ਕੱਢ ਮਾਰਦੇ ਨੇ, ਪਰ ਹਨਾਂ ਆਂਡਿਆਂ 'ਚ ਚੂਚੇ ਨਹੀਂ ਬੱਸ ਜਿਲ਼੍ਹਬ ਹੀ ਹੁੰਦੀ ਹੈਫੇਰ ਕਹਿਰ ਖ਼ੁਦਾ ਦਾ ਕਿ ਆਪਣੇ ਆਪ ਦੀ ਆਪ ਹੀ ਸਲਾਹਣਾ ਕਰੀ ਜਾਂਦੇ ਹਨ ਜਾਂ ਫਿਰ ਆਪਣੇ ਕਿਸੇ ਭਰਾ-ਭਤੀਜੇ, ਮਿੱਤਰ ਦੋਸਤ ਤੋਂ ਤਾਰੀਫ਼ਾਂ ਕਰਾਈ ਜਾਂਦੇ ਨੇਗਜ਼ ਗਜ਼ ਲੰਮੀਆਂ ਲਿਸਟਾਂ ਬਣਾ ਕੇ ਫੇਸਬੁੱਕ `ਤੇ ਪਾਈ ਜਾਂਦੇ ਨੇ ਆਪਣੀਆਂ ਕਿਤਾਬਾਂ ਦੀਆਂ ਪਰ ਹਨਾਂ ਕਿਤਾਬਾਂ ਨੂੰ ਪੜ੍ਹਦਾ ਕੋਈ ਨਹੀਂ

ਮਾਲਟਨ ਦੇ ਸਟੋਰਾਂ 'ਤੇ ਇਹ ਕਿਤਾਬਾਂ ਪੂਰੇ ਇੱਕ ਸਾਲ ਤੋਂ ਗਰਦਾ ਇਕੱਠਾ ਕਰੀ ਜਾਂਦੀਆਂ ਹਨ ਤੇ ਸਿਓਂਕ ਲਈ ਚੰਗਾ ਭੋਜਨ ਬਣ ਰਹੀਆਂ ਨੇਏਸ ਲਈ ਕਵਿਤਾ ਨੂੰ ਮੁੜ-ਸੁਰਜੀਤ ਕਰਨ ਲਈ ਤੇ ਕਵਿਤਾ ਨੂੰ ਮੁੜ-ਮਕਬੂਲ ਕਰਨ ਲਈ ਖੁੱਲ੍ਹੀ ਕਵਿਤਾ ਦੇ ਨਾਮ `ਤੇ ਆ ਰਹੇ ਕੂੜੇ ਕਰਕਟ ਨੂੰ ਨਿਕਾਰਨਾ ਬਣਦਾ ਹੈਖੁੱਲ੍ਹੀ ਕਵਿਤਾ, ਕਵਿਤਾ ਨਹੀਂ ਸਗੋਂ ਇੰਝ ਹੁੰਦੀ ਹੈ ਜਿਵੇਂ ਕਿਸੇ ਹੋਰ ਬੋਲੀ ਦਾ ਅਨੁਵਾਦ ਹੋਵੇਕਵਿਤਾ ਵਿਚਲੀ ਲੈਅ, ਸੰਗੀਤ, ਕਾਫ਼ੀਆ, ਇਹ ਸਭ ਵੀ ਕਵਿਤਾ ਦੀ ਪੁਖ਼ਤਗੀ ਨੂੰ ਬਲਵਾਨ ਕਰਦੇ ਨੇਜ਼ਲ ਦੀ ਸਿਨਫ਼ ਵੀ ਸੁੱਚੀ ਕਵਿਤਾ ਵੱਲ ਤੁਰਨ ਦਾ ਜੁਗਰਾਫ਼ੀਆ ਹੈਮੈਂ ਤੁਹਾਡੇ ਯਤਨਾਂ ਨੂੰ ਜੀ ਆਇਆਂ ਆਖਦਾ ਹਾਂ!!


ਇਕਬਾਲ ਗਿੱਲ ਰਾਮੂਵਾਲੀਆ


ਟਰਾਂਟੋ, ਕੈਨੇਡਾ






2 comments:

ਤਨਦੀਪ 'ਤਮੰਨਾ' said...

ਲਉ ਜੀ ਦੋਸਤੋ! ਹੁਣ ਰਾਮੂਵਾਲੀਆ ਸਾਹਿਬ ਦੇ ਇਸ ਖ਼ਤ 'ਤੇ ਸਿਹਤਮੰਦ ਅਤੇ ਭਰਪੂਰ ਚਰਚਾ ਹੋਣੀ ਚਾਹੀਦੀ ਹੈ..ਤੁਹਾਡੇ ਵਿਚਾਰ ਖ਼ਤ ਨਾਲ਼ ਮੇਲ਼ ਖਾਂਦੇ ਹੋਣ ਜਾਂ ਇਸ ਨਾਲ਼ੋਂ ਮੁਖ਼ਤਲਿਫ਼ ਹੋਣ, ਉਹਨੂੰ ਨੂੰ ਲਿਖਤੀ ਰੂਪ ਦੇ ਕੇ ਹਾਜ਼ਰੀ ਜ਼ਰੂਰ ਲਵਾਉ ਜੀ..:) ਆਰਸੀ ਬਲੌਗ 'ਤੇ ਹਰ ਲੇਖਕ/ਪਾਠਕ ਦੋਸਤ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਪੂਰਾ ਹੱਕ਼ ਹੈ ਜੀ...:)

renu said...

ਜਦੋਂ ਮੈਂ ਨਜ਼ਮਾਂ ਲਿਖਦੀ ਲਿਖਦੀ ਅਚਾਨਕ ਗ਼ਜ਼ਲ ਸਿੱਖਣ ਵੱਲ ਹੋ ਗਈ ਤਾਂ ਕਈਆਂ ਨੇ ਕਿਹਾ ਕਿ ਇੰਝ ਕਿਉਂ ? ਇਹ ਵੀ ਕਿਹਾ ਕਿ ਉਸ 'ਸੰਧੂ ਗ਼ਜ਼ਲ ਸਕੂਲ' ਨਾਲ ਹੀ ਕਿਉਂ ਜੁੜੀ ਜੋ ਖੁੱਲੇ ਤੌਰ ਤੇ ਖੁੱਲੀ ਕਵਿਤਾ ਦਾ ਵਿਰੋਧ ਕਰਦੇ ਹਨ | ਮੈਂ ਸਭ ਨੂੰ ਇਹੀ ਜਵਾਬ ਦਿੰਦੀ ਹਾਂ ਕਿ ਸਾਡੇ ਭਾਵ ਕਿਸੇ ਇੱਕ ਸ਼ੈਲੀ ਦੀ ਮੁਹਤਾਜ ਹੋਣ ਇਹ ਜਰੂਰੀ ਨਹੀਂ ਹੁੰਦਾ | ਖੁੱਲੀ ਕਵਿਤਾ ਵੀ ਆਪਨੇ ਆਪ ਵਿੱਚ ਇਕ ਲੈਅ-ਤਾਲ ਵਿੱਚ ਚਲਦੀ ਹੈ, ਅਨ-ਦਿੱਸੇ ਕਿਨਾਰਿਆਂ ਵਿੱਚਕਾਰ ਖੂਬਸੂਰਤੀ ਨਾਲ ਵਹਿੰਦੀ ਹੈ | ਬਿਨਾ ਲੈਅ-ਤਾਲ ਤੋਂ ਰਚਨਾ ਵਾਰਤਕ ਜਰੂਰ ਹੋ ਸਕਦੀ ਹੈ, ਕਵਿਤਾ ਨਹੀਂ | ਪਰ ਅਫਸੋਸ, ਕਿ ਹਰ ਕਿਸੇ ਨੂੰ ਇਹ ਫ਼ਰਕ ਨਾ ਤਾਂ ਕਰਨਾ ਆਉਂਦਾ ਹੈ, ਤੇ ਨਾ ਹੀ ਸਮਝ ਆਉਂਦਾ ਹੈ |

ਡਾ.ਲੋਕ ਰਾਜ ਜੀ ਦੀ ਇਸ ਨਜ਼ਮ ਵਿੱਚ ਸੌ-ਪ੍ਰਤਿਸ਼ਤ ਸੱਚਾਈ ਹੈ , ਪਰ ਸਚ ਬਹੁਤ ਪਚਦਾ ਨਹੀਂ ਕਿਸੇ ਨੂੰ | ਤੇ ਲੋਕ ਰਾਜ ਜੀ ਦੇ ਹੀ ਇਕ ਨਵੇਂ ਸਟੇਟਸ ਅਨੁਸਾਰ "ਇੱਕ ਹੋਰ ਕਿਤਾਬ!!.......ਪਰ ਮੈਨੂੰ ਨਹੀਂ ਸਮਝ ਆ ਰਿਹਾ ਕਿ ਉਸ ਕਿਤਾਬ ਵਿਚ ਨਵਾਂ ਕੀ ਹੋਏਗਾ? ਸਵਾਮੀ ਰਾਮ ਤੀਰਥ ਨੂੰ ਕੀ ਜਵਾਬ ਦੇਵਾਂ? ਮੈਂ ਉਨ੍ਹਾਂ ਦੀ ਬਹੁਤ ਇਜ਼ਤ ਕਰਦਾ ਹਾਂ! " ਇਸ ਤੇ ਇਹੀ ਕਹਾਂਗੀ ਕਿ ਇਨਸਾਨ ਦਾ ਆਪਣਾ ਮਨ ਦਰਪਣ ਹੁੰਦਾ ਹੈ | ਉਸਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਉਹ ਹੋਰਾਂ ਤੋਂ ਹਟ ਕੇ ਕਿਉਂ ਹੈ ?


ਇਹ ਵੀ ਮੰਨਦੀ ਹਾਂ ਕਿ ਨਿਰੀ ਫੇਸਬੁਕ ਦੀ ਵਾਹ ਵਾਹ ਸਾਡੀ ਕਵਿਤਾ ਦੀ ਰੂਹ ਦੀ ਖੁਰਾਕ ਨਹੀਂ ਹੈ |

ਜੇਕਰ ਖੁੱਲੀ ਕਵਿਤਾ ਵਿੱਚ ਪ੍ਰਦੂਸ਼ਣ ਆ ਰਿਹਾ ਹੈ ਤਾਂ ਅਸੀਂ ਰਲ ਕੇ ਕੋਈ ਉਪਰਾਲਾ ਕਰ ਸਕਦੇ ਹਾਂ | ਸੁਹਣੀ ਅਤੇ ਸੁਚੱਜੀ ਕਵਿਤਾ ਦੇ ਹੋਰ ਰੁੱਖ ਲਗਾਏ ਜਾਂ, ਤਾਂ ਜੋ ਇਹ ਪ੍ਰਦੂਸ਼ਣ ਖਤਮ ਹੋਵੇ |